ਸਿੱਧੂ ਬਰਾੜ ਸਿੱਧੂ ਭੱਟੀ ਰਾਜਪੂਤਾਂ ਵਿੱਚੋਂ ਹਨ। ਪੁਰਾਣੇ ਸਮੇਂ ਵਿੱਚ ਭੱਟੀ ਰਾਜਪੂਤਾਂ ਦਾ ਰਾਜ ਮਥੁਰਾ ਤੋਂ ਲੈ ਕੇ ਗਜ਼ਨੀ ਤੱਕ ਸੀ। ਕਾਫੀ ਸਮੇਂ ਮਗਰੋਂ ਬਖਾਰੇ ਦੇ ਬਾਦਸ਼ਾਹ ਨੇ ਗਜ਼ਨੀ ਅਤੇ ਲਾਹੌਰ ਦੇ ਇਲਾਕੇ ਭੱਟੀਆਂ ਤੋਂ ਜਿੱਤ ਲਏ। ਭੱਟੀ, ਭੱਟਨੇਰ ਦੇ ਇਲਾਕੇ ਵਿੱਚ ਆਬਾਦ ਹੋ ਗਏ। ਇੱਕ ਭੱਟੀ ਸਰਦਾਰ ਦੇਵਰਾਜ ਨੇ ਦੇਵਗੜ੍ਹ ਵਸਾਇਆ। ਉਸ ਦੀ ਵੰਸ਼ ਵਿੱਚ ਜੈਮਲ ਇੱਕ ਪਰਤਾਪੀ ਰਾਜਾ ਹੋਇਆ। ਉਸ ਨੇ ਜੈਸਲਮੇਰ ਸ਼ਹਿਰ ਵਸਾਇਆ। ਉਸ ਦਾ ਬੇਟਾ ਹੇਮ ਰਾਉ ਆਪਣੇ ਭਰਾਵਾਂ ਨਾਲ ਨਰਾਜ਼ ਹੋ ਕੇ ਹਿਸਾਰ ਦੇ ਇਲਾਕੇ ਵਿੱਚ 1180 ਈ. ’ਚ ਆ ਗਿਆ। ਜਦੋਂ ਸ਼ਹਾਬੁਦੀਨ ਗੌਰੀ ਨੇ ਭਾਰਤ ’ਤੇ ਹਮਲਾ ਕੀਤਾ ਤਾਂ ਹੇਮ ਨੇ ਆਪਣੇ ਭੱਟੀ ਕਬੀਲੇ ਨਾਲ ਰਲਕੇ ਉਸ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ। ਇਸ ਲਈ ਗੌਰੀ ਨੇ ਹੇਮ ਨੂੰ ਸਿਰਸੇ, ਹਿਸਾਰ ਤੇ ਬਠਿੰਡੇ ਦੇ ਇਲਾਕਿਆਂ ਦਾ ਚੌਧਰੀ ਬਣਾ ਦਿੱਤਾ। ਹੇਮ ਦੇ ਪੁੱਤਰ ਜੋਂਧਰ ਦੇ 21 ਪੁੱਤ ਸਨ। ਜਿਨਾਂ ਦੇ ਨਾਮ ’ਤੇ ਅੱਡ- ਅੱਡ 21 ਗੋਤ ਬਣੇ। ਇਸ ਦੇ ਇੱਕ ਪੋਤੇ ਮੰਗਲ ਰਾਉ ਨੇ ਦਿੱਲੀ ਦੀ ਸਰਕਾਰ ਵਿਰੁੱਧ ਬਗ਼ਾਵਤ ਕੀਤੀ ਪਰ ਮਾਰਿਆ ਗਿਆ।ਮੰਗਲ ਰਾਉ ਦੇ ਪੋਤੇ ਖੀਵਾ ਰਾਉ ਦੇ ਘਰ ਕੋਈ ਪੁੱਤਰ ਪੈਦਾ ਨਾਂ ਹੋਇਆ।ਖੀਵਾ ਰਾਉ ਨੇ ਸਰਾਉਂ ਜੱਟਾਂ ਦੀ ਕੁੜੀ ਨਾਲ ਵਿਆਹ ਲਰ ਲਿਆ।ਭੱਟੀ ਭਾਈਚਾਰੇ ਨੇ ਉਸ ਨੂੰ ‘ਖੀਵਾ ਖੋਟਾ’ ਕਹਿ ਕੇ ਤਿਆਗ ਦਿੱਤਾ। ਖੀਵਾ ਰਾਉ ਦੇ ਘਰ ਸਿੱਧੂ ਰਾਉ ਦਾ ਜਨਮ 1250 ਵਿੱਚ ਹੋਇਆ।ਸਿੱਧੂ ਰਾਉ ਦੀ ਬੰਸ ਜੱਟਾਂ ਵਿੱਚ ਰਲ ਗਈ।ਸਿੱਧੂ ਨਾਮ ਤੋਂ ਹੀ ਸਿੱਧੂ ਗੋਤ ਪ੍ਰਚਲਿਤ ਹੋਇਆ। ਜਿਸ ਵਿੱਚੋਂ ਸਿੱਧੂ ਦੇ ਛੇ ਪੁੱਤ ਹੋਏ। ਬੇਟੇ ਦਾਹੜ ਦੀ ਉਲਾਦ ਕੈਂਥਲ, ਝੁੰਬੇ, ਆਦਿ ਵਾਲੇ ਭਾਈਕੇ ਹਨ। ਧਰ ਦੀ ਉਲਾਦ ਪੀਰ ਕੋਟੀਏ ਹਨ। ਰੂਪ ਦੀ ਉਲਾਦ ਰੋਸੇ ਸਿੱਧੂ ਹਨ।ਸੁਰੋ ਦੀ ਉਲਾਦ ਮਹਿਰਮੀਏ ਸਿੱਧੂ ਹਨ ਅਤੇ ਇਹ ਜੈਦਾਂ ਦਾ ਵਡੇਰਾ ਸੀ। ਮਾਣੋ ਦੀ ਬੰਸ ਮਲਕਾਣੇ ਅਤੇ ਨੌਰੰਗ ਆਦਿ ਪਿੰਡਾਂ ਵਿੱਚ ਹੈ।

ਭੂਰੇ ਦੀ ਬੰਸ ਵਿੱਚੋਂ ਹਰੀਕੇ ਤੇ ਬਰਾੜ ਸਿੱਧੂ ਹਨ। ਭੂਰੇ ਦੇ ਪੁੱਤਰ ਨੇ ਸੰਤ ਸੁਭਾਅ ਕਾਰਣ ਵਿਆਹ ਨਹੀਂ ਕਰਵਾਇਆ। ਇਸ ਨੂੰ ਭੱਟੀਆਂ ਨੇ ਬਠਿੰਡੇ ਤੇ ਮੁਕਤਸਰ ਵਿਚਕਾਰ ਅਬਲੂ ਪਿੰਡ ਵਿੱਚ ਕਤਲ ਕਰ ਦਿੱਤਾ। ਸਾਰੇ ਸਿੱਧੂ ਇਸ ਮਹਾਂਪੁਰਸ਼ ਦੀ ਮਾਨਤਾ ਕਰਦੇ ਹਨ। ਭੂਰੇ ਦੇ ਪੁੱਤਰ ਸੀਤਾ ਰਾਉ ਦੀ ਬੰਸ ਵਿੱਚੋਂ ਹਰੀ ਰਾਉ ਹੋਇਆ। ਇਹ ਹਰੀਕੇ ਸਿੱਧੂਆਂ ਦੀ ਸ਼ਾਖਾ ਦਾ ਮੋਢੀ ਹੋਇਆ। ਕਾੳਂਕੇ, ਅਟਾਰੀ, ਹਰੀਕੇ ਤੇ ਫਤਣ ਕੇ ਆਦਿ ਇਸ ਦੀ ਬੰਸ ਵਿੱਚੋਂ ਹਨ।ਇਹ ਬਰਾੜ ਬੰਸੀ ਨਹੀਂ ਹਨ।

ਸੀਤਾ ਰਾਉ ਦੇ ਦੂਜੇ ਪੁੱਤਰ ਜਰਥ ਦੀ ਬੰਸ ਵਿੱਚੋਂ ਬਰਾੜ ਪ੍ਰਸਿੱਧ ਹੋਇਆ।ਸਿੱਧੂ ਤੋਂ ਦਸਵੀਂ ਪੀੜ੍ਹੀ ’ਤੇ ਬਰਾੜ ਹੋਇਆ। ਇਸ ਨੇ ਭੱਟੀਆਂ ਨੂੰ ਹਰਾ ਕੇ ਬਠਿੰਡੇ ਦੇ ਇਲਾਕੇ ’ਤੇ ਦੁਬਾਰਾ ਕਬਜ਼ਾ ਕਰ ਲਿਆ। ਇਹ ਬਠਿੰਡੇ ਦੇ ਰੇਤਲੇ ਇਲਾਕੇ ਬੀਦੋਵਾਲ ਵਿੱਚ ਰਹਿਣ ਲੱਗ ਪਿਆ। ਇੱਥੇ ਹੀ ਉਸ ਦੀ ਮੌਤ ਹੋ ਗਈ। ਬਰਾੜ ਦੇ ਛੇ ਪੁੱਤ ਸਨ ਜਿੰਨਾਂ ਵਿੱਚੋਂ ਦੁੱਲ ’ਤੇ ਪੌੜ ਹੀ ਪ੍ਰਸਿੱਧ ਹੋਏ ਸਨ। ਬਰਾੜ ਦੇ ਤਿੰਨ ਭਰਾ ਹੋਰ ਸਨ।ਪਰ ਇਹ ਮਿਥਿਹਾਸਕ ਕਹਾਣੀ ਹੈ। ਉਨ੍ਹਾਂ ਦੀ ਬੰਸ ਵੀ ਆਪਣੇ ਆਪ ਨੂੰ ਬਰਾੜ ਬੰਸ ਹੀ ਲਿਖਦੀ ਹੈ। ਹਰੀਕੇ ਵੀ ਆਪਣੇ ਆਪ ਨੂੰ ਬਰਾੜ ਹੀ ਲਿਖਦੇ ਹਨ। ਬਰਿਆਰ ਗੋਤ ਵੀ ਬਰਾੜਾ ਦੇ ਧੜੇ ਤੋਂ ਵੱਖਰੇ ਹੋ ਕੇ ਬਣੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਵੇਲੇ ਵੱਖਰੇ ਹੋਏ ਸਨ ਪਰ ਕਈ ਬਰਾੜਾ ਨੇ ਬਰਿਆਰ ਲਿਖਣ ਦੀ ਬਿਜਾਏ ਬਰਾੜ ਨੂੰ ਹੀ ਤਰਜ਼ੀਹ ਦਿੱਤੀ ਹੈ ਤੇ ਕੁਝ ਬਰਿਆਰ ਲਿਖਦੇ ਹਨ।

ਹਵਾਲੇ

ਸੋਧੋ
  • ਹੁਸ਼ਿਆਰ ਸਿੰਘ ਦੁਲੇਹ: ‘ਜੱਟਾਂ ਦਾ ਇਤਿਹਾਸ’
  • ਪਿੰਡ ਦੇ ਬਜ਼ਰੁਗਾਂ ਕੋਲੋਂ ਪੀੜ੍ਹੀ ਦਰ ਪੀੜ੍ਹੀ ਇਤਿਹਾਸ