ਕਬਾਇਲੀ ਸੱਭਿਆਚਾਰ ਮਾਨਵੀ ਜੀਵਨ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਪੜਾਅ ਹੈ। ਕਬਾਇਲੀ ਜੀਵਨ ਤੋਂ ਭਾਵ ਉਸ ਕਬੀਲਿਆਂ ਦੇ ਸਮੂਹ ਤੋਂ ਹੈ ਜਿਸ ਦੇ ਮੈਂਬਰ ਇੱਕ ਸਾਂਝੀ ਉਪ-ਭਾਸ਼ਾ ਬੋਲਦੇ ਹਨ। ਉਹਨਾਂ ਦੇ ਜੀਵਨ ਨੂੰ ਚਲਾਉਣ ਦੇ ਆਪਣੇ ਨਿਯਮ ਹੁੰਦੇ ਹਨ। ਇਹਨਾਂ ਦੇ ਮੈਂਬਰ ਇੱਕ ਸਾਂਝੇ ਇਲਾਕੇ ਵਿੱਚ ਵਸਦੇ ਹਨ। ਸਖਤੀ ਨਾਲ ਕੀਤੀਆਂ ਮਨਾਹੀਆਂ ਹੀ ਕਬੀਲਾਵਾਦ ਦੇ ਮੁੱਢਲੀ ਸ਼ਰਤ ਹੈ।ਇਹ ਮਨਾਹੀਆਂ ਹੀ ਸਮਜ ਸਮੂਹ ਨੂੰ ਅਟੁੱਟ ਇਕਾਈ ਵਿੱਚ ਪਰੋਈ ਰੱਖਣ ਦੇ ਸਮਰੱਥ ਹੁੰਦੀਆਂ ਹਨ

"ਕਬੀਲਾ" ਅੰਗਰੇਜ਼ੀ ਸ਼ਬਦ ਟਰਾਇਬ ਦਾ ਪੰਜਾਬੀ ਅਨੁਵਾਦ ਹੈ। Tribe ਲਾਤੀਨੀ ਸ਼ਬਦ Tribus ਤੋਂ ਨਿਕਲਿਆ, ਜਿਸ ਦੇ ਅਰਥ ਹਨ ਕਿ ਇੱਕ ਤਿਹਾਈ, ਜੋ ਕਿ ਉਹਨਾਂ ਤਿੰਨਾਂ ਵਿਅਕਤੀਆਂ ਵਿਚੋਂ ਇੱਕ ਲਈ ਵਰਤਿਆ ਜਾਂਦਾ ਹੈ। ਜਿੰਨ੍ਹਾਂ ਨੇ ਕਬੀਲੇ ਵਾਲੀਆਂ ਰਵਾਇਤਾਂ ਅਤੇ ਔਕੜਾਂ ਝੱਲ ਕੇ ਰੋਮ ਲੱਭਿਆ। ਰੋਮਨਾ ਨੇ ਟ੍ਰਾਈਬ ਸ਼਼ਬਦ ਉਹਨਾ 35 ਬੰਦਿਆ ਸੰਬੰਧੀ ਵੀ ਵਰਤਿਆ ਜੋ ਈਸਾ ਤੇਂ 241 ਵਰ੍ਹੇ ਪੂਰਵ ਆਪਣੇ ਰੀਤੀ ਰਿਵਾਜਾਂ ਅਨੁਸਾਰ ਰੋਮ ਦਾ ਹਿੱਸਾ ਬਣੇ।[1]

ਪਰਿਭਾਸ਼ਾ

ਸੋਧੋ

ਡਾ.ਦਰਿਆ ਅਨੁਸਾਰ "ਕਬੀਲੇ ਦਾ ਇੱਕ ਇਲਾਕਾ, ਇੱਕ ਸਾਂਝੀ ਉਪਭਾਸ਼ਾ, ਸਮਾਜ, ਨਿਯਮ ਪ੍ਰਬੰਧ, ਤੇ ਨਿਆ ਪ੍ਰਬੰਧ ਹੁੰਦਾ ਹੈ। ਇਸ ਵਿੱਚ ਅੰਤਰ ਜਾਤੀ ਵਿਆਹ ਸਾਂਝੀਆਂ, ਰੀਤਾਂ-ਰਸਮਾਂ,ਸਾਂਝੇ ਕਾਰਜ ਸਾਂਝਾ ਵਿਰਸਾ ਅਤੇ ਮਨਾਹੀਆਂ ਦੀ ਸਖਤੀ ਨਾਲ ਪਾਲਣਾ ਵਰਗੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ।"[2]

ਲੱਛਣ

ਸੋਧੋ

ਇਸ ਸਮੂਹ ਦੇ ਲੋਕ ਟੋਟਮ ਅਤੇ ਟੈਬੂ ਦੇ ਸਖਤੀ ਨਾਲ ਪਾਲਣਾ ਕਰਦੇ ਹਨ ਅਤੇ ਕਿਸੇ ਬਾਹਰੀ ਵਿਅਕਤੀ ਨੂੰ ਆਪਣੇ ਜੀਵਨ-ਵਿਹਾਰ ਵਿੱਚ ਪੂਰੀ ਤਰਾਂ ਘੁਲਣ ਨਹੀਂ ਦਿੰਦੇ। ਇਹਨਾਂ ਦੀ ਆਪਣੀ ਗੁਪਤ ਭਾਸ਼ਾ ਹੁੰਦੀ ਹੈ।ਜਿਸ ਨੂੰ ਬਾਹਰੀ ਵਿਅਕਤੀ ਆਸਾਨੀ ਨਾਲ ਨਹੀਂ ਸਮਝ ਸਕਦਾ। ਇਸ ਭਾਸ਼ਾ ਦੇ ਮਾਧਿਅਮ ਨਾਲ ਹੇ ਇਹ ਬਾਹਰੀ ਸਮਾਜ ਨਾਲੋਂ ਵਿਥ ਬਣਾ ਕੇ ਰਖਦੇ ਹਨ ਤੇ ਆਪਣੇ ਭੇਦ ਗੁਪਤ ਰਖਦੇ ਹਨ। ਇਹਨਾ ਦੇ ਜੀਵਨ ਵਿਹਾਰ ਦਾ ਪ੍ਮੁੱਖ ਅੰਗ ਕੱਟੜਤਾ ਹੈ। ਇਹ ਕੱਟੜਤਾ ਕਬੀਲੇ ਦੀਆਂ ਗੱਲਾਂ ਬਾਹਰ ਕਿਸੇ ਵਿਅਕਤੀ ਨੂੰ ਦੱਸਣ ਵਿੱਚ ਵੀ ਹੁੰਦੇ ਹੈ। ਇਹਨਾਂ ਦੀਆਂ ਪਰੰਪਰਿਕ ਰਹੁ-ਰੀਤਾਂ ਰਹਿਣ-ਸਹਿਣ,ਲੋਕ ਵਿਸ਼ਵਾਸ,ਲੋਕ-ਕਲਾਵਾਂ,ਪਹਿਰਾਵਾ,ਖਾਣ-ਪੀਣ,ਆਦਿ ਦੂਸਰੇ ਲੋਕਾਂ ਨਾਲੋਂ ਭਿਨ ਹੁੰਦਾ ਹੈ। ਕਬਾਇਲੀ ਸੱਭਿਆਚਾਰ ਵੱਖ-ਵੱਖ ਕਬੀਲਿਆਂ ਦਾ ਸਮੂਹ ਹੁੰਦਾ ਹੈ। ਜਿਸ ਵਿੱਚ ਵੱਖਰੀ-ਵੱਖਰੀ ਕਿਸਮ ਦੇ ਕਬੀਲੇ ਸ਼ਾਮਿਲ ਹੁੰਦੇ ਹਨ। ਜਿਹਨਾਂ ਨੂੰ ਟੋਟਮ,ਟੈਬੂ,ਪੂਜਾ,ਧਰਮ ਪ੍ਰਬੰਧ,ਪਹਿਰਾਵਾ,ਸ੍ਤੁਨ੍ਤਰ ਸ਼ਾਸ਼ਨ ਤੇ ਨਿਆਂ ਪ੍ਰਬੰਧ ਦੇ ਅਧਾਰ ਤੇ ਇੱਕ ਦੂਸਰੇ ਨਾਲੋਂ ਨਿਖੇੜਿਆ ਜਾਂਦਾ ਹੈ।

ਪੰਜਾਬ ਦੇ ਕਬਾਇਲੀ ਸੱਭਿਆਚਾਰ ਵਿੱਚ ਹੇਠ ਲਿਖੇ ਪ੍ਮੁੱਖ ਕਬੀਲੇ ਆਉਂਦੇ ਹਨ-

ਸਿਕਲੀਗਰ ਦੀ ਗਾਡੀ ਲੁਹਾਰ ਵਾਂਗ ਇੱਕ ਮਿਹਨਤੀ ਸੁਲਝੀ ਹੋਈ ਪੱਖੀਵਾਸ ਜਾਤੀ ਹੈ ਜੋ ਕਾਨਿਆ ਦੀਆਂ ਤੀਲਾਂ ਦੀਆਂ ਪੱਖੀ ਵਿੱਚ ਰਹਿੰਦੀ ਹੈ। ਇਹਨਾਂ ਦਾ ਸੰਬੰਧ ਬਾਜ਼ੀਗਰਾ ਅਤੇ ਲੁਬਾਣਿਆਂ ਨਾਲ ਵਧੇਰੇ ਲੱਗਦਾ ਹੈ ਪੱਖੀਵਾਸਾ ਦੇ ਦੱਸਣ ਅਨੁਸਾਰ ਇੰਨਾ ਦੇ ਵਡੇਰੇ ਚਾਰ ਭਾਈ ਸਨ। ਦੋ ਦੀ ਔਲਾਦ ਬਾਜੀਗਰ ਅਤੇ ਬਾਕੀ ਦੋ ਵਿੱਚੋ ਇੱਕ ਦੀ ਲੁਬਾਣੇ ਤੇ ਦੂਜੇ ਦੀ ਸਿਕਲੀਗਰ ਹੋਈ। ਸਿਕਲੀਗਰਾਂ ਦਾ ਇਹ ਵੀ ਕਥਨ ਹੈ ਕਿ ਜਦ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸਿੱਖਾ ਨੂੰ ਹਥਿਆਰ ਦੀ ਲੋੜ ਪਈ ਤਾਂ ਉਹਨਾਂ ਹਥਿਆਰ ਲਾਹੌਰ ਦੇ ਮੌਲਾਂ ਬਖਸ਼ ਲੁਹਾਰ ਤੋ ਖਰੀਦੇ ਪਰ ਸਿੱਖਾ ਨੂੰ ਪਸੰਦ ਨਾ ਆਏ ਗੁਰੂ ਪਾਸੋ ਆਗਿਆ ਪਾ ਕੇ ਸਿੱਖ ਪੱਖੀਵਾਸ ਹਥਿਆਰ ਬਣਾਉਣ ਵਾਲਿਆ ਨੂੰ ਗੁਰੂ ਜੀ ਪਾਸ ਲੈ ਆਏ ਗੁਰੂ ਸਾਹਿਬ ਨੇ ਉਹਨਾ ਨੂੰ ਹਥਿਆਰ ਬਣਾਉਣ ਤੇ ਲਾਇਆ। ਇੱਕ ਹੋਰ ਰਿਵਾਇਤ ਅਨੁਸਾਰ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਸ਼ਰਧਾ ਨਾਲ ਤਲਵਾਰਾਂ ਸਿਕਲ ਕਰਦਿਆ ਵੇਖਿਆ ਤਾ ਇਹਨਾਂ ਦਾ ਨਾਂ ਸਿਕਲੀਗਰ ਕਬੀਲਾ ਧਰ ਦਿੱਤਾ ਗਿਆ।[3]

ਸਿਕਲੀਗਰ ਕਬੀਲੇ ਦੇ ਕੰਮ

ਸੋਧੋ

ਇਹ ਮੁੱਦਤ ਤੋ ਲੋਹੇ ਦੇ ਕੰਮ ਕਰਦੇ ਚਲੇ ਆ ਰਹੇ ਹਨ। ਤਲਵਾਰਾਂ ਖੰਡੇ ਬਰਛੇ ਨੇਜ਼ੇ ਤੀਰਾਂ ਦੀਆਂ ਨੋਕਾਂ ਆਦਿ ਬਣਾਉਦੇ ਰਹੇ ਹਨ। ਜਦ ਅੰਗਰੇਜ ਸਰਕਾਰ ਨੇ ਹਥਿਆਰ ਬਣਾਉਣ ਤੇ ਪਾਬੰਦੀ ਲਾ ਦਿੱਤੀ ਤਾਂ ਇਹਨਾਂ ਨੇ ਗਾਡੀ ਲੁਹਾਰਾਂ ਵਾਂਗ ਬਾਲਟੀ ਬਾਲਟੀਆਂ ਦੀ ਮੁਰੰਮਤ ਤੇ ਲੋਹੇ ਦੀਆ ਟੋਕਰੀਆਂ ਬਣਾਉਣੀਆਂ ਸੂਰਜ ਕਰ ਦਿੱਤੀਆਂ ਹੁਣ ਇਹ ਰੰਬੇ ਦਫਤਰਾਂ ਤੇ ਖੇਤੀਬਾੜੀ ਨਾਲ ਸਬੰਧਿਤ ਸੰਦ ਬਣਾਉਂਦੇ ਹਨ।

ਸਿਕਲੀਗਰ ਕਬੀਲੇ ਦਾ ਪਹਿਰਾਵਾ

ਸੋਧੋ

ਸਿਕਲੀਗਰ ਕਬੀਲੇ ਦੇ ਮਰਦ ਧੋਤੀ ਚੋਲਾ ਅਤੇ ਵਲਦਾਰ ਪੱਗ ਬੰਨ੍ਹਦੇ ਸੀ। ਤੀਵੀਆਂ ਘੱਗਰੀ ਚੋਲੀ ਅਤੇ ਸਲਵਾਰ-ਕਮੀਜ਼ ਪਾਉਂਦੀਆਂ ਹਨ। ਇਸ ਟੱਪਰੀਵਾਸ ਸ਼ਿਕਲੀਗਰ ਸਮੂਹ ਦੇ ਪਹਿਰਾਵੇ ਉੱਪਰ ਮੁਲਤਾਨੀ ਸੱਭਿਆਚਾਰ ਦਾ ਵੀ ਪ੍ਰਭਾਵ ਹੈ। ਸਿੱਖ ਸਮੁਦਾਇ ਲਈ ਹਥਿਆਰ ਬਣਾਉਣ ਵਾਲੇ ਸ਼ਿਕਲੀਗਰ ਹੁਣ ਵੀ ਕਛਹਿਰਾ,ਚੂੜੀਦਾਰ ਪਜਾਮਾ ਅਤੇ ਚੋਲਾ ਪਾਉਂਦੇ ਹਨ।[4]

ਸਿਕਲੀਗਰ ਕਬੀਲੇ ਦੀਆਂ ਰਸਮਾਂ

ਸੋਧੋ
  • ਜਨਮ ਦੀਆਂ ਰਸਮਾਂ:ਸਿਕਲੀਗਰ ਕਬੀਲੇ ਵਿੱਚ ਬੱਚੇ ਦਾ ਜਨਮ ਕਬੀਲੇ ਦੀ ਦਾਈ ਦੁਆਰਾ ਘਰ ਵਿੱਚ ਹੀ ਹੁੰਦਾ ਹੈ।ਲੜਕੀ ਨੂੰ ਇਹ ਲੋਕ ਦੇਵੀ ਦਾ ਰੂਪ ਸਮਝਦੇ ਹਨ। ਲੜਕਾ ਪੈਦਾ ਹੋਣ ਦੀ ਸੂਰਤ ਵਿੱਚ ਉਸਨੂੰ 'ਕੁਲ ਦਾ ਚਿਰਾਗ' ਸਮਝ ਕੇ ਉਚੇਚੀ ਖੁਸ਼ੀ ਮਨਾਈ ਜਾਂਦੀ ਹੈ।ਨਵਜਾਤ ਬੱਚੇ ਨੂੰ ਘਰ ਦੇ ਕਿਸੇ ਸਿਆਣੇ ਵਲੋ 'ਗੁੜ੍ਹ'ਦੀ ਗੁੜ੍ਹਤੀ ਦਿੱਤੀ ਜਾਂਦੀ ਹੈ। ਭੂਤਾਂ -ਪੇਤਾਂ ਤੋਂ ਰੱਖਿਆ ਲਈ ਸਿਕਲੀਗਰ ਲੋਕ ਬੱਚੇ ਦੇ ਗਲ ਵਿੱਚ ਰੱਤ ਚੰਨਣ ਦੀ ਲੱਕੜ ਬੰਨ੍ਹ ਦਿੰਦੇ ਹਨ। ਬੱਚੇ ਦੇ ਜਨਮ ਤੋ ਤੀਜੇ ਦਿਨ ਘੜੌਲੀ ਦੀ ਰਸਮ ਕਰਕੇ ਜਣੇਪੇ ਵਾਲੀ ਔਰਤ ਨੂੰ ਕਬੀਲੇ ਦੀਆਂ ਔਰਤਾਂ ਦੁਆਰਾ ਚੌਂਕੇ ਚੜਾਇਆ ਜਾਂਦਾ ਹੈ। ਘੜੋਲੀ ਦੀ ਰਸਮ'ਖਵਾਜਾ ਦੇਵਤਾ'ਭਾਵ ਪਾਣੀ ਦੀ ਹਾਜ਼ਰੀ ਵਿੱਚ ਪੂਰੀ ਕੀਤੀ ਜਾਂਦੀ ਹੈ ਇਸ ਜਣੇਪੇ ਵਾਲੀ ਔਰਤ ਨੂੰ ਨੁਹਾ ਧਿਆਨ ਕੇ ਪਾਣੀ ਦੀਆਂ ਸਤ ਗੜਵੀਆਂ ਸਿਰ ਤੇ ਰੱਖਕੇ ਚੌਂਕੇ ਚੜ੍ਹਾਇਆ ਜਾਂਦਾ ਹੈ। ਸੁੱਧੀ ਦਾ ਪ੍ਰਤੀਕ ਹੋਣ ਕਰਕੇ ਕਬੀਲੇ ਦੇ ਲੋਕ 'ਜਲ ਦੇਵਤਾ ' ਨੂੰ ਖਾਸ ਤਰਜੀਹ ਦਿੰਦੇ ਹਨ। ਗੌਰਜਾ ਦੀ ਪੂਜਾ ਇਹ ਰਸਮ ਵੀ ਚੋਂਕੇ ਚੜ੍ਹਾਉਣ ਵਾਲੀ ਰਸਮ ਦਾ ਹੀ ਇੱਕ ਹਿੱਸਾ ਹੈ।ਇਸ ਰਸਮ ਵਿੱਚ ਬੱਚੇ ਦੇ ਜਨਮ ਦੀ ਥਾਂ ਨੂੰ ਸਜਾ ਸੰਵਾਰ ਕੇ ਉਤੇ ਨਿੰਮ ਦੇ ਪੱਤੇ ਰੱਖੇ ਜਾਂਦੇ ਹਨ। ਇਸ ਰਸਮ ਵਿੱਚ ਪਰਿਵਾਰ ਦੀ ਮੁਖੀ ਔਰਤ ਵਲੋ ਗੋਹੇ ਦਾ ਆਦਮੀ ਅਤੇ ਔਰਤ ਭਾਵ ਜੋੜਾ ਬਣਾ ਕੇ ਉਹਨਾਂ ਨੂੰ ਖਵਾਜੇ ਦੀ ਹਾਜ਼ਰੀ ਵਿੱਚ ਮੱਥਾ ਟੇਕਿਆ ਜਾਂਦਾ ਹੈ। ਕਬੀਲੇ ਵਿੱਚ ਗੋਹੇ ਦੇ ਬਣਾਏ ਹੋਏ ਇਸ ਪ੍ਰਤੀਕਮਈ ਜੋੜੇ ਨੂੰ ਗੋਰਜਾਂ ਦਾ ਨਾਂ ਦਿੱਤਾ ਜਾਂਦਾ ਹੈ। ਇਸ ਰਸਮ ਤੋਂ ਬਾਅਦ ਲਵਜਾਹ ਬੱਚੇ ਦੇ ਨਵੇਂ ਪੁਆਏ ਜਾਂਦੇ ਹਨ।[5]
  • ਵਿਆਹ ਦੀਆਂ ਰਸਮਾਂ:ਸਿੱਖ ਸਿਕਲੀਗਰਾਂ ਤੋਂ ਛੁੱਟ ਬਾਕੀ ਕਬੀਲੇ ਵਿੱਚ ਪਰੰਪਰਾਗਤ ਰਸਮਾਂ ਜਾਰੀ ਰਹੀਆਂ ਵਿਆਹ ਸਮੇਂ ਸੱਤ ਲਾਵਾਂ ਵਿਚੋਂ ਪਹਿਲੀਆਂ ਚਾਰ ਲਾਵਾਂ ਵਿੱਚ ਲਾੜਾਂ ਅੱਗੇ ਹੋ ਕੇ ਲੈਂਦਾ ਹੈ ਪਿਛਲੀਆ ਤਿੰਨ ਲਾਵਾਂ ਲਾੜੀ ਅੱਗੇ ਹੋ ਕੇ ਲੈਂਦੀ ਹੈ। ਗਾਨਾ ਖੋਲ੍ਹਣ ਤੇ ਗੋਤ ਕਨਾਲੇ ਤੋਂ ਪਿੱਛੋਂ ਛਟੀਆਂ ਖੇਡਣ ਦੀ ਰਸਮ,ਖੂਹ ਤੇ ਲਿਜਾਣ ਦੀ ਰੀਤ ਅਤੇ ਘੜੋਲੀ ਦੀ ਰਸਮ ਵੀ ਕੀਤੀ ਜਾਂਦੀ ਹੈ। ਸਿਕਲੀਗਰ ਕਬੀਲੇ ਵਿੱਚ ਵਿਆਹ ਤੋਂ ਦੂਜੇ ਦਿਨ' ਗੋਦ ਭਰਾਈ' ਦੀ ਰਸਮ ਪੂਰੀ ਕੀਤੀ ਜਾਂਦੀ ਹੈ।[3]
  • ਵਿਆਹ ਦੀਆਂ ਕਿਸਮਾਂ
  • ਪੁੰਨ ਵਿਆਹ
  • ਕੁਲ ਪੜੋਸੇ ਵਿਆਹ
  • ਵੱਟੇ ਸੱਟੇ ਵਿਆਹ
  • ਕਰੇਵਾ ਵਿਆਹ

[6]

  • ਮੌਤ ਦੀਆਂ ਰਸਮਾਂ:ਸਿਕਲੀਗਰ ਕਬੀਲੇ ਵਿੱਚ ਕੋਈ ਵੀ ਮੋਤ ਹੋਣ ਦੀ ਸੂਰਤ ਵਿੱਚ ਮਿਰਤਕ ਦੀ ਸੂਰਤ ਵਿੱਚ ਮੰਜੀ ਤੋ ਹੇਠਾ ਉਤਾਰ ਦਿੱਤਾ ਜਾਂਦਾ ਹੈ ਮਿਰਤਕ ਦੀ ਦੇਹ ਨੂੰ ਧਰਤੀ ਤੇ ਲਿਟਾ ਕੇ ਉੱਤੇ ਕੋਈ ਕੱਪੜਾ ਤਾਣ ਦਿੱਤਾ ਜਾਂਦਾ ਹੈ। ਮਿਰਤਕ ਦੀ ਦੇਹ ਦੇ ਨੇੜੇ ਨਿੰਮ ਦੇ ਪੱਤੇ ਅਤੇ ਅੰਨ ਆਦਿ ਰੱਖ ਕੇ ਧੂਫ ਧੁਖਾ ਦਿੱਤੀ ਜਾਂਦੀ ਹੈ। ਉਸਦੇ ਸਿਰਹਾਣੇ ਇੱਕ ਆਟੇ ਦਾ ਬਲਦਾਂ ਹੋਇਆਂ ਦੀਵਾ ਵੀ ਰੱਖਿਆ ਜਾਂਦਾ ਹੈ ਇਸ ਉਪਰੰਤ ਕਬੀਲੇ ਦੇ ਲੋਕਾਂ ਵੱਲੋਂ ਮਿਰਕਤ ਦਾ ਸੂਰਜ ਦੀ ਹਾਜਰੀ ਵਿੱਚ ਸੰਸਕਾਰ ਕਰ ਦਿੱਤਾ ਜਾਂਦਾ ਹੈ।ਸੰਸਕਾਰ ਤੋਂ ਤਿੰਨ ਦਿਨ ਬਾਅਦ ਮਿਰਤਕ ਦੇ ਫੁੱਲ ਚੁੱਗੇ ਜਾਦੇ ਹਨ।ਸਿਕਲੀਗਰ ਲੋਕ ਮ੍ਰਿਤਕ ਦੇ ਸਿਵੇ ਤੇ ਦੁੱਧ ਦਾ ਛਿੱਟਾ ਮਾਰ ਕੇ ਫੁੱਲ ਚੁਗਦੇ ਹਨ।ਅਜਿਹਾ ਸਿਵੇ ਦੀ ਸੁੱਧੀ ਲਈ ਕੀਤਾ ਜਾਂਦਾ ਹੈ।ਅਰਦਾਸ ਕਰਨ ਉਪਰੰਤ ਮ੍ਰਿਤਕ ਦੇ ਫੱਲ ਚੁਗੇ ਜਾਂਦੇ ਹਨ। ਬਾਅਦ ਵਿੱਚ ਇਹ ਫੁੱਲ ਕਿਸੇ ਨਦੀ ਜਾਂ ਨਹਿਰ ਵਿੱਚ ਵਹਾ ਦਿੱਤੇ ਜਾਂਦੇ ਹਨ। ਸਿਕਲੀਗਰ ਲੋਕਾਂ ਵਿੱਚ ਹਰਿਦੁਆਰ ਜਾਂ ਕੀਰਤਪੁਰ ਸਾਹਿਬ ਜਾਣ ਦਾ ਪ੍ਰਚਲਨ ਨਾ ਮਾਤਰ ਹੈ। ਸਿਕਲੀਗਰ ਕਬੀਲੇ ਵਿੱਚ ਸੰਸਕਾਰ ਤੋਂ ਪਹਿਲਾਂ ਮ੍ਰਿਤਕ ਦੇ ਮੂੰਹ ਵਿੱਚ ਕੋਈ ਨੂਮ ਛੱਲਾਂ ਪਾਉਣ ਦਾ ਰਿਵਾਜ ਹੈ। ਇਹ ਵਿਸਵਾਸ ਹੈ ਮ੍ਰਿਤਕ ਇੱਕ ਵਾਰ ਫਿਰ ਜਨਮ ਲਵੇਗਾ। ਫਿਰ ਤੋਂ ਜੀਵਨ ਦੇ ਸਗਨ ਮਨਾਏਗਾ। ਇਸਦਾ ਸੰਬੰਧ ਜੀਵਨ ਦੀ ਗਤੀਸ਼ੀਲਤਾ ਨਾਲ ਹੈ। ਸਿਕਲੀਗਰ ਕਬੀਲੇ ਵਿੱਚ ਤੀਜੇ ਦਿਨ ਭੰਗ ਦੀ ਰਸਮ ਹੁੰਦੀ ਹੈ।[7]

ਭਾਰਤ ਦੇ ਹੋਰ ਕਬੀਲਿਆਂ ਵਾਂਗ ਬੌਰੀਆ ਵੀ ਇੱਕ ਜੰਗਲੀ ਅਤੇ ਘੁਮੰਤੂ ਕਬੀਲਾ ਹੈ। ਇਹ ਕਬੀਲਾ ਆਦਿ ਕਾਲ ਤੋਂ ਲੈ ਕੇ ਮੁਗ਼ਲ ਕਾਲ ਤੱਕ ਜੰਗਲ ਬੇਲਿਆਂ ਅਤੇ ਕੁਦਰਤੀ ਸੋਮਿਆਂ ਨਾਲ ਸ਼ਿਕਾਰ ਕਰਕੇ ਆਪਣਾ ਗੁਜ਼ਾਰਾ ਕਰਦਾ ਰਿਹਾ ਹੈ। ਜਰਾਇਮ ਪੇਸ਼ਾ ਐਕਟ ਖ਼ਤਮ ਹੋਣ ਤੋਂ ਬਾਅਦ ਵੀ ਨਿਹੱਥੇ ਤੇ ਯਤੀਮਾਂ ਵਰਗਾ ਜੀਵਨ ਬਤੀਤ ਕਰ ਰਹੇ ਹਨ। ਇਬਟਸਨ ਦੁਆਰਾ ਦਿੱਤੇ ਵੇਰਵਿਆਂ ਅਨੁਸਾਰ, "ਬੌਰੀਆਂ ਸ਼ਬਦ 'ਬਾਵਰ' ਤੋਂ ਬਣਿਆ ਹੈ, ਜਿਸ ਤੋਂ ਭਾਵ 'ਜਾਲ' ਜਾਂ 'ਫੰਦਾਂ' ਹੈ। ਇਸ ਕਬੀਲੇ ਦਾ ਪਿਛੋਕੜ ਰਾਜਪੂਤਾਂ ਨਾਲ ਜੋੜਿਆ ਜਾਂਦਾ ਹੈ।"[8]

ਬੌਰੀਆ ਕਬੀਲੇ ਦਾ ਧਰਮ

ਸੋਧੋ

ਬੌਰੀਆ ਕਬੀਲੇ ਦੇ ਲੋਕ ਦੇਵੀ ਦੇਵਤਿਆਂ ਅਤੇ ਪੁਰਖ ਪੂਜਾ ਵਿੱਚ ਵਿਸ਼ਵਾਸ ਰੱਖਦੇ ਹਨ। ਬੌਰੀਆ ਕਬੀਲੇ ਦੇ ਲੋਕ ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸ ਵਿੱਚ ਵੀ ਵਿਸ਼ਵਾਸ ਰੱਖਦੇ ਹਨ

ਬੌਰੀਆ ਕਬੀਲੇ ਦੇ ਕੰਮ

ਸੋਧੋ

ਇਨ੍ਹਾਂ ਦਾ ਵੱਡਾ ਕੰਮ ਰੱਸੀਆਂ ਵੱਟਣੀਆਂ, ਭੇਡਾਂ ਬੱਕਰੀਆਂ ਦੇ ਇੱਜੜ ਪਾਲਣੇ ਅਤੇ ਜੰਗਲੀ ਜਾਨਵਰਾਂ ਦੀ ਚਰਬੀ ਵਿਚੋਂ ਤੇਲ ਕੱਢ ਕੇ ਵੇਚਣਾ ਹੈ। ਜੰਗਲੀ ਜਾਨਵਰਾਂ ਦੀਆਂ ਖੱਲਾਂ ਵੀ ਸੁਕਾ ਕੇ ਵੇਚ ਲੈਂਦੇ ਸਨ। ਜਿਹੜੇ ਬੌਰੀਏ ਪਿੰਡਾਂ ਵਿੱਚ ਰਹਿਣ ਲਗ ਪਏ ਹਨ, ਉਹ ਗਾਈਆਂ, ਮੱਝਾਂ ਤੇ ਬੱਕਰੀਆਂ ਤੇ ਲਵੇਰੇ ਰੱਖਦੇ ਹਨ। ਇਹ ਕੁਝ ਜਾਤਾਂ ਹਿੱਸੇ ਠੇਕੇ ਤੇ ਜ਼ਮੀਨ ਲੈ ਕੇ ਵਾਹੀ ਕਰਨ ਲਗ ਪਈਆਂ ਹਨ। ਇਸ ਕਬੀਲੇ ਦਾ ਆਪਣਾ ਇੱਕ ਧਰਮ-ਪ੍ਰਬੰਧ ਹੈ।

ਬੌਰੀਆ ਕਬੀਲੇ ਦੀਆਂ ਰਸਮਾਂ

ਸੋਧੋ
  • ਜਨਮ ਦੀਆਂ ਰਸਮਾਂ:ਬੌਰੀਆ ਕਬੀਲੇ ਵਿੱਚ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਬੱਚੇ ਨੂੰ ਕਬੀਲਾ ਦਾਈ ਦੁਆਰਾ ਨੁਹਾ-ਸੰਵਾਰ ਕੇ ਪਰਿਵਾਰ ਵਿਚੋਂ ਕਿਸੇ ਵਡੇਰੇ ਦੇ ਪੁਰਾਣੇ ਕੱਪੜਿਆਂ ਵਿੱਚ ਲਪੇਟ ਦਿੱਤਾ ਜਾਂਦਾ ਹੈ। ਬੌਰੀਆ ਕਬੀਲੇ ਵਿੱਚ ਬੱਚੇ ਦੇ ਪੈਦਾ ਹੋਣ ਦੀ ਸੂਰਤ ਵਿੱਚ ਘਰ ਅੱਗੇ ਸ਼ਰੀਂਹ ਜਾਂ ਅੰਬ ਦੇ ਪੱਤੇ ਬੰਨ੍ਹੇ ਜਾਂਦੇ ਹਨ। ਇਸ ਤੋਂ ਇਲਾਵਾ ਗੁੜ੍ਹਤੀ ਦੇਣ ਦੀ ਰਸਮ, ਵਧਾਉਣ ਦੀ ਰਸਮ, ਖੂਹ ਪੂਜਾ ਦੀ ਰਸਮ, ਸੂਰਜ ਦਿਖਾਉਣ ਦੀ ਰਸਮ ਆਦਿ ਪ੍ਰਚੱਲਿਤ ਹਨ।
  • ਵਿਆਹ ਦੀਆਂ ਰਸਮਾਂ:ਬੌਰੀਆ ਕਬੀਲੇ ਵਿੱਚ ਸੁਜਾਤੀ ਵਿਆਹ ਦਾ ਪ੍ਚਲਨ ਹੈ। ਇਹ ਵਿਆਹ 'ਮਾਂ ਦਾ ਗੋਤਰ' ਛੱਡ ਕੇ ਹੋਰ ਕਿਸੇ ਵੀ ਸੰਬੰਧਿਤ 'ਗੋਤਰ' ਵਿੱਚ ਸਿਰੇ ਚੜ੍ਹ ਸਕਦਾ ਹੈ। ਬੌਰੀਆ ਕਬੀਲੇ ਵਿੱਚ ਮੰਗਣੀ ਦੀ ਰਸਮ, ਸਿਰ ਕੱਜਣ ਦੀ ਰਸਮ, ਪਗੜੀ ਬੰਨ੍ਹਣ ਦੀ ਰਸਮ, ਹੋਆਂ ਦੀ ਰਸਮ, ਗਾਨਾ ਬੰਨ੍ਹਣ ਦੀ ਰਸਮ, ਖਾਰੇ ਦੀ ਰਸਮ, ਮਈਆਂ ਦੀ ਰਸਮ, ਸ਼ੀਰਨੀ ਦੀ ਰਸਮ, ਖੱਟ ਦੀ ਰਸਮ ਆਦਿ ਵਿਆਹ ਨਾਲ ਸੰਬੰਧਿਤ ਪ੍ਚੱਲਿਤ ਹਨ। ਵਿਆਹ ਤੋਂ ਬਾਅਦ ਮੁੰਡੇ ਦੇ ਘਰ ਗੋਤ ਕਨਾਲਾ ਕਰਨ ਤੋਂ ਬਾਅਦ 'ਮੂੰਏ' ਲਈ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ।[9]
  • ਮੌਤ ਦੀਆਂ ਰਸਮਾਂ:ਬੌਰੀਆ ਕਬੀਲੇ ਵਿੱਚ ਕੁਦਰਤੀ ਮੌਤ ਮਰਨ ਵਾਲੇ ਬਜ਼ੁਰਗਾਂ ਦਾ ਆਖਰੀ ਸਾਹਾਂ ਵੇਲੇ ਧਰਤੀ 'ਤੇ ਆਸਣ ਕਰ ਦਿੱਤਾ ਜਾਂਦਾ ਹੈ। ਆਖਰੀ ਘੜੀ ਵਿੱਚ ਮਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਮਰਨ ਵਾਲੇ ਵਿਅਕਤੀ ਨੂੰ 'ਚੁਲੀ' ਦੇਣ ਦੀ ਰਸਮ ਅਦਾ ਕਰਦੇ ਹਨ। ਇਸ ਰਸਮ ਵਿੱਚ ਬੌਰੀਆ ਕਬੀਲੇ ਦੇ ਲੋਕ ਮਰ ਰਹੇ ਵਿਅਕਤੀ ਦੇ ਮੂੰਹ ਵਿੱਚ 'ਗੰਗਾ-ਜਲ'ਪਾਉਂਦੇ ਹਨ।ਗੰਗਾ ਜਲ ਨੂੰ ਬੌਰੀਆ ਲੋਕ 'ਮੁਕਤੀ' ਦਾ ਪ੍ਤੀਕ ਸਮਝਦੇ ਹਨ। ਇਸ ਕਬੀਲੇ ਵਿੱਚ ਮ੍ਰਿਤਕ ਦੇਹ ਨੂੰ ਹੇਠਾਂ ਉਤਾਰਨ ਦੀ ਰਸਮ, ਸੋਗ ਦੀ ਰਸਮ, ਚੁਲ੍ਹਾ ਠੰਢਾ ਰੱਖਣ ਦੀ ਰਸਮ, ਦਾਹ ਸੰਸਕਾਰ ਦੀ ਰਸਮ, ਆਤਮ ਸ਼ੁੱਧੀ ਦੀ ਰਸਮ, ਫੁੱਲ ਚੁਗਣ ਦੀ ਰਸਮ, ਬਾਹਰੇ ਦੀ ਰਸਮ ਆਦਿ ਮੌਤ ਨਾਲ ਸੰਬੰਧਿਤ ਰਸਮਾਂ ਪ੍ਰਚੱਲਿਤ ਹਨ।[10]

ਹਵਾਲੇ

ਸੋਧੋ
  1. ਦਰਿਆ,ਪੰਜਾਬ ਦੇ ਸਾਂਸੀ ਕਬੀਲੇ ਦਾ ਸੱਭਿਆਚਾਰ,ਲੋਕ ਸਾਹਿਤ ਪ੍ਰਕਾਸ਼ਨ,ਅੰਮ੍ਰਿਤਸਰ,1997,ਪੰਨਾ ਨੰ 11
  2. ਹਰਿੰਦਰ ਸਿੰਘ(ਡਾ.), ਪੰਜਾਬ ਦੇ ਬੋਰੀਆ ਕਬੀਲੇ ਦਾ ਸੱਭਿਆਚਾਰ,ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2015,ਪੰਨਾ ਨੰ-16
  3. 3.0 3.1 ਡਾ.ਕਰਨੈਲ ਸਿੰਘ ਥਿੰਦ,ਪੰਜਾਬ ਦਾ ਲੋਕ ਵਿਰਸਾ,ਪੰਨਾ ਨੰ:35-36
  4. ਕਿਰਪਾਲ ਕਜ਼ਾਕ,ਪੰਜਾਬ ਦੇ ਟੱਪਰੀਵਾਸ ਸਿਕਲੀਗਰ ਕਬੀਲੇ ਦਾ ਸੱਭਿਆਚਾਰ,ਪੰਨਾ ਨੰ:46-47
  5. ਡਾ.ਮੋਹਨ ਤਿਆਗੀ,ਪੰਜਾਬ ਦੇ ਖਾਨਾਬਦੋਸ਼ ਕਬੀਲੇ(ਸੱਭਿਆਚਾਰ ਅਤੇ ਲੋਕ ਵਿਰਸਾ),ਪੰਨਾ ਨੰ:59-60
  6. ਕਿਰਪਾਲ ਕਜ਼ਾਕ, ਪੰਜਾਬ ਦੇ ਟੱਪਰੀਵਾਸ ਸਿਕਲੀਗਰ ਕਬੀਲੇ ਦਾ ਸੱਭਿਆਚਾਰ,ਪੰਨਾ ਨੰ:145
  7. ਡਾ.ਮੋਹਨ ਤਿਆਗੀ, ਪੰਜਾਬ ਦਾ ਲੋਕ ਵਿਰਸਾ,ਪੰਨਾ ਨੰ:61-62
  8. ਡਾ.ਮੋਹਨ ਤਿਆਗੀ, ਪੰਜਾਬ ਦੇ ਖਾਨਾਬਦੋਸ਼ ਕਬੀਲੇ(ਸੱਭਿਆਚਾਰ ਅਤੇ ਲੋਕ ਜੀਵਨ)ਪੰਨਾ ਨੰ:126-128
  9. ਡਾ.ਦਰਿਆ,ਪੰਜਾਬ ਦੇ ਕਬੀਲੇ(ਅਤੀਤ ਤੇ ਵਰਤਮਾਨ)ਪੰਨਾ ਨੰ:44-45
  10. ਡਾ.ਮੋਹਨ ਤਿਆਗੀ, ਪੰਜਾਬ ਦੇ ਖਾਨਾਬਦੋਸ਼ ਕਬੀਲੇ(ਸੱਭਿਆਚਾਰ ਅਤੇ ਲੋਕ ਜੀਵਨ)ਪੰਨਾ ਨੰ:142-151