ਕੁੱਤਾ (ਸੇਵੀਆਂ ਵੱਟਣ ਵਾਲੀ ਮਸ਼ੀਨ)
ਕੁੱਤਿਆਂ ਦੀਆਂ ਕਈ ਕਿਸਮਾਂ ਹਨ। ਇਕ ਕੁੱਤੇ ਬਾਰੇ ਜਿਹੜਾ ਸ਼ਿਕਾਰ ਲਈ ਤੇ ਘਰ ਦੀ ਰਾਖੀ ਲਈ ਰੱਖਿਆ ਜਾਂਦਾ ਹੈ, ਹਰ ਕੋਈ ਜਾਣਦਾ ਹੈ। ਕੁੱਤਿਆਂ ਦੀ ਇਕ ਨਸਲ ਤਾਂ ਚੋਰੀ, ਡਕੈਤੀ, ਕਾਤਲਾਂ ਆਦਿ ਦੀ ਸੂਹ ਕੱਢਣ ਵਿਚ ਮਨੁੱਖੀ ਸੂਝ ਨਾਲੋਂ ਵੀ ਸਿਆਣੀ ਹੈ। ਬਾਈਸਾਈਕਲ ਦੇ ਇਕ ਪੁਰਜ਼ੇ ਨੂੰ, ਬੰਦੂਕ ਦੇ ਘੋੜੇ ਨੂੰ, ਸੇਵੀਆਂ ਵੱਟਣ ਵਾਲੀ ਮਸ਼ੀਨ ਨੂੰ ਵੀ ਕੁੱਤਾ ਕਹਿੰਦੇ ਹਨ। ਪਰ ਮੈਂ ਤੁਹਾਨੂੰ ਉਸ ਕੁੱਤੇ ਬਾਰੇ ਦੱਸਣ ਲੱਗਿਆਂ ਹਾਂ ਜਿਹੜਾ ਖੂਹ ਦੀ ਚੁਵੱਕਲੀ ਦੇ ਬੁੜੀਏ ਨਾਲ ਲਾਇਆ ਜਾਂਦਾ ਸੀ ਜਿਸ ਦੇ ਲਾਉਣ ਨਾਲ ਹਲਟ ਪੁੱਠੇ ਗੇੜ ਗਿੜ੍ਹਨ ਤੋਂ ਰੁਕਦਾ ਸੀ।[1]
ਪਹਿਲਾਂ ਹਲਟ ਦੀ ਸਾਰੀ ਮਸ਼ੀਨਰੀ ਲੱਕੜ ਦੀ ਹੁੰਦੀ ਸੀ। ਕੁੱਤਾ ਵੀ ਲੱਕੜ ਦਾ ਹੁੰਦਾ ਸੀ। ਸਿਰਫ ਟਿੰਡਾਂ ਮਿੱਟੀਆਂ ਦੀਆਂ ਹੁੰਦੀਆਂ ਸਨ। ਫੇਰ ਹਲਟ ਦਾ ਧਰਤੀ ਵਿਚਲਾ ਹਿੱਸਾ (ਨੀਂਹ) ਦੇ ਮੁੰਨੇ ਇੱਟਾਂ ਤੇ ਸੀਮਿੰਟ ਦੇ ਬਣਾਏ ਜਾਣ ਲੱਗੇ। ਬਾਕੀ ਸਾਰਾ ਹਲਟ ਲੋਹੇ ਦਾ ਬਣਾਇਆ ਜਾਂਦਾ ਸੀ। ਗਰਧਨ ਨੂੰ ਛੱਡਕੇ। ਹਲਟ ਦੀ ਚਵੱਕਲੀ ਦੇ ਬਾਹਰਲੇ ਪਾਸੇ ਜੋ ਨੀਂਹ ਦਾ ਸੀਮਿੰਟ ਵਾਲਾ ਹਿੱਸਾ ਹੁੰਦਾ ਸੀ ਉਸ ਵਿਚ ਦੋ ਕਾਬਲੇ ਗੱਡੇ ਹੁੰਦੇ ਸਨ। ਇਨ੍ਹਾਂ ਕਾਬਲਿਆਂ ਵਿਚ ਹੀ ਕੁੱਤੇ ਦਾ ਪਿਛਲਾ ਹਿੱਸਾ ਫਿੱਟ ਕੀਤਾ ਜਾਂਦਾ ਸੀ। ਕੁੱਤੇ ਦਾ ਅਗਲਾ ਹਿੱਸਾ ਚਵੱਕਲੀ ਦੇ ਬੂੜੀਆਂ ਉਪਰ ਲੱਗਦਾ ਰਹਿੰਦਾ ਸੀ।
ਕੁੱਤਾ ਬਣਾਉਣ ਲਈ 8/9 ਕੁ ਇੰਚ ਲੰਮੀ ਦੋ ਕੁ ਇੰਚ ਚੌੜੀ ਤੇ ਅੱਧੀ ਕੁ ਇੰਚ ਮੋਟੀ ਪੱਤੀ ਲਈ ਜਾਂਦੀ ਸੀ। ਇਸ ਪੱਤੀ ਦੇ ਉਪਰਲੇ ਹਿੱਸੇ ਦਾ ਦੋ ਕੁ ਇੰਚ ਹਿੱਸਾ ਅੱਧਾ ਕੱਟ ਕੇ ਥੋੜਾ ਜਿਹਾ ਠੋਕਦਾਰ ਕੀਤਾ ਜਾਂਦਾ ਸੀ। ਇਸ ਤਰ੍ਹਾਂ ਕੁੱਤੇ ਦੇ ਉਪਰਲੇ ਹਿੱਸੇ ਦੀ ਚੌੜਾਈ ਇਕ ਕੁ ਇੰਚ ਰਹਿ ਜਾਂਦੀ ਸੀ। ਪੱਤੀ ਦੇ ਹੇਠਲੇ ਹਿੱਸੇ ਵਿਚ ਰਿਬਟ ਨਾਲ 3/4 ਕੁ ਇੰਚ ਲੰਮੀ ਮੋਟੀ ਪੱਤੀ ਜੜੀ ਜਾਂਦੀ ਸੀ। ਇਸ ਪੱਤੀ ਦੇ ਸਿਰਿਆਂ ਦੇ ਨੇੜੇ ਗਲੀਆਂ ਕੱਢੀਆਂ ਹੁੰਦੀਆਂ ਸਨ। ਇਨ੍ਹਾਂ ਗਲੀਆਂ ਵਿਚ ਜੋ ਚਵੱਕਲੀ ਦੇ ਬਾਹਰਲੇ ਪਾਸੇ ਨੀਂਹ ਵਿਚ ਕਾਬਲੇ ਹੁੰਦੇ ਸਨ, ਉਹ ਪਾ ਕੇ ਕੁੱਤੇ ਨੂੰ ਫਿੱਟ ਕੀਤਾ ਜਾਂਦਾ ਸੀ। ਜਦ ਹਲਟ ਚਲਦਾ ਸੀ ਤਾਂ ਕੁੱਤਾ ਲਗਾਤਾਰ ਚੜੱਕਲੀ ਦੇ ਬੂੜੀਆਂ ਉੱਪਰ ਲੱਗਦਾ ਰਹਿੰਦਾ ਸੀ। ਕੁੱਤੇ ਦੇ ਬੂੜੀਆਂ 'ਤੇ ਲਗਾਤਾਰ ਲੱਗਦੇ ਰਹਿਣ ਨਾਲ ਟੱਕ-ਟੱਕ ਦੀ ਆਵਾਜ਼ ਆਉਂਦੀ ਰਹਿੰਦੀ ਸੀ। ਜਦ ਹਲਟ ਨੂੰ ਘੜਾਉਣਾ ਹੁੰਦਾ ਸੀ ਤਾਂ ਕੁੱਤਾ ਬੂੜੀਏ ਵਿਚ ਲੱਗਿਆ ਰਹਿੰਦਾ ਸੀ ਜਿਸ ਨਾਲ ਹਲਟ ਪੁੱਠਾ ਗਿੜਨ ਤੋਂ ਰੁਕ ਜਾਂਦਾ ਸੀ। ਇਸ ਤਰ੍ਹਾਂ ਕੁੱਤਾ ਹਲਟ ਦਾ ਬਰੇਕ ਹੁੰਦਾ ਸੀ। ਕੁੱਤੇ ਤੋਂ ਬਗੈਰ ਹਲਟ ਨੂੰ ਚਲਾਇਆ ਹੀ ਨਹੀਂ ਜਾ ਸਕਦਾ ਸੀ। ਹੁਣ ਨਾ ਖੂਹ ਰਹੇ ਹਨ। ਨਾ ਹਲਟ ਰਹੇ ਹਨ। ਨਾ ਹੀ ਅੱਜ ਦੀ ਪੀੜ੍ਹੀ ਨੂੰ ਹਲਟ ਦੇ ਕੁੱਤੇ ਬਾਰੇ ਕੋਈ ਜਾਣਕਾਰੀ ਹੈ।[2]
ਹਵਾਲੇ
ਸੋਧੋ- ↑ ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991.
{{cite book}}
: Check date values in:|year=
(help)CS1 maint: location (link) CS1 maint: year (link) - ↑ ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991.
{{cite book}}
: Check date values in:|year=
(help)CS1 maint: location (link) CS1 maint: year (link)