ਕੁਲਧਰਾ ਪਿੰਡ ਰਾਜਸਥਾਨ ਦੇ ਸ਼ਹਿਰ ਜੈਸਲਮੇਰ ਤੋਂ 18 ਕਿਲੋਮੀਟਰ ਦੂਰ ਪੱਛਮ ਵਿੱਚ ਸਥਿਤ ਹੈ। ਇਸ ਦਾ ਨਿਰਮਾਣ ਵਿਗਿਆਨਕ ਤਰੀਕੇ ਨਾਲ ਕੀਤਾ ਗਿਆ ਸੀ, ਪਰ ਤਕਰੀਬਨ 190 ਸਾਲ ਪਹਿਲਾਂ ਇਹ ਬਿਲਕੁਲ ਉੱਜੜ ਗਿਆ ਸੀ। ਹੁਣ ਸੂਰਜ ਛਿਪਣ ਤੋਂ ਬਾਅਦ ਇਸ ਪਿੰਡ ਵਿੱਚ ਆਉਣ ਦੀ ਮਨਾਹੀ ਹੈ। ਕੁਲਧਰਾ 190 ਕੁ ਸਾਲ ਪਹਿਲਾਂ ਆਬਾਦ 600 ਘਰਾਂ ਅਤੇ ਤਕਰੀਬਨ 5,000 ਦੀ ਆਬਾਦੀ ਵਾਲਾ ਕਸਬਾਨੁਮਾ ਪਿੰਡ ਸੀ। 1825 ਦੀ ਇੱਕ ਰਾਤ ਅਚਾਨਕ ਇਸ ਪਿੰਡ ਦੇ ਵਾਸੀ ਕਿਧਰੇ ਚਲੇ ਗਏ ਅਤੇ ਇਹ ਪਿੰਡ ਬੇਆਬਾਦ ਹੋ ਗਿਆ। ਹੁਣ ਇਸ ਪਿੰਡ ਨੂੰ ਸਰਾਪਿਆ ਪਿੰਡ, ਭੂਤਾਂ ਦਾ ਪਿੰਡ ਅਤੇ ਉਜੜਿਆ ਪਿੰਡ ਵਰਗੇ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਹੁਣ ਇਸ ਪਿੰਡ ਵਿੱਚ ਆਤਮਾਵਾਂ ਨਿਵਾਸ ਕਰਦੀਆਂ ਹਨ ਅਤੇ ਉਹਨਾਂ ਦੀਆਂ ਆਵਾਜ਼ਾਂ ਤੇ ਚੂੜੀਆਂ, ਝਾਂਜਰਾਂ ਆਦਿ ਦੀ ਛਣਕਾਰ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਮਨੋਚਿਕਿਤਸਕਾਂ ਦਾ ਮੰਨਣਾ ਹੈ ਕਿ ਅਜਿਹਾ ਮਹਿਸੂਸ ਹੋਣ ਪਿੱਛੇ ਇਸ ਪਿੰਡ ਦਾ ਵਾਤਾਵਰਣ, ਇੱਥੋਂ ਬਾਰੇ ਬਣੀ ਲੋਕਾਂ ਦੀ ਧਾਰਨਾ ਅਤੇ ਕੁਝ ਹੱਦ ਤਕ ਨਮੀ ਆਦਿ ਦਾ ਹੋਣਾ ਹੋ ਸਕਦਾ ਹੈ।

ਪਿੰਡ ਦਾ ਇਤਿਹਾਸ ਸੋਧੋ

ਕੁਲਧਰਾ ਸਮੇਤ ਜੈਸਲਮੇਰ ਦੁਆਲੇ ਦੇ ਤਕਬੀਰਨ 120 ਕਿਲੋਮੀਟਰ ਦੇ ਖੇਤਰ ਵਿੱਚ 84 ਪਿੰਡ ਪਾਲੀ ਤੋਂ ਆਏ ਪਾਲੀਵਾਲ ਬ੍ਰਾਹਮਣਾਂ ਨੇ ਤੇਰ੍ਹਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਆਬਾਦ ਕੀਤੇ ਸਨ। ਇਹ ਲੋਕ ਬਹੁਤ ਜ਼ਿਆਦਾ ਬੁੱਧੀਮਾਨ, ਤਕਨੀਕੀ ਤੇ ਵਿਗਿਆਨਕ ਜਾਣਕਾਰੀ ਰੱਖਦੇ ਸਨ। ਕੁਲਧਰਾ ਉਹਨਾਂ ਦੀ ਸੂਝ-ਬੂਝ ਦੀ ਮਿਸਾਲ ਹੈ। ਇਸ ਪਿੰਡ ਨੂੰ ਵਸਾਉਣ ਲਈ ਵਾਸਤੂ ਸ਼ਾਸਤਰ ਦਾ ਉਪਯੋਗ ਕੀਤਾ ਗਿਆ ਸੀ। ਘਰਾਂ ਦੀ ਬਣਾਵਟ ਇਸ ਪ੍ਰਕਾਰ ਦੀ ਸੀ ਕਿ ਰੇਗਿਸਤਾਨ ਦੀ ਅੰਤਾਂ ਦੀ ਗਰਮੀ ਵਿੱਚ ਵੀ ਠੰਢੇ ਰਹਿਣ ਅਤੇ ਹਵਾ ਬੇਰੋਕ ਗੁਜ਼ਰ ਸਕੇ। ਘਰ ਝਰੋਖਿਆਂ ਨਾਲ ਇੱਕ-ਦੂਜੇ ਨਾਲ ਜੁੜੇ ਹੋਏ ਸਨ। ਪਿੰਡ ਦਾ ਨਿਰਮਾਣ ਇਸ ਤਰ੍ਹਾਂ ਕੀਤਾ ਗਿਆ ਸੀ ਕਿ ਪਿੰਡ ਦੇ ਇੱਕ ਤੋਂ ਦੂਜੇ ਹਿੱਸੇ ਤਕ ਧੁਨੀ ਸੰਚਾਰ ਬੜੀ ਆਸਾਨੀ ਨਾਲ ਹੁੰਦਾ ਸੀ। ਜਦੋਂ ਕੋਈ ਪਿੰਡ ਦੇ ਮੁੱਖ ਦਰਵਾਜ਼ੇ ਤੋਂ ਪਿੰਡ ਵਿੱਚ ਦਾਖਲ ਹੁੰਦਾ ਸੀ ਤਾਂ ਉਸ ਦੇ ਕਦਮਾਂ ਦੀ ਆਵਾਜ਼ ਚਾਰ ਗੁਣਾ ਵਧੇਰੇ ਘਰਾਂ ਵਿੱਚ ਸੁਣਾਈ ਦਿੰਦੀ ਸੀ। ਇਸ ਤਰ੍ਹਾਂ ਘਰ ਚੋਰਾਂ ਆਦਿ ਤੋਂ ਸੁਰੱਖਿਅਤ ਰਹਿੰਦੇ ਸਨ। ਹਰ ਘਰ ਗਲੀ ਨਾਲ ਜੁੜਿਆ ਹੋਇਆ ਸੀ। ਘਰਾਂ ਵਿੱਚ ਰਸੋਈਆਂ, ਵਰਾਂਡੇ, ਕਮਰੇ ਅਤੇ ਗੱਡਿਆਂ ਲਈ ਗੈਰਾਜ ਸਨ। ਪਾਣੀ ਸੰਭਾਲਣ ਲਈ ਟੈਂਕਾਂ, ਘਰਾਂ ਦੇ ਉੱਪਰ ਜਾਣ ਲਈ ਪੌੜੀਆਂ ਅਤੇ ਖਿੜਕੀਆਂ ਦਾ ਨਿਰਮਾਣ ਕੀਤਾ ਗਿਆ ਸੀ। ਘਰਾਂ ਵਿੱਚ ਤਹਿਖਾਨੇ ਬਣਾਏ ਗਏ ਸਨ ਜਿਹਨਾਂ ਵਿੱਚ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਰੱਖਿਆ ਜਾਂਦਾ ਸੀ। ਇਸ ਪਿੰਡ ਵਿੱਚ ਪੁਰਾਤਨ ਮੰਦਿਰ, ਤਲਾਬ, ਪਾਣੀ ਦੇ ਟੈਂਕ, ਛੱਤਰੀਆਂ ਆਦਿ ਮੌਜੂਦ ਹਨ। ਕੁਲਧਰਾ ਦੇ ਵਾਸੀ ਪਿੰਡ ਦੇ ਨਿਰਮਾਣ ਲਈ ਹੀ ਨਿਪੁੰਨ ਨਹੀਂ ਸਨ ਸਗੋਂ ਉਹਨਾਂ ਨੇ ਪਿੰਡਾਂ ਲਈ ਥਾਂ ਦੀ ਚੋਣ ਕਰਨ ਲਈ ਵੀ ਸੂਝ ਦੀ ਵਰਤੋਂ ਕੀਤੀ ਸੀ। ਇਸ ਲਈ ਉਹਨਾਂ ਨੇ ਅਜਿਹੇ ਸਥਾਨ ਦੀ ਚੋਣ ਕੀਤੀ ਜਿੱਥੇ ਜਿਪਸਮ ਦੀ ਮੋਟੀ ਪਰਤ ਸੀ। ਇਹ ਪਰਤ ਬਾਰਿਸ਼ ਦੇ ਪਾਣੀ ਨੂੰ ਹੇਠਾਂ ਜਾਣ ਤੋਂ ਰੋਕਦੀ ਸੀ। ਇਸ ਪਾਣੀ ਦੀ ਵਰਤੋਂ ਸਦਕਾ ਥਾਰ ਮਾਰੂਥਲ ਦੇ ਇਸ ਹਿੱਸੇ ਵਿੱਚ ਲਹਿਲਹਾਉਂਦੀਆਂ ਫ਼ਸਲਾਂ ਹੋਣ ਲੱਗੀਆਂ ਸਨ। ਉੱਦਮੀ ਕਿਸਾਨ ਹੋਣ ਦੇ ਨਾਲ ਨਾਲ ਪਸ਼ੂ ਪਾਲਣ ਇਨ੍ਹਾਂ ਲੋਕਾਂ ਦਾ ਕਿੱਤਾ ਸੀ। ਇਸ ਦੇ ਨਾਲ ਨਾਲ ਇਹ ਲੋਕ ਨੀਲ, ਗਹਿਣਿਆਂ, ਅਨਾਜ, ਸੁੱਕੇ ਮੇਵਿਆਂ ਤੇ ਅਫ਼ੀਮ ਆਦਿ ਦਾ ਵਪਾਰ ਕਰਦੇ ਸਨ। ਇਨ੍ਹਾਂ ਸਾਰੀਆਂ ਖ਼ੂਬੀਆਂ ਕਾਰਨ ਥਾਰ ਮਾਰੂਥਲ ਵਿੱਚ ਇਹ ਖਿੱਤਾ ਸਭ ਤੋਂ ਸੰਘਣੀ ਆਬਾਦੀ ਵਾਲਾ ਖੇਤਰ ਬਣ ਗਿਆ ਸੀ।

ਉਜਾੜੇ ਦਾ ਕਾਰਣ ਸੋਧੋ

ਕਿਹਾ ਜਾਂਦਾ ਹੈ ਕਿ ਜੈਸਲਮੇਰ ਰਿਆਸਤ ਦਾ ਦੀਵਾਨ ਸਾਲਮ ਸਿੰਘ ਇਸ ਦਾ ਮੁੱਖ ਕਾਰਨ ਬਣਿਆ। ਉਹ ਰਾਜਾ ਮੂਲ ਰਾਜ ਅਤੇ ਗਜ ਸਿੰਘ ਦੇ ਸਮੇਂ ਰਿਆਸਤ ਦਾ ਦੀਵਾਨ ਸੀ। ਉਹ ਜ਼ਾਲਮ ਕਿਸਮ ਦਾ ਵਿਅਕਤੀ ਸੀ। ਉਸ ਦੀ ਇਨ੍ਹਾਂ ਪਿੰਡਾਂ ਦੇ ਵਾਸੀਆਂ ਨਾਲ ਅਣਬਣ ਸੀ। ਉਸ ਨੇ ਇਨ੍ਹਾਂ ਉੱਪਰ ਇੰਨੇ ਕੁ ਕਰ ਲਗਾ ਦਿੱਤੇ ਕਿ ਲੋਕਾਂ ਲਈ ਖੇਤੀਬਾੜੀ ਅਤੇ ਵਪਾਰ ਕਰਨਾ ਮੁਸ਼ਕਿਲ ਹੋ ਗਿਆ ਸੀ। ਅੰਗਰੇਜ਼ ਲਿਖਾਰੀ ਕਰਨਲ ਜੇਮਜ਼ ਟੋਡ ਨੇ ਵੀ ਇਸ ਸਬੰਧੀ ਲਿਖਿਆ ਹੈ: ‘ਸਾਲਮ ਸਿੰਘ ਨੇ ਅਜਿਹੇ ਹਾਲਾਤ ਸਿਰਜ ਦਿੱਤੇ ਸਨ ਕਿ ਇਹ ਉੱਦਮੀ ਸਮਾਜ ਇਸ ਖਿੱਤੇ ਨੂੰ ਛੱਡਣ ਲਈ ਮਜਬੂਰ ਹੋ ਗਿਆ’। ਇਸ ਖਿੱਤੇ ਦੇ ਲੋਕ ਸਾਲਮ ਸਿੰਘ ਦੇ ਅੱਤਿਆਚਾਰਾਂ ਤੋਂ ਦੁਖੀ ਤਾਂ ਸਨ, ਪਰ ਇਸ ਖਿੱਤੇ ਦੇ ਲੋਕਾਂ ਦੇ ਪਿੰਡ ਛੱਡਣ ਦਾ ਕਾਰਨ ਕੁਲਧਰਾ ਪਿੰਡ ਦੇ ਮੁਖੀਏ ਦੀ ਧੀ ਬਣੀ। ਕਿਹਾ ਜਾਂਦਾ ਹੈ ਕਿ ਕੁਲਧਰਾ ਦੇ ਮੁਖੀਏ ਦੀ ਧੀ ਬਹੁਤ ਸੁੰਦਰ ਸੀ। ਉਸ ਬਾਰੇ ਪਤਾ ਲੱਗਣ ’ਤੇ ਸਾਲਮ ਸਿੰਘ ਨੇ ਉਸ ਨੂੰ ਆਪਣੇ ਹਰਮ ਵਿੱਚ ਲਿਜਾਣਾ ਚਾਹਿਆ। ਇਸ ਲਈ ਸਾਲਮ ਸਿੰਘ ਨੇ ਉਸ ਲੜਕੀ ਨਾਲ ਵਿਆਹ ਦੀ ਪੇਸ਼ਕਸ਼ ਕੁਲਧਰਾ ਦੇ ਮੁਖੀਏ ਕੋਲ ਭੇਜੀ, ਪਰ ਮੁਖੀਏ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ। ਇਸ ’ਤੇ ਸਾਲਮ ਸਿੰਘ ਨੇ ਵਿਆਹ ਕਰਨ ਲਈ ਹਾਂ ਕਰਨ ਜਾਂ ਫਿਰ ਆਉਣ ਵਾਲੀ ਪੂਰਨਮਾਸ਼ੀ ਨੂੰ ਪਿੰਡ ’ਤੇ ਹਮਲਾ ਕਰ ਕੇ ਲੜਕੀ ਨੂੰ ਚੁੱਕ ਕੇ ਲੈ ਜਾਣ ਦਾ ਅਲਟੀਮੇਟਮ ਦਿੱਤਾ। ਇਸ ਸਮੱਸਿਆ ਸਬੰਧੀ ਵਿਚਾਰ ਕਰਨ ਲਈ ਪਿੰਡ ਦੇ ਮੰਦਿਰ ਵਿੱਚ ਇੱਕ ਰਾਤ ਪਾਲੀਵਾਲ ਬ੍ਰਾਹਮਣਾਂ ਦੇ ਪਿੰਡਾਂ ਦਾ ਇਕੱਠ ਹੋਇਆ। ਇਸ ਇਕੱਠ ਵਿੱਚ ਫ਼ੈਸਲਾ ਹੋਇਆ ਕਿ ਆਪਣੀ ਮਾਣ ਮਰਿਆਦਾ ਕਾਇਮ ਰੱਖਣ ਲਈ ਪਿੰਡ ਛੱਡ ਦਿੱਤੇ ਜਾਣ। ਕੁਲਧਰਾ ਦੇ ਨਾਲ ਪਾਲੀਵਾਲਾਂ ਦੇ ਬਾਕੀ 83 ਪਿੰਡਾਂ ਦੇ ਵਾਸੀਆਂ ਨੇ ਵੀ ਪਿੰਡ ਛੱਡਣ ਦਾ ਫ਼ੈਸਲਾ ਕੀਤਾ ਅਤੇ ਜ਼ਰੂਰੀ ਵਸਤਾਂ ਲੈ ਕੇ ਰਾਤੋ-ਰਾਤ ਇਹ ਲੋਕ ਗਾਇਬ ਹੋ ਗਏ। ਇਸ ਸਬੰਧੀ ਇਤਿਹਾਸਕਾਰਾਂ ਦੀ ਰਾਇ ਅਤੇ ਜੈਸਲਮੇਰ ਸਬੰਧੀ ਰਿਕਾਰਡ ਵੀ ਹਾਮੀ ਭਰਦਾ ਹੈ। ਕਿਹਾ ਜਾਂਦਾ ਹੈ ਕਿ ਕੁਲਧਰਾ ਵਾਸੀਆਂ ਨੇ ਜਾਂਦੇ ਸਮੇਂ ਪਿੰਡ ਨੂੰ ਸਰਾਪ ਦਿੱਤਾ ਕਿ ਪਿੰਡ ਕਦੇ ਦੂਜੀ ਵਾਰ ਨਹੀਂ ਵਸ ਸਕੇਗਾ। ਕਿਸੇ ਨੇ ਇਨ੍ਹਾਂ ਲੋਕਾਂ ਨੂੰ ਜਾਂਦੇ ਸਮੇਂ ਨਹੀਂ ਦੇਖਿਆ ਅਤੇ ਨਾ ਹੀ ਕਿਸੇ ਨੂੰ ਪਤਾ ਹੈ ਕਿ ਉਹ ਕਿਸ ਥਾਂ ਜਾ ਕੇ ਵਸੇ। ਇਸ ਕਾਰਨ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਸਰਕਾਰੀ ਜਬਰ ਕਾਰਨ ਕਿੱਥੇ ਜਾ ਵਸੇ। ਇਹ ਵੀ ਸੰਭਵ ਹੈ ਕਿ ਉਹਨਾਂ ਨੂੰ ਮਰਵਾ ਦਿੱਤਾ ਗਿਆ ਹੋਵੇ ਜਾਂ ਫਿਰ ਉਹ ਕਿਸੇ ਕੁਦਰਤੀ ਆਫ਼ਤ ਦਾ ਸ਼ਿਕਾਰ ਹੋ ਗਏ ਹੋਣ। ਇਸ ਤੋਂ ਇਲਾਵਾ ਇਹ ਦੰਦ ਕਥਾਵਾਂ ਵੀ ਪ੍ਰਚੱਲਿਤ ਹਨ ਕਿ ਇੱਥੋਂ ਦੂਰ ਤਕ ਲੰਮੀਆਂ ਸੁਰੰਗਾਂ ਸਨ ਜਿਹਨਾਂ ਰਾਹੀਂ ਇਹ ਲੋਕ ਇੱਥੋਂ ਚਲੇ ਗਏ ਸਨ।

ਵਿਰਾਸਤੀ ਪਿੰਡ ਹੋਣ ਦਾ ਰੁਤਬਾ ਸੋਧੋ

ਇਸ ਕਾਰਨ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਸਰਕਾਰੀ ਜਬਰ ਕਾਰਨ ਕਿੱਥੇ ਜਾ ਵਸੇ। ਇਹ ਵੀ ਸੰਭਵ ਹੈ ਕਿ ਉਹਨਾਂ ਨੂੰ ਮਰਵਾ ਦਿੱਤਾ ਗਿਆ ਹੋਵੇ ਜਾਂ ਫਿਰ ਉਹ ਕਿਸੇ ਕੁਦਰਤੀ ਆਫ਼ਤ ਦਾ ਸ਼ਿਕਾਰ ਹੋ ਗਏ ਹੋਣ। ਇਸ ਤੋਂ ਇਲਾਵਾ ਇਹ ਦੰਦ ਕਥਾਵਾਂ ਵੀ ਪ੍ਰਚੱਲਿਤ ਹਨ ਕਿ ਇੱਥੋਂ ਦੂਰ ਤਕ ਲੰਮੀਆਂ ਸੁਰੰਗਾਂ ਸਨ ਜਿਹਨਾਂ ਰਾਹੀਂ ਇਹ ਲੋਕ ਇੱਥੋਂ ਚਲੇ ਗਏ ਸਨ। ਕੁਲਧਰਾ ਨੂੰ ਛੱਡ ਕੇ ਬਾਕੀ ਲਗਪਗ ਸਾਰੇ ਪਿੰਡਾਂ ਵਿੱਚ ਸਮਾਂ ਪਾ ਕੇ ਲੋਕ ਵਸਦੇ ਗਏ। ਕੁਲਧਰਾ ਨੇੜਲੇ ਪਿੰਡ ਖਾਭਾ ਦੇ ਇੱਕ ਹਿੱਸੇ ਵਿੱਚ ਵੀ ਪਾਕਿਸਤਾਨ ਤੋਂ ਆਏ ਰਫਿਊਜੀ ਵਸ ਗਏ ਹਨ, ਪਰ ਇਕੱਲਾ ਕੁਲਧਰਾ ਹੀ ਬਿਲਕੁਲ ਬੇਆਬਾਦ ਰਿਹਾ। ਲੰਬਾ ਸਮਾਂ ਮਨੁੱਖੀ ਵਸੋਂ ਨਾ ਰਹਿਣ ਕਾਰਨ ਕੁਲਧਰਾ ਚੂਹਿਆਂ, ਸੱਪਾਂ ਅਤੇ ਹੋਰ ਜਾਨਵਰਾਂ ਦੀ ਰਹਿਣਗਾਹ ਬਣ ਗਿਆ ਅਤੇ ਪਿੰਡ ਦੇ ਸ਼ਾਨਦਾਰ ਘਰ ਲਗਾਤਾਰ ਖੰਡਰਾਂ ਦਾ ਰੂਪ ਧਾਰਦੇ ਗਏ। ਇਹ ਪਿੰਡ 1998 ਤਕ ਪੂਰੀ ਤਰ੍ਹਾਂ ਬੇਪਛਾਣ ਸੀ। ਨੇਡ਼ਲੇ ਪਿੰਡਾਂ ਦੇ ਕੁਝ ਕੁ ਲੋਕਾਂ ਨੂੰ ਛੱਡ ਕੇ ਕੋਈ ਇੱਥੇ ਨਹੀਂ ਆਉਂਦਾ ਸੀ। 1998 ਵਿੱਚ ਸਥਾਨਕ ਲੋਕਾਂ ਨੇ ਕੁਝ ਵਿਦੇਸ਼ੀ ਵਿਅਕਤੀਆਂ ਨੂੰ ਕੁਲਧਰਾ ਪਿੰਡ ਵਿੱਚ ਖੁਦਾਈ ਕਰਦਿਆਂ ਅਤੇ ਕੁਝ ਚੀਜ਼ਾਂ ਨੂੰ ਆਪਣੇ ਬੈਗਾਂ ਵਿੱਚ ਪਾਉਂਦਿਆਂ ਵੇਖ ਕੇ ਪੁਲੀਸ ਨੂੰ ਸੂਚਿਤ ਕੀਤਾ। ਜਦੋਂ ਪੁਲੀਸ ਨੇ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ ਸੋਨਾ, ਚਾਂਦੀ ਬਰਾਮਦ ਹੋਈ। ਇਸ ਤੋਂ ਪਹਿਲਾਂ ਵੀ ਇਸ ਪਿੰਡ ਵਿੱਚ ਸੋਨਾ ਤੇ ਹੀਰੇ ਜਵਾਹਰਾਤ ਆਦਿ ਦੱਬੇ ਹੋਣ ਅਤੇ ਚੋਰੀ ਛੁਪੇ ਖੁਦਾਈ ਕੀਤੇ ਜਾਣ ਦੀਆਂ ਚਰਚਾਵਾਂ ਆਮ ਸਨ। ਇਸ ਘਟਨਾ ਦੀ ਕਾਫ਼ੀ ਚਰਚਾ ਹੋਈ। ਇਸ ਮਗਰੋਂ ਰਾਜਸਥਾਨ ਸਰਕਾਰ ਨੇ ਇਸ ਪਿੰਡ ਦੇ ਮਹੱਤਵ ਕਾਰਨ ਇਸ ਨੂੰ ਆਪਣੇ ਅਧਿਕਾਰ ਵਿੱਚ ਲੈ ਲਿਆ ਤੇ ਭਾਰਤੀ ਪੁਰਾਤੱਤਵ ਵਿਭਾਗ ਨੇ ਇਸ ਨੂੰ ਪੁਰਾਤਨ ਸਮਾਰਕ ਦਾ ਦਰਜਾ ਦਿੱਤਾ। ਪਿੰਡ ਦੀ ਨਿਗਰਾਨੀ ਕੀਤੀ ਜਾਣ ਲੱਗੀ ਅਤੇ ਇਸ ਦੀ ਹੱਦ ’ਤੇ ਇੱਕ ਦਰਵਾਜ਼ਾ ਬਣਾ ਦਿੱਤਾ ਗਿਆ। ਹੁਣ ਇਸ ਦੀ ਸੰਭਾਲ ਇੱਕ ਗ਼ੈਰ ਸਰਕਾਰੀ ਸੰਸਥਾ ਜੈਸਲਮੇਰ ਵਿਕਾਸ ਸੰਮਤੀ (ਜਿਸ ਦਾ ਮੁਖੀ ਜੈਸਲਮੇਰ ਦਾ ਕੁਲੈਕਟਰ ਹੁੰਦਾ ਹੈ) ਅਤੇ ਪੁਰਾਤੱਤਵ ਵਿਭਾਗ ਸਾਂਝੇ ਰੂਪ ਵਿੱਚ ਕਰਦੇ ਹਨ। ਅੱਜ-ਕੱਲ੍ਹ ਇਹ ਪਿੰਡ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਇੱਥੋਂ ਦੇ ਖੰਡਰਾਂ ਵਿੱਚ ਕਈ ਫ਼ਿਲਮਾਂ ਅਤੇ ਟੈਲੀਵਿਜ਼ਨ ਲਡ਼ੀਵਾਰਾਂ ਦਾ ਨਿਰਮਾਣ ਹੋਇਆ ਹੈ। ਛੇ ਸੌ ਘਰਾਂ ਵਾਲੇ ਖੰਡਰ ਹੋ ਚੁੱਕੇ ਇਸ ਪਿੰਡ ਵਿੱਚ ਕੁਝ ਕੁ ਘਰ ਹੀ ਬਾਕੀ ਬਚੇ ਹਨ ਜਿਹਨਾਂ ਦੀ ਮੁਰੰਮਤ ਕੀਤੀ ਗਈ ਹੈ। ਇਹ ਘਰ ਕੁਲਧਰਾ ਦੇ ਘਰਾਂ ਦੀ ਸ਼ੈਲੀ ਨੂੰ ਦਰਸਾਉਂਦੇ ਹਨ। ਸੈਲਾਨੀਆਂ ਦੀ ਲਗਾਤਾਰ ਵਧਦੀ ਆਮਦ ਕਾਰਨ ਸੂਬਾਈ ਸਰਕਾਰ ਨੇ 4.5 ਕਰੋੜ ਰੁਪਏ ਕੁਲਧਰਾ ਲਈ ਜਾਰੀ ਕੀਤੇ ਹਨ। ਇਹ ਰਾਸ਼ੀ ਕੁਲਧਰਾ ਦੇ ਘਰਾਂ ਦੇ ਪੁਰਾਤਨ ਰੂਪ ਨੂੰ ਬਹਾਲ ਕਰਨ ਅਤੇ ਸੈਲਾਨੀਆਂ ਲਈ ਸਹੂਲਤਾਂ ਦੀ ਵਿਵਸਥਾ ਕਰਨ ਲਈ ਹੈ।