ਅੰਪਾਇਰ (ਕ੍ਰਿਕਟ)
ਕ੍ਰਿਕਟ ਮੈਦਾਨ ਵਿੱਚ ਅੰਤਿਮ ਫੈਸਲਾ ਦੇਣ ਵਾਲਾ ਵਿਅਕਤੀ
ਕ੍ਰਿਕਟ ਵਿਚ, ਅੰਪਾਇਰ (ਸ਼ਬਦ ਪੁਰਾਣੀ ਫ਼ਰੈਂਚ ਦੇ nompere ਤੋਂ ਆਇਆ ਹੈ, ਜਿਸ ਦਾ ਮਤਲਬ ਨਿਰਪੱਖ ਹੁੰਦਾ ਹੈ) ਉਹ ਇਨਸਾਨ ਹੁੰਦਾ ਹੈ ਜਿਸ ਕੋਲ ਕ੍ਰਿਕਟ ਦੇ ਮੁਕਾਬਲਿਆਂ ਵਿਚ ਹੋ ਰਹੀਆਂ ਘਟਨਾਵਾਂ ਬਾਰੇ ਫ਼ੈਸਲਾ ਦੇਣ ਦਾ ਅਧਿਕਾਰ ਹੁੰਦਾ ਹੈ। ਕ੍ਰਿਕਟ ਦੇ ਕਾਨੂੰਨਾਂ ਦੇ ਅਨੁਸਾਰ ਫ਼ੈਸਲਿਆਂ ਤੋਂ ਇਲਾਵਾ ਅੰਪਾਇਰ ਕੋਲ ਸੁੱਟੀ ਗਈ ਗੇਂਦ ਨੂੰ ਜਾਇਜ਼ ਜਾਂ ਨਾਜਾਇਜ਼ ਕਰਾਰ ਦੇਣਾ, ਵਿਕਟ ਲਈ ਅਪੀਲ 'ਤੇ ਫ਼ੈਸਲਾ ਸੁਣਾਉਣਾ ਅਤੇ ਖੇਡ ਨੂੰ ਠੀਕ ਤਰ੍ਹਾਂ ਚਲਾਉਣ ਦਾ ਪੂਰਾ ਅਧਿਕਾਰ ਹੁੰਦਾ ਹੈ। ਉਸ ਦੇ ਫ਼ੈਸਲੇ ਨੂੰ ਕਿਸੇ ਵੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ। ਅੰਪਾਇਰ ਓਵਰ ਵਿਚ ਕੀਤੀਆਂ ਗਈਆਂ ਗੇਂਦਾਂ ਦਾ ਵੀ ਹਿਸਾਬ ਰੱਖਦਾ ਹੈ ਅਤੇ ਓਵਰ ਪੂਰਾ ਹੋਣ ਤੇ ਇਸ ਬਾਰੇ ਦੱਸਦਾ ਹੈ। ਅੰਪਾਇਰ ਆਮ ਤੌਰ 'ਤੇ ਕ੍ਰਿਕਟ ਇਸ਼ਾਰਿਆਂ ਵਿਚ ਹੀ ਆਪਣੇ ਫ਼ੈਸਲੇ ਦੱਸਦਾ ਹੈ।