ਅੰਨ ਨੂੰ ਪੀਹ ਕੇ ਆਟਾ ਬਣਦਾ ਹੈ।ਆਟੇ ਵਿਚ ਪਾਣੀ ਪਾ ਕੇ ਆਟਾ ਗੁੰਨ੍ਹਿਆ ਜਾਂਦਾ ਹੈ। ਪਹਿਲੇ ਸਮਿਆਂ ਦੇ ਵਿਆਹਾਂ ਵਿਚ ਵਿਆਹ ਤੋਂ ਇਕ ਦਿਨ ਪਹਿਲਾਂ ਸਾਰੇ ਸ਼ਰੀਕੇ ਵਾਲਿਆਂ ਨੂੰ ਤੇ ਹੋਰ ਨੇੜੇ ਦੇ ਪਰਿਵਾਰਾਂ ਨੂੰ ਰੋਟੀ ਖਵਾਈ ਜਾਂਦੀ ਸੀ। ਉਸ ਰੋਟੀ ਵਿਚ ਗੁੜ ਦਾ ਕੜਾਹ ਹੁੰਦਾ ਸੀ। ਮਾਂਹ ਦੀ ਦਾਲ ਹੁੰਦੀ ਸੀ। ਕਣਕ ਦੇ ਆਟੇ ਦੇ ਮੁੰਡੇ ਹੁੰਦੇ ਸਨ। ਕੜਾਹ ਘਰ ਦਾ ਲਾਗੀ/ਨਾਈ ਬਣਾਉਂਦਾ ਸੀ। ਦਾਲਾਂ ਤੇ ਮੁੰਡੇ ਵਿਆਹ ਵਾਲੇ ਪਰਿਵਾਰ ਦੀਆਂ ਤੇ ਸ਼ਰੀਕੇ ਵਾਲੇ ਪਰਿਵਾਰਾਂ ਦੀਆਂ ਇਸਤਰੀਆਂ ਤਿਆਰ ਕਰਦੀਆਂ ਸਨ। ਮੁੰਡੇ ਬਣਾਉਣ ਲਈ ਬਹੁਤ ਸਾਰਾ ਆਟਾ ਗੁੰਨ੍ਹਿਆ ਜਾਂਦਾ ਸੀ। ਨੈਣ ਪਾਣੀ ਦਾ ਘੜਾ ਭਰਦੀ ਸੀ। ਘੜੇ ਦੇ ਗਲ ਨਾਲ ਖੰਮਣੀ/ਮੌਲੀ ਬੰਨ੍ਹਦੀ ਸੀ। ਇਕ ਗੜਵੀ ਲੈਂਦੀ ਸੀ। ਉਸ ਦੇ ਗਲ ਨਾਲ ਵੀ ਖੰਮਣੀ ਬੰਨ੍ਹਦੀ ਸੀ। ਇਕ ਬੜੀ ਪਰਾਤ ਲਈ ਜਾਂਦੀ ਸੀ। ਉਸ ਵਿਚ ਆਟਾ ਪਾਉਂਦੀ ਸੀ। ਉਸ ਵਿਚ ਗੁੜ ਦੀ ਰੋੜੀ ਰੱਖਦੀ ਸੀ। ਸ਼ਰੀਕੇ ਵਿਚੋਂ ਸੱਤ ਸੁਹਾਗਣਾਂ ਬੁਲਾਈਆਂ ਜਾਂਦੀਆਂ ਸਨ। ਉਨ੍ਹਾਂ ਦੇ ਸੱਜੇ ਗੁੱਟਾਂ ਤੇ ਖੰਮਣੀ ਬੰਨ੍ਹੀ ਜਾਂਦੀ ਸੀ। ਫੇਰ ਉਹ ਸੱਤੇ ਸੁਹਾਗਣਾਂ ਪਰਾਤ ਵਿਚ ਪਾਏ ਆਟੇ ਵਿਚ ਗੜਵੀ ਨਾਲ ਪਾਣੀ ਪਾਉਂਦੀਆਂ ਸਨ। ਇਸ ਰਸਮ ਨੂੰ ਹੀ ਆਟੇ ਪਾਣੀ ਪਾਉਣਾ ਰਸਮ ਕਿਹਾ ਜਾਂਦਾ ਸੀ। ਇਸ ਰਸਮ ਸਮੇਂ ਸੱਤੇ ਸੁਹਾਗਣਾਂ ਗੀਤਾਂ ਰਾਹੀਂ ਘਰ ਵਾਲਿਆਂ ਨੂੰ ਵਧਾਈਆਂ ਵੀ ਦਿੰਦੀਆਂ ਸਨ। ਹੁਣ ਬਹੁਤੇ ਵਿਆਹਾਂ ਵਿਚ ਆਟਾ ਗੁੰਨ੍ਹਣ ਤੇ ਰੋਟੀਆਂ ਪਕਾਉਣ ਦਾ ਕੰਮ ਮੁੱਲਦੇ ਨੌਕਰ ਪੁਰਸ਼ ਤੇ ਇਸਤਰੀਆਂ ਕਰਦੀਆਂ ਹਨ। ਇਸ ਲਈ ਹੁਣ ਨਾ ਪਰਿਵਾਰ ਦੀਆਂ ਇਸਤਰੀਆਂ ਅਤੇ ਨਾ ਹੀ ਸ਼ਰੀਕੇ ਵਾਲੀਆਂ ਇਸਤਰੀਆਂ ਆਟਾ ਗੁੰਨ੍ਹਦੀਆਂ ਹਨ। ਇਸ ਲਈ ਆਟੇ ਪਾਣੀ ਪਾਉਣ ਦੀ ਰਸਮ ਹੁਣ ਕੋਈ ਨਹੀਂ ਕਰਦਾ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.