ਆਵੀ ਪਾਉਣੀ
ਘੁਮਿਆਰ ਜਿਸ ਬੜੀ ਭੱਠੀ ਵਿਚ ਭਾਂਡੇ ਪਕਾਉਂਦੇ ਹਨ, ਉਸ ਨੂੰ ਆਵੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਘਰ ਵਰਤਨ ਵਾਲੇ ਬਹੁਤੇ ਭਾਂਡੇ ਮਿੱਟੀ ਦੇ ਬਣੇ ਹੁੰਦੇ ਸਨ ਜਿਹੜੇ ਪਿੰਡ ਦੇ ਘੁਮਿਆਰ ਆਪ ਹੀ ਤਿਆਰ ਕਰਦੇ ਸਨ। ਪਾਣੀ ਤੋਂ ਲੈ ਕੇ ਦੁੱਧ, ਘੀ, ਆਟਾ ਗੁੰਨਣ, ਦਾਲਾਂ ਧਰਨ, ਦੁੱਧ ਰਿੜਕਣ,ਸ਼ੱਕਰ ਪਾਉਣ, ਪਾਣੀ ਗਰਮ ਕਰਨ ਆਦਿ ਸਾਰੇ ਦੇ ਸਾਰੇ ਕੰਮਾਂ ਲਈ ਮਿੱਟੀ ਦੇ ਬਰਤਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਛੋਟੇ ਕੁੱਜੇ, ਝੱਕਰੇ, ਤਪਲੇ, ਬਲ੍ਹਣੀਆਂ, ਘੜੇ, ਮੱਟ, ਕਾੜ੍ਹਣੀਆਂ, ਚਾਟੀਆਂ, ਆਟਾ ਗੁੰਨਣ ਵਾਲੀਆਂ ਪਰਾਤਾਂ, ਚੂੰਗੜੇ, ਦੀਵੇ, ਚੱਪਣ, ਗੱਲ ਕੀ ਸਾਰੇ ਬਰਤਨ ਘੁਮਿਆਰ ਬਣਾਉਂਦੇ ਸਨ। ਘੁਮਿਆਰ ਪਹਿਲਾਂ ਸਾਰੇ ਭਾਂਡੇ ਚੱਕ ਉੱਪਰ ਡੋਲਦਾ ਸੀ। ਫੇਰ ਭਾਂਡਿਆ ਨੂੰ ਸੁਕਾਇਆ ਜਾਂਦਾ ਸੀ। ਸੁੱਕੇ ਭਾਂਡਿਆ ਨੂੰ ਆਵੀ ਵਿਚ ਚਿਣਿਆ ਜਾਂਦਾ ਸੀ। ਸਭ ਤੋਂ ਹੇਠਾਂ ਚਾਟੀਆਂ, ਕਾੜ੍ਹਣੀਆਂ, ਘੜੇ ਰੱਖੇ ਜਾਂਦੇ ਸਨ।ਫੇਰ ਉਸ ਉੱਪਰ ਪਾਥੀਆਂ, ਲੱਕੜਾਂ ਦਾ ਬੂਰਾ, ਰੁੱਖਾਂ ਦੇ ਸੁੱਕੇ ਪੱਤੇ ਰੱਖੇ ਜਾਂਦੇ ਸਨ।ਫੇਰ ਛੋਟੇ ਭਾਂਡੇ ਰੱਖੇ ਜਾਂਦੇ ਸਨ। ਛੋਟੇ ਭਾਂਡਿਆਂ ਉੱਪਰ ਫੇਰ ਪਾਥੀਆਂ, ਰੁੱਖਾਂ ਦੇ ਪੱਤੇ,ਗਧਿਆਂ ਦੀ ਲਿੱਦ ਪਾਈ ਜਾਂਦੀ ਸੀ। ਉਸ ਤੋਂ ਪਿੱਛੋਂ ਆਵੀ ਨੂੰ ਅੱਗ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਪਾਥੀਆਂ, ਲੱਕੜਾਂ ਦੇ ਬੂਰੇ ਪੱਤੇ ਆਦਿ ਦੀ ਅੱਗ ਦੇ ਸੇਕ ਨਾਲ ਭਾਂਡਿਆ ਨੂੰ ਪਕਾਇਆ ਜਾਂਦਾ ਸੀ। ਜਦ ਆਵੀ ਠੰਡੀ ਹੋ ਜਾਂਦੀ ਸੀ ਤਾਂ ਪੱਕੇ ਭਾਂਡਿਆ ਨੂੰ ਆਵੀ ਵਿਚੋਂ ਬਾਹਰ ਕੱਢ ਲੈਂਦੇ ਸਨ।
ਅੱਜ ਪੰਜਾਬ ਦੇ ਟਾਮੇਂ-ਟਾਮੇਂ ਪਿੰਡਾਂ ਵਿਚ ਹੀ ਘੁਮਿਆਰ ਭਾਂਡੇ ਬਣਾਉਦੇਂ ਹਨ ਅਤੇ ਆਵੀ ਪਾਉਂਦੇ ਹਨ,ਕਿਉਂ ਜੋ ਮਿੱਟੀ ਦੇ ਭਾਂਡਿਆ ਦੀ ਵਰਤੋਂ ਦਿਨੋਂ ਦਿਨ ਘਟੀ ਜਾ ਰਹੀ ਹੈ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.