ਸਾਂਝੀ ਕੰਧ ਚੋਟੀ ਦੇ ਪੰਜਾਬੀ ਕਹਾਣੀਕਾਰਾਂ ਵਿੱਚੋਂ ਇੱਕ ਸੰਤੋਖ ਸਿੰਘ ਧੀਰ ਦੀ ਇੱਕ ਪੰਜਾਬੀ ਨਿੱਕੀ ਕਹਾਣੀ ਹੈ।

"ਸਾਂਝੀ ਕੰਧ"
ਲੇਖਕ ਸੰਤੋਖ ਸਿੰਘ ਧੀਰ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨਸਾਂਝੀ ਕੰਧ (1958)
ਪ੍ਰਕਾਸ਼ਨ ਕਿਸਮਪ੍ਰਿੰਟ

ਕਥਾਨਕ

ਸੋਧੋ

ਇਹ ਕਹਾਣੀ ਪੰਜਾਬ ਦੇ ਇੱਕ ਪਿੰਡ ਵਿੱਚ ਰਹਿੰਦੇ ਦੋ ਭਰਾਵਾਂ ਕਪੂਰ ਸਿੰਘ ਅਤੇ ਦਰਬਾਰਾ ਸਿੰਘ ਦੇ ਘਰਾਂ ਦੀ ਸਾਂਝੀ ਕੰਧ ਬਾਰੇ ਹੈ। ਵੱਧ ਮੀਂਹ ਪੈਣ ਕਰਕੇ ਕਪੂਰ ਸਿੰਘ ਦਾ ਘਰ ਢਹਿ ਗਿਆ ਸੀ। ਉਸ ਨੇ ਮਕਾਨ ਬਣਾਉਣ ਲਈ ਦਸ ਵਿੱਘੇ ਜ਼ਮੀਨ ਗਿਰਵੀ ਰੱਖ ਕੇ ਕਰਜ਼ਾ ਲੈ ਲਿਆ। ਕਪੂਰ ਸਿੰਘ ਦੇ ਘਰ ਦੇ ਸੱਜੇ ਪਾਸੇ ਵਾਲ਼ੀ ਕੰਧ ਚਾਚੀ ਰਾਮ ਕੌਰ ਨਾਲ਼ ਸਾਂਝੀ ਸੀ ਅਤੇ ਨਾਲ ਹੀ ਦਰਬਾਰੇ ਦੇ ਘਰ ਦਾ ਵੀ ਕੁੱਝ ਹਿੱਸਾ ਡਿਗ ਪਿਆ ਸੀ, ਜਿਸ ਤੋਂ ਉਹ ਆਪ ਤੰਗ ਸੀ ਅਤੇ ਉਸ ਨੂੰ ਕੰਧ ਦੀ ਆਪ ਲੋੜ ਸੀ। ਪਿਛਲੇ ਪਾਸੇ ਚੰਨਣ ਸਿੰਘ ਚੀਨੀਏਂ ਦਾ ਘਰ ਸੀ। ਉਸ ਨੇ ਕਦੇ ਨਾ ਕਦੇ ਦੋ ਖਣ ਛੱਤਣੇ ਹੀ ਸਨ, ਇਸ ਲਈ ਉਸ ਨੇ ਸ਼ਤੀਰ ਧਰਨ ਵੇਲੇ ਅੱਧ ਦੇਣਾ ਮੰਨ ਲਿਆ। ਦਰਬਾਰੇ ਵਾਲ਼ੀ ਖੱਬੀ ਬਾਹੀ ਦਾ ਝਗੜਾ ਮੁੱਖ ਸੀ, ਜੋ ਨਹੀਂ ਸੀ ਮੁੱਕਦਾ। ਇੱਕ ਦੋ ਵਾਰੀ ਕਪੂਰ ਸਿੰਘ ਨੇ ਦਰਬਾਰੇ ਨੂੰ ਕਿਹਾ ਪਰ ਉਹ ਹਿੱਸਾ ਪਾਉਣ ਲਈ ਮੰਨ ਨਹੀਂ ਸੀ ਰਿਹਾ। ਦਰਬਾਰੇ ਵਾਲ਼ੀ ਇਹ ਕੰਧ ਕੱਚੀ ਅਤੇ ਥਾਂ ਥਾਂ ਤੋਂ ਖਸਤਾ ਹੋਈ ਸੀ। ਉਸ ਨੂੰ ਵੀ ਕੰਧ ਦੀ ਲੋੜ ਸੀ।

ਕਪੂਰ ਸਿੰਘ ਨੇ ਚਾਚੀ ਰਾਮ ਕੌਰ ਅਤੇ ਚੰਨਣ ਸਿੰਘ ਚੀਨੀਏਂ ਸਮੇਤ ਹੋਰ ਕਈਆਂ ਨੂੰ ਸਮਝਾਉਣ ਲਈ ਕਿਹਾ, ਪਰ ਉਸ ਨੂੰ ਕਿਸੇ ਦੇ ਕਿਹਾ ਨਹੀਂ ਸੀ ਮੰਨ ਰਿਹਾ। ਕਪੂਰ ਸਿੰਘ ਨੇ ਦਰਬਾਰੇ ਨਾਲ਼ ਆਪ ਹੀ ਗੱਲ ਕਰਨ ਦੀ ਸੋਚ ਕੇ ਅਗਲੇ ਦਿਨ ਦਰਬਾਰੇ ਦੇ ਘਰ ਗਿਆ। ਉਹ ਅੱਗੋਂ ਪਟਵਾਰੀ ਵੱਲ ਗਿਆ ਹੋਇਆ ਸੀ। ਕਪੂਰ ਸਿੰਘ ਉਥੇ ਹੀ ਚਲਾ ਗਿਆ। ਉਥੇ ਪਟਵਾਰੀ, ਸਰਪੰਚ, ਟੁੰਡਾ ਲੰਬੜਦਾਰ ਅਤੇ ਹੋਰ ਇੱਕ ਦੋ ਆਦਮੀਆਂ ਦੇ ਸਾਹਮਣੇ ਦਰਬਾਰਾ ਸਿੰਘ ਨੂੰ ਕੰਧ ਕਰਨ ਬਾਰੇ ਧੀਰਜ ਨਾਲ਼ ਪੁੱਛਿਆ। ਦਰਬਾਰਾ ਸਿੰਘ ਨੇ ਕਿਹਾ ਕਿ ਉਸ ਨੂੰ ਕੰਧ ਦੀ ਲੋੜ ਨਹੀਂ ਹੈ। ਜੇਕਰ ਉਸ ਨੂੰ ਜ਼ਰੂਰਤ ਹੈ ਤਾਂ ਉਹ ਕਰ ਲਵੇ ਪਰ ਇਸ ਸਾਂਝੀ ਕੰਧ ਦੇ ਬਦਲੇ ਉਹ, ਉਸ ਨੂੰ ਕੁੱਝ ਨਹੀਂ ਦੇਵੇਗਾ। ਸਰਪੰਚ ਅਤੇ ਪਟਵਾਰੀ ਵੀ ਦਰਬਾਰੇ ਨੂੰ ਹੋਰ ਸ਼ਹਿ ਦੇ ਰਹੇ ਸਨ। ਕਪੂਰ ਸਿੰਘ ਨੇ ਦਰਬਾਰੇ ਨੂੰ ਬਹੁਤ ਸਮਝਾਇਆ ਕਿ ਆਪਾਂ ਦੋਵੇਂ ਸਾਂਝੀਕੰਧ ਨੂੰ ਉਸਾਰਨ ਦਾ ਭਾਰ ਅੱਧਾ-ਅੱਧਾ ਵੰਡ ਲੈਂਦੇ ਹਾਂ। ਪਰ ਦਰਬਾਰਾ ਕਿਸੇ ਤਰ੍ਹਾਂ ਵੀ ਨਾ ਮੰਨਿਆ ਤਾਂ ਕਪੂਰ ਸਿੰਘ ਨੇ ਕਿਹਾ ਕਿ ਚਲੋ ਜੇ ਸਾਂਝੀ ਕੰਧ ਦੇ ਪੈਸੇ ਨਹੀਂ ਦੇਣੇ ਤਾਂ ਨਾ ਸਹੀ ਪਰ ਉਸ ਦੀ ਕੀਤੀ ਹੋਈ ਕੰਧ ਉੱਤੇ ਆਪਣੇ ਸ਼ਤੀਰ ਨਾ ਰੱਖੇ। ਇਸ ਗੱਲ ਉੱਤੇ ਦਰਬਾਰਾ ਸਿੰਘ ਭੜਕ ਗਿਆ ਅਤੇ ਗੱਲ ਹੱਥੋ ਪਾਈ ਤੱਕ ਚਲ਼ੀ ਗਈ ਪਰ ਟੁੰਡੇ ਲੰਬੜਦਾਰ ਨੇ ਵਿੱਚ ਪੈ ਕੇ ਦੋਹਾਂ ਨੂੰ ਸ਼ਾਂਤ ਕੀਤਾ ਅਤੇ ਕਪੂਰ ਸਿੰਘ ਨੂੰ ਘਰ ਤੋਰ ਦਿੱਤਾ।

ਕਪੂਰ ਸਿੰਘ ਨੇ ਦਰਬਾਰਾ ਸਿੰਘ ਵਾਲੀ ਕੰਧ ਛੱਡ ਕੇ ਬਾਕੀ ਸਾਰਾ ਕੰਮ ਕਰਵਾ ਲਿਆ। ਦਰਬਾਰਾ ਸਿੰਘ ਵਾਲੀ ਕੰਧ ਦੇ ਫੈਸਲੇ ਲਈ ਕਪੂਰ ਸਿੰਘ ਨੇ ਪੰਚਾਇਤ ਬੁਲਾ ਲਈ। ਪਿੰਡ ਦੀ ਸਾਂਝੀ ਰਾਏ ਮੂਹਰੇ ਦਰਬਾਰੇ ਨੂੰ ਝੁੱਕਣਾ ਪੈ ਗਿਆ ਅਤੇ ਮਜ਼ਦੂਰੀ ਉਸ ਨੂੰ ਛੱਡ ਦਿੱਤੀ ਗਈ, ਪਰ ਬਾਕੀ ਖਰਚਾ ਦੋ ਕਿਸ਼ਤਾਂ ਵਿੱਚ ਅੱਧਾ ਦੇਣਾ ਤਹਿ ਹੋ ਗਿਆ। ਅਗਲੇ ਦਿਨ ਪੰਚਾਇਤ ਦੇ ਆਦਮੀ ਨੀਂਹ ਪਟਵਾਉਣ ਲੱਗੇ ਤਾਂ ਇੱਕ ਪਾਸੇ ਰੱਸੀ ਫੜ ਬੈਠੇ ਧੰਮਾ ਸਿੰਘ ਸਰਪੰਚ ਨੇ ਸ਼ਰਾਰਤ ਨਾਲ ਕਪੂਰ ਸਿੰਘ ਵੱਲ ਹੱਥ ਕੁ ਭਰ ਰੱਸੀ ਵਧਾ ਦਿੱਤੀ। ਰੌਲਾ ਪੈ ਗਿਆ, ਜਿਸ ਕਰਕੇ ਧੰਮਾ ਸਿੰਘ ਨੂੰ ਇੱਕ ਹੱਥ ਰੱਸੀ ਦੂਜੇ ਪਾਸੇ ਹਟਾਉਣੀ ਪਈ। ਫਿਰ ਦਰਬਾਰਾ ਨੇ ਰੌਲਾ ਪਾ ਲਿਆ ਕਿ ਕੰਧ ਉਸ ਵੱਲ ਨੂੰ ਚਾਰ ਉਂਗਲਾਂ ਵਧਾਈ ਹੋਈ ਹੈ। ਦਰਬਾਰੇ ਨੇ ਗਾਲ਼ ਕੱਢ ਦਿੱਤੀ ਅਤੇ ਗੱਲ ਵਧ ਗਈ। ਨਤੀਜੇ ਵਜੋਂ ਦੋਨੋਂ ਧਿਰਾਂ ਦੇ ਸੱਟਾਂ ਲੱਗੀਆਂ ਅਤੇ ਖ਼ੂਨ ਨਾਲ ਲੱਥ ਪੱਥ ਹੋ ਗਈਆਂ। ਥਾਣੇ ਵਿੱਚ ਦੋਹਾਂ ਧਿਰਾਂ ਦੀਆਂ ਜਮਾਨਤਾਂ ਹੋ ਗਈਆਂ ਅਤੇ ਕੰਧ ਵੀ ਬਣ ਗਈ। ਪਰ ਦੋਨਾਂ ਘਰਾਂ ਦੀ ਬੋਲਚਾਲ ਬੰਦ ਹੋ ਗਈ ਸੀ। ਦਰਬਾਰਾ ਸਿੰਘ ਨੇ ਕਿਸ਼ਤਾਂ ਦੀਆਂ ਤਰੀਕਾਂ ਦੀ ਪਰਵਾਹ ਨਾ ਕੀਤੀ। ਕਪੂਰ ਸਿੰਘ ਨੇ ਉਸ ਤੋਂ ਪੈਸੇ ਮੰਗ ਕੇ ਕੋਈ ਛੇੜ ਛੇੜਨ ਤੋਂ ਗੁਰੇਜ਼ ਕੀਤਾ।

ਇੱਕ ਦਿਨ ਕਪੂਰ ਸਿੰਘ ਨੂੰ ਚਾਚੀ ਰਾਮ ਕੌਰ ਕੋਲ਼ੋਂ ਦਰਬਾਰੇ ਨੂੰ ਨਿਮੋਨੀਆ ਹੋਣ ਦਾ ਪਤਾ ਲੱਗਿਆ। ਕਪੂਰ ਸਿੰਘ ਝਿਜਕਦਾ ਝਿਜਕਦਾ ਦਰਬਾਰੇ ਦਰਬਾਰੇ ਦਾ ਹਾਲ ਪੁੱਛਣ ਗਿਆ ਤਾਂ ਦੇਖਿਆ ਦਰਬਾਰਾ ਸੁੱਕ ਕੇ ਪਿੰਜਰ ਬਣਿਆ ਹੋਇਆ ਸੀ। ਪਤਾ ਲੱਗਣ ਤੇ ਕਿ ਪੈਸੇ ਦੀ ਤੋਟ ਕਾਰਨ ਉਹ ਕਿਸੇ ਡਾਕਟਰ ਕੋਲ਼ੋਂ ਇਲਾਜ ਨਹੀਂ ਕਰਵਾ ਰਿਹਾ, ਕਪੂਰ ਸਿੰਘ ਨੇ ਦਸ ਰੁਪਏ ਕੱਢ ਕੇ ਦਰਬਾਰੇ ਦੀ ਜੇਬ ਵਿੱਚ ਪਾ ਦਿੱਤੇ ਅਤੇ ਕਿਹਾ ਕਿ ਉਹ ਮੰਡੀ ਜਾ ਕੇ ਡਾਕਟਰ ਨੂੰ ਭੇਜ ਦੇਵੇਗਾ।

ਦਰਬਾਰੇ ਨੇ ਕਪੂਰ ਸਿੰਘ ਨੂੰ ਕਿਹਾ ਕਿ ਉਸ ਨੇ ਤਾਂ ਉਸਦੇ ਪਹਿਲੇ ਪੈਸੇ ਵੀ ਦੇਣੇ ਹਨ। ਉਸ ਨੇ ਆਪਣੀ ਧੀ ਬੰਸੋ ਦਾ ਹਾੜ੍ਹ ਦੇ ਮਹੀਨੇ ਵਿਆਹ ਕਰਨ ਬਾਰੇ ਕਪੂਰ ਸਿੰਘ ਨਾਲ਼ ਸਲਾਹ ਕੀਤੀ ਅਤੇ ਵਿਆਹ `ਤੇ ਆਉਣ ਲਈ ਕਿਹਾ। ਕਪੂਰ ਸਿੰਘ ਨੇ ਵੀ ਝੱਟ ਦਰਬਾਰੇ ਦਾ ਸੱਦਾ ਪਰਵਾਨ ਕਰ ਲਿਆ ਅਤੇ ਕਿਹਾ ਉਹ ਹੌਂਸਲਾ ਰੱਖੇ, ਉਹ ਉਸ ਤੋਂ ਦੂਰ ਨਹੀਂ ਹੈ। ਕਪੂਰ ਸਿੰਘ ਅਤੇ ਦਰਬਾਰੇ ਦੋਨਾਂ ਦੀਆਂ ਅੱਖਾਂ ਨਮ ਸਨ।

ਪਾਤਰ

ਸੋਧੋ
  • ਕਪੂਰ ਸਿੰਘ
  • ਕਪੂਰ ਸਿੰਘ ਦਾ ਛੋਟਾ ਭਰਾ
  • ਦਰਬਾਰਾ ਸਿੰਘ (ਕਪੂਰ ਸਿੰਘ ਦੇ ਚਾਚੇ ਦਾ ਪੁੱਤ)
  • ਹਰਬੰਸੋ (ਦਰਬਾਰਾ ਸਿੰਘ ਦੀ ਧੀ)
  • ਦਰਬਾਰਾ ਸਿੰਘ ਦਾ ਭਤੀਜਾ
  • ਚਾਚੀ ਰਾਮ ਕੌਰ
  • ਚੰਨਣ ਸਿੰਘ ਚੀਨੀਏਂ
  • ਧੰਮਾ ਸਿੰਘ ਸਰਪੰਚ
  • ਰਾਮ ਰਤਨ ਪਟਵਾਰੀ
  • ਟੁੰਡਾ ਲੰਬੜਦਾਰ
  • ਨਾਹਰ ਸਿੰਘ ਅਕਾਲੀ

ਬਾਹਰੀ ਲਿੰਕ

ਸੋਧੋ

ਮੂਲ ਕਹਾਣੀ ਸਾਂਝੀ ਕੰਧ ਇਥੇ ਪੜ੍ਹੋ