ਸਾਂਝਾ ਪਰਿਵਾਰ
ਜਿਸ ਪਰਿਵਾਰ ਵਿਚ ਦਾਦੇ ਦਾਦੀਆਂ, ਮਾਤਾ-ਪਿਤਾ, ਤਾਏ ਤਾਈਆਂ, ਚਾਚੇ ਚਾਚੀਆਂ, ਪੁੱਤਰ ਧੀਆਂ, ਭੈਣਾਂ ਭਾਈ ਭਾਵ ਤਿੰਨ ਪੁਸ਼ਤਾਂ ਇਕ ਹੀ ਛੱਤ ਥੱਲੇ ਰਹਿੰਦੇ ਹੋਣ, ਉਸ ਪਰਿਵਾਰ ਨੂੰ ਸਾਂਝਾ ਪਰਿਵਾਰ/ਸੰਯੁਕਤ ਪਰਿਵਾਰ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਸਾਂਝੇ ਪਰਿਵਾਰ ਆਦਰਸ਼ ਪਰਿਵਾਰ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਪਰਿਵਾਰ ਵਿਚ ਬਹੁਤੇ ਪੁਰਸ਼ ਮੈਂਬਰਾਂ ਦਾ ਹੋਣਾ ਸਮੇਂ ਦੀ ਪ੍ਰਮੁੱਖ ਲੋੜ ਵੀ ਸੀ। ਜਿੰਨ੍ਹੇ ਵੱਧ ਪੁਰਸ਼ ਮੈਂਬਰ ਹੁੰਦੇ ਸਨ, ਉਨ੍ਹੀ ਹੀ ਵੱਧ ਤਾਕਤ ਹੁੰਦੀ ਸੀ। ਉਨ੍ਹਾਂ ਸਮਿਆਂ ਵਿਚ ਬਾਹੂਬਲ ਵਾਲਿਆਂ ਦਾ ਰਾਜ ਹੁੰਦਾ ਸੀ। ਬਹੁਤੀਆਂ ਜਮੀਨਾਂ ਗੈਰ-ਆਬਾਦ ਪਈਆਂ ਸਨ। ਉਨ੍ਹਾਂ ਨੂੰ ਵਾਹੀਯੋਗ ਬਣਾਉਣ ਲਈ ਬਹੁਤੇ ਬੰਦਿਆਂ ਦੀ ਲੋੜ ਹੁੰਦੀ ਸੀ ਕਿਉਂ ਜੋ ਉਨ੍ਹਾਂ ਸਮਿਆਂ ਵਿਚ ਸਾਰੀ ਖੇਤੀ ਹੱਥੀਂ ਕੀਤੀ ਜਾਂਦੀ ਸੀ। ਬਾਰਸ਼ਾਂ ਤੇ ਨਿਰਭਰ ਸੀ। ਇਸ ਲਈ ਥੋੜ੍ਹੇ ਸਮੇਂ ਵਿਚ ਹੀ ਜਮੀਨ ਨੂੰ ਤਿਆਰ ਕਰਕੇ ਫ਼ਸਲਾਂ ਬੀਜਣੀਆਂ ਹੁੰਦੀਆਂ ਸਨ। ਥੋੜ੍ਹੇ ਸਮੇਂ ਵਿਚ ਹੀ ਫ਼ਸਲਾਂ ਵੱਢਣੀਆਂ ਤੇ ਕੱਢਣੀਆਂ ਹੁੰਦੀਆਂ ਸਨ। ਇਕ ਚੁੱਲ੍ਹੇ ਤੇ ਰੋਟੀ ਪੱਕਦੀ ਸੀ। ਖਰਚਾ ਵੀ ਘੱਟ ਹੁੰਦਾ ਸੀ। ਸਾਂਝੇ ਪਰਿਵਾਰ ਵਿਚ ਬੱਚਿਆਂ ਦਾ ਪਾਲਨ-ਪੋਸ਼ਣ ਵੀ ਸੌਖਾ ਹੁੰਦਾ ਸੀ। ਸਾਂਝੇ ਪਰਿਵਾਰ ਵਿਚ ਬੱਚੇ ਵੀ ਰਲ ਮਿਲ ਕੇ ਪਿਆਰ ਨਾਲ ਰਹਿਣਾ ਸਿੱਖ ਜਾਂਦੇ ਸਨ।
ਹੁਣ ਪਿਆਰ ਨਾਲੋਂ ਪੈਸਾ ਪ੍ਰਧਾਨ ਹੈ। ਇਸ ਕਰਕੇ ਭਰਾ-ਭਰਾ ਵੀ ਕੱਠੇ ਨਹੀਂ ਰਹਿੰਦੇ। ਮਾਤਾ ਪਿਤਾ ਨੂੰ ਵੀ ਅੱਜ ਦੀ ਬਹੁਤੀ ਸੰਤਾਨ ਆਪਣੇ ਨਾਲ ਰੱਖ ਕੇ ਰਾਜੀ ਨਹੀਂ ਹੈ। ਏਸੇ ਕਰਕੇ ਹੁਣ ਸਾਂਝੇ ਪਰਿਵਾਰ ਟੁੱਟ ਰਹੇ ਹਨ। ਸੰਯੁਕਤ ਪਰਿਵਾਰਾਂ ਦਾ ਯੁੱਗ ਹੁਣ ਖ਼ਤਮ ਹੋ ਰਿਹਾ ਹੈ। ਹੁਣ ਇਕਹਿਰੇ ਪਰਿਵਾਰਾਂ ਦਾ ਯੁੱਗ ਆ ਗਿਆ ਹੈ।[1]
ਚਿੜੀ ਚੁਹਕਦੀ ਨਾਲ ਉਠ ਤੁਰੇ ਪਾਂਧੀ
ਪਾਈਆਂ ਦੁੱਧ ਵਿਚ ਮਧਾਣੀਆਂ ਨੀਂ।
ਸੁਬਾ ਸਾਦਕ ਹੋਈ ਜਦੋਂ ਆਣ ਰੋਸ਼ਨ
ਤਦੋਂ ਚਾਲੀਆਂ ਆਣ ਚਿਚਲਾਣੀਆਂ ਨੀਂ।
ਇਕਨਾਂ ਉਠ ਕੇ ਰਿੜਕਣਾ ਪਾ ਦਿੱਤਾ
ਕਿ ਇਕ ਧੋਂਦੀਆਂ ਫਿਰਨ ਮਧਾਣੀਆਂ ਨੀਂ।
ਇਕ ਉਠ ਕੇ ਹਲੀ ਤਿਆਰ ਹੋਏ
ਇਕ ਢੂੰਡਦੇ ਫਿਰਨ ਪਰਾਣੀਆਂ ਨੀਂ।
ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ
ਸੀਆਂ ਭੋਇ ਨੂੰ ਜਿਹਨਾਂ ਨੇ ਲਾਣੀਆਂ ਨੀਂ।
ਘਰ ਬਾਰ ਨਾ ਚੱਕੀਆਂ ਝੋਤੀਆਂ ਨੇ
ਜਿਹਨਾਂ ਤੌਣਾਂ ਗੁਨ੍ਹੇ ਪਕਾਣੀਆਂ ਨੀਂ।
ਕਾਰੋਬਾਰ ਵਿਚ ਹੋਇਆ ਜਹਾਨ
ਸਾਰਾ ਚਰਖੇ ਡਾਹੁੰਦੀਆਂ ਉਠਣ ਸੁਆਣੀਆਂ ਨੀਂ।
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.