ਕੀੜੇ ਖਾਂ ਸ਼ੌਕੀਨ
ਕੀੜੇ ਖਾਂ ਸ਼ੌਕੀਨ 20ਵੀਂ ਸਦੀ ਦੇ ਪਿਛਲੇ ਅੱਧ ਦਾ ਹਰਮਨ ਪਿਆਰਾ ਪੰਜਾਬੀ ਗਾਇਕ ਸੀ ਜਿਸਨੇ ਪਰੰਪਰਿਕ ਢੱਡ ਸਾਰੰਗੀ ਦੀ ਗਾਇਕੀ ਤੋਂ ਸ਼ੁਰੂ ਕਰਕੇ ਸਟੇਜੀ ਗਾਇਕੀ (ਦੋਗਾਣਾ ਤੇ ਸੋਲੋ) ਤੋਂ ਹੁੰਦੇ ਹੋਏ ਧਾਰਮਿਕ ਗਾਇਕੀ ਤਕ ਦਾ ਸਫ਼ਰ ਕੀਤਾ।
ਨਿੱਜੀ ਜ਼ਿੰਦਗੀ
ਸੋਧੋਕੀੜੇ ਖਾਂ ਦਾ ਜਨਮ 1935 ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਤਖ਼ਤ ਮਲਾਣਾ (ਮੌਜੂਦਾ ਮੁਕਤਸਰ ਜ਼ਿਲ੍ਹਾ) ਵਿੱਚ ਪਿਤਾ ਜੰਗ ਬਹਾਦਰ ਤੇ ਮਾਤਾ ਰਜ਼ੀਆ ਬੇਗ਼ਮ ਦੇ ਘਰ ਹੋਇਆ। ਕੀੜੇ ਖਾਂ ਦੇ ਪੰਜ ਭੈਣਾਂ ਤੇ ਇੱਕ ਭਰਾ ਸੀ। ਉਸਦਾ ਨਿਕਾਹ ਪਿੰਡ ਚੱਕ ਸ਼ੇਰੇਵਾਲਾ ਦੇ ਚਿਰਾਗਦੀਨ ਦੀ ਧੀ ਅਤੇ ਪ੍ਰਸਿੱਧ ਲੋਕ ਗਾਇਕ ਸਾਬਰ ਹੁਸੈਨ ਸਾਬਰ ਦੀ ਭੈਣ ਨਜ਼ੀਰ ਬੀਬੀ ਨਾਲ ਹੋਇਆ। ਉਹਨਾਂ ਦੇ ਘਰ ਦੋ ਪੁੱਤਰਾਂ ਤੇ ਦੋ ਧੀਆਂ ਨੇ ਜਨਮ ਲਿਆ। ਵੱਡੀ ਧੀ ਦਾ ਨਾਂ ਬੀਰਪਾਲ ਤੇ ਛੋਟੀ ਦਾ ਨਾਂ ਮਨਪ੍ਰੀਤ ਅਖ਼ਤਰ ਹੈ। ਵੱਡਾ ਪੁੱਤਰ ਦਾ ਨਾਂ ਗੁਰਾਂ ਦਿੱਤਾ ਖ਼ਾਨ ਤੇ ਛੋਟੇ ਦਾ ਨਾਂ ਦਿਲਸ਼ਾਦ ਅਖ਼ਤਰ। ਉਹਨਾਂ ਦੇ ਵਾਰਿਸ ਦਿਲਸ਼ਾਦ ਅਖ਼ਤਰ ਤੇ ਮਨਪ੍ਰੀਤ ਅਖ਼ਤਰ ਦਾ ਸੰਗੀਤ ਦੇ ਖੇਤਰ ਵਿੱਚ ਬਹੁਤ ਵੱਡਾ ਨਾਮ ਹੈ। 1986 ਵਿੱਚ ਕੀੜੇ ਖਾਂ ਸ਼ੌਕੀਨ ਦੀ ਮੌਤ ਹੋ ਗਈ।
ਗਾਇਕੀ ਦਾ ਸਫ਼ਰ
ਸੋਧੋਉਸ ਨੂੰ ਗਾਇਕੀ ਵਿਰਾਸਤ ਵਿੱਚੋਂ ਹੀ ਮਿਲੀ। ਉਸ ਦਾ ਮਾਮਾ ਜਲਾਲ ਖਾਂ ਇਲਾਕੇ ਦਾ ਪ੍ਰਸਿੱਧ ਢਾਡੀ ਸੀ। ਛੋਟੀ ਉਮਰ ਵਿੱਚ ਹੀ ਉਹ ਆਪਣੇ ਮਾਮੇ ਜਲਾਲ ਖਾਂ ਦੇ ਨਾਲ ਹੀ ਗਾਉਣ ਲੱਗ ਪਿਆ ਅਤੇ ਖੁੱਲ੍ਹੀ ਡੁੱਲ੍ਹੀ ਸੁਰੀਲੀ ਆਵਾਜ਼ ਸਦਕਾ ਜਲਦੀ ਹੀ ਉਹ ਸਰੋਤਿਆਂ ਦਾ ਚਹੇਤਾ ਗਾਇਕ ਬਣ ਗਿਆਾ। ਇਲਾਕੇ ਦੇ ਪ੍ਰਸਿੱਧ ਮੇਲਿਆਂ ਤਖਤੂਪੁਰੇ, ਮਾਘੀ ਮੁਕਤਸਰ, ਛਪਾਰ ਤੋਂ ਇਲਾਵਾ ਸਥਾਨਕ ਮੇਲਿਆਂ, ਪਸ਼ੂ ਮੰਡੀਆਂ, ਦੁਸਹਿਰੇ ਆਦਿ ਦੇ ਪ੍ਰੋਗਰਾਮਾਂ ’ਤੇ ਵੀ ਉਹਨਾਂ ਦੇ ਅਖਾੜੇ ਲੱਗਦੇ ਰਹੇ। ਸਮਾਂ ਪਾ ਕੇ ਸੱਤਵੇਂ-ਅੱਠਵੇਂ ਦਹਾਕੇ ਵਿੱਚ ਢੱਡ ਸਾਰੰਗੀ ਦੀ ਗਾਇਕੀ ਦਾ ਪ੍ਰਭਾਵ ਘਟਣ ਲੱਗ ਪਿਆ ਕਿਉਂਕਿ ਨਵੇਂ ਗਾਇਕਾਂ ਦੇ ਸਟੇਜੀ ਅਖਾੜਿਆਂ ਨੇ ਗਾਇਕੀ ਦੇ ਤੌਰ ਤਰੀਕੇ ਬਦਲ ਦਿੱਤੇ। ਰਿਕਾਰਡਿੰਗ ਕੰਪਨੀਆਂ ਨੇ ਦੋਗਾਣਾ ਜੋੜੀਆਂ ਦੀ ਵੱਡੇ ਪੱਧਰ ਤੇ ਰਿਕਾਰਡਿੰਗ ਕੀਤੀ। ਕੀੜੇ ਖਾਂ ਸ਼ੌਕੀਨ ਨੇ ਵੀ ਦੋਗਾਣਾ ਗਾਇਕੀ ਸ਼ੁਰੂ ਕਰ ਦਿੱਤੀ। ਬਾਬੂ ਸਿੰਘ ਮਾਨ ਮਰਾੜਾਂ ਦੇ ਲਿਖੇ ਗੀਤ ਸਟੇਜਾਂ ’ਤੇ ਗਾਏ। ਉਸਨੇ ਵਿਆਹ ਸ਼ਾਦੀਆਂ ਅਤੇ ਹੋਰ ਖ਼ੁਸ਼ੀ ਦੇ ਮੌਕਿਆਂ ਤੇ ਨਰਿੰਦਰ ਬੀਬਾ, ਸਵਰਨ ਲਤਾ, ਰਾਜਿੰਦਰ ਰਾਜਨ ਗਾਇਕਾਵਾਂ ਨਾਲ ਵੀ ਪ੍ਰੋਗਰਾਮ ਕੀਤੇ। ਇਸੇ ਸਿਲਸਿਲੇ ਵਿੱਚ 1974 ਵਿੱਚ ਮੁਹੰਮਦ ਸਦੀਕ, ਕਰਮਜੀਤ ਧੂਰੀ ਅਤੇ ਕੁਲਦੀਪ ਮਾਣਕ ਨਾਲ ਸਾਂਝਾ ਇੱਕ ਸੁਪਰ ਸੈਵਨ ਤਵਾ ਰਿਲੀਜ਼ ਹੋਇਆ, ਜਿਸ ਵਿੱਚ ਕੀੜੇ ਖਾਂ ਦੇ ਦੋ ਗੀਤ ਸ਼ਾਮਲ ਸਨ, ਪਹਿਲਾ ‘ਗੱਡੀ ਵਾਲਿਆ ਵੇ ਅੜਬ ਤਖਾਣਾ', ਕੁੜੀਆਂ ਨੂੰ ਮਿਲ ਲੈਣ ਦੇ’ ਅਤੇ ਦੂਜਾ ‘ਸਰਪੈਂਚੀ’ ਸੀ। ਦੋਵੇਂ ਗੀਤ ਬਾਬੂ ਸਿੰਘ ਮਾਨ ਦੇ ਲਿਖੇ ਹੋਏ ਸਨ। ਕੁਝ ਸਮੇਂ ਬਾਅਦ ਹੀ ਕੀੜੇ ਖਾਂ ਧਾਰਮਿਕ ਗਾਇਕੀ ਵੱਲ ਰੁਚਿਤ ਹੋ ਗਿਆ। ਉਸਨੇ ਗੁਰਪੁਰਬਾਂ ਅਤੇ ਦੂਜੇ ਧਾਰਮਿਕ ਦਿਵਸਾਂ ਨਾਲ ਸਬੰਧਿਤ ਪ੍ਰੋਗਰਾਮਾਂ ’ਤੇ ਸਿੱਖ ਇਤਿਹਾਸ ਅਤੇ ਸਿੱਖ ਧਰਮ ਨਾਲ ਸਬੰਧਿਤ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ। ਜ਼ਿੰਦਗੀ ਦਾ ਆਖਰੀ ਦਹਾਕਾ ਉਸਨੇ ਇਸੇ ਲੇਖੇ ਲਾ ਦਿੱਤਾ। ਇਸੇ ਸਮੇਂ ਦੌਰਾਨ ਕੀੜੇ ਖਾਂ ਨੇ ਪੰਜਾਬ ਦੇ ਮੁੱਖ ਧਾਰਮਿਕ ਸਥਾਨਾਂ ਤੋਂ ਇਲਾਵਾ ਪਟਨਾ ਸਾਹਿਬ, ਹਜ਼ੂਰ ਸਾਹਿਬ ਆਦਿ ਸਥਾਨਾਂ ’ਤੇ ਲਗਾਤਾਰ ਪ੍ਰੋਗਰਾਮ ਕੀਤੇ।[1]
ਹਵਾਲੇ
ਸੋਧੋ- ↑ ਹਰਦਿਆਲ ਸਿੰਘ ਥੂਹੀ. "ਭਲੇ ਵੇਲਿਆਂ ਦਾ ਗਾਇਕ ਕੀੜੇ ਖਾਂ ਸ਼ੌਕੀਨ".