ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ।ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਪੰਜਾਬੀ ਵਿੱਚ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ-ਮਹਿਵਾਲ, ਮਿਰਜ਼ਾਂ ਸਾਹਿਬਾ ਆਦਿ ਕਿੱਸੇ ਮਿਲਦੇ ਹਨ। ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾ ਉੱਪਰ ਚੜੇ ਹੋਏ ਹਨ। ਇਹਨਾਂ ਕਿੱਸਿਆਂ ਦੀਆਂ ਜੜ੍ਹਾ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ।

ਕਿੱਸਾ ਕਾਵਿ ਧਾਰਾ ਦੇ ਵਿਕਾਸ ਵਿੱਚ ਯੋਗਦਾਨ ਦੇਣ ਵਾਲੇ ਕਿਸੇ ਦੋ ਕਵੀਆਂ ਬਾਰੇ ਜਾਣਕਾਰੀ ਦਿਉ ।

ਸੋਧੋ

ਕਿੱਸਾ ਮੂਲ ਰੂਪ ਵਿੱਚ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਕਹਾਣੀ, ਕਥਾ ਜਾਂ ਬਿਰਤਾਂਤ ਆਦਿ ਤੋਂ ਹੈ।

ਡਾ. ਮੋਹਨ ਸਿੰਘ ਦੀਵਾਨਾ ਦਾ ਕਥਨ ਹੈ ਕਿ ਪੰਜਾਬੀ ਵਿੱਚ ਆਮ ਤੌਰ 'ਤੇ ਕਿੱਸੇ ਦੇ ਅਰਥ ਕਲਪਿਤ ਜਾਂ ਅਰਧ ਕਲਪੀ ਵਾਰਤਾ ਲਈ ਲਿਆ ਜਾਂਦਾ ਹੈ।

ਡਾ. ਦੀਵਾਨ ਸਿੰਘ ਲਿਖਦਾ ਹੈ “ਕਿੱਸਾ ਅਰਬੀ ਜ਼ੁਬਾਨ ਦਾ ਲਫ਼ਜ ਹੈ ਜਿਸਦਾ ਅਰਥ ਹੈ: ਅਫ਼ਸਾਨਾ, ਕਹਾਣੀ, ਗੱਲ, ਜ਼ਕਾਦਿਤ, ਸਰਗੁਜ਼ਸ਼ਤ ਆਦਿ ਤੋਂ ਅੰਤ ਦਾ ਹਾਲ ਖੋਲ੍ਹ ਕੇ ਬਿਆਨ ਕਰਨਾ ਹੈ।”

ਡਾ ਰਤਨ ਸਿੰਘ ਜੱਗੀ“ਪੰਜਾਬੀ ਵਿੱਚ ਕਿੱਸਾ ਉਸ ਛੰਦ-ਬੱਧ ਬਿਰਤਾਂਤਿਕ ਰਚਨਾ ਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਕਥਾਨਕ ਦਾ ਸਬੰਧ ਪੇ੍ਰਮ, ਰੋਮਾਂਸ, ਬੀਰਤਾ, ਭਗਤੀ, ਦੇਸ਼ ਪ੍ਰੇਮ, ਧਰਮ ਜਾਂ ਸਮਾਜ ਸੁਧਾਰ ਨਾਲ ਹੋਵੇ।

ਇਹਨਾਂ ਸਾਰੇ ਵਿਦਵਾਨਾ ਦੀਆਂ ਉਦਾਹਰਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ‘ਕਿੱਸੇ’ ਦਾ ਅਰਥ ਕਹਾਣੀ, ਕਥਾ ਜਾਂ ਬਿਰਤਾਂਤ ਆਦਿ ਤੋਂ ਹੀ ਲਿਆ ਜਾਂਦਾ ਹੈ।

ਪੰਜਾਬੀ ਕਿੱਸੇ ਦਾ ਆਰੰਭ

ਸੋਧੋ

ਪੰਜਾਬੀ ਕਿੱਸਾ ਕਾਵਿ ਦੇ ਉਦਭਵ ਸੰਬੰਧੀ ਪੰਜਾਬੀ ਸਾਹਿਤ ਦੇ ਵਿਦਵਾਨਾਂ ਦਾ ਵਧੇਰੇ ਮਤ ਇਹੋ ਰਿਹਾ ਹੈ ਕਿ ਇਹ ਕਾਵਿ ਧਾਰਾ ਮਸਨਵੀ ਪਰੰਪਰਾ ਰਾਹੀਂ ਪੰਜਾਬ ਵਿੱਚ ਆਇਆ। ਡਾ. ਕੁਲਬੀਰ ਸਿੰਘ ਕਾਂਗ ਦਾ ਵੀ ਇਹੋ ਮਤ ਹੈ ਕਿ ਪੰਜਾਬੀ ਕਿੱਸਾ ਫ਼ਾਰਸੀ ਦੀ ਮਸਨਵੀ ਪਰੰਪਰਾ ਦਾ ਵਧੇਰੇ ਰਿਣੀ ਹੈ। ਪੰਜਾਬ ਕਈ ਸਦੀਆਂ ਤੱਕ ਈਰਾਨ ਦੇ ਅਧੀਨ ਰਿਹਾ ਹੈ। ਇੱਥੇ ਕਈ ਪ੍ਰਸਿੱਧ ਫ਼ਾਰਸੀ ਸ਼ਾਇਰ ਹੋਏ ਬਾਅਦ ਵਿੱਚ ਫ਼ਾਰਸੀ ਅੱਠ ਸਦੀਆਂ ਸਰਕਾਰੀ ਭਾਸ਼ਾ ਦੇ ਰੂਪ ਵਿੱਚ ਰਾਜ ਕਰਦੀ ਰਹੀ। ਫ਼ਾਰਸੀ ਸਾਹਿਤ ਤੇ ਵਿਸ਼ੇਸ਼ ਕਰ ਕਿੱਸਾਕਾਰੀ, ਜਿਸ ਵਾਹਨ ਮਸਨਵੀ ਸੀ, ਦਾ ਪ੍ਰਭਾਵ ਪੰਜਾਬੀ ਕਿੱਸਾਕਾਰੀ ਨੇ ਬਹੁਤ ਹੱਦ ਤੱਕ ਕਬੂਲਿਆ।[1] ਪੰਜਾਬੀ ਵਿੱਚ ਕਿੱਸਾ ਲਿਖਣ ਦਾ ਮੋਢੀ ਦਮੋਦਰ ਨੂੰ ਮੰਨਿਆ ਜਾਂਦਾ ਹੈ। ਉਸਨੇ ਪਹਿਲੀ ਵਾਰ ਪੰਜਾਬੀ ਵਿੱਚ ‘ਹੀਰ’ ਦਾ ਕਿੱਸਾ ਲਿਖਿਆ ਅਤੇ ਪੰਜਾਬੀ ਵਿੱਚ ਕਿੱਸਾ ਲਿਖਣ ਦੀ ਪਰੰਪਰਾ ਸ਼ੁਰੂ ਕੀਤੀ। ਪਰੰਤੂ ਕੁਝ ਵਿਦਵਾਨ ਦਮੋਦਰ ਤੋਂ ਪਹਿਲਾਂ ਕਿੱਸਾ ਰਚਨ ਬਾਰੇ ਸੰਕੇਤ ਕਰਦੇ ਹਨ। ਡਾ. ਮੋਹਨ ਸਿੰਘ ਦੀਵਾਨਾ ਦਮੋਦਰ ਤੋਂ ਪਹਿਲਾਂ ਦੋ ਕਿੱਸਿਆਂ ਦਾ ਵਰਨਣ ਕਰਦਾ। ਉਸ ਅਨੁਸਾਰ ਦਮੋਦਰ ਤੋਂ ਪਹਿਲਾਂ ਪੁਸ਼ਯ ਕਵੀ ਦੁਆਰਾ ਸੱਸੀ ਪੁੰਨੂੰ ਤੇ ਮੁਲਾ ਦਾਊਦ ਦੇ ਚਾਂਦ ਨਾਮੇ ਨਾਂ ਦਾ ਕਿੱਸਾ ਲਿਖਿਆ ਹੈ।[2] ਭਾਵੇਂ ਡਾ. ਮੋਹਨ ਸਿੰਘ ਦੀਵਾਨ ਕਿੱਸਾ ਕਾਵਿ ਦਾ ਮੁੱਢ ਪੂਰਵ ਨਾਨਕ ਕਾਲ ਵਿੱਚ ਹੀ ਮਿਥਦੇ ਹਨ ਪਰ ਇਹਲਾਂ ਰਚਨਾਵਾਂ ਦੇ ਨਮੂਨੇ ਪੂਰੀ ਤਰ੍ਹਾਂ ਪ੍ਰਾਪਤ ਨਾ ਹੋਣ ਕਰਕੇ ਇਹਨਾਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਏਸੇ ਤਰ੍ਹਾਂ ਕੁਝ ਉਹਨਾਂ ਕਿੱਸਿਆਂ ਦੇ ਕੁਝ ਇੱਕ ਧਾਰਮਿਕ ਤੇ ਲੌਕਿਕ ਕਥਾਵਾਂ ਦੇ ਅਧਾਰ ਤੇ ਕਿੱਸੇ ਲਿਖੇ ਜਾਣ ਦੀਆਂ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪਰ ਉਹਨਾ ਦੀਆਂ ਕ੍ਰਿਤਾਂ ਦੇ ਵੀ ਕੋਈ ਪ੍ਰਮਾਣ ਸਾਡੇ ਤਕ ਨਹੀਂ ਪੁੱਜੇ। ਇਸ ਲਈ ਕਿੱਸਾ ਕਾਵਿ ਦਾ ਅਸਲ ਮੁੱਢ ਅਸੀਂ ਗੁਰੂ ਨਾਨਕ ਕਾਲ ਤੋਂ ਸਿਖਦੇ ਹਾਂ। ਇਸ ਲਈ ਪੰਜਾਬੀ ਕਿੱਸਾ ਕਾਵਿ ਦਾ ਆਰੰਭ ਸ੍ਰੀ ਗਣੇਸ਼, ਦਮੋਦਰ ਦੀ ਹੀਰ ਨਾਲ ਹੀ ਮੰਨਿਆ ਜਾਂਦਾ ਹੈ ਭਾਵੇਂ ਕਿੱਸਾ ਕਾਵਿ ਦੀ ਹੋਂਦ ਬਾਰੇ ਦਮੋਦਰ ਤੋਂ ਪਹਿਲਾਂ ਵੀ ਸੰਕੇਤ ਮਿਲਦੇ ਹਨ ਪਰ ਅਜੇ ਤੱਕ ਕੋਈ ਸੰਪੂਰਨ ਕਿੱਸਾ ਪ੍ਰਾਪਤ ਨਹੀਂ ਹੋਇਆ।[3] ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬੀ ਵਿੱਚ ਪਹਿਲਾ ਸਕਾਨਕ ਕਿੱਸਾ ਦਮੋਦਰ ਦੁਆਰਾ ਰਚਿਤ ਹੀਰ ਰਾਂਝਾ ਹੈ।“ਪੰਜਾਬੀ ਵਿੱਚ ਸਥਾਲਕ ਕਿੱਸਿਆਂ ਦੀ ਪਰੰਪਰਾ ਹੀਰ ਰਾਂਝਾ ਤੋਂ ਸ਼ੁਰੂ ਹੁੰਦੀ ਹੈ ਤੇ ਇਸ ਦਾ ਪਹਿਲਾ ਰਚਨਾਹਾਰ ਕਵੀ ਦਮੋਦਰ ਸੀ। ਇਸ ਤੋਂ ਇਲਾਵਾ ਸੋਹਣੀ ਮਾਹੀਂਵਾਲ, ਸੱਸੀ ਪੁੰਨੂੰ, ਮਿਰਜਾ ਸਾਹਿਬਾਂ, ਪੂਰਨ ਭਗਤ, ਰਾਜਾ ਰਸਾਲੂ, ਰੋਡਾ ਜਲਾਲੀ, ਰੂਪ-ਬਸੰਤ ਅਦਿਕ ਪੰਜਾਬ ਦੇ ਸਥਾਨਕ ਪ੍ਰੀ ਕਿੱਸੇ ਹਨ।”[4]

ਕਿੱਸਾ ਕਾਵਿ ਦੀਆਂ ਵਿਸ਼ੇਸ਼ਤਾਵਾਂ

ਸੋਧੋ

ਪੰਜਾਬੀ ਕਿੱਸੇ ਦੀਆਂ ਕੁਝ ਵਿਸ਼ੇਸ਼ ਵਿਸ਼ੇਸ਼ਤਾਵਾਂ ਹਨ ਜੋ ਇਸ ਨੂੰ ਸਾਹਿਤ ਦੀਆਂ ਦੂਸਰੀਆ ਵਿਧਾਵਾਂ ਨਾਲੋਂ ਵੱਖਰਾ ਕਰਦੇ। ਪੰਜਾਬੀ ਕਿੱਸਾ ਵੱਖ-ਵੱਖ ਕਿੱਸਾਕਾਰਾਂ ਦੇ ਹੱਥੋਂ ਵਿੱਚ ਦੀ ਲੰਘਦਾ ਹੋਇਆ ਵਿਸ਼ੇਸ਼ ਲੱਛਣਾ ਦਾ ਧਾਰਨੀ ਹੋ ਗਿਆ। ਲਗਭਗ ਥੋੜੇ ਬਹੁਤੇ ਅੰਤਰ ਨਾਲ ਇਹ ਲੱਛਣ ਸਾਰਿਆਂ ਕਿੱਸਿਆਂ ਵਿੱਚ ਬਰਾਬਰ ਮਿਲਦੇ ਹਨ ਜੋ ਹੇਠ ਲਿਖੇ ਅਨੁਸਾਰ ਹਨ:

ਮੰਗਲਾਚਰਨ

ਸੋਧੋ

ਮੰਗਲਾਚਰਣ ਦਾ ਕਿੱਸੇ ਵਿੱਚ ਵਿਸ਼ੇਸ਼ ਸਥਾਨ ਹੈ। ਕਿੱਸੇ ਦਾ ਆਰੰਭ ਮੰਗਲਾਚਰਣ ਨਾਲ ਕੀਤਾ ਜਾਂਦਾ ਹੈ ਜਿਸ ਵਿੱਚ ਕਵੀ ਅੱਲਾਹ ਉਸ ਦੇ ਪੈਗੰਬਰਾਂ ਤੇ ਗੁਰੂ ਪੀਰਾਂ ਦੀ ਅਰਾਧਨਾ ਕਰਦਾ ਹੈ। ਕਿਸ਼ਨ ਸਿੰਘ ਗੁਪਤਾ ਦਾ ਵੀ ਇਹ ਕਹਿਣਾ ਹੈ। “ਕਿੱਸੇ ਦਾ ਆਰੰਭ ਮੰਗਲਾਚਰਨ ਨਾਲ ਹੰੁਦਾ ਹੈ, ਜਿਸ ਵਿੱਚ ਕਵੀ ਆਪਣੀ ਸ਼ਰਧਾ ਦੇ ਇਸ਼ਟਦੇਵ ਪ੍ਰਤੀ ਸ਼ਰਧਾ ਪ੍ਰਗਟ ਕਰਦਾ ਹੋਇਆ ਹੱਥਲੀ ਰਚਨਾ ਦੀ ਸੰਪੂਰਨਤਾ ਲਈ ਪ੍ਰਰਾਥਨਾ ਕਰਦਾ ਹੈ।”[5] ਇਸੇ ਤਰ੍ਹਾਂ ਅਸੀਂ ‘ਹੀਰ ਵਾਰਿਸ’ ਦੇ ਮੰਗਲਾਚਾਰਣ ਦੀ ਉਦਾਹਰਨ ਵੇਖਦੇ ਹਾਂ:

ਅੱਵਲ ਹਮਦ ਖੁਦਾਇ ਦਾ ਵਿਰਦ ਕੀਚੇ,
ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ,
ਪਹਿਲਾਂ ਆਪਸੀ ਰੱਬ ਨੇ ਇਸ਼ਕ ਕੀਤਾ
ਤੇ ਮਸ਼ੂਕ ਹੈ ਨਬੀ ਰਸੂਲ ਮੀਆਂ।[6]

(ਵਾਰਿਸ ਸ਼ਾਹ)

ਪਰਾਸਰੀਰਕ ਅੰਸ਼

ਸੋਧੋ

ਮੱਧਕਾਲ ਵਿੱਚ ਵਿੱਦਿਆ ਦੀ ਘਾਟ ਕਾਰਣ ਆਮ ਜਨਤਾ ਤਰਕਸ਼ੀਲ ਘਟ ਅਤੇ ਵਹਿਮ ਭਰਤੀ ਜ਼ਿਆਦਾ ਸੀ। ਉਹਨਾਂ ਦਾ ਦੈਵੀ ਸ਼ਕਤੀਆਂ ਵਿੱਚ ਅੰਧਵਿਸ਼ਵਾਸ ਸੀ। ਪਾਠਕਾਂ ਦੀਆਂ ਇਹਨਾਂ ਭਾਵਨਾਵਾਂ ਦੀ ਤ੍ਰਿਪਤੀ ਲਈ ਕਿੱਸਾਕਾਰਾਂ ਨੇ ਪਰਾਸਰੀਰਕ ਅੰਸ਼ ਦਾ ਪ੍ਰਯੋਗ ਕੀਤਾ ਹੈ।[7] ਪਰਾਸਰੀਰਕ ਅੰਸ਼ਾ ਦੀ ਭਰਮਾਰ ਵਾਰਿਸ਼ ਦੀ ਹੀਰ ਵਿੱਚ ਦੇਖੀ ਜਾ ਸਕਦੀ। ਇਸ ਰਚਨਾ ਵਿੱਚ :ਪੰਜ ਪੀਰ ਖੁੱਲੇ ਰੂਪ ਵਿੱਚ ਵਿਚਰਦੇ ਹਨ। ਦੇਖੋ:

ਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤਾ,
ਦਿਉ ਫ਼ਕਰ ਚਰਮ ਪਲੰਗ ਦਾ ਜੀ।
ਹੋਇਆ ਹੁਕਮ ਦਰਗਾਹ ਥੀਂ ਹੀਰ ਬਖਸ਼ੀ,
ਬੇੜਾ ਲਾਇ ਦਿੱਤਾ ਅਸਾਂ ਢੰਗਦਾ ਜੀ।[8]

(ਵਾਰਿਸ਼ ਸ਼ਾਹ)

ਬਿਰਤਾਂਤ

ਸੋਧੋ

ਕਿੱਸੇ ਦਾ ਅਰਥ ਬਿਰਤਾਂਤ, ਕਥਾ, ਕਹਾਣੀ ਆਦਿ ਤੋਂ ਹੈ। ਇਸ ਲਈ ਕਿੱਸੇ ਬਿਰਤਾਂਤ ਰਚਨਾਂ ਹੁੰਦੇ ਹਨ। ਕਿੱਸੇ ਦੀ ਕਾਮਯਾਬੀ ਕਵੀ ਦੀ ਬਿਰਤਾਂਤ ਕਲਾ ਉੱਪਰ ਨਿਰਭਰ ਕਰਦੀ ਹੈ। ਇਸ ਬਿਰਤਾਂਤ ਵਿੱਚ ਕਿੱਸਾਕਾਰ ਨਾਇਕ/ਨਾਇਕਾ, ਸੁੰਦਰਤਾ, ਸੁਭਾਵ ਪਹਿਰਾਵਾ, ਦ੍ਰਿਸ਼ ਵਰਨਣ ਆਦਿ ਵਧਾ-ਘਟਾ ਕੇ ਪੇਸ਼ ਕਰਦਾ ਹੈ।[9] ਪੰਜਾਬੀ ਕਿੱਸਿਆਂ ਵਿੱਚ ਵਾਰਿਸ ਦੀ ਬਿਰਤਾਂਤ ਕਲਾ ਸਿਖਰਾਂ ਨੂੰ ਛੂਹਦੀਂ ਹੈ। ਦੇਖੋਂ:

ਚਿੜੀ ਚੂਕਦੀ ਨਾਲ ਉੱਠ ਤੁਰੇ ਪਾਂਧੀ,
ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ।
ਉਠ ਨਾਵਣੇ ਵਾਸਤੇ ਜੁਆਨ ਦੌੜੇ,
ਸੇਜਾਂ ਜਿਹਨਾਂ ਨੇ ਰਾਤ ਨੂੰ ਮਾਣੀਆਂ ਨੇ।[10]

(ਹੀਰ ਵਾਰਿਸ)

ਕਵੀਓ ਵਾਚ

ਸੋਧੋ

ਕਾਵਿਓ ਵਾਚ ਜਾਂ ਕਲਾਮੇ ਸ਼ਾਇਰ ਵੀ ਕਿੱਸੇ ਦਾ ਇੱਕ ਗੁਣ ਹੈ। ਕਿੱਸਿਆ ਵਿੱਚ ਕਿੱਸਾਕਾਰ ਆਪਣੀ ਉਕਤੀ ਨੂੰ ਕਲਾਮੇ ਸ਼ਾਇਰ ਜਾਂ ਕਵੀਓ ਵਾਚ ਨਾਲ ਛੋਹਦਾ ਹੈ। ਇਸ ਕਲਾਮ ਵਿੱਚ ਕਿੱਸਾਕਾਰ, ਚਲੰਤ ਮਾਮਲੇ ਬਾਰੇ ਲੰਮੇ ਆਪਣੀ ਰਾਏ ਦਿੰਦਾ ਹੈ। ਪਰ ਇਹ ਵਿਚਾਰ ਕਿਤੇ ਕਿਤੇ ਬਹੁਤ ਲੰਮੇ ਹੋਣ ਕਾਰਣ ਕਹਾਣੀ ਨੂੰ ਹਾਨੀ ਪੰਹੁਚਾਉਂਦੇ ਹਨ।[11] ਕਵੀਓ ਵਾਚ ਦਾ ਨਮੂਨਾ ਵਾਰਿਸ ਸ਼ਾਹ ਦੇ ਕਿੱਸੇ ਵਿੱਚ ਵਧੇਰੇ ਦੇਖਿਆ ਜਾ ਸਕਦਾ ਹੈ। ਉਸਦੇ ਛੋਟੇ-ਛੋਟੇ ਕਲਾਮੇ ਸ਼ਾਇਰ ਜਾਂ ਕਵੀਓ ਵਾਚ ਬਹੁਤ ਖੂਬਸੂਰਤ ਹਨ ਜਿਵੇ:

ਵਾਰਿਸ ਸ਼ਾਹ ਲੁਕਾਈਏ ਖ਼ਲਕ ਕੋਲੋ
ਭਾਵੇਂ ਆਪਣਾ ਹੀ ਗੁੜ ਖਾਈਏ ਜੀ।[12]

(ਹੀਰ ਵਾਰਿਸ)

ਹਵਾਲੇ

ਸੋਧੋ
  1. ਕੁਲਬੀਰ ਸਿੰਘ ਕਾਂਗ, ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿੱਲੀ, 2005, ਪੰਨਾ 18
  2. ਡਾ. ਮੋਹਨ ਸਿੰਘ ਦੀਵਾਨਾ, ਪੰਜਾਬੀ ਸਾਹਿਤ ਦਾ ਇਤਿਹਾਸ, ਪੰਨਾ 19
  3. ਕਿਸ਼ਨ ਸਿੰਘ ਗੁਪਤਾ, ਪੰਜਾਬੀ ਕਿੱਸਾ ਕਾਵਿ ਵਿੱਚ ਸੰਸਕ੍ਰਿਤ ਚੇਤਨਾ, 1997, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ਪੰਨਾ 27
  4. ਕੁਲਬੀਰ ਸਿੰਘ ਕਾਂਗ, ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿੱਲੀ, 2005, ਪੰਨਾ 201
  5. ਕਿਸ਼ਨ ਸਿੰਘ ਗੁਪਤਾ, ਪੰਜਾਬੀ ਕਿੱਸਾ ਕਾਵਿ ਵਿੱਚ ਸੰਸਕ੍ਰਿਤ ਚੇਤਨਾ ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ਪੰਨਾ 16
  6. ਪਿਆਰਾ ਸਿਘ ਪਦਮ, ਹੀਰ ਵਾਰਿਸ ਸ਼ਾਹ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ, 1977, ਪੰਨਾ 60
  7. ਕਿਸ਼ਨ ਸਿੰਘ ਗੁਪਤਾ, ਪੰਜਾਬੀ ਕਿੱਸਾ ਕਾਵਿ ਵਿੱਚ ਸੰਸਕ੍ਰਿਤ ਚੇਤਨਾ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 1997, ਪੰਨਾ 19
  8. ਪਿਆਰਾ ਸਿੰਘ ਪਦਮ, ਹੀਰ ਵਾਰਿਸ ਸ਼ਾਹ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ, 1977, ਪੰਨਾ 131
  9. ਬਿਕਰਮ ਸਿੰਘ ਘੁੰਮਣ, ਵਾਰਿਸ ਸ਼ਾਹ ਦੀ ਕਿੱਸਾਕਾਰੀ, ਵਾਰਿਸ਼ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 2007, ਪੰਨਾ 21
  10. ਪਿਆਰਾ ਸਿੰਘ ਪਦਮ, ਹੀਰ ਵਾਰਿਸ ਸ਼ਾਹ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ, 1977, ਪੰਨਾ 68
  11. ਕਿਸ਼ਨ ਸਿੰਘ ਗੁਪਤਾ, ਪੰਜਾਬੀ ਕਿੱਸਾ ਕਾਵਿ ਵਿੱਚ ਸੰਸਕ੍ਰਿਤ ਚੇਤਨਾ ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ਪੰਨਾ 18
  12. ਪਿਆਰਾ ਸਿੰਘ ਪਦਮ, ਹੀਰ ਵਾਰਿਸ ਸ਼ਾਹ, ਨਵਯੁਗ, ਪਬਲਿਸ਼ਰਜ਼ ਨਵੀਂ ਦਿੱਲੀ, 1977, ਪੰਨਾ 68