ਭਾਈ ਸੁੱਖਾ ਸਿੰਘ ਦੀ ਜਨਮ ਤਰੀਕ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਮਾੜੀ ਕੰਬੋਕੀ ਵਿੱਚ ਉਸ ਦੇ ਖ਼ਾਨਦਾਨ ਮੁਤਾਬਿਕ ਉਸ ਦਾ ਜਨਮ ੧੭੦੭ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਲੱਧਾ ਅਤੇ ਬੀਬੀ ਹਰੋ ਸੀ। ਭਾਈ ਸੁੱਖਾ ਸਿੰਘ ਕਲਸੀ ਗੋਤ ਦਾ ਤਰਖਾਣ ਸਿੰਘ ਸੀ। ਉਸ ਦੇ ਭਰਾ ਦਾ ਨਾਂ ਲੱਖਾ ਸਿੰਘ ਸੀ। ਭਾਈ ਸੁੱਖਾ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ। ਲੱਖਾ ਸਿੰਘ ਸ਼ਾਦੀਸ਼ੁਦਾ ਸੀ, ਉਸ ਦੇ ਵਾਰਸ ਹੁਣ ਵੀ ਪਿੰਡ ਮਾੜੀ ਕੰਬੋਕੀ ਵਿੱਚ ਵਸਦੇ ਹਨ। ਲੱਖਾ ਸਿੰਘ ਵੀ ਦਲ ਖ਼ਾਲਸਾ ਵਿੱਚ ਸ਼ਾਮਲ ਸੀ।[1]

ਬਚਪਨ ਸੋਧੋ

ਭਾਈ ਸੁੱਖਾ ਸਿੰਘ ਦਾ ਝੁਕਾਅ ਬਚਪਨ ਤੋਂ ਹੀ ਸਿੱਖੀ ਵੱਲ ਸੀ। ੧੪-੧੫ ਸਾਲ ਦੀ ਉਮਰ ਵਿੱਚ ਉਹ ਆਪਣੇ ਮਾਪਿਆਂ ਨੂੰ ਦੱਸੇ ਬਗੈਰ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਮੁਖ਼ਬਰੀ ਮਿਲਣ ’ਤੇ ਸ਼ਾਹੀ ਫ਼ੌਜ ਉਸ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਪਿੰਡ ਪੁੱਜ ਗਈ। ਉਸ ਵੇਲੇ ਉਹ ਘਰ ਨਾ ਹੋਣ ਕਾਰਨ ਬਚ ਗਿਆ। ਘਰ ਵਾਲੇ ਡਰ ਗਏ, ਉਨ੍ਹਾਂ ਨੇ ਭੰਗ ਪਿਆ ਕੇ ਬੇਹੋਸ਼ ਪਏ ਦੇ ਕੇਸ ਕਤਲ ਕਰ ਦਿੱਤੇ। ਜਦੋਂ ਸੁੱਖਾ ਸਿੰਘ ਨੂੰ ਹੋਸ਼ ਆਈ ਤਾਂ ਉਸ ਨੇ ਦੁਖੀ ਹੋ ਕੇ ਮਰਨ ਵਾਸਤੇ ਖੂਹ ਵਿੱਚ ਛਾਲ ਮਾਰ ਦਿੱਤੀ। ਪਾਣੀ ਘੱਟ ਹੋਣ ਕਾਰਨ ਉਹ ਬਚ ਗਿਆ, ਘਰ ਦੇ ਬਾਹਰ ਕੱਢਣ ਤੇ ਉਹ ਬਾਹਰ ਨਾ ਆਵੇ। ਰਾਹ ਜਾਂਦਾ ਇੱਕ ਸਿੰਘ ਰੌਲਾ ਸੁਣ ਕੇ ਉਸ ਖੂਹ ’ਤੇ ਆ ਗਿਆ। ਉਸ ਨੇ ਸੁੱਖਾ ਸਿੰਘ ਨੂੰ ਲਲਕਾਰਿਆ ਕਿ ਇਸ ਤਰ੍ਹਾਂ ਮਰਨ ਦੀ ਥਾਂ ਕਿਸੇ ਦੁਸ਼ਮਣ ਦੇ ਗਲ ਲੱਗ ਕੇ ਮਰ। ਇਸ ਦਾ ਸੁੱਖਾ ਸਿੰਘ ਦੇ ਦਿਲ ’ਤੇ ਡੂੰਘਾ ਅਸਰ ਹੋਇਆ, ਉਹ ਬਾਹਰ ਨਿਕਲ ਆਇਆ। ਕੁਝ ਦਿਨਾਂ ਬਾਅਦ ਉਹ ਪਿੰਡ ਦੇ ਨੰਬਰਦਾਰ ਦੀ ਘੋੜੀ ਭਜਾ ਕੇ ਸਰਦਾਰ ਸ਼ਾਮ ਸਿੰਘ ਦੇ ਜਥੇ ਵਿੱਚ ਜਾ ਰਲਿਆ ਤੇ ਦੁਬਾਰਾ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ।

ਸ਼੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਸੋਧੋ

ਦਿੱਲੀ ਲੁੱਟਣ ਤੋਂ ਬਾਅਦ ਨਾਦਰ ਸ਼ਾਹ ਦੀ ਵਾਪਸ ਜਾਂਦੀ ਫ਼ੌਜ ਨੂੰ ੧੭੩੯ ਵਿੱਚ ਸਿੱਖਾਂ ਨੇ ਬੜੀ ਤਸੱਲੀ ਨਾਲ ਲੁੱਟਿਆ ਸੀ। ਉਸ ਦੇ ਵਾਪਸ ਜਾਣ ਪਿੱਛੋਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਸਿੱਖਾਂ ’ਤੇ ਸਖ਼ਤੀ ਵਧਾ ਦਿੱਤੀ। ਹਰਿਮੰਦਰ ਸਾਹਿਬ ’ਤੇ ਕਬਜ਼ਾ ਕਰਨ ਲਈ ਕਾਜ਼ੀ ਅਬਦੁਲ ਰਹਿਮਾਨ ਨੂੰ ੨੦੦੦ ਫ਼ੌਜ ਦੇ ਕੇ ਭੇਜਿਆ ਗਿਆ। ਉਸ ਨੇ ਕਬਜ਼ਾ ਕਰ ਕੇ ਸਖ਼ਤ ਪਹਿਰਾ ਲਗਾ ਦਿੱਤਾ। ਉਸ ਨੇ ਕਿਹਾ ਕਿ ਉਸ ਦੇ ਹੁੰਦਿਆਂ ਕੋਈ ਸਿੱਖ ਸਰੋਵਰ ਵਿੱਚ ਇਸ਼ਨਾਨ ਨਹੀਂ ਕਰ ਸਕਦਾ। ਜਦੋਂ ਇਹ ਖ਼ਬਰ ਦਲ ਖ਼ਾਲਸਾ ਤਕ ਪੁੱਜੀ ਤਾਂ ਭਾਈ ਸੁੱਖਾ ਸਿੰਘ ਤੇ ਭਾਈ ਮਨੀ ਸਿੰਘ ਦਾ ਭਤੀਜਾ ਥਰਾਜ ਸਿੰਘ ਪੰਜਾਹ ਸਿੰਘਾਂ ਦੇ ਜਥੇ ਸਮੇਤ ਇਸ਼ਨਾਨ ਕਰਨ ਲਈ ਤਿਆਰ ਹੋ ਗਏ। ਉਨ੍ਹਾਂ ਨੇ ਬਾਕੀ ਸਿੰਘ ਗਿਲਵਾਲੀ ਦਰਵਾਜ਼ੇ ਅੱਗੇ ਖੜ੍ਹੇ ਕੀਤੇ ਤੇ ਆਪ ਇਸ਼ਨਾਨ ਕਰ ਕੇ ਜੈਕਾਰੇ ਛਡਦੇ ਹੋਏ ਸਾਥੀਆਂ ਨਾਲ ਆ ਮਿਲੇ। ਕਾਜ਼ੀ ਤੇ ਉਸ ਦੇ ਪੁੱਤਰ ਨੇ ਫ਼ੌਜ ਲੈ ਕੇ ਸਿੱਖਾਂ ਦਾ ਪਿੱਛਾ ਕੀਤਾ। ਉਹ ਦੋਵੇਂ ਅਨੇਕਾਂ ਸਾਥੀਆਂ ਸਮੇਤ ਸਿੱਖਾਂ ਹੱਥੋਂ ਮਾਰੇ ਗਏ।

ਛੋਟਾ ਘੱਲੂਘਾਰਾ ਸੋਧੋ

ਸਿੱਖ ਇਤਿਹਾਸ ਦਾ ਪਹਿਲਾ ਵੱਡਾ ਖ਼ੂਨੀ ਕਾਂਡ ਛੋਟਾ ਘੱਲੂਘਾਰਾ ਮਾਰਚ ਤੋਂ ਜੂਨ ੧੭੪੬ ਤੱਕ ਵਾਪਰਿਆ ਸੀ। ਭਾਈ ਸੁੱਖਾ ਸਿੰਘ ਇਸ ਘੱਲੂਘਾਰੇ ਵੇਲੇ ਕਾਹਨੂੰਵਾਨ ਦੇ ਛੰਬਾਂ ਵਿੱਚ ਮੌਜੂਦ ਸੀ। ਜਦੋਂ ਘੇਰਾ ਲੰਮਾ ਚਲਾ ਗਿਆ ਤਾਂ ਇੱਕ ਦਿਨ ਭਾਈ ਸੁੱਖਾ ਸਿੰਘ ਨੇ ਸਿੱਖਾਂ ਨੂੰ ਲਲਕਾਰਿਆ ਕਿ ਦੀਵਾਨ ਲਖਪਤ ਰਾਏ ’ਤੇ ਹਮਲਾ ਕੀਤਾ ਜਾਵੇ। ਸਿੱਖ ਲਖਪਤ ਦੀਆਂ ਫ਼ੌਜਾਂ ’ਤੇ ਟੁੱਟ ਪਏ, ਬੜੀ ਖ਼ੂਨੀ ਲੜਾਈ ਹੋਈ। ਭਾਈ ਸੁੱਖਾ ਸਿੰਘ ਨੇ ਸੂਹ ਕੱਢ ਕੇ ਲਖਪਤ ਰਾਏ ਦੇ ਹਾਥੀ ਨੂੰ ਜਾ ਘੇਰਿਆ ਪਰ ਉਸ ਦੇ ਨਜ਼ਦੀਕ ਨਾ ਪੁੱਜ ਸਕਿਆ। ਲਖਪਤ ਰਾਏ ਦੀ ਮਦਦ ਲਈ ਉਸ ਦਾ ਪੁੱਤਰ ਹਰਭਜ ਰਾਏ, ਯਾਹੀਆ ਖ਼ਾਨ ਦਾ ਪੁੱਤਰ ਨਾਹਰ ਖ਼ਾਨ ਆਦਿ ਪੁੱਜ ਗਏ। ਭਾਈ ਸੁੱਖਾ ਸਿੰਘ ਦੀ ਮਦਦ ਲਈ ਜੱਸਾ ਸਿੰਘ ਆਹਲੂਵਾਲੀਆ ਤੇ ਕਈ ਹੋਰ ਸਰਦਾਰ ਪੁੱਜੇ। ਜੰਗ ਵਿੱਚ ਹਰਭਜ ਰਾਏ, ਨਾਹਰ ਖ਼ਾਨ, ਕਰਮ ਬਖਸ਼ ਫ਼ੌਜਦਾਰ ਰਸੂਲ ਨਗਰ ਤੇ ਮਖਰੂਰ ਖ਼ਾਨ ਵਰਗੇ ਕਈ ਜਰਨੈਲ ਸਿੱਖਾਂ ਹੱਥੋਂ ਮਾਰੇ ਗਏ। ਰਣ ਵਿੱਚ ਜੰਬੂਰਚੇ ਦਾ ਇੱਕ ਗੋਲਾ ਭਾਈ ਸੁੱਖਾ ਸਿੰਘ ਦੀ ਲੱਤ ’ਤੇ ਆ ਵੱਜਾ ਤੇ ਪੱਟ ਤੋਂ ਉਸ ਦੀ ਲੱਤ ਟੁੱਟ ਗਈ, ਪਰ ਜੰਗ ਦੇ ਰੰਗ ਵਿੱਚ ਰੰਗੇ ਨੇ ਦਰਦ ਨਾ ਜਾਣੀ। ਘੱਲੂਘਾਰਾ ਖ਼ਤਮ ਹੋਣ ਮਗਰੋਂ ਉਸ ਦਾ ਜਥਾ ਜੈਤੋ ਜਾ ਉਤਰਿਆ, ਉਥੇ ਉਸ ਨੇ ਵੈਦ ਤੋਂ ਲੱਤ ਬੰਨ੍ਹਵਾਈ ਤੇ ੬-੭ ਮਹੀਨੇ ਮੰਜੇ ’ਤੇ ਪਿਆ ਰਿਹਾ। ਰਾਜ਼ੀ ਹੁੰਦੇ ਸਾਰ ਪਹਿਲਾਂ ਵਾਂਗ ਮਾਰਾਂ ਮਾਰਨ ਲੱਗਾ।

ਹਰਿਮੰਦਰ ਸਾਹਿਬ ਦੀ ਬੇਅਦਬੀ ਸੋਧੋ

ਜਿਸ ਕਾਂਡ ਨੇ ਇਤਿਹਾਸ ਵਿੱਚ ਉਸ ਨੂੰ ਅਮਰ ਕਰ ਦਿੱਤਾ, ਉਹ ਸੀ ਮੱਸੇ ਰੰਘੜ ਮੁਸੱਲਉਲ ਖ਼ਾਨ ਦਾ ਸਿਰ ਵੱਢਣਾ। ਮੱਸੇ ਨੇ ਹਰਿਮੰਦਰ ਸਾਹਿਬ ਜਾ ਡੇਰਾ ਲਾਇਆ। ਉਸ ਨੇ ਸਰਕਾਰੀ ਚੌਕੀ ਦੇ ਨਾਂ ’ਤੇ ਸਾਰੇ ਹਿੰਦੂਆਂ ਦੇ ਘਰ ਲੁੱਟ ਲਏ। ਉਹ ਦਰਬਾਰ ਸਹਿਬ ਦੇ ਅੰਦਰ ਮੰਜਾ ਡਾਹ ਕੇ ਸ਼ਰਾਬ ਤੇ ਹੁੱਕਾ ਪੀਂਦਾ। ਜਿੱਥੇ ਬਾਣੀ ਦਾ ਕੀਰਤਨ ਹੁੰਦਾ ਸੀ, ਉਥੇ ਨਾਚੀ ਨਾਚ ਕਰਨ ਲੱਗੀ। ਸਿੱਖਾਂ ਦੇ ਜਥੇ ਸਰਕਾਰੀ ਸਖ਼ਤੀ ਕਾਰਨ ਰਾਜਸਥਾਨ ਦੇ ਟਿੱਬਿਆਂ ਨੂੰ ਚਲੇ ਗਏ ਸਨ। ਕੋਈ ਟਾਵਾਂ ਟਾਵਾਂ ਸਿੱਖ ਹੀ ਲੁਕ ਛਿਪ ਕੇ ਡੰਗ ਟਪਾਉਂਦਾ ਸੀ।

ਅੰਮ੍ਰਿਤਸਰ ਤੋਂ ਖ਼ਬਰ ਸੋਧੋ

ਪਿੰਡ ਕੰਗ ਨਜ਼ਦੀਕ ਤਰਨਤਾਰਨ ਦਾ ਬੁਲਾਕਾ ਸਿੰਘ ਵੀ ਅਜਿਹਾ ਹੀ ਸਿੱਖ ਸੀ। ਜਦੋਂ ਉਸ ਨੇ ਹਰਿਮੰਦਰ ਦੀ ਬੇਅਦਬੀ ਹੁੰਦੀ ਵੇਖੀ ਤਾਂ ਉਸ ਕੋਲੋਂ ਜ਼ਰਿਆ ਨਾ ਗਿਆ। ਉਹ ਸੈਂਕੜੇ ਮੀਲ ਪੰਧ ਮਾਰ ਕੇ ਬੀਕਾਨੇਰ ਦੇ ਨਜ਼ਦੀਕ ਬੁੱਢਾ ਜੌਹੜ ਪੁੱਜਿਆ। ਉਥੇ ਸ਼ਾਮ ਸਿੰਘ ਤੇ ਬੁੱਢਾ ਸਿੰਘ ਦੇ ਜਥੇ ਪੜਾਉ ਕਰੀ ਬੈਠੇ ਸਨ। ਜਦੋਂ ਉਸ ਨੇ ਇਕੱਠ ਵਿੱਚ ਵਿਥਿਆ ਸੁਣਾਈ ਤਾਂ ਸਿੱਖਾਂ ਦੇ ਕਲੇਜੇ ’ਤੇ ਛੁਰੀ ਫਿਰ ਗਈ। ਜਥੇਦਾਰਾਂ ਨੇ ਲਲਕਾਰਿਆ ਕਿ ਕੋਈ ਹੈ ਸੂਰਮਾ ਜੋ ਦੁਸ਼ਟ ਮੱਸੇ ਦਾ ਸਿਰ ਲਾਹ ਕੇ ਲਿਆਵੇ। ਇਹ ਸੁਣ ਕੇ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਤੇ ਭਾਈ ਸੁੱਖਾ ਸਿੰਘ ਤਲਵਾਰਾਂ ਧੂਹ ਕੇ ਖੜ੍ਹੇ ਹੋ ਗਏ। ਪੰਥ ਤੋਂ ਥਾਪੜਾ ਲੈ ਕੇ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ।

ਮੱਸੇ ਰੰਘੜ ਦਾ ਕਤਲ ਸੋਧੋ

ਅਗਸਤ ੧੭੪੦ ਨੂੰ ਭਾਈ ਮਹਿਤਾਬ ਸਿੰਘ ਮੀਰਾ ਕੋਟੀਆ ਤੇ ਭਾਈ ਸੁੱਖਾ ਸਿੰਘ ਮੁਸਲਮਾਨੀ ਭੇਸ ਬਣਾ ਕੇ ਬੋਰੀ ਵਿੱਚ ਠੀਕਰੀਆਂ ਭਰ ਕੇ ਮਾਮਲਾ ਭਰਨ ਦੇ ਬਹਾਨੇ ਮੱਸੇ ਕੋਲ ਪੁੱਜ ਗਏ। ਉਨ੍ਹਾਂ ਨੇ ਬੋਰੀ ਮੱਸੇ ਦੇ ਪੈਰਾਂ ਵਿੱਚ ਸੁੱਟ ਦਿੱਤੀ। ਜਦੋਂ ਮੱਸਾ ਬੋਰੀ ਵੱਲ ਅਹੁਲਿਆ ਤਾਂ ਭਾਈ ਮਹਿਤਾਬ ਸਿੰਘ ਨੇ ਇੱਕੋ ਵਾਰ ਨਾਲ ਉਸ ਦਾ ਸਿਰ ਵੱਢ ਕੇ ਬੋਰੀ ਵਿੱਚ ਪਾ ਲਿਆ ਅਤੇ ਮੱਸੇ ਦੇ ਗਹਿਣੇ ਵੀ ਲਾਹ ਲਏ। ਦੋਵੇਂ ਘੋੜਿਆਂ ’ਤੇ ਚੜ੍ਹ ਕੇ ਬੀਕਾਨੇਰ ਨੂੰ ਚੱਲ ਪਏ ਤੇ ਸਿਰ ਜਥੇਦਾਰਾਂ ਅੱਗੇ ਜਾ ਰੱਖਿਆ। ਗੁਰਮਤਾ ਕਰ ਕੇ ਮੱਸੇ ਦਾ ਸਿਰ ਸਾੜ ਦਿੱਤਾ ਗਿਆ।[2]

ਘੋਲ ਸੋਧੋ

ਅਹਿਮਦ ਸ਼ਾਹ ਅਬਦਾਲੀ ਆਪਣੇ ਪਹਿਲੇ ਹਮਲੇ ਸਮੇਂ ੧੭੪੭ ਵਿੱਚ ਸਰਹਿੰਦ ਨੂੰ ਜਾਂਦਾ ਕੁਝ ਫ਼ੌਜ ਲਾਹੌਰ ਦੀ ਰਾਖੀ ਲਈ ਛੱਡ ਗਿਆ ਸੀ। ਉਸ ਫ਼ੌਜ ਦੀ ਇੱਕ ਟੁਕੜੀ ਦੀ ਸੁੱਖਾ ਸਿੰਘ ਵਾਲੇ ਜਥੇ ਨਾਲ ਝੜਪ ਹੋ ਗਈ। ਅਫ਼ਗਾਨਾਂ ਨੇ ਇਕੱਲੇ ਨੂੰ ਇਕੱਲੇ ਨਾਲ ਲੜਨ ਲਈ ਵੰਗਾਰਿਆ। ਸਿੱਖਾਂ ਵੱਲੋਂ ਸੁੱਖਾ ਸਿੰਘ ਮੈਦਾਨ ਵਿੱਚ ਨਿਤਰਿਆ ਤੇ ਹੱਥੋ ਹੱਥ ਲੜਾਈ ਵਿੱਚ ਇੱਕ ਰਾਖਸ਼ ਜਿੱਡੇ ਪਠਾਨ ਨੂੰ ਮਾਰ ਦਿੱਤਾ। ਸਾਰੇ ਸਰਦਾਰਾਂ ਨੇ ਖ਼ੁਸ਼ ਹੋ ਕੇ ਉਸ ਨੂੰ ਘੋੜੇ ਭੇਟ ਕੀਤੇ। ਉਸ ਨੇ ਸ਼ਾਮ ਸਿੰਘ ਦਾ ਘੋੜਾ ਰੱਖ ਕੇ ਬਾਕੀ ਵਾਪਸ ਕਰ ਦਿੱਤੇ।

ਮੌਤ ਸੋਧੋ

ਭਾਈ ਸੁੱਖਾ ਸਿੰਘ ਦੀ ਮੌਤ ਅਹਿਮਦ ਸ਼ਾਹ ਅਬਦਾਲੀ ਦੇ ਦਸਤਿਆਂ ਨਾਲ ਜੂਝਦਿਆਂ ਹੋਈ। ਇਹ ਗੱਲ ੧੭੫੨ ਦੀ ਹੈ। ਉਨ੍ਹਾਂ ਦੀ ਯਾਦ ਵਿੱਚ ਪਿੰਡ ਮਾੜੀ ਕੰਬੋ ਵਿੱਚ ਤਿੰਨ ਗੁਰਦੁਆਰੇ ਬਣੇ ਹੋਏ ਹਨ।[3]

ਹਵਾਲੇ ਸੋਧੋ

  1. "ਭਾਈ ਸੁੱਖਾ ਸਿੰਘ". ramgarhiaheritage.org. Archived from the original on 2016-08-03. Retrieved 2019-01-20.
  2. "ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਦੀ ਸ਼ਹੀਦੀ ਗਾਥਾ: PunjabSpectrum" (in ਅੰਗਰੇਜ਼ੀ (ਅਮਰੀਕੀ)). Retrieved 2019-01-20.[permanent dead link]
  3. "ਸੁੱਖਾ ਸਿੰਘ - ਪੰਜਾਬੀ ਪੀਡੀਆ". punjabipedia.org. Retrieved 2019-01-20.