ਕ਼ੱਵਾਲੀ
ਕ਼ੱਵਾਲੀ (ਫ਼ਾਰਸੀ قوّالی) ਸੰਗੀਤ ਦੀ ਇੱਕ ਵਿਧਾ ਹੈ ਜਿਸ ਦਾ ਤਾਅਲੁੱਕ ਦੱਖਣ ਏਸ਼ੀਆ ਦੇ ਸੂਫ਼ੀ ਹਲਕਿਆਂ ਨਾਲ ਹੈ। ਤਸੱਵੁਫ਼ ਦੇ ਪੈਰੋਕਾਰਾਂ ਲਈ ਕ਼ੱਵਾਲੀ ਇਬਾਦਤ ਦੀ ਇੱਕ ਕਿਸਮ ਹੈ। ਪੰਜਾਬ, ਸਿੰਧ ਦੇ ਕੁਝ ਇਲਾਕੇ, ਹੈਦਰਾਬਾਦ (ਭਾਰਤ), ਦਿੱਲੀ ਅਤੇ ਭਾਰਤ ਦੇ ਕਈ ਹੋਰ ਇਲਾਕੇ ਅਤੇ ਬੰਗਲਾਦੇਸ਼ ਦੇ ਢਾਕਾ, ਚਿਟਾਗਾਂਗ, ਸਿਲਹਟ ਅਤੇ ਕਈ ਹੋਰ ਇਲਾਕੇ ਇਸ ਦੇ ਪ੍ਰਭਾਵ ਖੇਤਰ ਵਿੱਚ ਆਉਂਦੇ ਹਨ। ਇਹ ਸੰਗੀਤ ਪਰੰਪਰਾ ਸੱਤ ਸਦੀਆਂ ਤੋਂ ਵੀ ਵਧ ਪੁਰਾਣੀ ਹੈ।
ਸ਼ਬਦ ਨਿਰੁਕਤੀ
ਸੋਧੋਕ਼ੱਵਾਲੀ ਸ਼ਬਦ ਬਣਿਆ ਹੈ ਅਰਬੀ ਭਾਸ਼ਾ ਦੇ ਸ਼ਬਦ ਕੌਲ ਤੋਂ ਜਿਸਦਾ ਮਤਲਬ ਹੈ ਕਥਨ ਜਾਂ ਬੋਲ। ਕੱਵਾਲ ਉਹ ਹੈ ਜੋ ਅੱਲ੍ਹਾ ਅਤੇ ਉਸ ਦੇ ਪੈਗੰਬਰਾਂ ਦੀ ਪ੍ਰਸ਼ੰਸਾ ਦੇ ਗੀਤ ਗਾਉਂਦਾ ਹੈ। ਕ਼ੱਵਾਲੀ ਦੀ ਪਰੰਪਰਾ ਸੂਫੀ ਪੰਥ ਨਾਲ ਜੁੜੀ ਹੈ। ਸੂਫੀ ਪੰਥ ਅਤੇ ਮੁੱਖਧਾਰਾ ਇਸਲਾਮ ਵਿੱਚ ਅੰਤਰ ਇਹ ਹੈ ਕਿ ਮੁੱਖਧਾਰਾ ਦੇ ਮੁਸਲਮਾਨ ਇਹ ਮੰਨਦੇ ਹਨ ਕਿ ਕਿਆਮਤ ਦੇ ਦਿਨ ਹੀ ਅੱਲ੍ਹਾ ਤੱਕ ਪਹੁੰਚਿਆ ਜਾ ਸਕਦਾ ਹੈ ਜਦੋਂ ਕਿ ਸੂਫੀ ਪੰਥ ਦੀ ਸੋਚ ਇਹ ਹੈ ਕਿ ਅੱਲ੍ਹਾ ਤੱਕ ਜੀਵਨ ਦੇ ਦੌਰਾਨ ਵੀ ਪਹੁੰਚ ਸਕਦੇ ਹਾਂ। ਸੰਗੀਤ ਦੇ ਰੂਹਾਨੀ ਪ੍ਰਭਾਵ ਨੂੰ ਸੂਫ਼ੀਵਾਦ ਵਿੱਚ ਸਵੀਕਾਰ ਕੀਤਾ ਗਿਆ ਅਤੇ ਭਾਰਤੀ ਉਪ-ਮਹਾਦੀਪ ਵਿੱਚ ਕ਼ੱਵਾਲੀ ਨੂੰ ਹਰਮਨਪਿਆਰਾ ਬਣਾਉਣ ਦਾ ਸਿਹਰਾ ਖਵਾਜਾ ਮੋਇਨੁੱਦੀਨ ਚਿਸ਼ਤੀ ਨੂੰ ਜਾਂਦਾ ਹੈ।[1]