ਸੁਹਾਗਾ
ਲੱਕੜੀ ਦੇ ਇਕ ਭਾਰੇ ਮੋਟੇ ਫੱਟਿਆਂ ਵਾਲੇ, ਵਾਹੀ ਜ਼ਮੀਨ ਨੂੰ ਪੱਧਰਾ ਕਰਨ ਵਾਲੇ, ਦੋ ਜੋਗਾਂ ਨਾਲ ਚੱਲਣ ਵਾਲੇ ਖੇਤੀ ਸੰਦ ਨੂੰ ਸੁਹਾਗਾ ਕਹਿੰਦੇ ਹਨ। ਸੁਹਾਗੇ ਦੀ ਵਰਤੋਂ ਵਾਹੀ ਹੋਈ ਜ਼ਮੀਨ ਵਿਚ ਉੱਠੇ ਡਲਿਆਂ ਨੂੰ ਭੰਨਣ ਲਈ, ਤੋੜਨ ਲਈ ਤੇ ਖੇਤ ਨੂੰ ਪੱਧਰਾ ਕਰਨ ਲਈ ਕੀਤੀ ਜਾਂਦੀ ਹੈ। ਸੁਹਾਗਾ ਫੇਰਨ ਨਾਲ ਵਾਹੀ ਹੋਈ ਜ਼ਮੀਨ ਤੇ ਧੁੱਪ, ਗਰਮੀ ਦਾ ਘੱਟ ਅਸਰ ਹੋਣ ਕਰਕੇ ਜ਼ਮੀਨ ਵਿਚ ਗਿੱਲ, ਨਮੀ ਕਾਫੀ ਦੇਰ ਤੱਕ ਰਹਿੰਦੀ ਹੈ। ਪਹਿਲੇ ਸਮਿਆਂ ਵਿਚ ਜਦ ਸਾਰੀ ਖੇਤੀ ਬਾਰਿਸ਼ਾਂ ’ਤੇ ਨਿਰਭਰ ਸੀ, ਉਸ ਸਮੇਂ ਜੁਲਾਈ, ਅਗਸਤ ਵਿਚ ਹੋਈਆਂ ਬਾਰਸ਼ਾਂ ਦੀ ਗਿੱਲ ਵਾ ਹੋਈ ਜ਼ਮੀਨ ਤੇ ਵਾਰ-ਵਾਰ ਸੁਹਾਗਾ ਦੇ ਕੇ ਅਕਤੂਬਰ-ਨਵੰਬਰ ਦੀ ਹਾੜੀ ਬੀਜਣ ਤੱਕ ਰੱਖੀ ਜਾਂਦੀ ਸੀ। ਖੇਤ ਨੂੰ ਬੀਜਣ ਤੋਂ ਬਾਅਦ ਵੀ ਸੁਹਾਗਾ ਦਿੱਤਾ ਜਾਂਦਾ ਹੈ। ਇਸ ਸੁਹਾਗਾ ਦੇਣ ਨਾਲ ਬੀਜ ਵਧੀਆ ਉੱਗਦਾ ਹੈ। ਸੁਹਾਗਾ ਬਲਦਾਂ ਦੀਆਂ ਦੋ ਜੋੜੀਆਂ ਨਾਲ ਜਾਂ ਇਕ ਬਲਦਾਂ ਦੀ ਜੋੜੀ ਤੇ ਇਕ ਊਠ ਨਾਲ ਚਲਾਇਆ ਜਾਂਦਾ ਹੈ। ਦੋ ਬੰਦੇ ਸੁਹਾਗੇ ’ਤੇ ਖੜ੍ਹ ਕੇ ਸੁਹਾਗੇ ਨੂੰ ਚਲਾਉਂਦੇ ਹਨ।
ਸੁਹਾਗੇ ਦੀ ਸ਼ਕਲ ਮੋਟੇ ਫੱਟੇ ਵਰਗੀ ਹੁੰਦੀ ਹੈ। ਇਹ 10 ਕੁ ਫੁੱਟ ਲੰਮਾ ਤੇ 14 ਕੁ ਫੁੱਟ ਚੌੜਾ ਤੇ 8/10 ਕੁ ਇੰਚ ਮੋਟਾ ਹੁੰਦਾ ਹੈ। ਆਮ ਤੌਰ 'ਤੇ 2/3 ਫੱਟਿਆਂ ਨੂੰ ਲੋਹੇ ਦੇ ਕਾਬਲਿਆਂ ਨਾਲ ਜੋੜ ਕੇ ਬਣਾਇਆ ਜਾਂਦਾ ਹੈ। ਇਨ੍ਹਾਂ ਫੱਟਿਆਂ ਨੂੰ ਜੋੜਨ ਦੇ ਵਿਚਾਲੇ 3 ਕੁ ਇੰਚ ਦੀਆਂ ਛੋਟੀਆਂ ਜਿਹੀਆਂ ਲੱਕੜ ਦੀਆਂ ਟੁੱਕੜੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਟੁਕੜੀਆਂ ਨੂੰ ਮੁਜੰਨੇ ਕਹਿੰਦੇ ਹਨ। ਇਨ੍ਹਾਂ ਮੁਕੰਨਿਆਂ ਦੇ ਪੈਣ ਨਾਲ ਫੱਟਿਆਂ ਦੇ ਜੋੜਾਂ ਦੇ ਵਿਚ 3 ਕੁ ਇੰਚ ਦੀਆਂ ਵਿਰਲਾਂ ਰਹਿ ਜਾਂਦੀਆਂ ਹਨ। ਸੁਹਾਗਾ ਦੇਣ ਸਮੇਂ ਇਨ੍ਹਾਂ ਵਿਰਲਾਂ ਵਿਚ ਹੀ ਡਲੇ ਫਸ ਕੇ ਟੁੱਟਦੇ ਰਹਿੰਦੇ ਹਨ।
ਸੁਹਾਗੇ ਦੇ ਦੋਵੇਂ ਸਿਰਿਆਂ ਤੋਂ 12 ਕੁ ਫੁੱਟ ਅੰਦਰ ਕਰ ਕੇ ਦੋਵੇਂ ਪਾਸੇ ਸੁਹਾਗੇ ਉੱਪਰ 14 ਕੁ ਫੁੱਟ ਦੇ ਡੰਡੇ ਲਾਏ ਜਾਂਦੇ ਹਨ। ਇਨ੍ਹਾਂ ਡੰਡਿਆਂ ਨੂੰ ਕੰਨੇ ਕਹਿੰਦੇ ਹਨ। ਇਹ ਕੰਨੇ ਸੁਹਾਗੇ ਦੇ ਫੱਟੇ ਨਾਲੋਂ 6 ਕੁ ਇੰਚ ਅੱਗੇ/ਮੂਹਰੇ ਵਧੇ ਹੁੰਦੇ ਹਨ। ਇਨ੍ਹਾਂ ਵਧੇ ਹੋਏ ਕੰਨਿਆਂ ਦੇ ਹਿੱਸੇ ਵਿਚ ਵਾਢੇ ਪਾਏ ਹੁੰਦੇ ਹਨ। ਇਨ੍ਹਾਂ ਵਾਢਿਆਂ ਵਿਚ ਹੀ ਬਲਦਾਂ ਦੀਆਂ ਜੋੜੀਆਂ ਦੇ ਗਲ ਪਾਈਆਂ ਪੰਜਾਲੀਆਂ ਦੇ ਰੱਸੇ/ਊਠ ਦੀ ਬੀਂਡੀ ਵਿਚ ਪਾਇਆ ਰੱਸਾ ਸੁਹਾਗੇ ਨੂੰ ਖਿੱਚਣ ਲਈ ਪਾਏ ਜਾਂਦੇ ਹਨ। ਇਸ ਤਰ੍ਹਾਂ ਸੁਹਾਗਾ ਬਣਦਾ ਹੈ ਤੇ ਸੁਹਾਗੇ ਦੀ ਵਰਤੋਂ ਕੀਤੀ ਜਾਂਦੀ ਹੈ।
ਹੁਣ ਸਾਰੀ ਖੇਤੀ ਮਸ਼ੀਨਰੀ ਨਾਲ ਹੁੰਦੀ ਹੈ। ਸੁਹਾਗੇ ਹੁਣ ਲੱਕੜ ਦੇ ਵੀ ਬਣਦੇ ਹਨ ਅਤੇ ਲੋਹੇ ਦੇ ਵੀ ਬਣਦੇ ਹਨ। ਟਰੈਕਟਰ ਨਾਲ ਚਲਾਏ ਜਾਂਦੇ ਹਨ। ਬਲਦਾਂ ਦੀਆਂ ਜੋੜੀਆਂ ਅਤੇ ਊਠਾਂ ਨਾਲ ਚੱਲਣ ਵਾਲੇ ਸੁਹਾਗੇ ਅੱਜ ਦੀ ਖੇਤੀ ਵਿਚੋਂ ਅਲੋਪ ਹੋਣ ਦੇ ਨੇੜੇ ਹਨ।[1]