ਨਾਟਕ (ਥੀਏਟਰ)
ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ।[1] ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸ ਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸ ਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ।
ਨਾਟਕ ਕੋਈ ਨਵੀਨ ਸਾਹਿਤ ਰੂਪ ਨਹੀਂ। ਮਨੁੱਖ ਨੇ ਜਦੋਂ ਬੋਲਣਾ ਵੀ ਨਹੀਂ ਸੀ ਸਿੱਖਿਆ, ਓਦੋਂ ਵੀ ਉਹ ਆਪਣੇ ਹਾਵ-ਭਾਵ, ਕਾਰਜ (action), ਨਕਲ (imitation) ਅਤੇ ਅਦਾਵਾਂ (gestures) ਰਾਹੀਂ ਪ੍ਰਗਟ ਕਰਦਾ ਸੀ। ਇਹ ਤਿੰਨੇ ਕਰਮ ਹੀ ਨਾਟਕ ਕਲਾ ਦੇ ਬੁਨਿਆਦੀ ਤੱਤ ਹਨ। ਸੰਸਕ੍ਰਿਤ ਅਤੇ ਯੂਨਾਨੀ ਸਾਹਿਤ ਵਿੱਚ ਰਚੇ ਨਾਟਕ ਵਿਸ਼ਵ ਸਾਹਿਤ ਦਾ ਮਹੱਤਵਪੂਰਨ ਅੰਗ ਹਨ।
ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘Dran’ ਤੋਂ ਨਿਕਲਿਆ ਹੈ, ਜਿਸਦਾ ਅਰਥ ‘To do’ (inaction) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ।
ਨਾਟਕਕਾਰ ਮੌਲਿਕ ਲੇਖਕ ਦੇ ਨਾਲ-ਨਾਲ ਕਰਾਫ਼ਟਮੈਨ ਵੀ ਹੈ। ਇਸੇ ਲਈ ਅੰਗਰੇਜ਼ੀ ਵਿੱਚ ਨਾਟਕਕਾਰ ਲਈ ‘ਪਲੇਰਾਈਟ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ‘ਨਾਟਕ ਘੜਨ ਵਾਲਾ’ ਦੇ ਹਨ। ਅੰਗਰੇਜ਼ੀ ਵਿੱਚ ‘ਡਰਾਮਾ’ ਦੇ ਬਰਾਬਰ ਦਾ ਇੱਕ ਸ਼ਬਦ ‘ਪਲੇ’ (play) ਹੈ, ਜੋ ਭਾਰਤੀ ਸ਼ਬਦ ‘ਰੂਪਕ’ ਨਾਲ ਮਿਲਦਾ ਹੈ। ‘ਡਰਾਮੇ’ ਅਤੇ ‘ਪਲੇ’ ਵਿੱਚ ਸੂਖਮ ਅੰਤਰ ਹੈ।
ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ।
ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ।
ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ।
ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ।
ਨਾਟਕ ਦੇ ਲੱਛਣ:- 1. ਨਾਟਕ ਨਿਰਾ ਦ੍ਰਿਸ਼ ਨਹੀਂ 2. ਨਾਟਕ ਦਾ ਮੂਲ ਆਧਾਰ ਜੀਵਨ 3. ਨਾਟਕ ਜੀਵਨ ਦਾ ਪ੍ਤਿਬਿੰਬ ਹੈ (reflection of life) 4. ਟੱਕਰ,ਗੁੰਝਲ ਨਾਟਕ ਲਈ ਜਰੂਰੀ
ਨਾਟਕ ਦੇ ਤੱਤ:- ਵਿਸ਼ਾ, ਉਦੇਸ਼, ਪਲਾਟ, ਚਰਿੱਤਰ ਚਿਤਰਣ, ਸੰਵਾਦ, ਵਾਤਾਵਰਣ, ਸ਼ੈਲੀ, ਰੰਗ ਮੰਚ ਆਦਿ
ਨਾਟਕ ਦੇ ਰੂਪ
ਸੋਧੋਇਕਾਂਗੀ ਨਾਟਕ
ਸੋਧੋਇਕਾਂਗੀ ਨਾਟਕ ਤੋਂ ਭਾਵ ਇੱਕ ਅੰਗ ਵਿੱਚ ਰੰਗਮੰਚ ਤੇ ਪੇਸ਼ ਕੀਤੀ ਗਈ ਝਾਕੀ ਜਿਸ ਵਿੱਚ ਨਾਟਕ ਦੀਆਂ ਘਟਨਾਵਾਂ ਇੱਕ ਹੀ ਸਥਾਨ ਤੇ ਵਾਪਰਦੀਆਂ ਹਨ। ਇਕਾਂਗੀ ਅਤੇ ਨਾਟਕ ਦੋਵੇਂ ਇੱਕ ਦੂਜੇ ਤੋਂ ਵੱਖ ਹਨ। ਇਕਾਂਗੀ ਨਾਟਕ ਦਾ ਇੱਕ ਭਾਗ ਹੈ ਜਿਸ ਵਿੱਚ ਨਾਟਕ ਦੇ ਸਾਦੇ ਤੱਤ ਮੌਜੂਦ ਹੁੰਦੇ ਹਨ ਪਰ ਇਕਾਂਗੀ ਨਾਟਕ ਤੋਂ ਆਕਾਰ ਵਿੱਚ ਛੋਟੀ ਹੁੰਦੀ ਹੈ ਇਕਾਂਗੀ ਦਾ ਸਮਾਂ ਲਗਭਗ 45 ਮਿੰਟ ਨਿਸਚਿਤ ਕੀਤਾ ਗਿਆ ਹੈ ਪਰ ਵਰਤਮਾਨ ਸਮੇਂ ਵਿੱਚ ਇਕਾਂਗੀ ਨੂੰ 20 -25 ਮਿੰਟਾ ਦੇ ਵਿੱਚ ਰੰਗਮੰਚ ਤੇ ਪਾਤਰਾਂ ਰਾਹੀਂ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ। ਇਕਾਂਗੀ ਦਾ ਆਕਾਰ ਨਿੱਕਾ ਹੋਣ ਕਰਕੇ ਇਹ ਦਰਸ਼ਕਾਂ ਦੀ ਹਰਮਨ ਪਿਆਰੀ ਵੰਨਗੀ ਸਿੱਧ ਹੋਈ ਹੈ। ਇਕਾਂਗੀ ਜੀਵਨ ਦੀ ਕਿਸੇ ਇੱਕ ਘਟਨਾ ਨੂੰ ਪਾਤਰਾਂ ਦੇ ਸਮੂਹ ਦੁਆਰਾ ਰੰਗਮੰਚ ਤੇ ਪੇਸ਼ ਕੀਤੀ ਜਾਂਦੀ ਹੈ। ਜਿਸ ਵਿੱਚ ਪਾਤਰਾਂ ਦੇ ਸੰਘਰਸ਼ ਦੁਆਰਾ ਕਿਸੇ ਸਮੱਸਿਆਂ ਨੂੰ ਹੱਲ ਕੀਤਾ ਜਾਂਦਾ ਹੈ ਅਤੇ ਦਰਸ਼ਕ ਵਰਗ ਨੂੰ ਸਿੱਖਿਆ ਦਿੱਤੀ ਜਾਂਦੀ ਹੈ। ਪ੍ਰੋ. ਪਿਆਰਾ ਸਿੰਘ ਅਨੁਸਾਰ, i. ਇਕਾਂਗੀ ਆਕਾਰ ਵਿੱਚ ਸੰਖੇਪ ਹੋਣੀ ਚਾਹੀਦੀ ਹੈ। ii. ਇਹ ਅੱਧੇ ਜਾਂ ਪੌਣੇ ਘੰਟੇ ਦੇ ਸਮੇਂ ਵਿੱਚ ਸਮਾਪਤ ਹੋਣੀ ਚਾਹੀਦੀ ਹੈ। iii. ਇਸ ਵਿੱਚ ਜੀਵਨ ਦੀ ਕਿਸੇ ਇੱਕ ਮੂਲ ਸਮੱਸਿਆਂ ਘਟਨਾ, ਵਿਚਾਰ ਦੇ ਕਿਸੇ ਖ਼ਾਸ ਪਲ ਨੂੰ ਇਸ ਢੰਗ ਨਾਲ ਪੇਸ਼ ਕਰਨਾ ਚਾਹੀਦਾ ਹੈ ਕਿ ਦਰਸ਼ਕ ਇਸ ਤੋਂ ਪ੍ਰਭਾਵਿਤ ਹੋ ਸਕੇ। iv. ਇਕਾਂਗੀਕਾਰ ਆਪਣੀ ਅਨੁਭੂਤੀ ਤੇ ਪ੍ਰਗਟਾਅ ਵਿੱਚ ਸਮਾਨਯੋਜਕ ਸਥਾਪਤ ਕਰੇ। v. ਇਸ ਵਿੱਚ ਪਾਤਰਾਂ, ਘਟਨਾਵਾਂ, ਤੇ ਪ੍ਰਸੰਗਾਂ ਦੀ ਗਿਣਤੀ ਵਧੇਰੇ ਨਹੀਂ ਹੋਣੀ ਚਾਹੀਦੀ। vi. ਇਸ ਦੀ ਅਦਾਕਾਰੀ ਉੱਚ ਦਰਜ਼ੇ ਦੀ ਹੋਵੇ। vii. ਇਸ ਵਿੱਚ ਰੰਗ ਸੰਕਤਾ ਦੀ ਵਰਤੋਂ ਵਿੱਚ ਸੱਪਸ਼ਟਤਾ ਜ਼ਰੂਰੀ ਹੈ।
ਪੂਰਾ ਨਾਟਕ
ਸੋਧੋਪੂਰੇ ਨਾਟਕ ਵਿੱਚ ਘਟਨਾਵਾਂ ਸਿਰਜੀਆਂ ਜਾਂਦੀਆਂ ਹਨ ਜਿਹਨਾਂ ਦੀ ਦ੍ਰਿਸ਼ਗਤ ਵਰਗ ਵੰਡ ਕਰਕੇ ਅਭਿਨੇਤਾਵਾਂ ਦੁਆਰਾ ਰੰਗਮੰਚ ਉੱਪਰ ਅੰਕਾ ਵਿੱਚ ਪੂਰਾ ਨਾਟਕ ਪੇਸ਼ ਕੀਤਾ ਜਾਂਦਾ ਹੈ। ਪੂਰਾ ਨਾਟਕ ਨਾਟਕ ਦੇ ਬਾਕੀ ਰੂਪਾ ਵਾਂਗ ਸਾਂਝੇ ਤੱਤਾ ਵਾਲਾ ਹੀ ਹੁੰਦਾ ਹੈ ਪੂਰੇ ਨਾਟਕ ਵਿੱਚ ਅਭਿਨੇਤਾਵਾਂ ਦੁਆਰਾ ਜੀਵਨ ਦੇ ਅਨੁਕਰਨ ਨੂੰ ਪੇਸ਼ ਕੀਤਾ ਜਾਂਦਾ ਹੈ ਜੋ ਪਾਤਰਾਂ ਦੁਆਰਾ ਬਿਆਨ ਕੀਤੀ ਜਾਂਦੀ ਕਹਾਣੀ ਨੂੰ ਸਿਖਰਾਂ ਦੀ ਨੋਕ ਤੱਕ ਪਹੰਚੁਣ ਤੋਂ ਬਾਅਦ ਇੱਕ ਦਮਕਹਾਣੀ ਦਾ ਵਹਾਅ ਥੱਲੇ ਡਿਗੱਦਾ ਹੈ ਜਿਸ ਨਾਲ ਸਾਰੀਆਂ ਗੁੰਝਲਾਂ ਸੁਲਝ ਜਾਂਦੀਆਂ ਹਨ। ਪੂਰੇ ਨਾਟਕ ਵਿੱਚ ਵੱਡੀਆਂ ਘਟਨਾਵਾਂ ਸਿਰਜੀਆਂ ਜਾਂਦੀਆਂ ਹਨ ਜਿਸ ਵਿੱਚ ਦੋ ਨਿੱਕੀਆਂ-ਨਿੱਕੀਆਂ ਘਟਨਾਵਾਂ ਵੱਡੀ ਘਟਨਾ ਨਾਲ ਪਾਤਰਾਂ ਨੂੰ ਜੋੜਦੀਆਂ ਹਨ ਅਤੇ ਨਾਟਕ ਵਿੱਚ ਗੁੰਝਲਤਾ ਅਤੇ ਰੌਚਕਤਾ ਪੈਦਾ ਕਰਦੀਆਂ ਹਨ। ਪੂਰੇ ਨਾਟਕ ਵਿੱਚ ਸਮਾਜ ਦੀਆਂ ਆਰਥਿਕ, ਰਾਜਨੀਤਿਕ ਤੇ ਸਮਾਜਿਕ ਸਮੱਸਿਆਂ ਨੂੰ ਬਾਖ਼ੂਬੀ ਢੰਗ ਨਾਲ ਬਹੁ-ਝਾਕੀਆਂ ਦੁਆਰਾ ਪੇਸ਼ ਕੀਤਾ ਜਾ ਸਕਦਾ ਹੈ। ਆਧੁਨਿਕ ਸਮੇਂ ਵਿੱਚ ਲਾਈਟ, ਸਾਊਂਡ, ਮਿਊਜਿਕ ਸਿਸਟਮ ਵਰਗੇ ਉਪਕਰਨਾਂ ਨਾਲ ਨਾਟਕ ਦੀ ਪੇਸ਼ਕਾਰੀ ਹੋਰ ਵੀ ਸੌਖੀ ਹੋ ਗਈ ਹੈ ਕਿੳਂਕਿ ਇਕੋਂ ਸਮੇਂ ਵਿੱਚ ਇੱਕ ਤੋਂ ਵੱਧ ਦ੍ਰਿਸ਼ ਤਿਆਰ ਕੀਤੇ ਜਾ ਸਕਦੇ ਹਨ ਅਤੇ ਲਾਈਟ ਦੀ ਮਦਦ ਨਾਲ ਦ੍ਰਿਸ਼ ਦੀ ਪੇਸ਼ਕਾਰੀ ਹੋਰ ਵੀ ਸੌਖੀ ਹੋ ਗਈ ਹੈ। ਪੂਰੇ ਨਾਟਕ ਵਿੱਚ ਕਹਾਣੀ ਦਾ ਫੈਲਾਅ ਹੋਣ ਕਰਕੇ ਵੱਧ ਸਮਾਂ ਲਗਦਾ ਹੈ। ਪੂਰਾ ਨਾਟਕ ਜੀਵਨ ਦਾ ਭਰਵਾਂ ਸੰਪੂਰਨ ਦ੍ਰਿਸ਼ ਪੇਸ਼ ਕਰਦਾ ਹੈ। ਇਸ ਲਈ ਪੂਰੇ ਨਾਟਕ ਨੂੰ ਜੀਵਨ ਦਾ ਭੂ-ਦ੍ਰਿਸ ਕਹਿੰਦੇ ਹਨ।[2]
ਕਾਵਿ ਨਾਟਕ
ਸੋਧੋਕਾਵਿ ਨਾਟਕ ਸਾਹਿਤ ਦੀ ਅਜਿਹੀ ਵਿਧਾ ਹੈ ਜਿਸ ਵਿੱਚ ਨਾਟਕ ਦੇ ਵਾਰਤਾਲਾਪ ਕਵਿਤਾ ਦੇ ਰੂਪ ਵਿੱਚ ਹੁੰਦੇ ਹਨ। ਕਾਵਿ ਨਾਟਕ ਵਿੱਚ ਨਾਟਕਕਾਰ ਦੇ ਸੰਚਾਰ ਦੇ ਅਰਥ ਡੂੰਘੇ ਅਤੇ ਪ੍ਰਭਾਵਸ਼ਾਲੀ ਹੁੰਦੇ ਹਨ ਜੋ ਪਾਠਕਾਂ ਅਤੇ ਦਰਸ਼ਕਾਂ ਨੂੰ ਆਪਣੀ ਮਨ ਬਚਨੀ ਤੇ ਯਥਾਰਥ ਦੇ ਨਾਲ-ਨਾਲ ਕਲਪਨਾ ਪਰਦਾਨ ਹੁੰਦੀ ਹੈ। ਗੁਰਦਿਆਲ ਸਿੰਘ ਫੁੱਲ ਅਨੁਸਾਰ, ਕਵਿਤਾ ਹੀ ਨਾਟਕੀ ਪਾਤਰ ਦੇ ਸਮੁਦਰੋਂ ਡੂੰਘੇ ਦਿਲ ਦੀਆਂ ਦਾ ਅਨੁਭਵ ਕਰ ਸਕਦੀ ਹੈ ਤੇ ਕਾਵਿ ਨਾਟਕ ਲਿਖਣ ਵਾਲਾ ਹੀ ਮਹਾਨ ਪਾਤਰ ਹੀ ਸਿਰਜ ਸਕਦਾ ਹੈ, ਜਿਸ ਵਿੱਚ ਨਾਟਕਕਾਰ ਆਪ ਹੁੰਦਾ ਹੋਇਆ ਵੀ ਉਸ ਵਿੱਚ ਨਹੀਂ ਹੁੰਦਾ।[3] ਪ੍ਰੋ.ਰਜਿੰਦਰ ਪਾਲ ਸਿੰਘ ਬਰਾੜ ਅਨੁਸਾਰ, ਡੈਨਿਸ ਡਨੌਗ ਲਿਖਦੇ ਹਨ ਕਿ, ਉਦੋਂ ਨਾਟਕ ਕਾਵਿਕ ਹੁੰਦਾ ਹੈ। ਜਦੋਂ ਇਸ ਦੇ ਸਥੂਲ ਅੰਸ਼ (ਪਲਾਟ, ਪਾਤਰ,ਵਾਰਤਾਲਾਪ, ਦ੍ਰਿਸ਼ ਤੇ ਹਾਵਭਾਵ)ਆਪਣੇ ਆਂਤ੍ਰਿਕ ਸੰਬੰਧਾਂ ਰਾਹੀਂ ਨਿੰਰਤਰ ਪ੍ਰਰਪਰ ਅਨੁਰੂਪਤਾ ਤੇ ਪ੍ਰਜਵਲਤਾ ਦੇ ਉਹ ਗੁਣ ਵਿਖਾਉਦੇਂ ਹਨ ਜੋ ਇੱਕ ਕਵਿਤਾ ਦੇ ਸ਼ਬਦਾਂ ਵਿੱਚ ਹੋਣੇ ਜ਼ਰੂਰੀ ਹਨ।[4] ਕਾਵਿਕ ਨਾਟਕ ਵਿੱਚ ਪਾਤਰਾਂ ਦੇ ਆਪਸੀ ਵਾਰਤਾਲਾਪ ਕਾਵਿਕ ਸ਼ੈਲੀ ਵਿੱਚ ਹੁੰਦੇ ਹਨ। ਕਾਵਿ ਨਾਟਕ ਦੀ ਪ੍ਰਮੁੱਖ ਵਿਸ਼ੇਸਤਾ ਇਹ ਹੈ ਕਿ ਕਾਵਿ ਨਾਟਕ ਦੇ ਵਾਰਤਾਲਾਪ ਪ੍ਰਤੀਕਾ ਬਿੰਬ ਅਲੰਕਾਰ, ਰਸ ਤੇ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਸਿਰਜੇ ਜਾਂਦੇ ਹਨ ਇਹ ਵਾਰਤਾਲਾਪ ਅਕਾਰ ਵਿੱਚ ਸੀਮਤ ਜਿਹੇ ਹੁੰਦੇ ਹੋਏ ਵੀ ਆਪਣਾ ਪ੍ਰਭਾਵ ਦਰਸ਼ਕਾ ਤੇ ਛੱਡ ਜਾਂਦੇ ਹਨ। ਦੂਜੀ ਵਿਸ਼ੇਸਤਾ ਇਹ ਹੈ ਕਿ ਨਾਟਕ ਵਿੱਚ ਕਾਵਿਕ ਵਾਰਤਾਲਾਪ ਫਲੈਸ਼ ਬੈਕ ਵਿਧੀ ਰਾਹੀਂ ਨਾਟਕ ਦੀ ਜਾਣਕਾਰੀ ਦਿੰਦੇ ਹਨ। ਕਾਵਿ ਨਾਟਕ ਵਿੱਚ ਯਥਾਰਥਿਕਤਾ ਘੱਟ ਤੇ ਕਲਪਨਾ ਦੇ ਅੰਸ਼ ਵੱਧ ਹੁੰਦੇ ਹਨ ਕਿੳਂੁਕਿ ਕਾਵਿ ਸ਼ੈਲੀ ਵਿੱਚ ਲਿਖਿਆ ਨਾਟਕ ਨਾਟਕਕਾਰ ਦੇ ਮਨੋਭਾਵਾਂ, ਵਿਚਾਰਾਂ ਅਤੇ ਕਾਵਿ ਭਾਸ਼ਾ ਦੇ ਡੂੰਘੇ ਅਰਥਾਂ ਨੂੰ ਬਿਆਨ ਕਰਦਾ ਹੈ।
ਗੀਤ ਨਾਟਕ
ਸੋਧੋਗੀਤ ਨਾਟਕ ਤੋਂ ਭਾਵ ਨਾਟਕ ਵਿੱਚ ਪਾਤਰਾਂ ਦਾ ਆਪਸੀ ਸੰਵਾਦ ਗੀਤ ਗਾ ਕੇ ਕਰਦੇ ਹਨ। ਗੀਤ ਨਾਟਕ ਖੇਡਣ ਲਈ ਪਾਤਰ ਜਾਂ ਅਭਿਨੇਤਾ ਨਾਟਕੀ ਵਾਤਾਵਰਣ ਦੇ ਅਨੁਕੂਲ ਹੋਣੇ ਚਾਹੀਦੇ ਹਨ ਕਿਉਂਕਿ ਅਭਿਨੈ ਗੀਤ ਦੀ ਧੁਨੀ ਤੇ ਹੀ ਕੀਤਾ ਜਾਂਦਾ ਹੈ। ਇਸ ਕਰਕੇ ਅਭਿਨੇਤਾ ਨੂੰ ਅਭਿਨੈ ਦੇ ਨਾਲ-ਨਾਲ ਸੰਗੀਤ ਦੀ ਸੂਝ ਵੀ ਲਾਜ਼ਮੀ ਹੈ। ਸੰਗੀਤ ਦੀ ਸੂਝ ਤੇ ਚੰਗੇ ਅਭਿਨੈ ਵਾਲਾ ਹੀ ਪਾਤਰ ਹੀ ਨਾਟਕ ਵਿੱਚ ਪ੍ਰਭਾਵਸ਼ਾਲੀ ਏਕਤਾ ਨੁਮ ਬਣਾਈ ਰੱਖਦਾ ਹੈ।
ਸੰਗੀਤ ਨਾਟਕ
ਸੋਧੋਸੰਗੀਤ ਨਾਟਕ ਨਾਟਕ ਸਾਹਿਤ ਦੀ ਪ੍ਰਮੁੱਖ ਵੰਨਗੀ ਹੈ। ਸੰਗੀਤ ਨਾਟਕ ਵਿੱਚ ਨਾਟਕ ਦੇ ਪਿੱਛੇ ਸੰਗੀਤ ਚੱਲਦਾ ਹੈ ਅਤੇ ਅਭਿਨੇਤਾ ਮੂਕ ਕਿਰਿਆਵਾਂ ਰਾਹੀਂ ਪ੍ਰਦਰਸ਼ਨ ਕਰਦਾ ਹਨ। ਨਾਟਕ ਸਾਹਿਤ ਵਿੱਚ ਸੰਗੀਤ ਨਾਟਕ ਦੀ ਪ੍ਰਮੁੱਖਤਾ ਇਸ ਕਰਕੇ ਹੈ ਕਿਉਂਕਿ ਸੰਗੀਤ ਹੀ ਨਾਟਕ ਨੂੰ ਸ਼ੁਰੂ ਤੋਂ ਅੰਤ ਤੱਕ ਗਤੀਸ਼ੀਲ ਬਣਾਈ ਰੱਖਦਾ ਹੈ। ਸੰਗੀਤ ਨਾਟਕ ਵਿੱਚ ਸਿਰਜੀਆਂ ਗਈਆਂ ਘਟਨਾਵਾਂ ਨੂੰ ਪਾਤਰਾਂ ਦੇ ਮੂਕ ਅਭਿਨੈ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਸੰਗੀਤ ਨਾਟਕ ਵਿੱਚ ਅਭਿਨੇਤਾ ਤੇ ਨਿਰਦੇਸ਼ਕ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਜਦ ਕਿ ਨਾਟਕ ਦੀਆਂ ਬਾਕੀ ਵੰਨਗੀਆਂ ਵਿੱਚ ਨਾਟਕਕਾਰ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ।
ਪ੍ਰਛਾਵਾਂ ਨਾਟਕ
ਸੋਧੋਪ੍ਰਛਾਵਾਂ ਨਾਟਕ ਵਿੱਚ ਮੰਚ ਤੇ ਚਿੱਟਾ ਪਰਦਾ ਕੀਤਾ ਜਾਂਦਾ ਹੈ। ਇਸ ਪਰਦੇ ਦੇ ਪਿਛੇ ਅਭਿਨੇਤਾ ਅਭਿਨੈ ਕਰਦੇ ਹਨ ਅਤੇ ਉਹਨਾਂ ਦਾ ਪ੍ਰਛਾਵਾਂ ਚਿੱਟੇ ਪਰਦੇ ਤੇ ਅਭਿਨੈ ਕਰਦਾ ਹੋਇਆ ਦਰਸ਼ਕਾ ਨੂੰ ਦਿਖਾਈ ਦਿੰਦਾ ਹੈ। ਇਸ ਨਾਟਕ ਵਿੱਚ ਅਭਿਨੇਤਾ ਦੇ ਸਰੀਰਿਕ ਕਰਮ ਹੀ ਵਿਖਾਏ ਜਾਂ ਸਕਦੇ ਹਨ ਚਹਿਰੇ ਦੇ ਪ੍ਰਭਾਵ ਨਹੀਂ। ਇਸ ਵਿੱਚ ਲੜਾਈ ਝਗੜੇ ਤੇ ਯੁੱਧ ਦੀਆਂ ਝਾਕੀਆਂ ਬਹੁਤ ਵਧੀਆਂ ਵਿਖਾਈਆਂ ਜਾ ਸਕਦੀਆਂ ਹਨ।[5]ਪਰਦੇ ਪਿਛੇ ਅਭਿਨੈ ਕਰਦੇ ਅਭਿਨੇਤਾਵਾਂ ਦਾ ਪ੍ਰਦਰਸ਼ਨ ਦਰਸ਼ਕਾ ਨੂੰ ਦਿਖਾਉਣ ਲਈ ਪਰਦੇ ਤੇ ਰੌਸ਼ਨੀ ਪਾਈ ਜਾਂਦੀ ਹੈ ਤਾਂ ਜੋ ਦਰਸ਼ਕ ਵਰਗ ਨੂੰ ਉਹਨਾਂ ਦੀ ਕਾਰਜ ਸਥਿਤੀ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਨਾਟਕ ਵਿੱਚ ਨਾਟਕਕਾਰ ਦੁਆਰਾ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਪ੍ਰਦਰਸ਼ਨ ਕਰ ਰਹੇ ਅਭਿਨੇਤਾ ਇੱਕ ਜੁਗਤ ਵਿੱਚ ਖੜ੍ਹੇ ਹੋਣ ਤਾਂ ਜੋ ਪਰਦੇ ਤੇ ਉਹਨਾਂ ਦਾ ਪ੍ਰਛਾਵਾਂ ਦਰਸ਼ਕਾ ਤੇ ਪ੍ਰਭਾਵ ਪਾ ਸਕੇ। ਪ੍ਰਛਾਵਾਂ ਨਾਟਕ ਵਿੱਚ ਪਾਤਰਾਂ ਦੇ ਵਾਰਤਾਲਾਪ ਛੋਟੇ ਹੁੰਦੇ ਹਨ। ਗੁਰਦਿਆਲ ਸਿੰਘ ਫੁੱਲ-ਇਸ ਨਾਟਕ ਵਿੱਚ ਅਭਿਨੇਤਾ ਦੇ ਸਰੀਰਕ ਕਰਮ ਹੀ ਵਿਖਾਏ ਜਾ ਸਕਦੇ ਹਨ ਚਿਹਰੇ ਦੇ ਪ੍ਰਭਾਵ ਨਹੀਂ। ਇਸ ਵਿੱਚ ਲੜਾਈ ਝਗੜੇ ਤੇ ਯੁੱਧ ਦੀਆਂ ਝਾਕੀਆਂ ਬਹੁਤ ਵਧੀਆਂ ਵਿਖਾਈਆਂ ਜਾ ਸਕਦੀਆਂ ਹਨ।[5]
ਲਘੂ ਨਾਟਕ
ਸੋਧੋਲਾਘੂ ਨਾਟਕ ਅਕਾਰ ਦੇ ਵਿੱਚ ਛੋਟਾ ਹੁੰਦਾ ਹੈ ਪਰ ਇਸ ਨੂੰ ਇੱਕ ਤੋਂ ਵੱਧ ਦ੍ਰਿਸ਼ ਝਾਕੀਆ ਵਿੱਚ ਪੇਸ਼ ਕੀਤਾਂ ਜਾ ਸਕਦਾ ਹੈ। ਇਤਿਹਾਸਿਕ, ਮਿਥਿਹਸਿਕ ਸਮਾਜਿਕ ਘਟਨਾਵਾਂ ਨੂੰ ਚੁਣ ਕੇ ਪਾਤਰਾਂ ਦੇ ਅਭਿਨੈ ਦੁਆਰਾ ਰੰਗਮੰਚ ਤੇ ਪੇਸ਼ ਕੀਤਾ ਜਾਂਦਾ ਹੈ। ਲਘੂ ਨਾਟਕ ਵਿੱਚ ਪੇਸ਼ ਕੀਤੀ ਜਾਂਦੀ ਘਟਨਾ ਨਾਟਕ ਦੇ ਅੰਤ ਵਿੱਚ ਸਿੱਖਿਆਦਾਇਕ ਜਾਂ ਸਮਾਜਿਕ ਮੁਦਿਆਂ ਨੂੰ ਦਰਸ਼ਕ ਵਰਗ ਦੇ ਸਨਮੁੱਖ ਪੇਸ਼ ਕਰਦੀ ਹੈ।
ਰੇਡੀਓ ਨਾਟਕ
ਸੋਧੋਰੇਡੀਓ ਨਾਟਕ ਧੁਨੀ ਦੇ ਪ੍ਰਭਾਵ ਅਧੀਨ ਖੇਡਿਆਂ ਜਾਣ ਵਾਲਾ ਨਾਟਕ ਹੈ। ਜਿਸ ਵਿੱਚ ਵਾਰਤਾਲਾਪ ਪ੍ਰਧਾਨ ਹੁੰਦੇ ਹਨ। ਰੇਡੀਓ ਨਾਟਕ ਵਿਅਕਤੀਗਤ ਸਮੂਹ ਦੁਆਰਾ ਆਪਤੇ ਘਰਾਂ ਵਿੱਚ ਬੈਠ ਕੇ ਸਿਰਫ਼ ਸੁਣ ਕੇ ਅੰਨਦ ਮਾਣਿਆ ਜਾ ਸਕਦਾ ਹੈ ਪਰ ਵੇਖਿਆ ਨਹੀਂ ਜਾ ਸਕਦਾ। ਰੇਡੀਓ ਨਾਟਕ ਸਾਹਿਤ ਦੀ ਅਜਿਹੀ ਕਲਾ ਹੈ ਜਿਸ ਨੂੰ ਕੇਵਲ ਸੁਣਿਆ ਹੀ ਜਾ ਸਕਦਾ ਹੈ ਅਤੇ ਰੰਗਮੰਚ ਦੀ ਅਣਹੋਂਦ ਹੁੰਦੀ ਹੈ। ਰੇਡੀਓ ਨਾਟਕ ਵਿੱਚ ਧੁਨੀ ਦੇ ਪ੍ਰਭਾਵ ਅਧੀਨ ਦਰਸ਼ਕਾਂ ਨੂੰ ਕੀਲ ਲਿਆ ਜਾਂਦਾ ਹੈ। ਅਭਿਨੇਤਾ ਦੀ ਆਵਾਜ਼ ਵਿੱਚ ਰਸ, ਲੈਅ, ਤਾਲ ਅਤੇ ਭਾਵ ਭਰਪੂਰ ਹੋਣੇ ਚਾਹੀਦੇ ਹਨ ਜੋ ਵਿਅਕਤੀ ਦੇ ਮਨ ਤੇ ਆਪਣੀ ਗਹਿਰੀ ਛਾਪ ਛੱਡ ਜਾਣ ਤੇ ਸੁਣਨ ਵਾਲੇ ਵਿਅਕਤੀ ਨੂੰ ਮਨੋਂਰੰਜਨ ਦੇ ਨਾਲ-ਨਾਲ ਸੁਹਜ ਸੁਆਦ ਦੀ ਪ੍ਰਾਪਤੀ ਹੋਵੇ। ਰੇਡੀਓ ਨਾਟਕ ਵਿੱਚ ਆਵਾਜ਼ ਦੀ ਇੰਨੀ ਮਹਾਨਤਾ ਹੈ ਕਿ ਇਹ ਅਲੋਪ ਪਾਤਰਾਂ ਨੂੰ ਆਵਾਜ਼ ਦੀ ਸਹਾਇਤਾ ਨਾਲ ਦਰਸ਼ਕਾਂ ਅੱਗੇ ਉਸ ਨੂੰ ਦ੍ਰਿਸ਼ਟੀਗੋਚਰ ਕਰ ਦਿੰਦੀ ਹੈ। ਰੇਡੀਓ ਨਾਟਕ ਸਾਹਿਤ ਦੀ ਅਜਿਹੀ ਵੰਨਗੀ ਹੈ ਜਿਸ ਵਿੱਚ ਨਾਟਕ ਨੂੰ ਪਾਤਰਾਂ ਦੇ ਅਭਿਨੈ ਦੁਆਰਾ ਰੰਗਮੰਚ ਤੇ ਪੇਸ਼ ਨਹੀਂ ਕੀਤਾ ਜਾਂਦਾ ਸਗੋਂ ਪਾਤਰਾਂ ਦੇ ਵਾਰਤਾਲਾਪ ਨੂੰ ਧੁਨੀ ਪ੍ਰਭਾਵ ਰਾਹੀਂ ਸੁਣਿਆਂ ਜਾਂਦਾ ਹੈ। ਰੇਡੀਓ ਨਾਟਕ ਦੇ ਪਾਤਰ ਆਪਣੀ ਵਾਰਤਾਲਾਪ ਦੇ ਪ੍ਰਭਾਵ ਹੇਠ ਦਰਸ਼ਕਾ ਨੂੰ ਕੀਲ ਲੈਂਦੇ ਹਨ। ਰੇਡੀਓ ਨਾਟਕ ਨੂੰ ਕੇਵਲ ਸੁਣਿਆਂ ਜਾਂਦਾ ਹੈ ਇਸ ਲਈ ਰੇਡੀਓ ਨਾਟਕ ਇੱਕ ਸੁਣਨ ਕਲਾ ਹੈ। ਪਾਤਰਾਂ ਦੇ ਵਾਰਤਾਲਾਪ ਵਿਚਲਾ ਰਸ ਤੇ ਲਹਿਜਾ ਦਰਸ਼ਕ ਸਮੂਹ ਤੇ ਆਪਣੇ ਅਸਤਿਤਵ ਦੀ ਪਹਿਚਾਣ ਬਣਾਉਂਦਾ ਹੈ। ਰੇਡੀਓ ਨਾਟਕ ਦੀ ਵਿਸ਼ੇਸਤਾ ਇਹ ਹੈ ਕਿ ਇਹ ਰੰਗਮੰਚੀ ਨਾਟਕ ਦੀ ਤਰ੍ਹਾਂ ਇੱਕਠ ਵਿੱਚ ਬੈਠ ਨਹੀਂ ਦੇਖਿਆਂ ਜਾਂਦਾ ਸਗੋਂ ਦਰਸ਼ਕ ਆਪਣੇ-ਆਪਣੇ ਘਰਾਂ ਵਿੱਚ ਬੈਠ ਕੇ ਸੁਣ ਸਕਦੇ ਹਨ। ਦੂਜੀ ਵਿਸ਼ਸੇਤਾ ਇਹ ਹੈ ਕਿ ਇਸ ਦੇ ਵਾਰਤਾਲਾਪ ਸਰਲ, ਸੌਖੇ ਤੇ ਸਪਸ਼ਟ ਹੁੰਦੇ ਹਨ ਜੋ ਆਮ ਜਨ ਸਮੂਹ ਲਈ ਲਿਖੇ ਗਏ ਹੁੰਦੇ ਹਨ। ਰੇਡੀਓ ਨਾਟਕ ਵਿੱਚ ਧੁਨੀ ਦੀ ਪ੍ਰਧਾਨਤਾ ਹੁੰਦੀ ਹੈ। ਧੁਨੀ ਹੀ ਨਾਟਕ ਵਿੱਚ ਸਮੇਂ ਸਥਾਨ ਅਤੇ ਪ੍ਰਭਾਵ ਦੀ ਏਕਤਾ ਨੂੰ ਬਣਾਈ ਰੱਖਦੀ ਹੈ ਇਸ ਨਾਟਕ ਵੰਨਗੀ ਵਿੱਚ ਪਾਤਰਾਂ ਦੇ ਚਹਿਰੇ ਧੁਨੀ ਦੇ ਪ੍ਰਭਾਵ ਨਾਲ ਹੀ ਰੂਪਮਾਨ ਕੀਤੇ ਜਾਂਦੇ ਹਨ। ਰੇਡੀਓ ਨਾਟਕ ਵਿੱਚ ਪਾਤਰਾਂ ਦੇ ਪਹਿਰਾਵੇ, ਸਿੰਗ਼ਾਰ, ਚਾਲ-ਢਾਲ ਨੂੰ ਨਹੀਂ ਵਿਖਾਇਆ ਜਾ ਸਕਦਾ ਪਰ ਪਾਤਰਾਂ ਦੀ ਵਾਰਤਾਲਾਪ ਤੇ ਧੁਨੀ ਦੇ ਪ੍ਰਭਾਵ ਹੇਠ ਨਾਟਕ ਵਿੱਚ ਸਾਰੇ ਅੰਸ਼ ਪੈਦਾ ਕੀਤੇ ਜਾ ਸਕਦੇ ਹਨ ਜੋ ਰੇਡੀਓ ਨਾਟਕ ਨੂੰ ਸਫ਼ਲ ਨਾਟਕ ਬਣਾਉਦੇ ਹਨ। (ਡਾ.) ਗੁਰਦਿਆਲ ਸਿੰਘ ਫੁੱਲ ਅਨੁਸਾਰ ਰੇਡੀਓ ਨਾਟਕ ਕੇਵਲ ਧੁਨੀ ਦੇ ਉਤਰਾ ਚੜ੍ਹਾ ਦੀ ਸ਼ਿਲਪ ਰਾਹੀਂ ਹਰ ਭਾਂਤ ਦੀ ਵਿਸ਼ਾਲਤਾ, ਡੂੰਘਿਆਈ, ਤੀਖਣਤਾ, ਜੀਵਨ ਚਰਿੱਤਰ, ਯੁੱਧ, ਜਲੂਸ, ਮਾਨਸਿਕ ਸੰਘਰਸ਼ ਦੇ ਹੋਰ ਵਿਸ਼ਾਲ ਦ੍ਰਿਸ਼ ਸਿਰਜ ਸਕਦਾ ਹੈ।[6]
ਟੀ.ਵੀ. ਨਾਟਕ
ਸੋਧੋਟੀ.ਵੀ ਨਾਟਕ ਚਿੱਤਰ ਨਾਟਕ ਦੀ ਵਿਧਾ ਹੈ। ਜਿਸ ਵਿੱਚ ਪਾਤਰਾਂ ਨੂੰ ਬੋਲਦੇ ਹੋਏ ਦਿਖਾਇਆ ਜਾਂਦਾ ਹੈ। ਸੋ ਟੀ.ਵੀ ਨਾਟਕ ਨਾਟਕ ਸਾਹਿਤ ਦੀ ਅਜਿਹੀ ਵੰਨਗੀ ਹੈ ਜਿਸ ਵਿੱਚ ਪਾਤਰਾਂ ਦੇ ਅਭਿਨੈ ਨੂੰ ਪਹਿਲਾ ਸਟੂਡੀਓ ਜਾ ਸਟੂਡੀਓ ਤੋਂ ਬਾਹਰ ਸ਼ੂਟ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਇਸ ਨੂੰ ਵਿੳਂੁਤ ਅਨੁਸਾਰ ਜੋੜ ਕੇ ਟੀ.ਵੀ ਸਕਰੀਨ ਤੇ ਪੇਸ਼ ਕੀਤਾ ਜਾਂਦਾ ਹੈ। ਟੀ.ਵੀ ਨਾਟਕ ਦੀ ਪ੍ਰਮੁੱਖ ਵਿਸ਼ੇਸਤਾ ਇਹ ਹੈ ਕਿ ਇਸ ਵਿੱਚ ਦਰਸ਼ਕ ਵਰਗ ਨੂੰ ਪ੍ਰਭਾਵਿਤ ਕਰਨ ਲਈ ਅਭਿਨੇਤਾ ਵਾਰਤਾਲਾਪ ਦੇ ਨਾਲ-ਨਾਲ ਹਾਰ-ਸ਼ਿੰਗਾਰ, ਚਿਹਰੇ ਦੇ ਹਾਵ-ਭਾਵ ਅਤੇ ਪ੍ਰਭਾਵਸ਼ਾਲੀ ਸੰਵਾਦ ਦੀ ਵਰਤੋਂ ਕਰਦੇ ਹਨ। ਡਾ.) ਗੁਰਦਿਆਲ ਸਿੰਘ ਫੁੱਲ ਅਨੁਸਾਰ ਡਾ. ਸੰਤੋਸ਼ ਗਾਰਗੀ ਨੇ ਟੈਲੀਵਿਜ਼ਨ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਹੈ:ਅਸੀਂ ਟੈਲੀਵਿਜ਼ਨ ਨੂੰ ਕਲੋਜ਼ ਅਪ ਦਾ ਨਾਟਕ ਕਹਿ ਸਕਦੇ ਹਾਂ ਇਹਨਾਂ ਨਾਟਕਾਂ ਵਿੱਚ ਸੰਵਾਦ ਯੋਜਨਾ ਤੇ ਨਿਕਟ ਵਰਤੀ ਮੁੱਖ ਮੁਦਰਾ ਤੇ ਬਹੁਤ ਜ਼ੋਰ ਹੁੰਦਾ ਹੈ। ਇਸ ਵਿੱਚ ਸਿਨਮੇ ਤੇ ਥੀਏਟਰ ਦੀ ਚਿਤਰਾਤਮਿਕਤਾ ਤੇ ਕਲਪਨਾਸ਼ੀਲਤਾ ਦਾ ਅਭਾਵ ਹੁੰਦਾ।[7] ਟੀ.ਵੀ ਨਾਟਕ ਸਾਹਿਤ ਦੀ ਅਜਿਹੀ ਵਿਧਾ ਹੈ ਜਿਸ ਵਿੱਚ ਡਰਾਮੇ ਨੂੰ ਦਰਸ਼ਕਾ ਸਾਹਮ੍ਹਣੇ ਦ੍ਰਿਸ਼ਟੀਗੋਚਰ ਕੀਤਾ ਜਾਂਦਾ ਹੈ। ਚਿੱਤਰ ਦੀ ਸਹਾਇਤਾ ਨਾਲ ਸਾਰੇ ਪਾਤਰ ਨਾਟਕ ਵਿੱਚ ਆਪਣਾ ਆਪਣਾ ਕਾਰਜ ਨਿਭਾਉਂਦੇ ਹੋਏ ਦਰਸ਼ਕਾ ਅੱਗੇ ਪ੍ਰਗਟਹੁੰਦੇ ਹਨ। ਟੀ.ਵੀ ਨਾਟਕ ਵਿਖਾਉਣ ਲਈ ਪਹਿਲਾਂ ਅਭਿਨੇਤਾਵਾਂ ਦੀ ਮਦਦ ਨਾਲ ਸੂਟਿੰਗ ਰਿਕਾਰਡ ਕਰ ਲਈ ਜਾਂਦੀ ਹੈ ਅਤੇ ਨਾਟਕ ਦੌਰਾਨ ਸ਼ੂਟ ਕੀਤੇ ਗਏ ਸੀਨ ਆਪਸ ਵਿੱਚ ਤਰਤੀਬ ਅਨੁਸਾਰ ਜੋੜ ਕੇ ਨਾਟਕ ਦੀ ਸਪੂਰੰਨਤਾ ਨੂੰ ਕਾਇਮ ਰੱਖਿਆਂ ਜਾਂਦਾ ਹੈ ਅਤੇ ਚਿੱਤਰਦੀ ਸਹਾਇਤ ਨਾਲ ਰੰਗਮੰਚ ਤੇ ਪੇਸ਼ ਕੀਤਾ ਜਾਂਦਾ ਹੈ। ਟੀ.ਵੀ ਨਾਟਕ ਵਿੱਚ ਅਭਿਨੇਤਾ ਕੇਵਲ ਆਪਣੀ ਆਵਾਜ਼ ਨਾਲ ਹੀ ਦਰਸ਼ਕਾ ਨੂੰ ਸਮੋਹਿਤ ਹੀ ਨਹੀਂ ਕਰਦੇ ਸਗੋਂ ਆਪਣੇ ਪਹਿਰਾਵੇ ਹਾਰ-ਸਿੰਗਾਰ ਅਤੇ ਢੁਕਵੀਂ ਭਾਵਪੂਰਨ ਵਾਰਤਾਲਾਪ ਨਾਲ ਦਰਸ਼ਕਾ ਨੂੰ ਕੀਲ ਲੈਂਦੇ ਹਨ। ਟੀ.ਵੀ ਨਾਟਕ ਵਿੱਚ ਦੋ,ਤਿੰਨ ਜਾਂ ਚਾਰ ਜਾਂ ਇਸ ਤੋਂ ਵੱਧ ਪਾਤਰ ਵੀ ਇੱਕਠੇ ਬੈਠ ਕੇ ਗੱਲਾਂ ਕਰਦੇ ਵਿਖਾਏ ਜਾ ਸਕਦੇ ਹਨ ਕਿਉਂਕਿ ਦਰਸ਼ਕ ਚਿੱਤਰ ਦੀ ਸਹਾਇਤਾ ਨਾਲ ਉਹਨਾਂ ਵਿਚਲੀ ਵਾਰਤਾਲਾਪ ਦਾ ਫ਼ਰਕ ਸਮਝ ਸਕਦੇ ਹਨ। ਟੀ.ਵੀ ਨਾਟਕ ਛਿਨਾਂ ਵਿੱਚ ਹੀ ਜੀ ਰਹੇ ਅੱਜ ਦੇ ਖੰਡਿਤ ਮਨੁੱਖ ਨੂੰ ਅਭਿਵਿਅਕਤ ਕਰਨ ਲਈ ਅਭਿਨੇਤਾ ਦੇ ਅੰਦਰਲੇ ਦਵੰਦਾਤਮਿਕ ਸੰਘਰਸ਼ ਦਾ ਐਕਸ-ਰੇ ਕਰਨਾ ਹੀ ਇਸ ਨਾਟਕ ਦੀ ਸੀਮਾ ਹੈ ਤੇ ਇਹ ਹੀ ਇਸ ਦਾ ਉਦੇਸ਼ ਹੈ।[7] ਟੀ.ਵੀ ਨਾਟਕ ਵਿੱਚ ਅਭਿਨੇਤਾ ਮਨੁੱਖ ਦੇ ਅੰਦਰਲੇ ਸੱਚ ਨੂੰ ਸਮਾਜ ਵਿੱਚ ਪੇਸ਼ ਕਰਦੇ ਹਨ ਭਾਵ ਨਾਟਕ ਦਾ ਉਦੇਸ਼ ਸਮਾਜ ਦੇ ਯਥਾਰਥ ਨੂੰ ਕਲਾਤਮਿਕ ਰੂਪ ਵਿੱਚ ਡਾਲ ਕੇ ਸਮਾਜਿਕ ਪੇਸ਼ਕਾਰ ਕਿਰਨਾ ਹੈ। ਟੀ.ਵੀ ਨਾਟਕ ਖੇਡਣ ਦਾ ਸਮਾਂ ਤੀਹ ਮਿੰਟ ਜਾਂ ਇੱਕ ਘੰਟਾ ਦੀ ਪੇਸ਼ਕਾਰੀ ਹੁੰਦੀ ਹੈ। ਇਹ ਇੱਕ ਜਾਂ ਇੱਕ ਤੋਂ ਵੱਧ ਕਿਸ਼ਤਾ ਵਿੱਚ ਦਿਖਿਆਂ ਜਾ ਸਕਦਾ ਹੈ। ਪੰਜਾਬੀ ਵਿੱਚ ਸਭ ਤੋਂ ਪਹਿਲਾਂ ਟੀ.ਵੀ ਨਾਟਕ ਬਲਵੰਤ ਗਾਰਗੀ ਦੁਆਦਾ 'ਐਕਟਰਸ' ਪੇਸ਼ ਕੀਤਾ ਗਿਆ ਹੈ।
ਇੱਕ ਪਾਤਰੀ ਨਾਟਕ
ਸੋਧੋਇਕ ਪਾਤਰੀ ਨਾਟਕ ਵਿੱਚ ਇੱਕ ਮੁੱਖ ਅਭਿਨੈਕਾਰ ਹੁੰਦਾ ਹੈ ਅਤੇ ਬਾਕੀ ਬੇਜਾਨ ਵਸਤੂਆਂ ਝਾਕੀਆਂ ਦੇ ਰੂਪ ਵਿੱਚ ਰੰਗਮੰਚ ਤੇ ਪੇਸ਼ ਕੀਤਾ ਜਾਂਦਾ ਹੈ। ਇਕ ਪਾਤਰੀ ਨਾਟਕ ਵਿੱਚ ਵਿਸ਼ੇ ਦੀ ਪ੍ਰਧਾਨਤਾ ਹੁੰਦੀ ਹੈ ਇਹ ਵਿਸ਼ੇ ਸਮਾਜ ਵਿਚੋਂ ਹੀ ਲਏ ਜਾਂਦੇ ਸਮਾਜ ਦੀਆਂ ਸਮੱਸਿਆਵਾਂ ਨੂੰ ਨਾਟਕਕਾਰ ਦੁਆਰਾ ਕਾਲਪਨਿਕ ਰੂਪ ਵਿੱਚ ਢਾਲ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਨਾਟਕ ਦੀ ਪ੍ਰਮੁੱਖ ਵਿਸ਼ੇਸਤਾ ਇਹ ਹੈ ਕਿ ਨਾਟਕ ਨੂੰ ਕਹਾਣੀ ਵਾਂਗ ਸੁਣਾਇਆ ਜਾਂਦਾ ਹੈ। ਨਾਟਕ ਇੱਕ ਪਾਤਰੀ ਹੋਣ ਕਰਕੇ ਨਾਟਕ ਦਾ ਮੁਖ ਪਾਤਰ ਸਾਰੀ ਕਹਾਣੀ ਨੂੰ ਭਾਵਆਤਮਿਕ, ਲੈਅ ਅਤੇ ਸੁਰਾਂ ਦੀ ਟੋਨ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਕ ਹੀ ਪਾਤਰ ਦੁਆਰਾ ਸਟੇਕ ਉੱਪਰ ਆ ਕੇ ਕਹਾਣੀ ਨੂੰ ਪਾਤਰਾਂ ਦੇ ਅਨੁਸਾਰ ਆਵਾਜ਼ ਬਦਲ-ਬਦਲ ਕੇ ਫ਼ਲੈਸ਼ ਬੈਕ ਵਿਧੀ ਰਾਹੀਂ ਪੇਸ਼ ਕੀਤਾ ਜਾਂਦਾ ਹੈ।
ਮੂਕ ਨਾਟਕ
ਸੋਧੋਇਸ ਨਾਟਕ ਵਿਧਾ ਰਾਹੀਂ ਅਭਿਨੇਤਾ ਮੂਕ ਅਭਿਨੈ ਪ੍ਰਸਤੁਤ ਕਰਦੇ ਹਨ। ਮੂਕ ਨਾਟਕ ਵਿੱਚ ਸੰਗੀਤ ਪ੍ਰਧਾਨ ਹੁੰਦਾ ਹੈ। ਸਟੇਜ ਦੇ ਪਿੱਛੇ ਸੰਗੀਤ ਚਲਦਾ ਹੈ ਅਤੇ ਸੰਗੀਤ ਦੀ ਧੁਨਾਂ ਤੇ ਮੂਕ ਅਭਿਨੈ ਕੀਤਾ ਜਾਂਦਾ ਹੈ। ਸੰਗੀਤ ਅਤੇ ਅਭਿਨੈ ਦੀ ਨਿਰੰਤਰ ਚਾਲ ਨਾਲ ਮੂਕ ਨਾਟਕ ਅੱਗੇ ਵੱਧਦਾ ਹੋਇਆ ਸਿਖਰਾਂ ਤੱਕ ਪਹੁੰਚਦਾ ਹੈ। ਮੂਕ ਨਾਟਕ ਵਿੱਚ ਪ੍ਰਕ੍ਰਿਤਿਕ ਦਿਸ਼ਾ ਨੂੰ ਵਰਣਨ ਕਰਕੇ ਪਰਿਸਥਿਤੀਆਂ ਦਾ ਅਨੁਮਾਨ ਲਗਾਇਆਂ ਜਾਂ ਸਕਦਾ ਹੈ। ਦੂਜਾ ਅਭਿਨੇਤਾਵਾਂ ਦੇ ਪਹਿਰਾਵੇ ਹਾਰ-ਸਿੰਗਾਰ ਅਤੇ ਸੰਗੀਤਕ ਧੁਨਾਂ ਤੋਂ ਵਾਤਾਵਰਣ ਚਿਤਰਨ ਮੂਕ ਨਾਟਕ ਦਾ ਵਿਸ਼ੇਸ਼ ਗੁਣ ਹੈ। ਮੂਕ ਨਾਟਕ ਵਿੱਚ ਸੰਗੀਤਕ ਧੁਨਾਂ ਦਾ ਪ੍ਰਭਾਵ ਵਧੇਰੇ ਹੁੰਦਾ ਹੈ ਮੂਕ ਨਾਟਕ ਦੀ ਪੇਸ਼ਕਾਰੀ ਵਿੱਚ ਪਾਤਰਾਂ ਦੇ ਵਾਰਤਾਲਾਪ ਦੀ ਅਣਹੋਂਦ ਕਾਰਨ ਪੇਸ਼ਕਾਰੀ ਗੁੰਝਲਦਾਰ ਹੁੰਦੀ ਹੈ ਕਿਉਂ ਕਿ ਪਾਤਰਾਂ ਦੁਆਰਾ ਕੀਤਾ ਜਾਂਦਾ ਮੂਕ ਅਭਿਨੈ ਦਰਸ਼ਕਾ ਨੂੰ ਨਾਟਕ ਦੇ ਅੰਤ ਵਿੱਚ ਸਿੱਖਿਆ ਦਾਇਕ ਹੁੰਦਾ ਹੈ। ਸਪਸ਼ਟ ਮੂਕ ਅਭਿਨੈ ਹੀ ਸੱਪਸ਼ਟ ਸਿੱਖਿਆਂ ਪ੍ਰਦਾਨ ਕਰਦਾ ਹੈ ਇਸ ਲਈ ਮੂਕ ਅਭਿਨੈ ਸਰਲ, ਸ਼ਪਸਟ ਤੇ ਪ੍ਰਭਾਵ ਪੂਰਨ ਹੋਣਾ ਚਾਹੀਦਾ ਹੈ ਜੋ ਦਰਸ਼ਕਾ ਤੱਕ ਪਹੁੰਚਾਈ ਜਾਣ ਵਾਲੀ ਸਿੱਖਿਆਂ ਨੂੰ ਸਰਲਤਾ ਪੂਰਵਕ ਪੇਸ਼ ਕਰ ਸਕੇ।
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ "Play": Dictionary.com website. Retrieved on January 3, 2008.
- ↑ ਫੁੱਲ, ਗੁਰਦਿਆਲ ਸਿੰਘ (2011). ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 59.
- ↑ ਫੁੱਲ, ਗੁਰਦਿਆਲ ਸਿੰਘ (2011). ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 172.
- ↑ ਬਰਾੜ, ਰਜਿੰਦਰ ਪਾਲ ਸਿੰਘ. ਆਧੁਨਿਕ ਪੰਜਾਬੀ ਸਾਹਿਤ ਰੂਪਾਕਾਰ ਸਿਧਾਂਤ ਤੇ ਰੂਪਾਂਤਰਣ. p. 115.
- ↑ 5.0 5.1 ਫੁੱਲ, ਗੁਰਦਿਆਲ ਸਿੰਘ (2011). ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 174.
- ↑ ਫੁੱਲ, ਗੁਰਦਿਆਲ ਸਿੰਘ (2011). ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 176.
- ↑ 7.0 7.1 ਫੁੱਲ, ਗੁਰਦਿਆਲ ਸਿੰਘ (2011). ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 177.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |