ਪੰਜਾਬੀ ਸਾਹਿਤ ਵਿਚ ਅਨੇਕ ਕਲਾਵਾਂ ਸਿਰਜੀਆਂ ਜਾਂਦੀਆਂ ਹਨ, ਪਰ ਇਹਨਾਂ ਅਨੇਕ ਸਾਹਿਤਿਕ ਕਲਾਵਾਂ ਵਿਚੋਂ ਕਵਿਤਾ ਕਲਾ ਸਭ ਤੋਂ ਵੱਧ ਮਹੱਤਵ ਰੱਖਦੀ ਹੈ।ਕਾਵਿ ਕਲਾ ਸਭ ਤੋਂ ਪ੍ਰਾਚੀਨ ਕਲਾ ਹੈ।ਜਿਸਦਾ ਚਿੰਤਨ ਸਭ ਤੋਂ ਪਹਿਲਾਂ ਪੱਛਮ ਵਿਚ ਯੂਨਾਨ ਵਿਚ ਅਤੇ ਪੂਰਬ ਵਿਚ ਭਾਰਤ ਵਿਚ ਹੋਇਆ ਮੰਨਿਆ ਜਾਂਦਾ ਹੈ।ਕਾਵਿ ਕਿਰਤ ਮਾਨਵੀ ਸਿਰਜਣਾ ਹੈ ਅਤੇ ਸਮਾਜਿਕ ਹੋਂਦ ਰੱਖਦੀ ਹੈ, ਇਸਲਈ ਸਮਾਜ ਦੇ ਬਦਲਾਓ ਦੇ ਨਾਲ ਨਾ ਕੇਵਲ ਕਾਵਿ ਕਿਰਤਾਂ ਹੀ ਬਦਲਦੀਆਂ ਹਨ ਬਲਕਿ ਉਹਨਾਂ ਪਿੱਛੇ ਕਾਰਜਸ਼ੀਲ ਸਿਧਾਂਤ ਵੀ ਬਦਲਦੇ ਰਹਿੰਦੇ ਹਨ।ਕਾਵਿ ਦੇ ਇਤਿਹਾਸਕ ਕਾਲ ਤੋਂ ਲੈ ਕੇ ਹੁਣ ਤਕ ਇਸ ਦੀ ਪਰਿਭਾਸ਼ਾ, ਪ੍ਰਯੋਯਨ, ਤੱਤ, ਰੂਪਾਂਤਰਣ ਦੀ ਕਿਰਿਆ ਆਦਿ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ।

ਬਾਵਾ ਬੁੱਧ ਸਿੰਘ ਅਨੁਸਾਰ "ਕਵਿਤਾ ਆਪਣੀ ਅਸਲ ਸ਼ਕਲ ਵਿਚ ਕੇਵਲ ਮਨੁੱਖੀ ਹਿਰਦੇ ਦੇ ਭਾਵ ਉਚਾਰਨ ਲਈ ਇਕ ਜੋਸ਼ੀਲੀ ਤੇ ਲੈਅ ਵਾਲੀ ਬੋਲੀ ਵਿਚ ਆਉਂਦੀ ਹੈ।" ===

ਪ੍ਰੋ. ਪੂਰਨ ਸਿੰਘ ਅਨੁਸਾਰ "ਕਵਿਤਾ ਪਿਆਰ ਵਿਚ ਮੋਏ ਹੋਏ ਬੰਦਿਆਂ ਦੇ ਮਿੱਠੇ ਬਚਨ, ਸਾਧ ਬਚਨ, ਅਕਹਿ ਸੁਖ, ਆਪ ਮੁਹਾਰੀ, ਨੈਣਾਂ ਵਿਚ ਸੁਪਨਾ ਲਟਕਾ ਦੇਣ ਵਾਲੀ, ਸੋਹਣੀ ਦੁਨੀਆ ਰਚਣ ਵਾਲੀ, ਪੱਕਾ ਮਜੀਠੀ ਜੀਵਨ ਰੰਗ ਹੈ ਜਿਸ ਅੰਦਰ ਮੁਰਤ ਤਜਰਬਾ ਗਾ ਉੱਠਦਾ ਹੈ।"

ਪ੍ਰੋ ਪੂਰਨ ਸਿੰਘ ਨੇ ਕਵੀ ਅਤੇ ਕਵਿਤਾ ਦੇ ਅਰਥ ਨੂੰ ਆਪਣੇ ਸ਼ਬਦਾਂ ਰਾਹੀਂ ਸਮਝਾਇਆ ਹੈ ਉਹ ਕਹਿੰਦੇ ਹਨ ਕਿ ਜਿਸ ਬੰਦੇ ਨੂੰ ਸਦਾ ਜਵਾਨੀ ਦਾ, ਸਦਾ ਬਹਾਰ ਦਾ ਖੇੜਾ ਚੜ੍ਹਿਆ ਰਹੇ, ਕੇਸ ਧੌਲੇ ਹੋ ਜਾਣ, ਹੱਡੀ ਮਾਸ ਸਿਥਿਲ ਹੋ ਜਾਣ ਨਿਰਬਲ ਗਰੀਬ ਹੋਵੇ,ਪਰ ਰੂਹ ਵਿਚ ਸਦਾ ਬਸੰਤ ਦੇ ਰੰਗ ਖਿੜੇ ਹੋਣ ਉਹ ਭਾਵੇਂ ਇਕ ਅੱਖਰ ਨਾ ਲਿਖੇ ਭਾਵੇਂ ਇਕ ਬਚਨ ਨਾ ਬੋਲੇ ਉਹ 'ਕਵੀ' ਹੈ।ਉਸ ਕਵੀ ਦਾ ਤੱਕਣਾ, ਉਂਦੇ ਬਾਂਹ ਦੀ ਉਲਾਰ, ਉਹਦਾ ਬਹਿਣਾ, ਚਲਣਾ, ਖਾਣਾ, ਪੀਣਾ, ਪਹਿਨਣਾ ਕਾਵਿ ਹੈ ਅਤੇ ਜੇਕਰ ਉਹ ਕੋਈ ਗੱਲ ਕਰੇ ਅਤੇ ਉਸ ਨੂੰ ਲਿਖ ਲਿਆ ਜਾਵੇ ਤਾਂ ਉਹ ਉੱਚਾ ਸਾਹਿਤ ਹੈ, ਉਹ ਕਵਿਤਾ ਹੈ। ==


ਕਾਵਿ ਕਵੀ ਤੋਂ ਬਣਿਆ ਸ਼ਬਦ ਹੈ ਜਿਸ ਦਾ ਅਰਥ ਹੋ ਜਾਂਦਾ ਹੈ ਕਾਵਿ ਦਾ ਭਾਵ ਜਾਂ ਕਰਮ।ਸੰਸਕ੍ਰਿਤ ਦੀ ਡਿਕਸ਼ਨਰੀ 'ਮੇਦਿਨੀ ਕੋਸ਼' ਵਿਚ ਕਾਵਿ ਦੀ ਬਣਤਰ ਇਸ ਤਰ੍ਹਾਂ ਦੱਸੀ ਹੈ:

ਕਵੇਰ ਕਰਮ ਕਾਵਯੰ (ਕਵੇਰ ਦਾ ਅਰਥ ਹੈ: ਕਵੀ ਦਾ ਕਰਮ)

ਇਸ ਦਾ ਮਤਲਬ ਹੈ ਕਿ ਕਾਵਿ ਦੀ ਉਤਪੱਤੀ ਕਵੀ ਤੋਂ ਹੈ ਅਤੇ ਕਵੀ ਦੀ ਉਤਪੱਤੀ ਸੰਸਕ੍ਰਿਤ ਧਾਤੂ (Root) 'ਕੁ' ਤੋਂ ਹੈ ਜਿਸ ਦਾ ਅਰਥ ਹੈ ਵਰਣਨ ਕਰਨਾ।ਸੋ ਕਵੀ ਸਭ ਕੁੱਝ ਵਰਣਨ ਕਰਦਾ ਹੈ ਜਾਂ ਜਾਣਦਾ ਹੈ।ਦੂਜੇ ਲਫਜ਼ਾਂ ਵਿਚ ਕਵੀ ਸਰਵੱਗ ਹੁੰਦਾ ਹੈ।

ਅਮਰੀਕਾ ਦੇ ਮਹਾਂਕਵੀ ਵਾਲਟ ਵਿਟਮੈਂਨ ਨੇ ਇਕ ਵਾਰ ਆਖਿਆ ਸੀ ਕਿ ਕਵਿਤਾ ਤਿੱਖੇ ਜਜ਼ਬਾਤੀ ਅਣੂਆਂ ਨਾਲ ਨਕੋ ਨਕ ਭਰੀ ਹੋਣੀ ਚਾਹੀਦੀ ਹੈ ਅਤੇ ਉਸ ਵਿਚ ਤਸੱਵਰ, ਕਲਪਨਾ ਆਦਿ ਬੁਨਿਆਦੀ ਖੂਬੀਆਂ ਹੋਣੀਆਂ ਜ਼ਰੂਰੀ ਹਨ।

ਪ੍ਰੰਤੂ ਵਿਟਮੈਂਨ ਦੇ ਕਾਵਿ-ਸੰਕਲਪ ਅਤੇ ਆਧੁਨਿਕ ਯੁਗ ਦੇ ਸੰਕਲਪ ਵਿਚ ਦੋ ਯੁਗਾਂ ਦਾ ਫਰਕ ਪੈਦਾ ਹੋ ਗਿਆ ਹੈ।ਅੱਜ ਕਵਿਤਾ ਦੀ ਸੂਰਤ ਤੇ ਸੀਰਤ ਦੋਵੇਂ ਬਦਲ ਗਈਆਂ ਹਨ।ਭਾਵੇਂ ਕਵਿਤਾ ਦੀਆਂ ਬੁਨਿਆਦੀ ਲੋੜਾਂ ਓਹੋ ਹੀ ਹਨ ਜਿਹੜੀਆਂ ਵਿਟਮੈਂਨ ਨੂੰ ਪਸੰਦ ਸਨ ਪਰ ਉਨ੍ਹਾਂ ਦੀ ਵਿਵਸਥਾ, ਯੋਜਨਾ, ਸ਼ੈਲੀ ਤੇ ਵਾਤਾਵਰਣ ਉੱਕਾ ਹੀ ਬਦਲ ਰਿਹਾ ਹੈ।

ਹਿੱਲੇਰ ਲਿਖਦਾ ਹੈ ਕਿ ਕਿਸੇ ਚੰਗੀ ਕਵਿਤਾ ਨੂੰ ਮੁੜ ਮੁੜ ਪੜ੍ਹਦੇ ਜਾਓ ਪ੍ਰੰਤੂ ਫਿਰ ਵੀ ਉਹ ਅਗਲੀ ਵਾਰ ਲਈ ਬੁੱਕਲ ਵਿਚ ਕੁੱਝ ਨਾ ਕੁੱਝ ਲੁਕੋ ਰੱਖੇਗੀ।

ਇਸ ਕਥਨ ਦਾ ਇਸ਼ਾਰਾ ਕਵਿਤਾ ਦੀ suggestivity ਵੱਲ ਹੈ।ਕੁੱਝ ਇਸ ਤਰ੍ਹਾਂ ਦਾ ਖਿਆਲ ਸੰਸਕ੍ਰਿਤ ਦੇ ਧੁਨੀ-ਸਿਧਾਂਤ ਵਿਚ ਉਪਲਬਧ ਹੈ।ਚੰਗੇ ਕਾਵਿ ਵਿਚ ਅਰਥਾਂ ਦੇ ਕਈ ਪੱਧਰ ਹੁੰਦੇ ਹਨ ਅਤੇ ਹਰ ਵਾਰ ਨਵੇਂ ਤੋਂ ਨਵੇਂ ਅਰਥ ਚਮਤਕਾਰ ਬਣ ਬਣ ਉਘੜਦੇ ਹਨ।

ਕਾਵ੍ਯ ਪ੍ਰਕਾਸ਼ ਦੇ ਲੇਖਕ ਮੰਮਟ ਨੇ ਕਵੀ ਬਾਣੀ (ਕਵਿਤਾ) ਦੀ ਅਗੰਮਤਾ, ਅਲੋਕਾਰਤਾ ਤੇ ਅਨੋਖੇਪਨ ਦੇ ਗੀਤ ਗਾਏ ਹਨ: ਮੰਗਲਾਚਰਣ ਵਿਚ ਲਿਖਿਆ ਹੈ ਕਿ ਕਵੀ ਦੀ ਬਾਣੀ ਹੋਣੀ ਦੇ ਅਸੂਲਾਂ ਤੋਂ ਆਜ਼ਾਦ ਹੈ, ਅਨੰਦਮਈ ਤੇ ਰਸਮਈ ਅਤੇ ਆਪਣੇ ਆਪ ਸੁਤੰਤਰ ਹੈ।

ਜਾਦੂ ਤੇ ਕਵਿਤਾ Ben johnson ਲਿਖਦਾ ਹੈ ਕਿ ਕਵਿਤਾ ਦੀ ਗੱਲ ਅਬਿਨਾਸੀ ਪੱਧਰ ਦੀ ਹੁੰਦੀ ਹੈ, ਫਾਨੀ ਜ਼ੁਬਾਨ ਤੋਂ ਉਚੇਰੀ ਹੁੰਦੀ ਹੈ।ਜਾਦੂਈ ਅਸਰ ਤੋਂ ਕਵਿਤਾ ਬਰੀ ਨਹੀਂ ਕੀਤੀ ਜਾ ਸਕਦੀ।ਦੱਸਿਆ ਜਾਂਦਾ ਹੈ ਕਿ ਫ੍ਰਾਂਸ ਦੇ ਪ੍ਰਤੀਕਵਾਦੀ ਕਵੀ ਰਿੰਬੋ (Rimbaud) ਅਤੇ ਆਇਰਲੈਂਡ ਦੇ ਅੰਗਰੇਜੀ ਕਵੀ Y.B. Yeats ਨੇ ਸਹੀ ਮਾਇਨਿਆਂ ਵਿਚ ਜਾਦੂ ਦੀ ਪੜ੍ਹਾਈ ਕੀਤੀ ਸੀ।ਨਿਰਸੰਦੇਹ ਇਹ ਦੋਵੇਂ ਜਣੇ ਮਹਾਨ ਕਵੀ ਹੋ ਗੁਜ਼ਰੇ ਹਨ।

ਜੇਮਜ਼ ਰੀਵਜ਼ ਨੇ ਕਵਿਤਾ ਦੇ ਮਨੋਰਥ ਬਾਰੇ ਬੜੇ ਯਕੀਨ ਨਾਲ ਇਹ ਆਖਿਆ ਹੈ ਕਿ 'ਇਕ ਗੱਲ ਤਾਂ ਯਕੀਨੀ ਹੈ ਕਿ ਕਾਵਿ ਦਾ ਪਹਿਲ-ਪਲੇਠਾ ਮਨੋਰਥ ਜਾਦੂ-ਪ੍ਰਭਾਵ ਹੈ।

ਭਾਰਤ ਦੀ ਸਭ ਤੋਂ ਪੁਰਾਣੀ ਕਵਿਤਾ ਵੇਦਾਂ ਵਿਚ ਮਿਲਦੀ ਹੈ।ਵੈਦਿਕ ਕਵਿਤਾ ਨੂੰ ਮੰਤ੍ਰ ਆਖਿਆ ਜਾਂਦਾ ਸੀ।ਇਕ ਤਾਂ ਸ਼ਾਇਦ ਇਸ ਲਈ ਕਿ 'ਵੇਦ ਬਾਣੀ' ਭਾਰਤੀਆਂ ਲਈ ਈਸ਼ਵਰੀ ਆਦੇਸ਼ ਸਨ ਅਤੇ ਦੂਜਾ ਇਸ ਲਈ ਕਿ ਇਨ੍ਹਾਂ ਦਾ ਅਸਰ ਜਾਦੂ ਵਰਗਾ ਮੰਨਿਆ ਜਾਂਦਾ ਸੀ।ਅੱਗੇ ਆ ਕੇ ਬੁੱਧ ਧਰਮ ਦੇ ਯੁਗ ਦੇ ਅੰਤ ਵਿਚ 'ਅਧਿਆਤਮਿਕ ਸਾਧਨਾ' ਨੂੰ ਹੀ 'ਮੰਤ੍ਰ ਯਾਨ' ਆਖਿਆ ਗਿਆ ਅਤੇ ਉਸ ਸਾਰੇ ਯੁਗ ਨੂੰ ਮੰਤ੍ਰ ਯੁਗ ਕਹਿ ਕੇ ਯਾਦ ਕੀਤਾ ਗਿਆ।

ਇਨ੍ਹਾਂ ਹਵਾਲਿਆਂ ਤੋਂ ਸਾਫ਼ ਜ਼ਾਹਰ ਹੈ ਕਿ ਕਵਿਤਾ ਇਕ ਜਾਦੂ ਹੈ ਅਤੇ ਇਸਦੇ ਸਰੂਪ ਵਿਚ ਜਾਦੂ ਦੇ ਅੰਸ਼ ਹਰ ਯੁਗ ਵਿਚ ਵਰਤਮਾਨ ਚਲੇ ਆ ਰਹੇ ਹਨ।

ਕਾਵਿ ਦਾ ਸਾਰਥਕ ਹੋਣਾ ਉਸਨੂੰ ਜੀਆ-ਦਾਨ ਬਖਸ਼ਦਾ ਹੈ।ਕਾਵਿ ਲੋਕਾਂ ਨੂੰ ਤਾਂ ਹੀ ਕੋਈ ਸੇਧ ਪ੍ਰਦਾਨ ਕਰ ਸਕਦਾ ਹੈ ਜੇਕਰ ਉਸ ਵਿਚ ਕੋਈ ਮਤਲਬ ਹੋਵੇ।ਕਵੀ ਮਨੁੱਖੀ ਕਦਰਾਂ ਕੀਮਤਾਂ ਦਾ ਮੂਲਿਆਂਕਨ ਕਾਵਿ ਦੇ ਚੌਖਟੇ ਵਿਚ ਬੰਨ੍ਹਦਾ ਹੈ।

ਪੰਡਿਤ ਜਗਨਨਾਥ ਕ੍ਰਿਤ ਅਨੁਸਾਰ ਕਾਵਿ ਦਾ ਸਭ ਤੋਂ ਪਹਿਲਾ ਲਕਸ਼ਣ ਸਾਨੂੰ 'ਅਗਨੀ ਪੁਰਾਣ' ਵਿਚ ਮਿਲਦਾ ਹੈ।ਉਸ ਵਿਚ ਲਿਖਿਆ ਹੈ ਕਿ ਇਸ਼ਟ ਅਰਥ ਨੂੰ ਸੰਖੇਪ ਵਿਚ ਉਜਾਗਰ ਕਰਨ ਵਾਲੀ ਸ਼ਬਦਾਵਲੀ ਕਾਵਿ ਹੈ।

ਪ੍ਰੋਫੈਸਰ ਧਰਮਬੀਰ ਰਾਏ ਜੀ ਦੀ ਕਿਤਾਬ "ਪੰਜਾਬੀ ਛੰਦ ਅਤੇ ਅਲੰਕਾਰ" ਅਨੁਸਾਰ ਕਵਿਤਾ ਸ਼ਬਦ ਦੀ ਉਤਪਤੀ 'ਕਵ' ਧਾਤੁ ਤੋਂ ਮੰਨੀ ਜਾਂਦੀ ਹੈ।ਕਵੀ ਕਵਿਤਾ ਦਾ ਰਚਾਇਤਾ ਹੈ ਜੋ ਆਮ ਮਨੁੱਖ ਨਾਲੋਂ ਵਧੇਰੇ ਸੰਵੇਦਨਸ਼ੀਲ ਹੁੰਦਾ ਹੈ ਅਰਥਾਤ ਕਵਿਤਾ ਕੋਮਲ ਕਲਾ ਹੈ ਤੇ ਉਸ ਦੀ ਰਚਨਾ ਕਰਨ ਵਾਲਾ ਵੀ ਬੜੇ ਕੋਮਲ ਭਾਵਾਂ ਵਾਲਾ ਵਿਅਕਤੀ ਜੋ ਹਰ ਚੀਜ਼ ਤੋਂ ਆਮ ਨਾਲੋਂ ਪ੍ਰਭਾਵਿਤ ਹੁੰਦਾ ਹੈ ਤੇ ਉਸੇ ਕਬੂਲੇ ਪ੍ਰਭਾਵ ਤੋਂ ਕਵਿਤਾ ਹੋਂਦ ਵਿਚ ਆਉਂਦੀ ਹੈ।

ਕਵਿਤਾ ਵਿਕਾਸ-ਸ਼ੀਲ ਵਸਤੂ ਹੋਣ ਕਰਕੇ ਇਸ ਨੂੰ ਪਰਿਭਾਸ਼ਾਵਾਂ ਦੇ ਘੇਰੇ ਵਿਚ ਬੰਨਣਾ ਗਲਤੀ ਹੈ।ਕੋਈ ਵੀ ਪਰਿਭਾਸ਼ਾ ਲੈ ਲਈ ਜਾਵੇ ਕਵਿਤਾ ਲਈ ਅਧੂਰੀ ਰਹੇਗੀ।ਇਕ ਸਮਾਂ ਸੀ ਜਦੋਂ ਕਵਿਤਾ ਦਾ ਭੌਤਿਕ ਸੰਸਾਰ ਨਾਲ ਕੋਈ ਨਾਤਾ ਨਹੀਂ ਸੀ ਸਿਰਫ ਕਲਪਨਾ ਦੇ ਜਹਾਨ ਦੀਆਂ ਗੱਲਾਂ ਦਾ ਨਾ ਹੀ ਕਵਿਤਾ ਸੀ।ਕਵਿਤਾ ਨੂੰ ਕਲਪਨਾ ਦਾ ਪ੍ਰਗਟਾਵਾ ਮੰਨਿਆ ਜਾਂਦਾ ਸੀ ਅਤੇ ਜਿਸ ਦਾ ਯਥਾਰਥ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ।ਇਹ ਸਿਰਫ ਉੱਚੀ ਕਲਪਨਾ ਦੇ ਵਲਵਲੇ ਦਾ ਵਹਾਓ ਸੀ।ਸਿਰਫ ਸੁੰਦਰਤਾ ਦਾ ਕਾਵਿਮਈ ਖਿਆਲ ਕਵਿਤਾ ਮੰਨ ਲਿਆ ਜਾਂਦਾ ਸੀ।ਅਰਥਾਤ ਚੰਗੀ ਕਲਪਨਾ ਦੀ ਬੁਨਿਆਦ ਕਲਪਨਾ ਸੀ।

ਕਵਿਤਾ ਸਾਹਿਤ ਦਾ ਰਮਣੀਕ ਸੁਕੋਮਲ ਅਤੇ ਪ੍ਰਾਚੀਨ ਅੰਗ ਹੈ ਤੇ ਸਰਵ ਸ੍ਰੇਸ਼ਟ ਕਲਾ ਵੀ।ਸੁੰਦਰਤਾ ਨਾਲ ਮਨੁੱਖ ਦਾ ਕੁਦਰਤੀ ਪ੍ਰੇਮ ਹੈ ਤੇ ਕਵਿਤਾ ਉਸ ਦੇ ਪ੍ਰਗਟਾ ਦਾ ਉਤਮ ਸਾਧਨ।ਇਹ ਮਾਨਵ ਜੀਵਨ ਦਾ ਜ਼ਰੂਰੀ ਅੰਗ ਬਣ ਚੁਕੀ ਹੈ।ਸਮਾਂ ਬਦਲੀ ਨਾਲ ਇਸਦੇ ਸਰੂਪ (ਰੂਪ ਅਤੇ ਤੱਤ) ਵਿਚ ਵੀ ਢੇਰ ਪਰਿਵਰਤਨ ਆਇਆ ਹੈ।ਕਵਿਤਾ ਅਤੇ ਅਕਵਿਤਾ, ਕਵਿਤਾ ਦੀਆਂ ਦੋ ਸ਼ਾਖਾ ਨਿਕਲ ਆਈਆਂ ਹਨ।ਵਿਸ਼ਾ ਬਦਲਿਆ ਹੈ, ਵਿਚਾਰ ਬਦਲੇ ਹਨ ਰੂਪ ਬਦਲ ਗਿਆ ਹੈ।ਪਰ ਸਭ ਕੁੱਝ ਹੋਣ ਮਗਰੋਂ ਵੀ ਬੁਨਿਆਦੀ ਰੂਪ ਵਿਚ ਕਵਿਤਾ ਕਵਿਤਾ ਹੀ ਰਹੀ ਹੈ ਤੇ ਕਵਿਤਾ ਹੀ ਰਹੇਗੀ।ਕਵਿਤਾ ਮਰੀ ਨਹੀਂ ਨਾ ਮਰੇਗੀ।ਇਸ ਦੀ ਲੋੜ ਵਧੀ ਹੈ ਤੇ ਵਧੇਗੀ।ਅੱਜ ਜਦੋਂ ਕਿ ਵਾਰਤਕ ਦਾ ਯੁੱਗ ਹੈ, ਇਸ ਸਮੇਂ ਵੀ ਕਵਿਤਾ ਨੇ ਆਪਣਾ ਮਹੱਤਵ ਸੰਭਾਲਿਆ ਹੋਇਆ ਹੈ।

ਕਵਿਤਾ ਰਾਹੀਂ ਮਨੁੱਖ ਦੇ ਜਜ਼ਬਾਤ, ਵਲਵਲੇ, ਮਨੋਭਾਵ, ਉਸ ਦੀ ਬਿਹ-ਬਲਤਾ, ਉਸ ਦੀਆਂ ਖੁਸ਼ੀਆਂ, ਗਮੀਆਂ, ਵਿਸਮਾਦ ਆਦਿ ਕਾਵਿ ਅਨੁਭਵ ਕਵਿਤਾ ਦੇ ਰੂਪ ਵਿਚ ਸਾਕਾਰ ਹੋ ਜਾਂਦੇ ਹਨ।