ਅੱਗ ਦੀ ਪੂਜਾ
ਜਦ ਮਨੁੱਖੀ ਸੂਝ ਬਹੁਤੀ ਨਹੀਂ ਸੀ, ਉਸ ਸਮੇਂ ਮਨੁੱਖ ਨੂੰ ਜਿਸ ਕਿਸੇ ਜਾਨਜਾਰ ਤੇ ਬੇਜਾਨ ਵਸਤੂ ਤੋਂ ਲਾਭ ਮਿਲ ਸਕਦਾ ਸੀ ਜਾਂ ਨੁਕਸਾਨ ਹੋਣ ਦਾ ਖਦਸਾ ਹੁੰਦਾ ਸੀ, ਉਸ ਨੂੰ ਦੇਵੀ ਦੇਵਤਾ ਮੰਨ ਕੇ ਉਸ ਦੀ ਪੂਜਾ ਕੀਤੀ ਜਾਂਦੀ ਸੀ। ਏਸੇ ਕਰਕ ਹੀ ਅੱਗ ਦੀ ਪੂਜਾ ਸ਼ੁਰੂ ਹੋਈ। ਅੱਗ ਨੂੰ ਅਗਨੀ ਵੀ ਕਹਿੰਦੇ ਹਨ। ਬਸੰਤਰ ਵੀ ਕਹਿੰਦੇ ਹਨ। ਅੱਗ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਏਸੇ ਲਈ ਪਹਿਲੇ ਸਮਿਆਂ ਵਿਚ ਜਦ ਚੁੱਲ੍ਹੇ ਵਿਚ ਅੱਗ ਬਾਲੀ ਜਾਂਦੀ ਸੀ ਤਾਂ ਅੱਗ ਨੂੰ ਪ੍ਰਣਾਮ ਕੀਤਾ ਜਾਂਦਾ ਸੀ। ਜਦ ਦੀਵਾ ਬਾਲਿਆ ਜਾਂਦਾ ਸੀ, ਉਸ ਨੂੰ ਵੀ ਪ੍ਰਣਾਮ ਕੀਤਾ ਜਾਂਦਾ ਸੀ।
ਅੱਗ ਪੰਜਾਂ ਤੱਤਾਂ ਵਿਚੋਂ ਇਕ ਤੱਤ ਹੈ। ਬਾਕੀ ਦੇ ਤੱਤ ਮੋਹ, ਕਾਮ, ਈਰਖਾ ਤੇ ਭੁੱਖ ਹਨ। ਪਹਿਲੇ ਸਮਿਆਂ ਵਿਚ ਸਾਰੇ ਲੋਕੀ ਸਾਰੇ ਤਿਉਹਾਰ ਇਕੱਠੇ ਹੋ ਕੇ ਸਮੂਹਿਕ ਤੌਰ ਤੇ ਮਨਾਉਂਦੇ ਹੁੰਦੇ ਸਨ। ਇਸ ਤਰ੍ਹਾਂ ਲੋਹੜੀ ਵੇਲੇ ਜੋ ਅੱਗ ਬਾਲੀ ਜਾਂਦੀ ਸੀ, ਉਸ ਅੱਗ ਵਿਚੋਂ ਲੋਕੀ ਅੱਗ ਘਰ ਲੈ ਜਾਂਦੇ ਸਨ। ਉਸ ਅੱਗ ਨਾਲ ਅੱਗ ਬਾਲ-ਬਾਲ ਕੇ ਅਗਲੀ ਲੋਹੜੀ ਤੱਕ ਰੱਖਦੇ ਸਨ। ਧਾਰਨਾ ਸੀ ਜਿਨ੍ਹਾਂ ਚੁੱਲ੍ਹਿਆਂ ਵਿਚ ਲੋਹੜੀ ਵਾਲੀ ਅੱਗ ਬਾਲੀ ਜਾਵੇਗੀ, ਉੱਥੇ ਅੰਨ ਦੀ ਕੋਈ ਤੋਟ ਨਹੀਂ ਆਵੇਗੀ। ਜਿੱਥੇ ਅੱਗ ਦਾ ਨਿਵਾਸ ਹੋਵੇ, ਉੱਥੇ ਭੂਤ-ਪ੍ਰੇਤ ਨਹੀਂ ਆਉਂਦੇ। ਏਸੇ ਕਰਕੇ ਪਹਿਲੇ ਸਮਿਆਂ ਵਿਚ ਜੱਚਾ-ਬੱਚਾ ਕੋਲ ਪਹਿਲੇ ਤੇਰਾਂ ਦਿਨ ਦੀਵੇ ਦੀ ਜੋਤ ਜਗਾਈ ਜਾਂਦੀ ਸੀ। ਜੇ ਕਿਸੇ ਬੱਚੇ ਨੂੰ ਨਜ਼ਰ ਲੱਗ ਜਾਂਦੀ ਸੀ ਤਾਂ ਨਜ਼ਰ ਉਤਾਰਨ ਲਈ ਉਸ ਬੱਚੇ ਦੇ ਸਿਰ ਉੱਪਰੋਂ ਦੀ ਸੱਤ ਲਾਲ ਮਿਰਚਾਂ ਵਾਰ ਕੇ ਅੱਗ ਵਿਚ ਸੁੱਟੀਆਂ ਜਾਂਦੀਆਂ ਸਨ। ਅੱਗ ਨੂੰ ਪਵਿੱਤਰ ਮੰਨਦੇ ਹੋਏ ਦੀਵੇ ਨੂੰ ਫੂਕ ਮਾਰ ਕੇ ਨਹੀਂ ਬੁਝਾਇਆ ਜਾਂਦਾ ਸੀ। ਹੱਥ ਮਾਰ ਕੇ ਜਾਂ ਪੱਲਾ ਮਾਰ ਕੇ ਬੁਝਾਇਆ ਜਾਂਦਾ ਸੀ। ਫੂਕ ਮਾਰਨ ਨਾਲ ਜੂਠਾ ਸਾਹ ਅੱਗ ਤੇ ਪੈਂਦਾ ਸੀ ਜਿਸ ਨਾਲ ਅਗਨੀ ਦੇਵਤਾ ਦੀ ਨਿਰਾਦਰੀ ਹੋਈ ਮੰਨੀ ਜਾਂਦੀ ਸੀ।
ਹੁਣ ਅੱਗ ਨਾਲ ਜੁੜੇ ਵਿਸ਼ਵਾਸਾਂ ਤੇ ਵਹਿਮਾਂ-ਭਰਮਾਂ ਵਿਚ ਕੋਈ ਵੀ ਵਿਸ਼ਵਾਸ ਨਹੀਂ ਕਰਦਾ। ਇਸ ਕਰਕੇ ਹੁਣ ਅੱਗ ਦੀ ਕੋਈ ਵੀ ਪੂਜਾ ਨਹੀਂ ਕਰਦਾ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.