ਕਰੁਣਾ ਰਸ

ਰਸ ਦੀ ਕਿਸਮ

ਕਰੁਣਾ ਰਸ ਸਿਧਾਂਤ ਬਾਰੇ ਆਚਾਰੀਆ ਵਿਸ਼ਵਨਾਥ ਨੇ ਲਿਖਿਆ ਹੈ ਕਿ ਜਦੋਂ ਕਿਸੇ ਮਨਚਾਹੀ ਵਸਤੂ ਦੀ ਹਾਨੀ ਹੋ ਜਾਵੇ, ਉਹ ਵਸਤੂ ਪ੍ਰਾਪਤ ਨਾ ਹੋਵੇ ਜੋ ਵਿਆਕਤੀ ਚਾਹੁੰਦਾ ਹੈ ਤਾ ਕਰੁਣਾ ਰਸ ਉਤਪੰਨ ਹੁੰਦਾ ਹੈ। ਇਸ ਦਾ ਸਥਾਈ ਭਾਵ ਸ਼ੋਕ ਹੈ। ਮਨਚਾਹੀਆਂ ਵਸਤੂਆਂ ਦੀ ਪ੍ਰਾਪਤੀ ਨਾ ਹੋਣ ਕਾਰਣ ਜੋ ਸ਼ੋਕ ਜਾ ਦੁੱਖ ਪੈਦਾ ਹੁੰਦਾ ਹੈ ਉਹ ਕਰੁਣਾ ਰਸ ਹੁੰਦਾ ਹੈ।[1] ਪ੍ਰੀਤਮਾਨ ਦਾ ਨਾਸ਼, ਪ੍ਰੀਤਮ ਦਾ ਵਿਯੋਗ, ਧਨ ਦਾ ਨੁਕਸਾਨ, ਹੱਤਿਆ ਆਦਿ ਇਸਦੇ ਆਲੰਬਨ ਵਿਭਾਵ ਹਨ। ਪ੍ਰਿਯ ਵਸਤੂ ਦੀ ਯਾਦ, ਪ੍ਰੀਤਮਾਨ ਦੇ ਗੁਣਾਂ ਦਾ ਵਰਣਨ, ਬਸਤਰ, ਗਹਿਣੇ, ਚਿੱਤਰ, ਕਟਾਕਸ਼ ਦੀ ਕਲਪਨਾ, ਦੁੱਖ ਦੀ ਅਵਸਥਾ ਆਦਿ ਇਸਦੇ ਉਦੀਪਨ ਵਿਭਾਵ ਹਨ। ਹੰਝੂਆਂ ਦਾ ਵਹਾਉਣਾ, ਹਉਕੇ ਭਰਨਾ, ਹਿੱਕ ਪਿਟਣਾ, ਧਰਤੀ ’ਤੇ ਡਿੱਗਣਾ, ਵਿਰਲਾਪ, ਰੱਬ ਨੂੰ ਕੋਸਣਾ ਆਦਿ ਇਸਦੇ ਅਨੁਭਾਵ ਹਨ। ਗਲਾਨੀ, ਚਿੰਤਾ, ਉਤਸਕਤਾ, ਆਵੇਗ, ਮੋਹ, ਭੈਅ, ਦੀਨਤਾ, ਕਾਂਬਾ, ਰੋਮਾਂਚ, ਗਲਾ ਭਰਨਾ ਆਦਿ ਕਰੁਣਾ ਰਸ ਦੇ ਸੰਚਾਰੀ ਭਾਵ ਹਨ[2]

ਉਦਾਹਰਣ:-

ਦੁੱਧੀਆਂ ਨਾਲ ਪਲਮਦੇ ਬੱਚੇ
ਕੰਮੀਂ ਰੁੱਝੀਆਂ ਮਾਂਵਾਂ
ਅੱਖਾਂ ਦੇ ਵਿੱਚ ਛਲਕਣ ਅਥਰੂ
ਹਿੱਕਾਂ ਦੇ ਵਿੱਚ ਆਹਾਂ।

ਇੱਥੇ ਮਜ਼ਦੂਰ ਇਸਤਰੀਆਂ ਆਲੰਬਨ ਵਿਭਾਵ ਹਨ, ਦੁੱਧੀਆਂ ਨਾਲ ਪਲਮਣਾ ਉੱਦੀਪਨ ਹੈ, ਹੰਝੂਆਂ ਦਾ ਛਲਕਣਾ ਅਨੁਭਾਵ ਹੈ, ਚਿੰਤਾ, ਆਲਸ, ਸੰਚਾਰੀ ਭਾਵ ਹਨ। ਇਉਂ ਸ਼ੋਕ ਸਥਾਈ ਭਾਵ 'ਕਰੁਣਾ ਰਸ' ਵਿੱਚ ਪ੍ਰਗਟ ਹੈ।[3] ਆਚਾਰੀਆ ਨੇ ਕਰੁਣਾ ਰਸ ਦੇ ਸੁਭਾ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਹੈ। ਸੁਆਲ ਪੈਦਾ ਹੁੰਦਾ ਹੈ ਕਿ ਕਰੁਣਾਮਈ ਦ੍ਰਿਸ਼ ਤੋਂ ਭਾਵੁਕ ਦਰਸ਼ਕ ਇਤਨਾ ਪ੍ਰਭਾਵਿਤ ਹੋ ਸਕਦਾ ਹੈ ਕਿ ਉਸਦੇ ਹੰਝੂ ਵਹਿ ਤੁਰਣ। ਕਿ ਇਹ ਹੰਝੂ ਦੁੱਖ ਦੇ ਸੂਚਕ ਹਨ ਜਾਂ ਸੁੱਖ ਦੇ ਅਰਥਾਤ ਜਿਸ ਕਰੁਣ ਰਸ ਵਿਚ ਰੁਦਨ ਦੀ ਪ੍ਰਧਾਨਤਾ ਹੈ ਤਾਂ ਉਸ ਵਿਚ ਇੱਕ ਆਨੰਦ, ਇੱਕ ਸੁਆਦ ਕਿਵੇਂ ਗ੍ਰਹਿਣ ਕੀਤਾ ਜਾ ਸਕਦਾ ਹੈ। ਇਸ ਸੰਬੰਧ ਵਿਚ ਅਚਾਰੀਆਂ ਦੇ ਦੋ ਮਤ ਹਨ:

'ਨਾਟਯ-ਦਰਪਣ' ਦੇ ਕਰਤਾ ਰਾਮਚੰਦ੍ ਦੇ ਅਨੁਸਾਰ ਕਰੁਣ ਰਸ ਆਨੰਦ ਸ੍ਵਰੂਪ ਨਹੀਂ ਹੈ। ਭੋਜਰਾਜ ਨੇ 'ਸ੍ਰਿੰਗਾਰ ਪ੍ਰਕਾਸ਼' ਵਿੱਚ 'ਰਸਾ ਹਿ ਸੁਖ ਦੁ:ਖ ਰੂਪਾ' ਕਹਿਕੇ  ਕਰੁਣਾ ਨੂੰ ਖਾਸ ਕਰਕੇ ਸੁਖਮਈ  ਅਤੇ ਦੁੱਖਮਈ ਦੋਹਾਂ ਰੂਪਾਂ ਵਾਲਾ ਦਰਸਾਇਆ ਹੈ। ਪਰੰਤੂ ਗੁਣਚੰਦ੍ ਕਰੁਣਾ ਰਸ ਨੂੰ ਕੇਵਲ ਦੁਖਾਂਤਮਕ ਲਿਖਦੇ ਹਨ। ਲੋਕਾਂ ਦੀ ਕਰੁਣ ਪ੍ਰਧਾਨ ਰੁਚੀ ਦਾ ਜੋ ਕਾਰਣ ਹੈ ਉਸਦੇ ਬਾਰੇ ਵੀ ਗੁਣਚੰਦ੍ ਨੇ ਲਿਖਿਆ ਹੈ ਕਿ ਇਸ ਰੁਚੀ ਦਾ ਕਾਰਨ ਨਟ ਜਾ ਕਵੀ ਦੀ ਚਤੁਰਤਾ(ਕੌਸ਼ਲ) ਹੈ। ਕਵੀ ਅਪਣੀ ਸ਼ਕਤੀ ਨਾਲ ਵਰਣਨ ਵਿਚ ਚਮਤਕਾਰ ਉਤਪੰਨ ਕਰ ਦੇੰਦਾ ਹੈ ਅਤੇ ਨਟ ਆਪਣੇ ਐਕਟਿੰਗ ਦੇ ਰਾਹੀਂ ਉਸ ਵਰਣਨ ਨੂੰ ਹੋਰ ਚਮਤਕਾਰੀ ਬਣਾ ਦੇਂਦਾ ਹੈ।

ਭੱਟਨਾਯਕ ਨੇ ਕਰੁਣ ਨੂੰ ਆਨੰਦ ਰੂਪ ਵਿੱਚ ਮੰਨਿਆ ਅਤੇ ਉਸਦਾ ਹਲ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਨਾਟਕ ਵਿੱਚ ਪੇਸ਼ ਕੀਤੇ ਗਏ ਵਰਣਨ, ਵਿਅਕਤੀ, ਪਾਤ੍ ਸਾਰੇ ਹੀ ਮੇਰ-ਤੇਰ(ਅਪੱਣਤ, ਪਰਾਏਪਣ) ਨੂੰ ਛੱਡ ਕੇ ਸਰਬ-ਸਾਂਝੇ ਹੋ ਜਾਂਦੇ ਹਨ ਅਰਥਾਤ ਸਧਾਰਣੀਕਰਣ ਰਾਹੀਂ ਲੋਕਾਚਾਰਕ ਸੰਬੰਧ ਟੁੱਟ ਜਾਂਦੇ ਹਨ। ਉਦੋਂ ਰਜੋਗੁਣ ਤੇ ਤਮੋਗੁਣ ਦੋਵੇਂ ਸ਼ਾਂਤ ਹੋ ਜਾਂਦੇ ਹਨ ਅਤੇ ਸਤੋਗੁਣ ਦੀ ਪ੍ਰਧਾਨਤਾ ਹੋ ਜਾਂਦੀ ਹੈ। ਸਤੋਗੁਣ ਦੀ ਬਹੁਲਤਾ ਕਰਕੇ ਕਰੁਣ ਰਸ ਦਾ ਬਾਹਰਲਾ ਦੁੱਖ ਵੀ ਆਨੰਦ-ਸਰੂਪ ਹੋ ਨਿਬੜਦਾ ਹੈ। ਦਿਸਦੇ-ਪਿਸਦੇ ਸੰਸਾਰ ਵਿੱਚ ਜੋ ਕੰਮ ਦੁਖਦਾਈ ਲੱਗਦੇ ਹਨ, ਕਾਵਿ-ਨਾਟਕ ਵਿਚ ਉਹ ਅਲੌਕਿਕ ਰੂਪ ਧਾਰ ਕੇ ਆਨੰਦ-ਸਰੂਪ ਹੋ ਜਾਂਦੇ ਹਨ।

ਅਭਿਨਵ ਗੁਪਤ ਨੇ ਕਰੁਣ ਰਸ ਵਿਚ ਆਨੰਦ ਦਾ ਕਾਰਣ ਚਿੱਤ ਦੀ ਸ਼ਾਂਤੀ ਅਤੇ ਇਕਾਗ੍ਤਾ ਨੂੰ ਮੰਨਿਆ ਹੈ। ਨਵੇਂ-ਨਰੋਏ ਚਿੱਤ ਦੇ ਸਾਰੇ ਅਨੁਭਵ ਸੁੱਖ-ਪ੍ਰਧਾਨ ਅਤੇ ਸੁੱਖ-ਰੂਪ ਹੁੰਦੇ ਹਨ। ਹਿਰਦੇ ਦੇ ਸ਼ਾਂਤ ਅਤੇ ਵਿਘਨਾਂ ਤੋਂ ਰਹਿਤ ਹੋਣਾ ਹੀ ਆਨੰਦ ਦਾ ਕਾਰਣ ਹੈ।


'ਸਾਹਿਤਯ ਦਰਪਣ' ਦੇ ਕਰਤਾ ਵਿਸ਼ਵਨਾਥ ਨੇ ਕਰੁਣ ਦੇ ਸੁੱਖ - ਰੂਪ ਹੋਣ ਵਿੱਚ ਹੇਠ ਲਿਖੀਆਂ ਦਲੀਲਾਂ ਦਾ ਸਹਾਰਾ ਲਿਆ:

  • ਸੂਝਵਾਨ ਵਿਅਕਤੀਆਂ ਦਾ ਅਨੁਭਵ ਦੱਸਦਾ ਹੈ ਕਿ ਕਰੁਣਾ ਰਸ ਸੁਖਾਤਮਕ ਹੈ ਕਿਉਂਕਿ ਜੇ ਕਰੁਣ ਵਿਚ ਦੁੱਖ ਹੀ ਮਿਲਦਾ ਤਾਂ ਉਸਨੂੰ ਵੇਖਣ ਲਈ ਕੋਈ ਕਿਉਂ ਜਾਂਦਾ ?
  • ਦੁੱਖ ਦੇ ਕਾਰਣਾਂ ਤੋਂ ਵੀ ਸੁੱਖ ਦੀ ਉਤਪੱਤੀ ਸੰਭਵ ਹੈ ਕਿਉਂਕਿ ਰਸ ਦੇ ਕਾਰਣ (ਵਿਭਾਵ) ਸੰਸਾਰਿਕ ਕਾਰਣਾਂ ਤੋਂ ਵਿਲੱਖਣ ਹੁੰਦੇ ਹਨ।
  • ਕਰੁਣ ਪ੍ਰਧਾਨ ਨਾਟਕ ਵੇਖਣ ਤੋਂ ਜਿਹੜੇ ਹੰਝੂ ਉਮ੍ਹਲਦੇ ਹਨ ਉਹਨਾਂ ਦਾ ਕਾਰਣ ਕਰੁਣ ਦਾ ਦੁੱਖ-ਰੂਪ ਹੋਣਾ ਨਹੀਂ ਹੈ ਸਗੋਂ ਉਸ ਵੇਲੇ ਦਿਲ ਦੇ ਪਿਘਲਣ ਕਰਕੇ ਅਜੇਹਾ ਹੁੰਦਾ ਹੈ। ਦਿਲ ਦਾ ਦ੍ਰਵੀਭੂਤ ਹੋਣਾ ਆਨੰਦ ਜਾਂ ਸੁੱਖ ਵੇਲੇ ਹੀ ਸੰਭਵ ਹੈ।


ਹਵਾਲੇ

ਸੋਧੋ
  1. ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ (2012). ਭਾਰਤੀ ਕਾਵਿ-ਸ਼ਾਸਤ੍ਰ. ਮਦਾਨ ਪਬਲੀਕੇਸ਼ਨ, ਪਟਿਆਲਾ.
  2. ਸਿੰਘ, ਡਾ. ਪੇ੍ਮ ਪ੍ਕਾਸ਼ (1998). ਭਾਰਤੀ ਕਾਵਿ- ਸ਼ਾਸਤਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 234. ISBN 81-7647-018-x. {{cite book}}: Check |isbn= value: invalid character (help)
  3. ਸਿੰਘ, ਡਾ.ਪੇ੍ਮ ਪ੍ਕਾਸ਼ (1998). ਭਾਰਤੀ ਕਾਵਿ- ਸ਼ਾਸਤਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. pp. 240–241. ISBN 81-7647-018-x. {{cite book}}: Check |isbn= value: invalid character (help)