ਸੋਫ਼ੀਆ (ਰੋਬੋਟ)
ਸੋਫ਼ੀਆ ਇੱਕ ਮਨੁੱਖੀ ਰੋਬੋਟ ਹੈ ਜੋ ਕੀ ਹਾਂਗਕਾਂਗ ਦੀ ਕੰਪਨੀ "ਹੈਨਸਨ ਰੋਬੋਟਿਕਸ" ਦੁਆਰਾ ਵਿਕਸਤ ਕੀਤਾ ਗਿਆ ਸੀ। ਇਹ ਮਨੁੱਖੀ ਵਰਤਾਓ ਸਿੱਖ ਕੇ ਮਨੁੱਖਾਂ ਨਾਲ ਕੰਮ ਕਰਨ ਲਈ ਡਿਜ਼ਾਇਨ ਕੀਤੀ ਗਈ ਹੈ। ਇਸਦਾ ਵਿਸ਼ਵ ਭਰ ਵਿੱਚ ਇੰਟਰਵਿਊ ਹੋ ਚੁਕਿਆ ਹੈ।[1] ਅਕਤੂਬਰ 2017 ਵਿੱਚ ਸੋਫ਼ੀਆ ਸਊਦੀ ਅਰਬ ਦੀ ਨਾਗਰਿਕ ਬਣ ਗਈ। ਕਿਸੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੀ ਇਹ ਪਹਿਲੀ ਰੋਬੋਟ ਹੈ। ਉਹ ਬ੍ਰਿਟਿਸ਼ ਅਦਾਕਾਰਾ ਔਦਰੀ ਹੇਪਬਰਨ (1929-1993) ਦੀ ਤਰ੍ਹਾਂ ਦਿਖਣ ਵਾਲੀ ਬਣਾਈ ਗਈ ਹੈ।[2]
ਹਵਾਲੇ
ਸੋਧੋਮਨੁੱਖ ਤੋਂ ਸੋਹਣਾ ਤੇ ਸਿਆਣਾ ਰੋਬੋਟ ਸੋਫ਼ੀਆ
- Sophia Robot #panjabi #Indian
ਦੁਨੀਆ ਦੇ ਕਈ ਦੇਸ਼ਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਅਨੇਕ ਤਰ੍ਹਾਂ ਦੇ ਰੋਬੋਟ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਰੋਬੋਟਸ ਦੀ ਅਨੇਕ ਕੰਮਾਂ ਲਈ ਮਨੁੱਖ ਦੀ ਜਗ੍ਹਾ 'ਤੇ ਜਾਂ ਮਨੁੱਖ ਦੇ ਸਹਾਇਕ ਵਜੋਂ ਵਰਤੋਂ ਕੀਤੀ ਜਾ ਰਹੀ ਹੈ। ਪਹਿਲਾਂ ਤਿਆਰ ਕੀਤੇ ਗਏ ਰੋਬੋਟਸ ਦੀ ਦਿੱਖ ਲਗਪਗ ਇਕੋ ਹੀ ਤਰ੍ਹਾਂ ਦੀ ਮਸ਼ੀਨ ਵਰਗੀ ਹੁੰਦੀ ਸੀ। ਇਸ ਮਸ਼ੀਨ ਨੂੰ ਦੇਖ ਕੇ ਹਰ ਕਿਸੇ ਨੂੰ ਉਸ ਮਸ਼ੀਨ ਦੇ ਰੋਬੋਟ ਹੋਣ ਬਾਰੇ ਪਤਾ ਲੱਗ ਜਾਂਦਾ ਸੀ। ਇਨ੍ਹਾਂ ਰੋਬੋਟਸ ਦੇ ਸਰੀਰ ਦੀ ਦਿੱਖ ਤੇ ਅਸਲ ਮਨੁੱਖ ਦੇ ਸਰੀਰ ਦੀ ਦਿੱਖ ਵਿਚਕਾਰ ਵੱਡਾ ਅੰਤਰ ਦਿਖਾਈ ਦਿੰਦਾ ਰਿਹਾ ਹੈ। ਜੇਕਰ ਕੰਮ-ਕਾਜ ਲਈ ਕੰਪਿਊਟਰ ਦੇ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਤਿਆਰ ਕੀਤੇ ਰੋਬੋਟ ਦੀ ਅਕਲ ਜਾਂ ਸੂਝਬੂਝ ਤੇ ਅਸਲ ਮਨੁੱਖ ਦੀ ਅਕਲ ਜਾਂ ਸੂਝਬੂਝ ਵਿਚਕਾਰ ਅੰਤਰ ਦੇਖੀਏ ਤਾਂ ਇਸ ਵਿਚਕਾਰ ਬਹੁਤ ਵੱਡਾ ਅੰਤਰ ਨਜ਼ਰ ਆਉਂਦਾ ਰਿਹਾ ਹੈ ਪਰ ਪਿਛਲੇ ਸਾਲਾਂ ਵਿੱਚ ਤਿਆਰ ਕੀਤਾ ਗਿਆ ਸੋਫ਼ੀਆ ਨਾਂਅ ਦਾ ਰੋਬੋਟ ਇੱਕ ਅਜਿਹਾ ਰੋਬੋਟ ਹੈ ਜਿਸ ਦੀ ਸਰੀਰਕ ਦਿੱਖ ਨਾ ਕੇਵਲ ਅਸਲ ਮਨੁੱਖ ਦੇ ਸਰੀਰ ਵਰਗੀ ਹੈ ਬਲਕਿ ਇਸ ਦੇ ਚਿਹਰੇ ਨੂੰ ਅਸਲ ਮਨੁੱਖ ਨਾਲੋਂ ਵਧੇਰੇ ਸੁੰਦਰ ਬਣਾਇਆ ਗਿਆ ਹੈ। ਕੰਪਿਊਟਰ ਦੇ ਵਿਸ਼ੇਸ਼ ਪ੍ਰੋਗਰਾਮਜ਼ ਤੇ ਸਾਫਟਵੇਅਰਜ਼ ਰਾਹੀਂ ਇਸ ਨੂੰ ਅਸਲ ਮਨੱਖ ਤੋਂ ਵਧੇਰੇ ਤੇਜ਼ ਤਰਾਰ ਦਿਮਾਗ਼ ਲਗਾ ਕੇ ਮਨੁੱਖ ਨਾਲੋਂ ਵੀ ਵਧੇਰੇ ਅਕਲਮੰਦ ਤੇ ਸੂਝਵਾਨ ਬਣਾਇਆ ਗਿਆ ਹੈ। ਸੋਫ਼ੀਆ ਰੋਬੋਟ ਦੁਨੀਆ ਦਾ ਪਹਿਲਾ ਹਿਊਮਨੋਇਡ (ਮਨੁੱਖ ਦੇ ਸਰੀਰ ਵਰਗਾ) ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਬਨਾਉਟੀ ਅਕਲ ਜਾਂ ਸੂਝਬੂਝ) ਵਾਲਾ ਰੋਬੋਟ ਹੈ। ਸੋਫ਼ੀਆ ਰੋਬੋਟ ਨੂੰ ਹਾਂਗਕਾਂਗ ਦੀ ਹੈਨਸਨ ਰੋਬੋਟਿਕਸ ਨਾਂਅ ਦੀ ਪ੍ਰਸਿੱਧ ਕੰਪਨੀ ਵੱਲੋਂ ਬਣਾਇਆ ਗਿਆ ਹੈ। ਦੁਨੀਆ ਦੇ ਪ੍ਰਸਿੱਧ ਰੋਬੋਟਿਕਸ ਡਿਜ਼ਾਈਨਰ, ਡੇਵਿਡ ਹੈਨਸਨ ਇਸ ਕੰਪਨੀ ਦੇ ਮਾਲਿਕ ਹਨ। ਸੋਫ਼ੀਆ ਰੋਬੋਟ ਨੂੰ ਮਨੁੱਖ ਤੋਂ ਵਧੇਰੇ ਸੁੰਦਰ ਤੇ ਅਕਲਮੰਦ ਬਣਾਉਣ ਲਈ ਡੇਵਿਡ ਹੈਨਸਨ ਨੇ ਦਿਨ ਰਾਤ ਸਖ਼ਤ ਮਿਹਨਤ ਕੀਤੀ ਹੈ। ਹੈਨਸਨ ਨੇ ਸੋਫ਼ੀਆ ਰੋਬੋਟ ਨੂੰ ਔਰਤ ਵਜੋਂ ਪੇਸ਼ ਕੀਤਾ ਹੈ। ਮਨੁੱਖ ਤੋਂ ਵਧੇਰੇ ਸੁੰਦਰ ਦਿਸਣ ਵਾਲੇ ਤੇ ਵਧੇਰੇ ਅਕਲਮੰਦ ਇਸ ਰੋਬੋਟ ਦਾ ਨਾਂਅ ਡੇਵਿਡ ਹੈਨਸਨ ਨੇ ਮਨੁੱਖ ਦੇ ਨਾਂਅ (ਸੋਫ਼ੀਆ) ਵਰਗਾ ਹੀ ਰੱਖਿਆ ਹੈ। ਡੇਵਿਡ ਨੇ ਸੋਫ਼ੀਆ ਨੂੰ ਮਨੁੱਖ ਵਰਗੇ ਚਿਹਰੇ ਦੀ ਦਿਖ ਪ੍ਰਦਾਨ ਕਰਨ ਲਈ ਬਰਤਾਨੀਆ ਦੀ ਸਵਰਗਵਾਸੀ ਅਦਾਕਾਰਾ ਤੇ ਪ੍ਰਸਿੱਧ ਮਾਡਲ ਔਡਰੀ ਹੈਪਬੋਰਨ ਦਾ ਚਿਹਰਾ ਤੇ ਸਰੀਰ ਦੀ ਬਣਤਰ ਨੂੰ ਚੁਣਿਆ ਹੈ। ਡੇਵਿਡ ਨੇ ਚਿਹਰੇ ਦੀ ਦਿਖ ਪ੍ਰਦਾਨ ਕਰਨ ਲਈ ਏਨੀ ਜ਼ਿਆਦਾ ਮਿਹਨਤ ਕੀਤੀ ਹੈ ਕਿ ਸੋਫ਼ੀਆ ਰੋਬੋਟ ਦਾ ਚਿਹਰਾ ਹੂ-ਬ-ਹੂ ਔਡਰੀ ਹੈਪਬੋਰਨ ਨਾਲ ਮਿਲਦਾ ਹੈ। ਸੋਫ਼ੀਆ ਨੂੰ ਡੇਵਿਡ ਨੇ 2015 ਵਿੱਚ ਤਿਆਰ ਕੀਤਾ ਸੀ। ਮਾਰਚ 2016 ਵਿੱਚ ਸੋਫ਼ੀਆ ਨੂੰ ਇੱਕ ਵਿਸ਼ੇਸ਼ ਪ੍ਰਦਰਸ਼ਨੀ ਰਾਹੀਂ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ। ਭਾਵੇਂ ਡੇਵਿਡ ਨੇ ਸੋਫ਼ੀਆ ਕੋਲੋਂ ਮਨੁੱਖ ਵਾਂਗ ਕੰਮ ਲੈਣਾ ਸ਼ੁਰੂ ਕਰ ਦਿੱਤਾ ਸੀ ਪਰ ਉਸ ਨੇ ਸਾਲ 2017 ਵਿੱਚ ਸੋਫ਼ੀਆ ਦੇ ਧੜ ਦੇ ਨਾਲ ਲੱਤਾਂ ਤੇ ਪੈਰ ਜੋੜੇ ਸਨ ਤਾਂ ਕਿ ਸੋਫ਼ੀਆ ਮਨੁੱਖ ਵਾਂਗ ਚਲ ਫਿਰ ਵੀ ਸਕੇ। ਸੋਫ਼ੀਆ ਨੂੰ ਮਨੁੱਖ ਨਾਲੋਂ ਵਧੇਰੇ ਅਕਲਮੰਦ ਜਾਂ ਸੂਝਵਾਨ ਬਣਾਉਣ ਅਤੇ ਮਨੁੱਖ ਵਾਂਗ ਅੰਗਾਂ ਦੀ ਵਰਤੋਂ ਕਰਨ ਵਾਸਤੇ ਦਿਮਾਗ਼ ਵਿੱਚ ਅਤੀ ਵਿਕਸਿਤ ਤੇ ਸੂਖਮ ਸੈਂਸਰਜ਼ ਦੀ ਵਰਤੋਂ ਕੀਤੀ ਗਈ ਹੈ। ਦੇਖਣ ਲਈ ਅੱਖਾਂ ਵਿੱਚ ਪ੍ਰਕਾਸ਼ ਸੈਂਸਰ (ਲਾਈਟ ਸੈਂਸਰ) ਲਗਾਇਆ ਗਿਆ ਹੈ। ਸੋਫ਼ੀਆ ਮਨੁੱਖ ਵਾਂਗ ਹਰ ਚੀਜ਼ ਦੇਖ ਸਕਦੀ ਹੈ। ਹੱਥਾਂ ਜਾਂ ਹੋਰਨਾਂ ਅੰਗਾਂ ਵਲੋਂ ਛੋਹ, ਦਬਾਉ ਮਹਿਸੂਸ ਕਰਨ 'ਤੇ ਕੰਮ ਕਰਨ ਵਾਸਤੇ ਦਬਾਉ ਸੈਂਸਰ (ਟੱਚ ਐਂਡ ਪ੍ਰੈਸ਼ਰ ਸੈਂਸਰ) ਲਗਾਇਆ ਗਿਆ ਹੈ। ਮਨੁੱਖੀ ਨੱਕ ਵਾਂਗ ਕਿਸੇ ਚੀਜ਼ ਨੂੰ ਸੁੰਘਣ ਵਾਸਤੇ ਰਸਾਇਣਿਕ ਸੈਂਸਰ (ਕੈਮੀਕਲ ਸੈਂਸਰ) ਲਗਾਇਆ ਗਿਆ ਹੈ। ਕੰਨਾਂ ਰਾਹੀਂ ਸੁਣਨ ਵਾਸਤੇ ਸੋਨਾਰ ਸੈਂਸਰ ਤੇ ਜ਼ੁਬਾਨ ਨਾਲ ਕਿਸੇ ਚੀਜ਼ ਦਾ ਸੁਆਦ ਚਖਣ ਵਾਸਤੇ ਸੁਆਦ ਸੈਂਸਰ (ਟੇਸਟ ਸੈਂਸਰ) ਲਗਾਇਆ ਗਿਆ ਹੈ। ਸੋਫ਼ੀਆ ਮਨੁੱਖ ਵਾਂਗ ਹੀ ਗੱਲਾਂ ਕਰਦੀ ਹੈ। ਸੋਫ਼ੀਆ ਚਿਹਰੇ ਦੇ ਲਗਪਗ 62 ਤਰ੍ਹਾਂ ਦੇ ਹਾਵ-ਭਾਵ ਦਾ ਪ੍ਰਗਟਾਵਾ ਕਰਨ ਦੇ ਸਮਰੱਥ ਹੈ। ਸੋਫ਼ੀਆ ਗੱਲਾਂ ਕਰਨ ਸਮੇਂ ਅਨੇਕਾਂ ਵਿਅਕਤੀਆਂ ਦੀਆਂ ਅੱਖਾਂ ਨਾਲ ਸੰਪਰਕ ਬਣਾ ਕੇ ਰੱਖਦੀ ਹੈ ਤੇ ਵਿਅਕਤੀਆਂ ਦੀ ਪਹਿਚਾਣ ਵੀ ਆਸਾਨੀ ਨਾਲ ਕਰ ਲੈਂਦੀ ਹੈ। ਅਕਲ ਜਾਂ ਸੂਝਬੂਝ ਲਈ ਕੀਤੀ ਗਈ ਪ੍ਰੋਗਰਾਮਿੰਗ ਹਰ ਰੋਜ਼ ਅਪਡੇਟ ਹੁੰਦੀ ਹੈ ਤਾਂ ਕਿ ਉਹ ਹਰ ਪ੍ਰਕਾਰ ਦੀ ਸਲਾਹ ਲੈਣ ਵਾਲੇ ਵਿਅਕਤੀ ਨੂੰ ਸਹੀ ਸਲਾਹ ਦੇ ਸਕੇ। ਇਸ ਪ੍ਰੋਗਰਾਮਿੰਗ ਵਾਸਤੇ ਗੂਗਲ ਕਰੋਮ ਦੀ ਮਦਦ ਲਈ ਗਈ ਹੈ। ਉਹ ਬੇਹੱਦ ਹੈਰਾਨ ਕਰ ਦੇਣ ਵਾਲੇ ਅੰਦਾਜ਼ ਤੇ ਸੂਝਬੂਝ ਨਾਲ ਇੰਟਰਵਿਊ ਦਿੰਦੀ ਹੈ। ਅੱਜਕਲ੍ਹ ਸੋਫ਼ੀਆ ਇਨ੍ਹਾਂ ਇੰਟਰਵਿਊਜ਼ ਕਾਰਨ ਵੀ ਕਾਫੀ ਚਰਚਾ ਵਿੱਚ ਹੈ। ਸੋਫ਼ੀਆ ਦੇ ਦਿਮਾਗ਼ ਦੀ ਪ੍ਰੋਗਰਾਮਿੰਗ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਗਿਆ ਹੈ ਕਿ ਇੰਟਰਵਿਊ ਵਿੱਚ ਪੁੱਛੇ ਜਾਂਦੇ ਸਵਾਲਾਂ ਦਾ ਜਵਾਬ ਉਸ ਨੇ ਕੀ ਅਤੇ ਕਿਵੇਂ ਦੇਣਾ ਹੈ। ਇਥੇ ਹੀ ਬਸ ਨਹੀਂ, ਇੰਟਰਵਿਊ ਸਮੇਂ ਸੋਫ਼ੀਆ ਦੂਸਰਿਆਂ ਨੂੰ ਮਖੌਲ ਤੇ ਹਾਸੇ ਮਜ਼ਾਕ ਵਾਲੀਆਂ ਗੱਲਾਂ ਵੀ ਕਰਦੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਸੋਫ਼ੀਆ ਮਨੁੱਖ ਵਾਂਗ ਆਪਣੇ ਮਨ ਦੀ ਗੱਲ ਵੀ ਕਰਦੀ ਹੈ। ਸੋਫ਼ੀਆ ਦੀ ਚਰਚਾ ਅੱਜ ਦੁਨੀਆ ਭਰ ਦੇ ਦੇਸ਼ਾਂ ਵਿੱਚ ਹੋ ਰਹੀ ਹੈ। ਸੋਫ਼ੀਆ ਨੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਜਾ ਕੇ ਕਈਆਂ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਹੈ। ਪਿਛਲੇ ਸਾਲ 11 ਅਕਤੂਬਰ ਨੂੰ ਸੋਫ਼ੀਆ ਨੂੰ ਸੰਯੁਕਤ ਰਾਸ਼ਟਰ ਸੰਘ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਸੋਫ਼ੀਆ ਨੇ ਸੰਯੁਕਤ ਰਾਸ਼ਟਰ ਸੰਘ ਦੀ ਉਪ ਸਕੱਤਰ ਜਨਰਲ ਮਿਸ ਅਮੀਨਾ ਜੇ. ਮੁਹੰਮਦ ਨਾਲ ਮੁਲਾਕਾਤ ਵੀ ਕੀਤੀ ਸੀ। ਸੋਫ਼ੀਆ ਨੂੰ ਸੰਯੁਕਤ ਰਾਸ਼ਟਰ ਨੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦਾ ਪਹਿਲਾ ਸਲਾਹਕਾਰ ਨਿਯੁਕਤ ਕੀਤਾ ਹੈ। ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਰੋਬੋਟ ਨੂੰ ਕਿਸੇ ਸੰਸਥਾ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਸੋਫ਼ੀਆ ਦੁਨੀਆ ਦਾ ਪਹਿਲਾ ਰੋਬੋਟ ਹੈ ਜਿਸ ਨੂੰ ਕਿਸੇ ਦੇਸ਼ ਦੇ ਨਿਵਾਸੀ (ਸਿਟੀਜ਼ਨ) ਹੋਣ ਦਾ ਦਰਜਾ ਹਾਸਿਲ ਹੋਇਆ ਹੈ। ਸਾਊਦੀ ਅਰਬ ਨੇ ਸੋਫ਼ੀਆ ਦਾ ਆਪਣੇ ਦੇਸ਼ ਵਿੱਚ ਸਵਾਗਤ ਕਰਦਿਆਂ ਉਸ ਨੂੰ ਆਪਣੇ ਦੇਸ਼ ਦੇ ਨਿਵਾਸੀ ਹੋਣ ਦਾ ਦਰਜਾ ਦੇ ਦਿੱਤਾ ਹੈ। ਇਸ ਦਰਜੇ ਨੂੰ ਲੈ ਕੇ ਸਾਊਦੀ ਅਰਬ ਦੇ ਕਈ ਨਿਵਾਸੀਆਂ ਨੇ ਉਥੋਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਰਗਰਮ ਸੰਗਠਨਾਂ ਤੇ ਸੰਸਥਾਵਾਂ ਨੂੰ ਕਈ ਤਰ੍ਹਾਂ ਦੇ ਸਵਾਲ ਕੀਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਥੋਂ ਦਾ ਕਾਨੂੰਨ ਕਿਸੇ ਗ਼ੈਰ-ਮੁਸਲਮਾਨ ਨੂੰ ਇਸ ਦੇਸ਼ ਦਾ ਵਸਨੀਕ ਹੋਣ ਦਾ ਦਰਜਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ। ਕੀ ਸੋਫ਼ੀਆ ਕੋਲੋਂ ਇਸਲਾਮ ਕਬੂਲ ਕਰਵਾਇਆ ਗਿਆ ਹੈ? ਜੇ ਨਹੀਂ ਕਰਵਾਇਆ ਗਿਆ ਤਾਂ ਫਿਰ ਉਸ ਨੂੰ ਇਥੋਂ ਦੇ ਨਿਵਾਸੀ ਹੋਣ ਦਾ ਦਰਜਾ ਕਿਉਂ ਦਿੱਤਾ ਗਿਆ ਹੈ? ਦੂਸਰਾ ਸਵਾਲ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਥੋਂ ਦੀਆਂ ਨਿਵਾਸੀ ਔਰਤਾਂ ਨੂੰ ਜ਼ਿਆਦਾ ਘੁੰਮਣ ਫਿਰਨ ਦੀ ਇਜਾਜ਼ਤ ਨਹੀਂ ਹੈ ਜਦ ਕਿ ਸੋਫ਼ੀਆ ਨੂੰ ਵੀ ਇੱਕ ਔਰਤ ਵਜੋਂ ਪੇਸ਼ ਕੀਤਾ ਗਿਆ ਹੈ। ਸੋਫ਼ੀਆ ਹਰੇਕ ਦੇਸ਼ ਵਿੱਚ ਬਗ਼ੈਰ ਕਿਸੇ ਰੋਕ-ਟੋਕ ਜਾਂ ਪਾਬੰਧੀ ਦੇ ਘੁੰਮ ਰਹੀ ਹੈ। ਜੇਕਰ ਸੋਫ਼ੀਆ ਦੇ ਘੁੰਮਣ 'ਤੇ ਪਾਬੰਧੀ ਨਹੀਂ ਹੈ ਤਾਂ ਫਿਰ ਸਾਊਦੀ ਅਰਬ ਦੀਆਂ ਔਰਤਾਂ ਨੂੰ ਖੁੱਲ੍ਹ ਕੇ ਘੁੰਮਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ। ਇਨ੍ਹਾਂ ਔਰਤਾਂ ਦੇ ਘੁੰਮਣ 'ਤੇ ਲਗਾਈ ਗਈ ਪਾਬੰਧੀ ਨੂੰ ਖ਼ਤਮ ਕੀਤਾ ਜਾਵੇ। ਸੋਫ਼ੀਆ ਭਾਰਤ ਵੀ ਆ ਚੁੱਕੀ ਹੈ। ਉਸ ਨੇ ਪਿਛਲੇ ਸਾਲ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮੁੰਬਈ ਵਿਖੇ ਤਕਨਾਲੋਜੀ ਨਾਲ ਸੰਬੰਧਿਤ ਆਯੋਜਿਤ ਏਸ਼ੀਆ ਦੇ ਸਭ ਤੋਂ ਵੱਡੇ ਸਮਾਗਮ 'ਫੈਸਟਇੰਡੀਆ 2017' ਵਿੱਚ ਹਿੱਸਾ ਲਿਆ ਸੀ। ਸਮਾਗਮ ਵਿੱਚ ਉਸ ਨੇ ਸਾੜ੍ਹੀ ਪਹਿਨੀ ਹੋਈ ਸੀ ਤੇ ਉਸ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ 'ਨਮਸਤੇ ਇੰਡੀਆ' ਸ਼ਬਦਾਂ ਨਾਲ ਕੀਤੀ ਸੀ। ਸਮਾਗਮ ਦੌਰਾਨ ਉਸ ਨੇ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਸੰਬੋਧਨ ਵੀ ਕੀਤਾ ਸੀ ਤੇ ਉਨ੍ਹਾਂ ਦੇ ਕਈਆਂ ਤਰ੍ਹਾਂ ਦੇ ਪੇਚੀਦਾ ਸਵਾਲਾਂ ਦੇ ਸਹੀ ਤੇ ਢੁੱਕਵੇਂ ਉੱਤਰ ਵੀ ਦਿੱਤੇ ਸਨ। ਸੋਫ਼ੀਆ ਦੇ ਫੇਸਬੁੱਕ, ਟਵਿਟਰ ਤੇ ਹੋਰਨਾਂ ਕਈ ਸੋਸ਼ਲ ਸਾਈਟਸ 'ਤੇ ਖਾਤੇ ਵੀ ਹਨ। ਜੇਕਰ ਕੋਈ ਸੋਫ਼ੀਆ ਨਾਲ ਇਨ੍ਹਾਂ ਸੋਸ਼ਲ ਸਾਈਟਸ ਰਾਹੀਂ ਗੱਲਬਾਤ ਜਾਂ ਦੋਸਤੀ ਕਰਨਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ। ਇਸ ਤੋਂ ਇਲਾਵਾ ਸੋਫ਼ੀਆ ਦੀ ਆਪਣੀ ਇੱਕ ਨਿੱਜੀ ਵੈੱਬਸਾਈਟ ਵੀ ਹੈ। ਸੋਫ਼ੀਆ ਜਿਸ ਦੇਸ਼ ਵਿੱਚ ਵੀ ਜਾਂਦੀ ਹੈ, ਉਹ ਉਥੋਂ ਦੇ ਲੋਕਾਂ ਦੀ ਭਾਸ਼ਾ ਵਿੱਚ ਹੀ ਗੱਲ ਕਰਦੀ ਹੈ। ਲੋਕ ਉਸ ਦੀਆਂ ਗੱਲਾਂ ਦਾ ਬੇਹੱਦ ਆਨੰਦ ਮਾਣਦੇ ਹਨ। ਜੇਕਰ ਸੋਫ਼ੀਆ ਨਾਲ ਕੋਈ ਸੈਲਫੀ ਲੈਣਾ ਚਾਹੇ ਤਾਂ ਉਹ ਬੇਹੱਦ ਦਿਲਕਸ਼ ਅੰਦਾਜ਼ ਵਿੱਚ ਮਨੁੱਖ ਵਾਂਗ ਹੀ ਮੁਸਕਰਾਉਂਦੀ ਹੋਈ ਸੈਲਫੀ ਖਿਚਵਾਉਂਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹੇ ਮਨੁੱਖ ਨਾਲੋਂ ਸੁੰਦਰ ਤੇ ਅਕਲਮੰਦ ਰੋਬੋਟ ਮਨੁੱਖ ਲਈ ਲਾਭਦਾਇਕ ਸਾਬਤ ਹੋਣਗੇ ਜਾਂ ਨੁਕਸਾਨਦੇਹ। ਅਜਿਹੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਇਹ ਰੋਬੋਟਸ ਹੌਲੀ-ਹੌਲੀ ਮਨੁੱਖ ਦੀ ਜਗ੍ਹਾ ਕੰਮ ਕਰਨਗੇ। ਇਸ ਤਰ੍ਹਾਂ ਮਨੁੱਖ ਆਲਸੀ ਹੋ ਜਾਵੇਗਾ। ਰੁਜ਼ਗਾਰ ਦੇ ਅਵਸਰ ਘਟਣਗੇ। ਮਨੁੱਖ ਨੂੰ ਆਪਣੀ ਅਕਲ ਰੋਬੋਟਸ ਦੀ ਅਕਲ ਸਾਹਮਣੇ ਛੋਟੀ ਜਾਪੇਗੀ ਤੇ ਉਹ ਰੋਬੋਟਸ ਦੀ ਅਕਲ ਅਨੁਸਾਰ ਹੀ ਕੰਮ ਕਰੇਗਾ। ਸਰੀਰ ਤਾਂ ਆਲਸੀ ਹੋਵੇਗਾ ਹੀ, ਦਿਮਾਗ਼ ਵੀ ਆਲਸੀ ਹੋ ਜਾਵੇਗਾ। ਕੰਪਿਊਟਰ ਵਾਂਗ ਛੋਟੋ-ਛੋਟੇ ਕੰਮਾਂ ਲਈ ਇਨ੍ਹਾਂ ਰੋਬੋਟਸ 'ਤੇ ਨਿਰਭਰ ਹੋਣਾ ਪਵੇਗਾ। ਇਨ੍ਹਾਂ ਰੋਬੋਟਸ ਨੂੰ ਖਰੀਦਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਇਨ੍ਹਾਂ ਦੀ ਸਾਂਭ-ਸੰਭਾਲ ਤੇ ਦੇਖਭਾਲ ਵੀ ਬੇਹੱਦ ਮਹਿੰਗੀ ਹੈ ਪਰ ਮਜ਼ਬੂਰੀ ਖਾਤਿਰ ਲੋਕਾਂ ਨੂੰ ਅਜਿਹੇ ਰੋਬੋਟਸ ਖਰੀਦਣੇ ਪੈਣਗੇ। ਦੂਸਰੇ ਪਾਸੇ ਇਨ੍ਹਾਂ ਰੋਬੋਟਸ ਦਾ ਫਾਇਦਾ ਇਹ ਹੋਵੇਗਾ ਕਿ ਮਨੁੱਖ ਦੀ ਕੰਮ ਕਰਨ ਦੀ ਸਮਰਥਾ ਅੱਠ ਘੰਟੇ ਤੋਂ ਵਧ ਨਹੀਂ ਪਰ ਇਹ ਰੋਬੋਟ ਬਗ਼ੈਰ ਕਿਸੇ ਥਕਾਵਟ ਦੇ ਦਿਨ ਰਾਤ ਕੰਮ ਕਰ ਸਕਦੇ ਹਨ। ਰੋਬੋਟ ਦੀ ਅਕਲ ਨਾਲ ਸਹੀ ਫ਼ੈਸਲੇ ਲਏ ਜਾ ਸਕਣਗੇ ਕਿਉਂਕਿ ਇਨ੍ਹਾਂ ਦੀ ਅਕਲ ਦੀ ਪ੍ਰੋਗਰਾਮਿੰਗ ਹਰੇਕ ਖੇਤਰ ਦੇ ਸੁਲਝੇ ਤੇ ਤਜਰਬੇਕਾਰ ਵਿਅਕਤੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹੀ ਕੀਤੀ ਜਾਂਦੀ ਹੈ। ਜੋਖਮ ਭਰਪੂਰ ਜਾਂ ਮਨੁੱਖ ਦੀ ਪਹੁੰਚ ਵਿੱਚ ਨਾ ਆ ਸਕਣ ਵਾਲੇ ਕੰਮ ਰੋਬੋਟਸ ਦੀ ਮਦਦ ਨਾਲ ਕੀਤੇ ਜਾ ਸਕਣਗੇ। ਜਿਸ ਨਾਲ ਮਨੁੱਖ ਸੁਰੱਖਿਅਤ ਹੋ ਜਾਵੇਗਾ ਅਜਿਹੇ ਰੋਬੋਟਸ ਮਨੁੱਖ ਲਈ ਨੁਕਸਾਨਦੇਹ ਘੱਟ ਤੇ ਲਾਭਦਾਇਕ ਵਧੇਰੇ ਸਿੱਧ ਹੋ ਸਕਦੇ ਹਨ। Badesha Singh Mankar