ਕਾਵਿਗਤ ਗੁਣ

ਕਾਵਿ ਸਾ਼ਸਤਰ ਵਿੱਚ ਕਾਵਿ ਦੇ ਗੁਣਾਂ ਬਾਰੇ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਚਾਣਕਯ ਨੇ 400 ਈਸਵੀ ਪੂਰਵ ਵਿੱਚ ਆਪਣੇ ਗ੍ਰੰਥ "ਅਰਥਸ਼ਾਸਤਰ" ਵਿਚ ਰਾਜਕੀ ਆਦੇਸ਼ ਦੀ ਭਾਸ਼ਾ ਵਿੱਚ ਸੰਬੰਧ,ਪਰਿਪੂਰਣਤਾ,ਮਾਧੁਰਣ,ਔਦਾਰਯ ਅਤੇ ਸਪਸ਼ਟਤਾ ਆਦਿ ਛੇ ਗੁਣ ਹੋਣੇ ਜ਼ਰੂਰੀ ਮੰਨੇ ਹਨ। ਇਨ੍ਹਾਂ ਵਿਚੋਂ ਮਾਧੁਰਯ ਅਤੇ ਔਦਾਰਯ ਦਾ ਸੰਬੰਧ ਕਾਵਿ ਨਾਲ ਵੀ ਹੈ। ਇਸੇ ਤਰ੍ਹਾਂ ਗਿਰਨਾਰ ਸ਼ਿਲਾਲੇਖ ਵਿੱਚ ਰਾਜਾ ਰੁਦ੍ਰਦਾਮਨ ਨੇ ਪ੍ਰਸਾਦ,ਮਾਧੁਰਯ,ਓਜ,ਕਾਂਤੀ,ਉਦਾਰਤਾ ਆਦਿ ਗੁਣਾਂ ਦਾ ਜ਼ਿਕਰ ਕੀਤਾ ਹੈ। ਗੱਦਕਾਰ ਬਾਣਭੱਟ ਅਨੁਸਾਰ ਵੱਖ ਵੱਖ ਖਿੱਤਿਆਂ ਨਾਲ ਸੰਬੰਧਿਤ ਕਵੀ ਵੱਖ ਵੱਖ ਗੁਣਾਂ ਵਾਲੀ ਕਾਵਿ-ਭਾਸਾ਼ ਦੀਆਂ ਵਰਤੋਂ ਕਰਦੇ ਹਨ।

ਭਾਰਤੀ ਆਚਾਰੀਆ ਗੁਣ ਦੇ ਅਲੰਕਾਰ, ਰੀਤੀ ਅਤੇ ਰਸ ਨਾਲ ਸੰਬੰਧਾਂ ਅਤੇ ਨਿਖੇੜਿਆ ਬਾਰੇ ਇੱਕਮਤ ਨਹੀਂ ਹਨ। ਕੁਝ ਗੁਣਾਂ ਦੀ ਇਨ੍ਹਾਂ ਤੋਂ ਵੱਖਰਤਾ ਦੇ ਹਿਮਾਇਤੀ ਹਨ ਅਤੇ ਕੁਝ ਗੁਣਾਂ ਦੀ ਇਨ੍ਹਾਂ ਨਾਲ ਸਮਾਨਤਾ ਨੂੰ ਦਰਸਾਉਂਦੇ ਹਨ। ਗੁਣਾਂ ਦੇ ਰੀਤੀ ਨਾਲੋਂ ਵੱਖਰੇਵੇਂ ਬਾਰੇ ਸਭ ਤੋਂ ਜ਼ਿਆਦਾ ਉਲਝੇਵਾਂ ਹੈ ਕਿਉਂਕਿ ਵੱਖ ਵੱਖ ਰੀਤੀਆਂ ਅਤੇ ਗੁਣ ਇੱਕ ਦੂਜੇ ਦੇ ਪੂਰਕ ਜਾਪਦੇ ਹਨ।

ਗੁਣ ਦੇ ਭੇਦ

ਸਭ ਤੋਂ ਪਹਿਲਾਂ ਨਾਟਯਸ਼ਾਸਤਰ ਦੇ ਲੇਖਕ ਭਰਤਮੁਨੀ ਨੇ ਸਲੇਸ਼,ਪ੍ਰਸਾਦ,ਸਮਤਾ,ਸਮਾਧੀ,ਮਾਧੁਰਯ,ਓਜ,ਪਦਸੁਕੁਮਾਰਤਾ,ਅਰਥਵਿਅਕਤੀ, ਉਦਾਰਤਾ ਅਤੇ ਕਾਂਤੀ ਆਦਿ 10 ਗੁਣਾਂ ਦੀ ਚਰਚਾ ਕੀਤੀ ਹੈ ਅਤੇ ਗੁਣਾਂ ਨੂੰ ਕਾਵਿ ਦੀ ਸ਼ੋਭਾ ਵਧਾਉਣ ਵਾਲੇ ਤੱਤ ਕਿਹਾ ਹੈ। ਭਰਤਮੁਨੀ ਨੇ ਗੁਣਾਂ ਨੂੰ ਰਸ ਦੇ ਸਹਾਇਕ ਤੱਤ ਮੰਨਿਆ ਹੈ। ਭਰਤਮੁਨੀ ਤੋਂ ਬਾਅਦ ਆਚਾਰੀਆ ਭਾਮਹ ਨੇ ਪ੍ਰਸਾਦ,ਮਾਧੁਰਯ, ਅਤੇ ਓਜ ਗੁਣਾਂ ਦਾ ਪਰਿਚੈ ਦਿੱਤਾ ਹੈ।

ਦੰਡੀ ਨੇ ਭਰਤਮੁਨੀ ਦੁਆਰਾ ਦਰਸਾਏ ਗਏ 10 ਗੁਣਾਂ ਨੂੰ ਹੀ ਪ੍ਰਵਾਨ ਕੀਤਾ ਹੈ ਅਤੇ ਕਾਵਿ ਦੇ ਦੋ ਮਾਰਗ ਵੈਧਰਭ ਅਤੇ ਗੌੜ ਦੱਸ ਕੇ ਗੁਣਾਂ ਨੂੰ ਇਨ੍ਹਾਂ ਦੋਹਾਂ ਕਿਸਮ ਦੇ ਮਾਰਗਾਂ ਵਾਲੇ ਕਾਵਿ ਦੀ ਜਿੰਦਜਾਨ ਕਿਹਾ ਹੈ।

ਅਗਨੀਪੁਰਾਣਕਰਤਾ ਨੇ ਗੁਣਾਂ ਨੂੰ ਕਾਵਿ ਦਾ ਲਾਜ਼ਮੀ ਤੱਤ ਸਵੀਕਾਰ ਕਰਦਿਆਂ ਕਿਹਾ ਹੈ ਕਿ ਜੋ ਤੱਤ ਕਾਵਿ ਵਿੱਚ ਬਹੁਤੀ ਸੁੰਦਰਤਾ ਪੈਦਾ ਕਰਦੇ ਹਨ,ਉਹੀ ਗੁਣ ਹੈ। ਇਸ ਅਨੁਸਾਰ ਅਲੰਕਾਰ ਆਦਿ ਦੀ ਵਰਤੋਂ ਦੇ ਬਾਵਜੂਦ ਪ੍ਰਸਾਦ ਆਦਿ ਗੁਣਾਂ ਤੋਂ ਸੱਖਣਾ ਕਾਵਿ ਪਾਠਕਾਂ ਨੂੰ ਆਨੰਦ ਨਹੀਂ ਦਿੰਦਾ। ਅਗਣੀਪੁਰਾਣਕਰਤਾ ਨੇ ਸ਼ਬਦਗੁਣ,ਅਰਥਗੁਣ,ਉਭਯਗੁਣ, ਤਿੰਨ ਤਰ੍ਹਾਂ ਦੇ ਗੁਣ ਦੱਸ ਕੇ ਅੱਗੇ ਉਨ੍ਹਾਂ ਦੇ ਕਈ ਭੇਦ ਵੀ ਦਰਸਾਏ ਹਨ।ਕਾਵਿ ਨੂੰ ਬਾਹਰੀ ਤੌਰ ਤੇ ਭਾਵ ਉਸ ਦੀ ਸ਼ਬਦ-ਕਾਇਆ ਨੂੰ ਸੁੰਦਰ ਬਣਾਉਣ ਵਾਲੇ ਸ਼ਬਦ ਗੁਣ ਸਲੇਸ਼,ਲਾਲਿਤਯ,ਗਾਂਭਿਰਯ,ਸੌਕੁਮਾਰਯ, ਉਦਾਰਤਾ,ਸਤੀ ਅਤੇ ਯੌਗਿਕੀ ਆਦਿ ਸੱਤ ਤਰ੍ਹਾਂ ਦੇ ਹਨ। 

ਸਰਸਵਤੀਕੰਠਾਭਰਣ ਦੇ ਲੇਖਕ ਭੋਜ ਨੇ ਗੁਣਾਂ ਦੇ ਤਿੰਨ ਭੇਦ ਸ਼ਬਦ,ਅਰਥ ਅਤੇ ਵੈਸੇ਼ਸਿਕ ਦੱਸੇ ਹਨ ਅਤੇ ਅੱਗੇ ਇਨ੍ਹਾਂ ਦੇ ਅਨੇਕਾਂ ਉਪਭੇਦ ਦਰਸਾਉਂਦੇ ਹੋਏ 72 ਗੁਣਾਂ ਦੀ ਚਰਚਾ ਕੀਤੀ ਹੈ। ਗੁਣਾਂ ਬਾਰੇ ਇਹ ਚਰਚਾ ਬਹੁਤ ਗੁੰਝਲਦਾਰ ਹੈ।

  ਗੁਣਾਂ ਬਾਰੇ ਸਭ ਤੋਂ ਵਿਗਿਆਨਕ ਅਤੇ ਸਪਸ਼ਟ ਸਰੂਪ ਵਿੱਚ ਸਭ ਤੋਂ ਪਹਿਲਾਂ ਚਰਚਾ ਆਚਾਰੀਆ ਵਾਮਹ ਨੇ ਕੀਤੀ। ਉਨ੍ਹਾਂ ਨੇ ਗੁਣ ਅਤੇ ਅਲੰਕਾਰ ਵਿੱਚ ਭੇਦ ਕਰਦੇ ਹੋਏ ਗੁਣ ਨੂੰ ਕਾਵਿ ਦੇ ਅੰਤਰੰਗ ਅਤੇ ਅਲੰਕਾਰਾਂ ਨੂੰ ਬਹਿਰੰਗ ਜਾ ਬਾਹਰੀ ਅੰਗ ਕਿਹਾ।ਵਾਮਹ ਦੀ ਪਰਿਭਾਸ਼ਾ ਅਨੁਸਾਰ"ਕਾਵਿ ਦੀ ਸੋ਼ਭਾ ਉਤਪੰਨ ਕਰਨ ਵਾਲੇ ਧਰਮ ਗੁਣ ਹਨ।ਇਹ ਕਾਵਿ ਦੇ ਸੁਤੰਤਰ ਧਰਮ ਅਤੇੇ ਕਾਵਿ ਦੀ ਉਤਪਤੀ ਲਈ ਲਾਜ਼ਮੀ ਹਨ।"

ਆਨੰਦਵਰਧਨ ਨੇ ਕਾਵਿਗਤ ਗੁਣਾਂ ਨੂੰ ਰਸ ਦਾ ਸਥਾਈ ਧਰਮ ਕਹਿ ਕੇ ਇਸ ਦੇ ਤਿੰਨ ਭੇਦ ਮਾਧੁਰਯ,ਓਜ ਅਤੇ ਪ੍ਰਸਾਦ ਹੀ ਕੀਤੇ ਹਨ।ਮੰਮਟ,ਹੇਮਚੰਦ੍, ਵਿਸ਼ਵਨਾਥ ਅਤੇ ਵਿਦਿਆਧਰ ਨੇ ਗੁਣਾਂ ਬਾਰੇ ਚਰਚਾ ਕਰਦਿਆਂ ਆਨੰਦਵਰਧਨ ਦਾ ਹੀ ਅਨੁਕਰਨ ਕੀਤਾ ਹੈ।ਮੰਮਟ ਨੇ ਕਾਵਿ ਵਿੱਚ ਗੁਣ ਅਤੇ ਅਲੰਕਾਰ ਦਾ ਸਥਾਨ ਨਿਸ਼ਚਿਤ ਕੀਤਾ ਹੈ। ਉਸ ਅਨੁਸਾਰ ਗੁਣ ਕਾਵਿ ਦੀ ਆਤਮਾ ਰਸ ਦੇ ਨਿੱਤ ਧਰਮ ਹਨ ਅਤੇ ਅਲੰਕਾਰ ਕਾਵਿ ਦੇ ਸਰੀਰਰੂਪ ਸ਼ਬਦ ਅਤੇ ਅਰਥ ਦੇ ਸਹਾਇਕ ਹਨ। ਉਸ ਅਨੁਸਾਰ ਜਿਥੇ ਰਸ ਹੈ, ਉਥੇ ਲਾਜ਼ਮੀ ਤੌਰ ਤੇ ਗੁਣ ਵੀ ਹੋਵੇਗਾ ਪਰ ਰਸ ਦਾ ਅਲੰਕਾਰ ਨਾਲ ਇਹ ਸੰਬੰਧ ਨਹੀਂ ਹੈ।ਰਸ ਤੋਂ ਬਿਨਾਂ ਵੀ ਅਲੰਕਾਰ ਹੋ ਸਕਦਾ ਹੈ ਅਤੇ ਅਲੰਕਾਰ ਤੋਂ ਬਿਨਾਂ ਰਸ ਦੀ ਉਤਪਤੀ ਵੀ ਹੋ ਸਕਦੀ ਹੈ।

ਉਦਭੱਟ ਨੇ ਗੁਣ ਅਤੇ ਅਲੰਕਾਰ ਦਾ ਭੇਦ ਦਸਦੇ ਹੋਏ ਦੋਹਾਂ ਨੂੰ ਅਭਿੰਨ ਮੰਨਿਆ ਹੈ।ਉਸ ਅਨੁਸਾਰ ਭਾਵੇਂ ਗੁਣਾਂ ਦਾ ਕਾਵਿ ਦੀ ਆਤਮਾ ਰਸ ਨਾਲ ਅਟੁੱਟ ਸਬੰਧ ਹੈ ਅਤੇੇ ਅਲੰਕਾਰਾਂ ਦਾ ਰਸ ਨਾਲ ਸੰਯੋਗੀ ਸੰਬੰਧ ਹੈ ਪਰ ਫਿਰ ਵੀ ਦੋਹਾਂ ਵਿੱਚ ਕੋਈ ਭਿੰਨਤਾ ਨਹੀਂ ਹੈ।

ਆਚਾਰੀਆ ਮੰਮਟ, ਵਿਸ਼ਵਨਾਥ ਅਤੇ ਜਗਨਨਾਥ ਦਾ ਮੱਤ ਹੈ ਕਿ ਭਰਤਮੁਨੀ ਦੁਆਰਾ ਦਰਸਾਏ 10ਗੁਣ ਅਤੇ ਵਾਮਨ ਦੁਆਰਾ ਦਰਸਾਏ 20 ਗੁਣਾਂ ਨੂੰ ਮਾਧੁਰਯ,ਓਜ ਅਤੇ ਪ੍ਰਸਾਦ ਗੁਣਾਂ ਵਿੱਚ ਹੀ ਸ਼ਾਮਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਅਨੁਸਾਰ ਇਨ੍ਹਾਂ ਵਿਚੋਂ ਕੁਝ ਗੁਣ ਅਸਲ ਵਿੱਚ ਦੋਸ਼ ਦੇ ਅਭਾਵ ਵੱਲ ਸੰਕੇਤ ਕਰਦੇ ਹਨ ਵੱਡੀ ਲਿਖਤਅਤੇ ਕੁਝ ਤਾਂ ਕਦੇ ਕਦੇ ਦੋਸ਼ ਵੀ ਬਣ ਜਾਂਦੇ ਹਨ। ਇਸ ਲਈ ਗੁਣਾਂ ਦੀ ਏਡੀ ਵੱਡੀ ਗਿਣਤੀ ਦੀ ਬਜਾਏ ਤਿੰਨ ਗੁਣਾਂ ਨੂੰ ਹੀ ਕਾਵਿ ਦੇ ਮੂਲ ਗੁਣਾਂ ਵਜੋਂ ਮਾਨਤਾ ਦੇ ਦੇਣੀ ਚਾਹੀਦੀ ਹੈ।

1.‌‍ਮਾਧੁਰਯ:

ਭਾਮਹ ਅਨੁਸਾਰ ਜੋ ਸੁਣਨ ਨੂੰ ਚੰਗਾ ਲੱਗੇ ਉਹ ਮਾਧੁਰਯ ਹੈ। ਜਿਸ ਕਾਵਿ ਨੂੰ ਸੁਣਦਿਆਂ ਪੜ੍ਹਦਿਆਂ ਸਹ੍ਰਿਦਯ ਅਤੇ ਪਾਠਕ ਦਾ ਮਨ ਆਨੰਦ ਨਾਲ ਭਰ ਜਾਵੇ ਤਾਂ ਉਸ ਨੂੰ ਮਾਧੁਰਯ ਗੁਣ ਕਹਿੰਦੇ ਹਨ। ਇਹ ਗੁਣ ਮਨ ਨੂੰ ਖੁਸ਼ ਕਰਨ ਵਾਲਾ ਹੈਅ਼ ਅਤੇ ਇਸ ਦੀ ਪ੍ਰਤੀਤੀ ਸ੍ਰਿੰਗਾਰ ਰਸ ਦੇ ਸਾਰੇ ਰੂਪਾਂ (ਸੰਭੋਗ,ਸ੍ਰਿੰਗਾਰ,ਕਰੁਣ ਸ੍ਰਿੰਗਾਰ,ਵਿਪ੍ਰਲੰਭ ਸ੍ਰਿੰਗਾਰ) ਅਤੇ ਸਾ਼ਤ ਰਸ ਵਿੱਚ ਹੁੰਦੀ ਹੈ। ਇਸ ਗੁਣ ਵਾਲੇ ਕਾਵਿ ਵਿੱਚ ਟ,ਠ,ਡ,ਢ ਆਦਿ ਧੁਨੀਆਂ ਦੀ ਵਰਤੋਂ ਨਹੀਂ ਹੁੰਦੀ ਅਤੇ ਕ ਤੋਂ ਮ ਤਕ ਕਵਰਗ,ਚਵਰਗ,ਤਵਰਗ ਅਤੇ ਪਵਰਗ ਤਕ ਦੇ ਸਾਰੇ ਵਰਣਾਂ ਦੀ ਭਰਪੂਰ ਵਰਤੋਂ ਹੁੰਦੀ ਹੈ ਭਾਮਹ ਨੇ ਇਸ ਵਿੱਚ ਸਮਾਸ ਪਦਾਂ ਦੀ ਵਰਤੋਂ ਵਰਜਿਤ ਮੰਨੀ ਹੈ।ਪਰ ਮੰਮਟ ਅਨੁਸਾਰ ਥੋੜ੍ਹੇ ਸਮਾਸਾ ਜਾ ਮੱਧਮ ਸਮਾਸਾਂ ਵਾਲੀ ਰਚਨਾ ਅਤੇ ਕੋਮਲ ਵਰਣਾਂ ਦੀ ਵਰਤੋਂ ਵਾਲਾ ਕਾਵਿ ਮਾਧੁਰਯ ਗੁਣ ਵਾਲਾ ਕਾਵਿ ਹੁੰਦਾ ਹੈ।

ਜੇ ਗਲ ਵਿੱਚ ਫੁੱਲਾਂ ਦਾ ਹਾਰ ਪਾਇਆ
ਤੇਰੇ ਲੱਕ ਨੂੰ ਪਏ ਕੜਵੱਲ ਮੋਈਏ।
ਜੇ ਤੂੰਂ ਹੱਥਾਂ ਤੇ ਪੈਰਾਂ ਨੂੰ ਲਾਈ ਮਹਿੰਦੀ
ਭਾਰ ਨਾਲ ਨਾ ਸ਼ੱਕੀ ਤੂੰ ਹੱਲ ਮੋਈਏ! ( ਪ੍ਰੋ਼.ਮੋਹਨ ਸਿੰਘ)

ਉਪਰੋਕਤ ਸਤਰਾਂ ਵਿੱਚ ਵਰਤੇ ਗਏ ਸ਼ਬਦ ਸਮਾਸ ਰਹਿਤ ਹਨ ਅਤੇ ਟਵਰਗ ਦੇ ਕਿਸੇ ਵੀ ਵਰਣ ਦੀ ਵਰਤੋਂ ਨਹੀਂ ਕੀਤੀ ਗਈ। ਜਿਸ ਕਰਕੇ ਇਥੇ ਮਾਧੁਰਯ ਗੁਣ ਹੈ।

2.ਓਜ ਗੁਣ:

ਭਾਮਹ ਅਨੁਸਾਰ ਇਸ ਵਿੱਚ ਸਮਾਸੀ ਪਦਾਂਂ ਦੀ ਵਰਤੋਂ ਹੁੰਦੀ ਹੈ। ਜਿਸ ਕਵਿਤਾ ਨੂੰ ਸੁਣ ਕੇ ਮਨ ਵਿੱਚ ਤੇਜ ਉਤਪੰਨ ਹੋਵੇ ਅਤੇ ਚਿਤ ਦਾ ਵਿਸਥਾਰ ਹੋਵੇ, ਉਹ ਓਜ ਗੁਣ ਵਾਲੀ ਰਚਨਾ ਹੈ। ਇਹ ਗੁਣ ਵੀਰਰਸ, ਵੀਭਤਸ ਰਸ ਅਤੇ ਰ੍ਰੌਦ ਰਸ ਵਾਲੀਆਂ ਰਚਨਾਵਾਂ ਵਿੱਚ ਮੋਜੂਦ ਹੁੰਦਾ ਹੈ। ਵਰਣਾਂ ਦੇ ਸਾਰੇ ਵਰਗਾਂ ਦੇ ਪਹਿਲੇ (ਕ,ਚ,ਟ,ਤ,ਪ) ਅਤੇ ਤੀਜੇ ਅੱਖਰਾਂ (ਗ,ਜ,ਡ,ਦ,ਬ) ਅਤੇ ਦੂਜੇ (ਖ,ਛ,ਠ,ਥ,ਫ) ਅਤੇ ਚੌਥੇ ਅੱਖਰਾਂ (ਘ,ਝ,ਢ,ਧ,ਭ)ਦੇ ਸੁਮੇਲ ਨਾਲ ਬਣੀ ਸ਼ਬਦਾਵਲੀ ਦੀ ਵਰਤੋਂ ਨਾਲ ਓਜ ਗੁਣ ਪੈਦਾ ਹੁੰਦਾ ਹੈ।ਦੋ ਤੁੱਲ ਵਰਣਾਂ ਦੇ ਸੰਯੋਗ (ਹਰ ਵਰਗ ਦੇ ਪਹਿਲੇ ਪਹਿਲੇ, ਦੂਜੇ ਦੂਜੇ, ਤੀਜੇ ਤੀਜੇ, ਅਤੇ ਚੌਥੇ ਚੌਥੇ)ਟਵਰਗ ਦੇ ਪਹਿਲੇ ਚਾਰ ਵਰਣਾਂ ਦੇ ਪ੍ਰਯੋਗ,ਤਾਲਵੀ ਸ਼ ਅਤੇ ਮੂਰਧਨੀ ਸ਼ ਨਾਲ ਸਾਰੇ ਵਰਣਾਂ ਦੇ ਮੇਲ ਲੰਬੇ ਲੰਬੇ ਸਮਾਸਾਂ ਵਾਲੀ ਰਚਨਾ ਵਿੱਚ ਓਜ ਗੁਣ ਮੌਜੂਦ ਹੁੰਦਾ ਹੈ। ਵਾਮਹ ਅਨੁਸਾਰ ਰਚਨਾ ਦੀ ਗਾੜ੍ਹਤਾ ਜਾਂ ਤਿੱਖਾਪਣ ਵੀ ਓਜ ਦਾ ਲੱਛਣ ਹੈ।

ਘੋੜੇ ਮਰਦ ਮੈਦਾਨ ਵਿੱਚ ਢਹਿ ਪੈਣ ਉਤਾਣਾ।
ਜਿਵੇਂ ਮੋਛੇ ਕਰ ਕਰ ਸੁਟੀਆਂ ਗਨੀਆਂ ਤਰਖਾਣਾਂ। (ਨਜਾਬਤ)

ਉਪਰੋਕਤ ਸਤਰਾਂ ਦੇ ਸ਼ਬਦਾਂ ਵਿੱਚ ਵੀਰ ਰਸੀ ਵਰਣਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਕਰਕੇ ਇਥੇ ਓਜ ਗੁਣ ਹੈ।

3.ਪ੍ਰਸਾਦ:

ਜਿਸ ਕਿਸਮ ਦੀ ਕਵਿਤਾ ਨੂੰ ਪਾਠਕ ਜਾਂ ਸਾਮਾਜਿਕ ਬਿਨਾਂ ਉਚੇਤ ਤੋਂ ਸਮਝ ਜਾਵੇ ਅਤੇ ਉਸ ਦੇ ਅੰਦਰ ਰਸ ਦੀ ਪ੍ਰਤੀਤੀ ਸੁਭਾਵਿਕ-ਸਹਿਜ ਰੂਪ ਵਿੱਚ ਹੋ ਜਾਵੇ ਉਥੇ ਪ੍ਰਸਾਦ ਗੁਣ ਮੌਜੂਦ ਹੁੰਦਾ ਹੈ। ਜਿਵੇਂ ਅੱਗ,ਸੁੱਕੀ ਲੱਕੜੀ ਨੂੰ ਫੜ ਲੈਂਦੀ ਹੈ ਅਤੇ ਪਾਣੀ,ਸਾਫ਼ ਕੱਪੜੇ ਵਿੱਚ ਸਮਾ ਜਾਂਦਾ ਹੈ ਉਵੇਂ ਕਾਵਿਦਾ ਪਾਠਕ ਪ੍ਰਸਾਦ ਗੁਣ ਵਾਲੇ ਕਾਵਿ ਨੂੰ ਤਤਕਾਲ ਆਪਣੇ ਅੰਦਰ ਮਹਿਸੂਸ ਕਰ ਲੈਂਦਾ ਹੈ।ਪ੍ਰਸਾਦ ਗੁਣ ਸਾਰੇ ਰਸਾਂ ਵਾਲੀਆਂ ਰਚਨਾਵਾਂ ਵਿੱਚ ਸ਼ਾਮਿਲ ਰਹਿੰਦਾ ਹੈ। ਜਿਨ੍ਹਾਂ ਵਰਣਾਂ, ਸ਼ਬਦਾਂ ਅਤੇ ਸਮਾਸਾਂ ਅਤੇ ਰਚਨਾਵਾਂ ਨੂੰ ਸੁਣਦੇ ਸਾਰ ਹੀ ਉਨ੍ਹਾਂ ਦੇ ਅਰਥਾਂ ਦਾ ਗਿਆਨ ਹੋ ਜਾਵੇ, ਉਹ ਸਾਰੇ ਪ੍ਰਸਾਦ ਗੁਣ ਨਾਲ ਸੰਪੰਨ ਹੁੰਦੇ ਹਨ। ਭਾਮਹ ਨੇ ਇਸ ਵਿੱਚ ਸਮਾਸ ਪਦਾਂ ਦੀ ਵਰਤੋਂ ਵਰਜਿਤ ਮੰਨੀ ਹੈ।ਜੋ ਕਾਵਿ ਸੁਣਨ ਤੇ ਔਰਤਾਂ ਅਤੇ ਬੱਚਿਆਂ ਨੂੰ ਵੀ ਸਮਝ ਆ ਜਾਵੇ ਉਹ ਪ੍ਰਸਾਦ ਗੁਣ ਦਾ ਧਾਰਣੀ ਹੁੰਦਾ ਹੈ।

ਗੁਰੂ ਨਾਨਕ ਜੀ ਹਸਨ ਅਬਦਾਲ ਬੈਠੇ,
ਲੋਕਾਂ ਆ ਹਜ਼ੂਰ ਫ਼ਰਿਆਦ ਕੀਤੀ,
ਪਾਣੀ ਬਾਝ ਮੱਛੀ ਵਾਂਗ ਤੜਫਦੇ ਹਾਂ,
ਆ ਨਾ ਕਿਸੇ ਸਾਰ ਲੀਤੀ।' (ਕਰਮਜੀਤ ਸਿੰਘ)

ਉਪਰੋਕਤ ਸਤਰਾਂ ਰਾਹੀਂ ਹਸਨ ਅਬਦਾਲ ਦੇ ਲੋਕਾਂ ਦੁਆਰਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਗਈ ਫ਼ਰਿਆਦ ਦੀ ਪ੍ਰਤੀਤੀ ਸਹਿਜੇ ਹੀ ਹੋ ਰਹੀ ਹੈ, ਜਿਸ ਕਰਕੇ ਇਥੇ ਪ੍ਰਸਾਦ ਗੁਣ ਹੈ।

ਹਵਾਲੇ 1.ਸ਼ਰਮਾ, ਸੁ਼ਕਦੇਵ ਪ੍ਰੋ਼:(2017) ਭਾਰਤੀ ਕਾਵਿ ਸ਼ਾਸਤਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪਬਲੀਕੇਸ਼ਨ ਬਿਊਰੋ ISBN 978-81-302-0462-8 2.ਸ਼ਰਮਾ, ਸੁਖਦੇਵ ਪ੍ਰੋ:(2017) ਭਾਰਤੀ ਕਾਵਿ ਸ਼ਾਸਤਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪਬਲੀਕੇਸ਼ਨ ਬਿਊਰੋISBN 978-81-302-0462-8