ਹੋਲਾ ਮਹੱਲਾ ਅਨੰਦਪੁਰ ਸਾਹਿਬ
ਹੋਲਾ ਮਹੱਲਾ ਸਿੱਖਾਂ ਦਾ ਮਹੱਤਵਪੂਰਨ ਤਿਉਹਾਰ ਹੈ ਜੋ ਹੋਲੀ ਤੋਂ ਅਗਲੇ ਦਿਨ ਚੇਤਰ ਵਦੀ ਇਕ ਨੂੰ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਜੀ ਨੇ 1700 ਈਸਵੀ ਵਿਚ ਮਨਾਉਣਾ ਸ਼ੁਰੂ ਕੀਤਾ। ਇਹ ਤਿਉਹਾਰ ਖਾਲਸੇ ਦੀ ਯੁੱਧ ਕਲਾ ਤੇ ਸ਼ਸਤਰ ਵਿੱਦਿਆ ਨਾਲ ਸੰਬੰਧਿਤ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਫੌਜਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ। ਫੇਰ ਉਨ੍ਹਾਂ ਦਾ ਫਰਜ਼ੀ ਮੁਕਾਬਲਾ ਕਰਵਾਇਆ। ਜਿਹੜੀ ਫੌਜ ਜਿੱਤੀ, ਉਸ ਫੌਜ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਭਰੇ ਦੀਵਾਨ ਵਿਚ ਸਿਰੋਪੇ ਦਿੱਤੇ।ਉਸ ਦਿਨ ਤੋਂ ਹੀ ਹੋਲਾ ਮਹੱਲਾ ਮਨਾਉਣ ਦੀ ਪਿਰਤ ਚਾਲੂ ਹੋਈ ਹੈ।
ਲੈ ਕੇ ਇਸ ਦਿਨ ਹੁਣ ਅਨੰਦਪੁਰ ਸਾਹਿਬ ਵਿਚ ਲੱਖਾਂ ਦੀ ਗਿਣਤੀ ਵਿਚ ਇਕੱਠ ਹੁੰਦਾ ਹੈ। ਕਿਲਾ ਅਨੰਦਗੜ੍ਹ ਤੋਂ ਪੰਜ ਪਿਆਰੇ ਅਰਦਾਸ ਕਰਕੇ, ਨਿਸ਼ਾਨ ਸਾਹਿਬ ਜਲੂਸ ਕੱਢਦੇ ਹਨ। ਜਲੂਸ ਗੁਰੂਦਵਾਰਾ ਮਾਤਾ ਜੀਤੋ ਜੀ ਤੋਂ ਹੁੰਦਾ ਹੋਇਆ ਹੋਲਗੜ੍ਹ ਦੇ ਕਿਲੇ ਰਾਹੀਂ ਚਰਨ ਗੰਗਾ ਲੰਘ ਕੇ ਰੇਤਲੇ ਮੈਦਾਨ ਵਿਚ ਪਹੁੰਚਦਾ ਹੈ। ਇਸ ਜਲੂਸ ਵਿਚ ਨਿਹੰਗ ਸਿੰਘ ਆਪਣੇ ਘੋੜਿਆਂ ਤੇ ਸਵਾਰ ਹੋ ਕੇ, ਸ਼ਸਤਰਾਂ ਨਾਲ ਲੈਸ ਹੋ ਕੇ, ਨਗਾਰੇ ਦੀ ਚੋਟ ਤੇ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ "ਜੈਕਾਰੇ ਛੱਡਦੇ ਹੋਏ ਸ਼ਾਮਲ ਹੁੰਦੇ ਹਨ। ਏਥੇ ਨਿਹੰਗ ਸਿੰਘ ਆਪਣੀ ਯੁੱਧ ਕਲਾ ਦਾ ਜੌਹਰ ਵਿਖਾਉਂਦੇ ਹਨ।ਦੁਪਹਿਰ ਤੋਂ ਪਿੱਛੋਂ ਇਹ ਜਲੂਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਦਾ ਹੈ। ਏਥੇ ਭਾਰੀ ਦੀਵਾਨ ਸਜਦਾ ਹੈ। ਗੁਰਬਾਣੀ ਦਾ ਕੀਰਤਨ ਹੁੰਦਾ ਹੈ। ਫੇਰ ਅਰਦਾਸ ਕਰਕੇ ਹੋਲੇ ਮਹੱਲੇ ਦੀ ਸਮਾਪਤੀ ਹੁੰਦੀ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਸੰਤ-ਸਿਪਾਹੀ ਬਣਾਇਆ ਹੈ। ਇਸ ਕਰਕੇ ਹੀ ਇਹ ਦਿਨ ਸਿੱਖਾਂ ਨੂੰ ਸ਼ਸਤਰ ਵਿੱਦਿਆ ਵਿਚ ਮਾਹਰ ਹੋਣ ਵਜੋਂ ਮਨਾਇਆ ਜਾਂਦਾ ਹੈ।[1]