ਓਕਤਾਵੀਓ ਪਾਜ਼

(ੳਕਤਾਵਿਅਾ ਪਾਯ ਤੋਂ ਮੋੜਿਆ ਗਿਆ)

ਓਕਤਾਵੀਓ ਪਾਜ਼ (31 ਮਾਰਚ 1914 – 19 ਅਪਰੈਲ 1998) ਮੈਕਸੀਕਨ ਲੇਖਕ, ਕਵੀ ਅਤੇ ਡਿਪਲੋਮੈਟ ਸੀ ਅਤੇ 1990 ਦਾ ਨੋਬਲ ਸਾਹਿਤ ਪੁਰਸਕਾਰ ਜੇਤੂ ਸੀ।

ਓਕਤਾਵੀਓ ਪਾਜ਼

ਮੁਢਲਾ ਜੀਵਨ

ਸੋਧੋ

ਓਕਤਾਵੀਓ ਪਾਜ਼ ਦਾ ਜਨਮ 31 ਮਾਰਚ 1914 ਨੂੰ ਓਕਤਾਵੀਓ ਸੋਲੋਰਜ਼ਾਨੋ (ਪਿਤਾ) ਅਤੇ ਜੋਸਫੀਨਾ ਲੋਜ਼ਾਨੋ (ਮਾਤਾ) ਦੇ ਘਰ ਮੈਕਸੀਕੋ ਸ਼ਹਿਰ ਵਿੱਚ ਹੋਇਆ। ਉਹਦਾ ਪਿਉ ਮੈਕਸੀਕਨ ਤੇ ਮਾਂ ਸਪੇਨੀ ਸੀ। ਉਹਦਾ ਪਿਉ ਡਿਆਜ਼ ਹਕੂਮਤ ਦੇ ਖਿਲਾਫ਼ ਇਨਕਲਾਬ ਸਮਰਥਕ ਸੀ। ਉਸਦਾ ਪਾਲਣ ਪੋਸਣ ਉਹਦੀ ਮਾਂ, ਉਹਦੀ ਚਾਚੀ ਅਤੇ ਉਹਦੇ ਦਾਦੇ ਨੇ ਕੀਤਾ। ਵਿਲੀਅਮ ਕਾਲਜ ਤੋਂ ਉਹਨੇ ਪੜ੍ਹਾਈ ਕੀਤੀ। ਉਹਦੇ ਪਰਵਾਰ ਵਲੋਂ ਹਕੂਮਤ ਵਿਰੁਧ ਇਨਕਲਾਬੀ ਆਗੂ ਜ਼ਪਾਟਾ ਦੇ ਖੁੱਲ੍ਹੇਆਮ ਸਮਰਥਨ ਕਾਰਨ ਜ਼ਪਾਟਾ ਦੇ ਕਤਲ ਤੋਂ ਬਾਅਦ ਪਰਵਾਰ ਨੂੰ ਜਲਾਵਤਨੀ ਹੰਢਾਉਣੀ ਪਾਈ। ਇਹ ਸਮਾਂ ਉਹਨਾਂ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਕੱਟਿਆ।

ਸਾਹਿਤਕ ਰੁਝਾਨ

ਸੋਧੋ

ਪਾਜ਼ ਦਾ ਸਾਹਿਤ ਨਾਲ ਵਾਹ ਆਪਣੇ ਦਾਦੇ ਦੀ ਲਾਇਬਰੇਰੀ ਰਾਹੀਂ ਪਿਆ ਜੋ ਕਲਾਸਿਕੀ ਮੈਕਸੀਕੀ ਅਤੇ ਯੂਰਪੀ ਸਾਹਿਤ ਨਾਲ ਭਰਪੂਰ ਸੀ।[1] 1920 ਵਿਆਂ ਦੇ ਦੌਰਾਨ, ਉਸਨੇ ਜੇਰਾਰਡੋ ਡੀਆਗੋ, ਜੁਆਨ ਰੇਮਨ ਜਿਮੇਨੇਜ ਵਰਗੇ ਯੂਰਪੀ ਕਵੀਆਂ, ਅਤੇ ਐਨਟੋਨੀਓ ਮਸਾਡੋ ਵਰਗੇ ਸਪੇਨਿਸ਼ ਲੇਖਕਾਂ ਨੂੰ ਜਾਣਿਆਂ ਜਿਹਨਾਂ ਨੇ ਉਹਦੀ ਮੁਢਲੀ ਲੇਖਣੀ ਉੱਤੇ ਕਾਫ਼ੀ ਵੱਡਾ ਪ੍ਰਭਾਵ ਪਾਇਆ।[2] 1931 ਵਿੱਚ ਇੱਕ ਕਿਸ਼ੋਰ ਉਮਰ ਵਿੱਚ, ਡੀ ਐਚ ਲਾਰੰਸ ਦੇ ਪ੍ਰਭਾਵ ਦੇ ਤਹਿਤ, ਪਾਜ਼ ਨੇ 'ਕੈਬੇਲੇਰਾ'(Cabellera) ਸਹਿਤ ਆਪਣੀਆਂ ਪਹਿਲੀਆਂ ਕਵਿਤਾਵਾਂ ਛਪਵਾਈਆਂ। ਦੋ ਸਾਲ ਬਾਅਦ, 19 ਸਾਲ ਦੀ ਉਮਰ ਵਿੱਚ ਉਸ ਨੇ ਆਪਣੀ ਪਹਿਲੀ ਕਵਿਤਾ ਦੀ ਕਿਤਾਬ 'ਲੂਨਾ ਸਿਲਵੇਸਟਰ' (ਜੰਗਲੀ ਚੰਦਰਮਾ) ਛਪਵਾਈ। 1937 ਵਿੱਚ ਉਹ ਫਾਸ਼ੀਵਾਦ ਵਿਰੋਧੀ ਲੇਖਕਾਂ ਦੀ ਕਾਨਫਰੰਸ ਵਿੱਚ ਹਿੱਸਾ ਲੈਣ ਸਪੇਨ ਗਿਆ ਜਿੱਥੇ ਉਸਦਾ ਸੰਸਾਰ ਦੇ ਵੱਡੇ ਅਗਾਂਹਵਧੂ ਕਵੀਆਂ ਨਾਲ ਮੇਲ ਹੋਇਆ। ਪਾਜ਼ ਨੇ ਆਪਣੀ ਜ਼ਿੰਦਗੀ ਵਿੱਚ ਸੰਪਾਦਕ ਅਤੇ ਅਨੁਵਾਦਕ ਵਜੋਂ ਵੀ ਬਹੁਤ ਕੰਮ ਕੀਤਾ ਅਤੇ ਚਾਲੀ ਕੁ ਕਵਿਤਾ ਦੀਆਂ ਕਿਤਾਬਾਂ ਲਿਖੀਆਂ। ਉਹ ਜ਼ਹੀਨ ਦਾਰਸ਼ਨਿਕ ਵੀ ਸੀ। ਆਪਣੇ ਦੇਸ਼ ਦੇ ਰਾਜਦੂਤ ਦੇ ਤੌਰ 'ਤੇ ਉਸ ਨੇ ਪੈਰਿਸ, ਜਨੇਵਾ, ਨਿਊਯਾਰਕ, ਸਾਨ ਫਰਾਂਸਿਸਕੋ ਅਤੇ ਦਿੱਲੀ ਵਿੱਚ ਕੰਮ ਕੀਤਾ। 1968 ਵਿੱਚ ਉਹ ਦਿੱਲੀ ਹੀ ਸੀ ਜਦੋਂ ਮੈਕਸੀਕੋ ਵਿੱਚ ਵਿਦਿਆਰਥੀਆਂ ਦੇ ਹੋਏ ਅਣਹੱਕੇ ਕਤਲਾਂ ਕਾਰਨ ਉਸ ਨੇ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਭਾਰਤ ਰਹਿੰਦਿਆਂ ਉਸ ਨੇ ਢੇਰ ਸਾਰੀਆਂ ਕਵਿਤਾਵਾਂ ਲਿਖੀਆਂ।

ਹਵਾਲੇ

ਸੋਧੋ
  1. Guillermo Sheridan: Poeta con paisaje: ensayos sobre la vida de Octavio Paz. México: ERA, 2004. p. 27. ISBN 968.411.575.X
  2. Jaime Perales Contreras: "Octavio Paz y el circulo de la revista Vuelta". Ann Arbor, Michigan: Proquest, 2007. p.46-47. UMI Number 3256542