ਹਲ ਚਲਾਉਣ ਵਾਲੇ ਨੂੰ ਹਾਲੀ ਕਹਿੰਦੇ ਹਨ। ਹਲ ਬਲਦਾਂ ਨਾਲ ਤੇ ਊਂਠਾਂ ਨਾਲ ਚਲਾਏ ਜਾਂਦੇ ਹਨ । ਪਹਿਲਾਂ ਸਾਰੀ ਜਮੀਨ ਦੀ ਵਾਹੀ ਹਲਾਂ ਨਾਲ ਹੀ ਕੀਤੀ ਜਾਂਦੀ ਸੀ। ਵਾਹੀ ਕਰਨ ਵਾਲੇ ਨੂੰ ਵਾਹੀਕਾਰ ਕਹਿੰਦੇ ਹਨ । ਪਹਿਲੇ ਸਮਿਆਂ ਵਿਚ ਸਾਰੀ ਜਮੀਨ ਦੀ ਮਾਲਕੀ ਰਾਜਿਆਂ, ਮਹਾਰਾਜਿਆਂ, ਨਵਾਬਾਂ ਤੇ ਸਰਦਾਰਾਂ ਦੀ ਹੁੰਦੀ ਸੀ। ਉਹ ਆਪਣੀਆਂ ਜਮੀਨਾਂ ਵਾਹੀ ਲਈ ਵਾਹੀਕਾਰਾਂ ਨੂੰ ਦਿੰਦੇ ਸਨ। ਵਾਹੀਕਾਰ ਹੋਈ ਫ਼ਸਲ ਦਾ ਇਕ ਨਿਰਧਾਰਤ ਹਿੱਸਾ ਉਨ੍ਹਾਂ ਨੂੰ ਦਿੰਦੇ ਸਨ । ਹੁਣ ਤਾਂ ਬਹੁਤੇ ਵਾਹੀਕਾਰ ਆਪਣੀ ਜਮੀਨ ਦੇ ਆਪ ਮਾਲਕ ਹਨ ।

ਹਾਲੀ ਆਮ ਤੌਰ ਤੇ 15/16 ਕੁ ਸਾਲ ਦੇ ਮੁੰਡੇ ਨੂੰ ਬਣਾਇਆ ਜਾਂਦਾ ਸੀ। ਹਾਲੀ ਚਿੜੀ ਚੁਕਦੀ ਨਾਲ ਸਵੇਰੇ ਰੇ ਸਾਝਰੇ ਉੱਠ ਕੇ ਬਲਦਾਂ ਦੇ ਗਲਾਂ ਵਿਚ ਪੰਜਾਲੀ ਪਾਉਂਦੇ ਸਨ। ਪੰਜਾਲੀ ਦੀ ਹਰਨਾਲੀ ਵਿਚ ਹਲ ਟੰਗ ਕੇ ਵਾਹੀ ਲਈ ਖੇਤ ਲੈ ਜਾਂਦੇ ਸਨ । ਹਾਲੀਆਂ ਦੀ ਹਾਜਰੀ ਰੋਟੀ ਖੇਤ ਵਿਚ ਹੀ ਜਾਂਦੀ ਸੀ। ਸਵੇਰ ਦੀ ਰੋਟੀ ਨੂੰ ਹਾਜਰੀ ਰੋਟੀ ਕਹਿੰਦੇ ਹਨ। ਗਰਮੀ ਦੇ ਮੌਸਮ ਵਿਚ ਹਾਲੀ 10/11 ਕੁ ਵਜੇ ਤੱਕ ਹਲ ਚਲਾਉਂਦੇ ਸਨ । ਸਰਦੀ ਦੇ ਮੌਸਮ ਵਿਚ ਜਿਆਦਾ ਸਮਾਂ ਵੀ ਹਲ ਚਲਾਏ ਜਾਂਦੇ ਸਨ। ਹਲ ਚਲਾਉਣ ਤੋਂ ਪਿੱਛੋਂ ਬਲਦਾਂ ਨੂੰ ਪੱਠੇ ਪਾ ਕੇ ਅਰਾਮ ਕਰਨ ਲਈ ਛੱਡ ਦਿੱਤਾ ਜਾਂਦਾ ਸੀ। ਹਾਲੀ ਨ੍ਹਾ ਧੋ ਕੇ ਦੁਪਹਿਰ ਦੀ ਰੋਟੀ ਖਾ ਕੇ ਅਰਾਮ ਕਰਦੇ ਸਨ ।

ਹੁਣ ਸਾਰੀ ਖੇਤੀ ਮਸ਼ੀਨਾਂ ਨਾ ਕੀਤੀ ਜਾਂਦੀ ਹੈ। ਜਿੱਥੇ ਪਹਿਲਾਂ ਹਰ ਘਰ ਵਿਚ ਇਕ ਜਾਂ ਇਕ ਤੋਂ ਵੱਧ ਹਾਲੀ ਹੁੰਦੇ ਸਨ, ਉੱਥੇ ਹੁਣ ਕੋਈ-ਕੋਈ ਹਾਲੀ ਹੀ ਥੋੜ੍ਹੀ ਘਣੀ ਜਮੀਨ ਦੀ ਬਲਦਾਂ ਨਾਲ ਵਾਹੀ ਕਰਦਾ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.