ਅਨਾਹਦਗੜ੍ਹ
ਬਰਨਾਲਾ ਸ਼ਹਿਰ ਦਾ ਪਹਿਲਾ ਨਾਂ ਅਨਾਹਦਗੜ੍ਹ ਸੀ। ਨੌਜਵਾਨ ਆਲਾ ਸਿੰਘ ਨੇ ਆਪਣੀ ਮਿਹਨਤ, ਦਲੇਰੀ ਤੇ ਜ਼ੋਰ ਨਾਲ ਤੀਹ ਪਿੰਡਾਂ ਦੀ ਛੋਟੀ ਜਿਹੀ ਰਿਆਸਤ ਕਾਇਮ ਕੀਤੀ ਅਤੇ 1722 ਵਿੱਚ ਅਨਾਹਦਗੜ੍ਹ ਨਾਂ ਦੇ ਇੱਕ ਪਿੰਡ ਨੂੰ ਆਪਣੀ ਰਾਜਧਾਨੀ ਬਣਾਇਆ। ਉਹਨਾਂ ਨੇ ਅਨਾਹਦਗੜ੍ਹ ਦਾ ਨਾਂ ਬਦਲ ਕੇ ਬਰਨਵਾਲਾ ਰੱਖਿਆ। 'ਬਰਨ' ਰੇਤਲੀ ਥਾਂ ਨੂੰ ਕਹਿੰਦੇ ਹਨ ਜਿੱਥੇ ਤੇਜ ਹਵਾ ਵਗਣ ਨਾਲ ਧੂੜ ਉਡਦੀ ਹੋਵੇ। ਹੌਲੀ ਹੌਲੀ ਇਹ ਨਾਂ ਬਦਲ ਕੇ ਬਰਨਾਲਾ ਬਣ ਗਿਆ। ਬਾਬਾ ਆਲਾ ਸਿੰਘ ਇੱਥੇ ਇੱਕ ਸੁੰਦਰ ਕਿਲ੍ਹਾ ਬਣਵਾਇਆ। ਕਈ ਸਾਲ ਜਿੱਤਾਂ ਜਿੱਤ ਕੇ ਇਹਦੀ ਸ਼ਾਨੋ ਸ਼ੌਕਤ ਨੂੰ ਵਧਾਇਆ ਅਤੇ ਇੱਕ ਵੱਡੀ ਰਿਆਸਤ ਬਣਾ ਦਿੱਤਾ। ਆਉਂਦੇ-ਜਾਂਦੇ ਯਾਤਰੀਆਂ ਅਤੇ ਜ਼ਰੂਰਤਮੰਦਾਂ ਲਈ ਇੱਥੋਂ ਦੇ ਚੁੱਲ੍ਹਿਆਂ 'ਚ ਹਰ ਵੇਲੇ ਲੰਗਰ ਪਕਦਾ ਸੀ। ਅੱਜ ਵੀ ਬਰਨਾਲੇ ਇਹਨਾਂ ਦੀ ਯਾਦ ਵਿੱਚ ਗੁਰਦੁਆਰਾ ਚੁੱਲ੍ਹਾ ਸਾਹਿਬ ਬਣਿਆ ਹੋਇਆ ਹੈ। ਇੱਥੇ ਰਹਿ ਕੇ ਉਹਨਾਂ ਨੇ ਰਾਜ ਵਿਸਤਾਰ ਕੀਤਾ ਅਤੇ ਕਈ ਨਵੇਂ ਪਿੰਡ ਵਸਾਏ।
ਪੰਜਾਬ ਰਾਜ ਗਜਟ (1849-1947) ਅਨੁਸਾਰ ਅਨਾਹਦਗੜ੍ਹ ਨਿਜ਼ਾਮਤ ਪੂਰੀ ਤਰ੍ਹਾਂ ਜੰਗਲ ਦੇਸ ਵਿਚ ਸੀ। ਇਸ ਦਾ ਖੇਤਰਫਲ 1836 ਵਰਗ ਮੀਲ ਸੀ, ਅਤੇ ਇਸ ਨੂੰ ਤਿੰਨ ਤਹਿਸੀਲਾਂ, ਅਨਹਦਗੜ੍ਹ, ਭੀਖੀ ਅਤੇ ਗੋਵਿੰਦਗੜ੍ਹ (ਹੁਣ ਭਵਾਨੀਗੜ੍ਹ) ਵਿੱਚ ਵੰਡਿਆ ਗਿਆ ਸੀ। ਇਨ੍ਹਾਂ ਦੇ ਹੈੱਡਕੁਆਰਟਰ ਬਰਨਾਲਾ ਜਾਂ ਅਨਾਹਦਗੜ੍ਹ ਵਿਖੇ ਸਨ। 1903-04 ਵਿੱਚ ਇਸ ਦਾ ਜ਼ਮੀਨੀ ਮਾਲੀਆ 7,22,925 ਸੀ । ਇਸ ਦਾ ਖੇਤਰ 346 ਵਰਗ ਮੀਲ ਸੀ। 1891 ਵਿੱਚ ਆਬਾਦੀ 104,449 ਸੀ ਜਦੋਂ ਕਿ 1901 ਵਿੱਚ ਇਹ ਵਧਕੇ 105,989 ਹੋ ਗਈ।
ਅੱਜ-ਕੱਲ੍ਹ ਇਹ ਪੰਜਾਬ ਪ੍ਰਾਂਤ ਦਾ ਜ਼ਿਲ੍ਹਾ ਬਰਨਾਲਾ ਹੈ।