ਸਾਧੂ ਰਾਮ, ਸ਼ਾਸ਼ਤਰੀ

ਸਾਧੂ ਰਾਮ, ਸ਼ਾਸ਼ਤਰੀ ਸੰਸਕ੍ਰਿਤ ਦਾ ਪ੍ਰਸਿੱਧ ਸਾਹਿਤਕਾਰ ਸੀ।[1]

ਸਾਧੂ ਰਾਮ ਦਾ ਜਨਮ ਪੰਜਾਬ, ਭਾਰਤ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੇਖਾ ਵਿਖੇ 11 ਮਈ, 1913 ਨੂੰ ਪੰ. ਸਾਵਣ ਰਾਮ ਦੇ ਘਰ ਹੋਇਆ ਸੀ। ਉਸਦਾ ਦਾਦਾ ਲਸੋਈ (ਜ਼ਿਲ੍ਹਾ ਸੰਗਰੂਰ) ਵਿਖੇ ਅਧਿਆਪਕ ਸੀ। ਛੋਟੀ ਉਮਰ ਵਿੱਚ ਸਾਧੂ ਰਾਮ ਆਪਣੇ ਦਾਦਾ ਕੋਲ ਲਸੋਈ ਚਲਾ ਗਿਆ ਅਤੇ ਉਥੇ ਸੰਸਕ੍ਰਿਤ ਦੀਆਂ ਆਰੰਭਿਕ ਪੁਸਤਕਾਂ ਪੜ੍ਹੀਆਂ। 1926 ਵਿਚ ਉਹ ਉਚੇਰੀ ਵਿਦਿਆ ਲਈ ਲਾਹੌਰ ਚਲਾ ਗਿਆ। ਲਾਹੌਰ ਵਿਚ ਉਸ ਨੇ 1933 ਈਸਵੀ ਤਕ ਪ੍ਰਾਗਯ, ਵਿਸ਼ਾਰਦ, ਸ਼ਾਸਤਰੀ ਅਤੇ ਮੈਟ੍ਰਿਕ ਦੀਆਂ ਪਰੀਖਿਆਵਾਂ ਪਾਸ ਕਰ ਲਈਆਂ ਅਤੇ ਪੰਜਾਬ ਯੂਨੀਵਰਸਿਟੀ, ਲਾਹੌਰ ਦੇ ਦਰਸ਼ਨ ਆਚਾਰੀਆ ਦੇ ਇਮਤਿਹਾਨ ਵਿਚ ਪਹਿਲਾ ਦਰਜਾ ਪ੍ਰਾਪਤ ਕੀਤਾ । ਦਰਭੰਗਾ ਯੂਨੀਵਰਸਿਟੀ (ਬਿਹਾਰ) ਤੋਂ ਉਸ ਨੇ ਵਿਆਕਰਣ-ਆਚਾਰੀਆ ਦੀ ਡਿਗਰੀ ਵੀ ਪਹਿਲੇ ਦਰਜੇ ਵਿਚ ਪ੍ਰਾਪਤ ਕੀਤੀ।

1934 ਵਿਚ ਉਸ ਨੇ ਸਨਾਤਨ ਧਰਮ ਸੰਸਕ੍ਰਿਤ ਮਹਾ ਵਿਦਿਆਲਾ, ਧੂਰੀ ਵਿੱਚ ਕੁਝ ਸਮਾਂ ਸੰਸਕ੍ਰਿਤ ਪੜ੍ਹਾਈ ਅਤੇ ਫਿਰ ਕਟਾਖ ਰਾਜ ਦੇ ਰਿਸ਼ੀਕੁਲ (ਜ਼ਿਲ੍ਹਾ ਜੇਹਲਮ, ਪਾਕਿਸਤਾਨ) ਵਿਚ ਹੈਡ ਮਾਸਟਰ ਦੀ ਨੌਕਰੀ ਕਰ ਲਈ ਪਰ ਨੌਂ ਮਹੀਨੇ ਬਾਅਦ ਤਿੱਲੀ ਦੀ ਸੋਜ ਦੇ ਕਾਰਨ ਇਹ ਨੌਕਰੀ ਛੱਡ ਦਿੱਤੀ। ਕੁਝ ਦੇਰ ਇਲਾਜ ਕਰਵਾਉਣ ਤੋਂ ਬਾਅਦ ਉਹ ਸਰਹਿੰਦ ਦੇ ਸੰਸਕ੍ਰਿਤ ਵਿਦਿਆਲੇ ਵਿਚ ਪੜ੍ਹਾਉਣ ਲੱਗ ਪਿਆ।

ਤਿੰਨ ਕੁ ਮਹੀਨਿਆਂ ਪਿੱਛੋਂ ਇਹ ਸਰਹਿੰਦ ਦੇ ਸਾਰੇ ਵਿਦਿਆਰਥੀਆਂ ਸਮੇਤ ਨਾਭੇ ਆ ਗਿਆ ਜਿਥੇ ਇਸ ਨੇ ਪੰ ਆਤਮਾ ਰਾਮ ਦੇ ਸਹਿਯੋਗ ਨਾਲ ਇਕ ਸੰਸਕ੍ਰਿਤ ਵਿਦਿਆਲਾ ਖੋਲ੍ਹਿਆ। ਕੁਝ ਸਮੇਂ ਬਾਅਦ ਪੰ. ਆਤਮਾ ਰਾਮ ਨਾਲ ਅਣਬਣ ਕਾਰਨ ਇਸ ਨੇ ਨਾਭੇ ਹੋਰ ਦੋ ਥਾਂਵਾਂ ਤੇ ਸੰਸਕ੍ਰਿਤ ਪੜ੍ਹਾਉਣ ਦਾ ਕਾਰਜ ਕੀਤਾ ਪਰ ਕੁਝ ਨਿਜੀ ਕਾਰਨਾਂ ਕਰ ਕੇ ਪੜ੍ਹਾਉਣ ਦਾ ਇਹ ਕਾਰਜ ਛੱਡ ਕੇ ਨਾਭੇ ਦੇ ਹੀ ਇਕ ਪੁਰਾਣੇ ਮੰਦਰ ਵਿਚ ਪੰ ਸ਼ਾਦੀ ਰਾਮ ਦੀ ਨਿਗਰਾਨੀ ਹੇਠ ਸੰਸਕ੍ਰਿਤ ਪਾਠਸ਼ਾਲਾ ਖੋਲ੍ਹ ਦਿੱਤੀ।[2][3]1936 ਤੋਂ 1947 ਤਕ ਸਾਧੂ ਰਾਮਨੇ ਇੱਕਲਿਆਂ ਹੀ ਉਥੇ ਪ੍ਰਵੇਸ਼ਿਕਾ, ਪ੍ਰਾਗਯ, ਵਿਸ਼ਾਰਦ ਅਤੇ ਸ਼ਾਸਤਰੀ ਦੀਆਂ ਸੰਸਕ੍ਰਿਤ ਕਲਾਸਾਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਨਿਭਾਈ। ਫਿਰ ਪੈਪਸੂ ਸਰਕਾਰ ਨੇ ਨਾਭੇ ਦੇ ਇਸ ਸੰਸਕ੍ਰਿਤ ਵਿਦਿਆਲੇ ਦਾ ਪ੍ਰਬੰਧ 1 ਅਪ੍ਰੈਲ, 1955 ਨੂੰ ਆਪਣੇ ਹੱਥ ਲੈ ਲਿਆ ਅਤੇ ਸਾਧੂ ਰਾਮ ਸ਼ਾਸਤਰੀ ਨੂੰ ਉਸ ਦਾ ਪ੍ਰਿੰਸੀਪਲ ਲਾ ਦਿੱਤਾ। ਸਾਧੂ ਰਾਮ ਸ਼ਾਸਤਰੀ 11 ਮਈ, 1971 ਨੂੰ ਇਹ ਰਿਟਾਇਰ ਹੋ ਗਿਆ।

ਸਾਧੂ ਰਾਮ ਨੇ ‘ਭਾਰਤ-ਅਮ੍ਰਿਤਮ’ ਅਤੇ ਸ੍ਰੀਮਦ ਭਾਗਵਤ-ਅਮ੍ਰਿਤਮ ਸਮੇਤ ਕੁੱਲ ਅੱਠ ਪੁਸਤਕਾਂ ਲਿਖੀਆਂ। 1984 ਵਿਚ ਉਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਵਜੋਂ ਸਨਮਾਨਿਆ ਗਿਆ।[4]


ਹਵਾਲੇ ਸੋਧੋ

  1. ਪੰਜਾਬਾ ਕੋਸ਼ - ਜਿਲਦ ਪਹਿਲੀ - ਪੰਨਾ 300
  2. ਪੰਜਾਬਾ ਕੋਸ਼ - ਜਿਲਦ ਪਹਿਲੀ - ਪੰਨਾ 300
  3. A History of the Panjab University, Chandigarh, 1947-1967 - Page 411
  4. ਪੰਜਾਬਾ ਕੋਸ਼ - ਜਿਲਦ ਪਹਿਲੀ - ਪੰਨਾ 301, ਲੇਖਕ : ਡਾ. ਨਵਰਤਨ ਕਪੂਰ।