ਕਵਿਤਾ ਲਿਖਣ ਵਾਲੇ ਨੂੰ ਕਵੀ ਕਹਿੰਦੇ ਹਨ। ਜੋ ਕਵੀ ਦਾ ਕਿੱਤਾ ਕਰਦਾ ਹੈ ਉਸ ਨੂੰ ਕਵੀਸ਼ਰੀ ਕਰਨਾ ਕਹਿੰਦੇ ਹਨ। ਕਹਾਣੀ ਨੂੰ ਕਿੱਸਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਕਵੀ/ਕਿੱਸਾਕਾਰ ਕਿੱਸੇ ਲਿਖਦੇ ਸਨ। ਕਿੱਸਾਕਾਰ ਜਾਂ ਆਪ ਕਵੀਸ਼ਰੀ ਕਰਦੇ ਸਨ ਜਾਂ ਉਨ੍ਹਾਂ ਦੇ ਲਿਖਿਆਂ ਕਿੱਸਿਆਂ 'ਤੇ ਹੋਰ ਲੋਕ ਕਵੀਸ਼ਰੀ ਕਰਦੇ ਸਨ। ਕਵੀਸ਼ਰੀ ਕਰਨਾ ਪਹਿਲੇ ਸਮਿਆਂ ਦੇ ਮਨੋਰੰਜਨਾਂ ਦੇ ਸਾਧਨਾਂ ਵਿਚੋਂ ਇਕ ਸਾਧਨ ਹੁੰਦਾ ਸੀ। ਕਵੀਸ਼ਰੀ ਮੇਲਿਆਂ ਤੇ ਕੀਤੀ ਜਾਂਦੀ ਸੀ। ਵਿਆਹਾਂ, ਮੰਗਣਿਆਂ, ਧਾਰਮਿਕ, ਸਮਾਜਿਕ ਇਕੱਠਾਂ ਅਤੇ ਹੋਰ ਖੁਸ਼ੀ ਦੇ ਮੌਕਿਆਂ 'ਤੇ ਕੀਤੀ ਜਾਂਦੀ ਸੀ। ਧਾਰਮਿਕ ਕਵੀਸ਼ਰੀ ਗੁਰੂ ਸਾਹਿਬਾਨਾਂ ਦੇ ਜੀਵਨ, ਉਨ੍ਹਾਂ ਦੀਆਂ ਸ਼ਹੀਦੀਆਂ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਬੰਦਾ ਬਹਾਦਰ, ਸਿੱਖ ਯੋਧਿਆਂ 'ਤੇ ਕੀਤੀ ਜਾਂਦੀ ਸੀ। ਰਾਜਪੂਤ ਯੋਧਿਆਂ, ਨਲ ਦਮਯੰਤੀ, ਕੌਲਾਂ, ਦਹੂਦ ਬਾਦਸ਼ਾਹ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ ਅਤੇ ਹੋਰ ਬਹੁਤ ਸਾਰੀਆਂ ਕਹਾਣੀਆਂ 'ਤੇ ਕਵੀਸ਼ਰੀ ਕੀਤੀ ਜਾਂਦੀ ਸੀ। ਕਵੀਸ਼ਰ ਸਾਂਝੀਆਂ ਥਾਵਾਂ 'ਤੇ ਲਾਏ ਜਾਂਦੇ ਸਨ। ਸਰੋਤੇ ਆਲੇ-ਦੁਆਲੇ ਬੈਠ ਜਾਂਦੇ ਸਨ। ਕਵੀਸ਼ਰ ਖੜ੍ਹ ਕੇ ਕਵੀਸ਼ਰੀ ਕਰਦੇ ਸਨ। ਕਵੀਸ਼ਰੀ ਕਰਨ ਵਾਲੇ ਘੱਟੋ ਘੱਟ ਦੋ ਤੇ ਵੱਧ ਤਿੰਨ ਹੁੰਦੇ ਸਨ। ਪ੍ਰਸੰਗ ਦੱਸਣ ਵਾਲੇ ਨੂੰ ਆਗੂ ਕਹਿੰਦੇ ਹਨ ਤੇ ਦੂਸਰਿਆਂ ਨੂੰ ਪਾਸੂ ਕਹਿੰਦੇ ਹਨ। ਕਵੀਸ਼ਰੀ ਬਿਨਾਂ ਕਿਸੇ ਸਾਜ਼ ਤੋਂ ਕੀਤੀ ਜਾਂਦੀ ਹੈ। ਹੁਣ ਪੰਜਾਬ ਵਿਚ ਸ਼ਾਇਦ ਹੀ ਤੁਹਾਨੂੰ ਕੋਈ ਕਵੀਸ਼ਰੀ ਜੱਥਾ ਮਿਲੇ ? ਸਾਡਾ ਇਹ ਮਨੋਰੰਜਨ ਦਾ ਸਾਧਨ ਹੁਣ ਅਲੋਪ ਹੋ ਗਿਆ ਹੈ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.