ਹਰਿਆਣਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਜੋ ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਸਥਿਤ ਹੈ। ਇਹ ਪਿੰਡ ਉੱਘੇ ਇਤਿਹਾਸਕਾਰ ਡਾ. ਗੰਡਾ ਸਿੰਘ ਦਾ ਪਿੰਡ ਹੈ ਜਿਨ੍ਹਾਂ ਦੇ ਨਾਮ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਡਾ.ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ ਬਣੀ ਹੋਈ ਹੈ। ਇਸ ਪਿੰਡ ਵਿੱਚ ਦਰਜਨ ਦੇ ਕਰੀਬ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਹਨ ਅਤੇ ਇੱਕ ਜੀ.ਜੀ.ਡੀ.ਐਸ.ਡੀ. ਕਾਲਜ ਹੈ। ਇਸ ਪਿੰਡ ਵਿੱਚ ਅੱਧੀ ਦਰਜਨ ਦੇ ਕਰੀਬ ਗੁਰਦੁਆਰੇ, ਮਸਜਿਦ, ਸੀਤਲਾ ਮਾਤਾ ਮੰਦਰ, ਸਤੀ ਮਾਤਾ ਮੰਦਰ, ਗੇਬੀ ਰਾਮ ਦਾ ਮੰਦਰ, ਸੀਤਾ ਰਾਮ ਦਾ ਮੰਦਰ, ਬਾਬਾ ਬਾਲਕ ਨਾਥ ਮੰਦਰ, ਮੀਰਾ ਦਾ ਬਾਗ਼, ਗੁੱਗਾ ਪੀਰ ਮੰਦਰ, ਧਰਮ ਸਭਾ ਮੰਦਰ ਤੇ ਸੱਤਿਆ ਨਰਾਇਣ ਮੰਦਰ ਸ਼ਨੀ ਦੇਵ ਮੰਦਰ ਆਦਿ ਹਨ।

ਹਰਿਆਣਾ (ਪਿੰਡ)
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਇਤਿਹਾਸਕ ਪਿਛੋਕੜ ਸੋਧੋ

ਮੰਨਿਆ ਜਾਂਦਾ ਹੈ ਕਿ ਇਸ ਪਿੰਡ ਦਾ ਨਾਮ ਤਾਨਸੇਨ ਦੇ ਗੁਰੂ ਹਰੀਦਾਸ (ਹਰੀਸੇਨ) ਦੇ ਨਾਮ ਤੋਂ ਪਿਆ ਹੈ। ਕਿਰਪਾਲ ਸਿੰਘ ਦੀ ਪੁਸਤਕ ‘ਪੰਜਾਬ ਦੇ ਪਿੰਡਾਂ ਦੀ ਸਥਿਤੀ ਤੇ ਨਾਮਕਰਨ’ ਅਨੁਸਾਰ ਹਰਿਆਣਾ ਦਾ ਇਕ ਹੋਰ ਨਾਮ ਹਰੀਆ ਨਾਂ ਦੇ ਵਿਅਕਤੀ ਦੇ ਨਾਮ ਤੋਂ ਪਿਆ ਜੋ ਇਸ ਇਲਾਕੇ ਵਿੱਚ ਮੱਝਾਂ ਚਾਰਦਾ ਸੀ। ਉਸ ਨੂੰ ਇੱਕ ਸਾਧੂ ਨੇ ਇੱਥੇ ਵਸਣ ਲਈ ਕਿਹਾ ਸੀ ਤੇ ਉਹ ਇੱਥੇ ਵਸ ਗਿਆ। ਇਸ ਤਰ੍ਹਾਂ ਪਿੰਡ ਦੇ ਨਾਮ ਅੱਗੇ ਹਰੀ ਲੱਗ ਗਿਆ। ‘ਆਣਾ’ ਸ਼ਬਦ ਇੱਥੇ ਰਾਣਾ ਰਾਜਪੂਤਾਂ ਦੀ ਆਬਾਦੀ ਹੋਣ ਕਰਕੇ ਪਿੱਛੇ ਜੁੜ ਗਿਆ ਅਤੇ ਬਾਅਦ ਵਿੱਚ ਇਹ ਹਰੀ+ਆਣਾ ਤੋਂ ਹਰਿਆਣਾ ਬਣ ਗਿਆ।

ਇਹ ਪਿੰਡ ਜੀ.ਟੀ. ਰੋਡ ’ਤੇ ਸਥਿਤ ਹੋਣ ਕਰਕੇ ਕਸਬੇ ਦਾ ਰੂਪ ਧਾਰਨ ਕਰ ਗਿਆ ਹੈ। ਮੁਗ਼ਲ ਸਮਰਾਟ ਬਾਬਰ ਦੇ ਸਮੇਂ ਵੀ ਹਰਿਆਣਾ ਕਾਫੀ ਮਸਹੂਰ ਸੀ। ਬਾਬਰਨਾਮਾ ਅਤੇ ਇਮਪੀਰੀਅਲ ਗਜ਼ਟੀਅਰ ਆਫ਼ ਇੰਡੀਆ ਅਨੁਸਾਰ 1525 ਵਿੱਚ ਜਦੋਂ ਬਾਬਰ ਨੇ ਲਾਹੌਰ ਤੋਂ ਗੁਰਦਾਸਪੁਰ ਦੇ ਕਲਾਨੌਰ ਵੱਲ ਕੂਚ ਕੀਤਾ ਤੇ ਇਸ ਦੀ ਸੂਚਨਾ ਦੌਲਤ ਖਾਂ ਲੋਧੀ ਨੂੰ ਮਿਲੀ ਤਾਂ ਉਹ ਆਪਣਾ ਬਚਾਅ ਕਰਨ ਲਈ ਮਲੋਟ (ਨੇੜੇ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ) ਦੇ ਕਿਲ੍ਹੇ ਵਿੱਚ ਜਾ ਕੇ ਲੁਕ ਗਿਆ। ਜਦੋਂ ਬਾਬਰ ਨੂੰ ਪਤਾ ਲੱਗਿਆ ਤਾਂ ਉਸ ਨੇ ਮਲੋਟ ਦੇ ਕਿਲ੍ਹੇ ਨੂੰ ਘੇਰਾ ਪਾ ਕੇ ਦੌਲਤ ਖਾਂ ਲੋਧੀ ਨੂੰ ਬੰਦੀ ਬਣਾ ਲਿਆ ਸੀ ਅਤੇ ਮਲੋਟ ਦੇ ਕਿਲ੍ਹੇ ਅੰਦਰ ਹੀ ਦੌਲਤ ਖਾਂ, ਅਲੀ ਖਾਂ ਤੇ ਇਸਮਾਈਲ ਖਾਂ ਨੂੰ ਕੈਦ ਕਰ ਦਿੱਤਾ। ਇਸ ਮਗਰੋਂ ਬਾਬਰ ਵਜਵਾੜੇ, ਰੋਪੜ, ਸਰਹਿੰਦ ਤੇ ਸੁਨਾਮ ਦੇ ਰਸਤਿਓਂ ਹੁੰਦਾ ਹੋਇਆ ਅੱਗੇ ਵਧਿਆ। ਇਸੇ ਤਰ੍ਹਾਂ ਹਮਾਯੂੰ ਨੇ ਵੀ 1555 ਈਸਵੀ ਵਿੱਚ ਬੈਰਮ ਖਾਂ ਅਤੇ ਤਾਰਦੀ ਬੇਗ ਨੂੰ ਅਫ਼ਗਾਨ ਜਨਰਲ ਨਸੀਬ ਖ਼ਾਨ ’ਤੇ ਹਮਲਾ ਕਰਨ ਲਈ ਭੇਜਿਆ ਜਿਸ ਨੇ ਬਸੀ ਪੰਜ ਭਾਈਆਂ ਨੇੜੇ ਹਰਿਆਣਾ ਵਿੱਚ ਆਪਣਾ ਡੇਰਾ ਲਾਇਆ ਹੋਇਆ ਸੀ।

ਬੈਰਮ ਖ਼ਾਨ ਨੇ ਇਨ੍ਹਾਂ ਅਫ਼ਗਾਨਾਂ ਦੇ ਪਰਿਵਾਰਾਂ ਨੂੰ ਲੁੱਟਿਆ ਅਤੇ ਇਹ ਅਫ਼ਗਾਨ ਆਪਣੀ ਜਾਨ ਬਚਾਉਣ ਲਈ ਹਰਿਆਣਾ ਵੱਲ ਨੂੰ ਦੌੜੇ। ਬੈਰਮ ਖਾਂ ਹਰਿਆਣਾ ਤੋਂ ਵਾਇਆ ਸ਼ਾਮ ਚੁਰਾਸੀ ਹੁੰਦਾ ਹੋਇਆ ਜਲੰਧਰ ਵੱਲ ਨੂੰ ਵਧਿਆ ਸੀ। ਅਕਬਰ ਦੇ ਸਮੇਂ ਹਰਿਆਣਾ ਦੀ ਮਹੱਤਤਾ ਹੋਰ ਵਧ ਗਈ। ਜਦੋਂ ਅਕਬਰ ਦੇ ਬੈਰਮ ਖਾਨ ਨਾਲ ਮਤਭੇਦ ਪੈਦਾ ਹੋ ਗਏ ਸਨ ਅਤੇ ਬੈਰਮ ਖ਼ਾਨ ਨੂੰ ਮੁਆਫ਼ੀ ਦੇ ਕੇ 1560 ਨੂੰ ਹਰਿਆਣਾ ਤੋਂ ਹੀ ਮੱਕਾ ਭੇਜ ਦਿੱਤਾ ਗਿਆ। ਅਕਬਰ ਦੇ ਸਮੇਂ ਹੀ ਸੰਭਲ ਖ਼ਾਨ ਨੇ ਹਰਿਆਣਾ ਦੇ ਪੱਛਮ ਵੱਲ ਦੋ ਮਸਜਿਦਾਂ ਬਣਵਾਈਆਂ ਸਨ ਜੋ ਹੁਣ ਢਹਿ-ਢੇਰੀ ਹੋ ਚੁੱਕੀਆਂ ਹਨ। ਹੁਣ ਇੱਥੇ ਇੱਕ ਮਸਜਿਦ ਖਾਲਸਾ ਪ੍ਰਾਇਮਰੀ ਸਕੂਲ ਅੰਦਰ ਬਚੀ ਹੋਈ ਹੈ, ਜੋ ਮੁਹੱਲਾ ਰਾਮਗੜੀਆਂ ਵਿੱਚ ਸਥਿਤ ਹੈ। ਇੱਥੇ ਬਹੁਤ ਪੁਰਾਣਾ ਜ਼ੈਲਦਾਰ ਦਾ ਦੀਵਾਨ ਖਾਨਾ ਹੈ, ਜਿਸ ਵਿੱਚ ਰਤਨਪੁਰੀ ਦਾ ਪਰਿਵਾਰ ਪਿਛਲੇ 40 ਸਾਲਾਂ ਤੋਂ ਰਹਿ ਰਿਹਾ ਹੈ। ਇਹ ਦੀਵਾਨ ਖਾਨਾ ਰੈਣਕ ਮੁਹੱਲੇ ਵਿੱਚ ਪੈਂਦਾ ਹੈ। 1778 ਵਿੱਚ ਅਫ਼ਗਾਨਾਂ ਅਤੇ ਮੁਸਲਮਾਨਾਂ ਦੇ ਹਮਲੇ ਬੰਦ ਹੋ ਗਏ ਸਨ ਅਤੇ ਸਿੱਖਾਂ ਦੀ ਸ਼ਕਤੀ ਵਧਣੀ ਸ਼ੁਰੂ ਹੋ ਗਈ ਸੀ। ਸਿੱਟੇ ਵਜੋਂ 12 ਮਿਸਲਾਂ ਦਾ ਜਨਮ ਹੋਇਆ। ਇਨ੍ਹਾਂ ਮਿਸਲਾਂ ਵਿੱਚ ਇਲਾਕਿਆਂ ਨੂੰ ਲੈ ਕੇ ਆਪਸ ਵਿੱਚ ਲੜਾਈਆਂ ਹੋਣ ਲੱਗੀਆਂ। ਆਹਲੂਵਾਲੀਆ ਅਤੇ ਰਾਮਗੜ੍ਹੀਆ ਮਿਸਲ ਵਿੱਚ ਮਤਭੇਦ ਪੈਦਾ ਹੋ ਗਏ। ਆਹਲੂਵਾਲੀਆ, ਸੁਕਰਚੱਕੀਆ ਅਤੇ ਕਨੱਈਆ ਮਿਸਲ ਨੇ ਰਲ ਕੇ ਰਾਮਗੜ੍ਹੀਆ ਮਿਸਲ ਦੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਹਰਿਆਣਾ ਦੇ ਸਥਾਨ ’ਤੇ ਹਰਾਇਆ ਸੀ।[1]

ਹਵਾਲੇ ਸੋਧੋ

  1. ਕਲਸੀ, ਸੰਜੀਵ ਕੁਮਾਰ. "ਇਤਿਹਾਸਕਾਰ ਡਾ. ਗੰਡਾ ਸਿੰਘ ਦਾ ਜਨਮ ਸਥਾਨ".