ਕੈਚ ਮੀ ਇਫ਼ ਯੂ ਕੈਨ

ਸਟੀਵਨ ਸਪੀਲਬਰਗ ਦੁਆਰਾ 2002 ਅਮਰੀਕੀ ਫਿਲਮ

ਕੈਚ ਮੀ ਇਫ਼ ਯੂ ਕੈਨ 2002 ਵਿੱਚ ਬਣੀ ਇੱਕ ਅਮਰੀਕੀ ਜੀਵਨੀ-ਅਧਾਰਿਤ ਅਪਰਾਧ ਫ਼ਿਲਮ ਹੈ ਜਿਸਦਾ ਨਿਰਮਾਤਾ ਸਟੀਵਨ ਸਪੀਲਬਰਗ ਹੈ ਅਤੇ ਸਕ੍ਰੀਨਪਲੇ ਜੈਫ਼ ਨੇਥਨਸਨ ਦੁਆਰਾ ਲਿਖੀ ਗਈ ਹੈ। ਇਹ ਫ਼ਿਲਮ ਫ਼ਰੈਂਕ ਐਬਗਨੇਲ ਦੇ ਜੀਵਨ ਉੱਪਰ ਅਧਾਰਿਤ ਹੈ, ਜਿਸਨੇ ਆਪਣੇ 19ਵੇਂ ਜਨਮਦਿਨ ਤੋਂ ਪਹਿਲਾਂ ਹੀ ਕਈ ਮਿਲੀਅਨ ਡਾਲਰਾਂ ਦੇ ਬਰਾਬਰ ਦੀ ਠੱਗੀ ਮਾਰ ਲਈ ਸੀ ਜਿਸ ਵਿੱਚ ਪੈਨ ਅਮੈਰੀਕਨ ਵਰਲਡ ਏਅਰਵੇਜ਼ ਦਾ ਜਾਅਲੀ ਪਾਇਲਟ ਤੱਕ ਬਣ ਗਿਆ ਸੀ। ਇਸ ਤੋਂ ਇਲਾਵਾ ਉਹ ਜਾਅਲੀ ਜੌਰਜੀਆ ਡਾਕਟਰ ਅਤੇ ਲੂਈਜ਼ਿਆਨਾ ਪੈਰਿਸ਼ ਦਾ ਵਕੀਲ ਵੀ ਬਣ ਗਿਆ ਸੀ। ਉਸਦਾ ਸਭ ਤੋਂ ਮੁੱਖ ਜੁਰਮ ਜਾਅਲੀ ਚੈੱਕ ਬਣਾਉਣਾ ਸੀ ਜਿਸ ਵਿੱਚ ਉਹ ਇੰਨਾ ਤਜਰਬੇਕਾਰ ਹੋ ਗਿਆ ਸੀ ਕਿ ਐਫ਼.ਬੀ.ਆਈ. ਨੇ ਉਸਦੀ ਮਦਦ ਹੋਰ ਜਾਅਲੀ ਚੈੱਕ ਬਣਾਉਣ ਵਾਲੇ ਲੋਕਾਂ ਨੂੰ ਫੜ੍ਹਨ ਵਿੱਚ ਲੈਣੀ ਸ਼ੁਰੂ ਕਰ ਦਿੱਤੀ ਸੀ। ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਲਿਓਨਾਰਦੋ ਦੀਕੈਪਰੀਓ ਅਤੇ ਟੌਮ ਹੈਂਕਸ ਨੇ ਨਿਭਾਏ ਹਨ ਅਤੇ ਸਹਾਇਕ ਅਦਾਕਾਰਾਂ ਵਿੱਚ ਕ੍ਰਿਸਟੋਫ਼ਰ ਵਾਲਕਨ, ਮਾਰਟਿਨ ਸ਼ੀਨ ਅਤੇ ਨਤਾਲੀ ਬਾਏ ਸ਼ਾਮਿਲ ਹਨ।

ਕੈਚ ਮੀ ਇਫ਼ ਯੂ ਕੈਨ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਸਟੀਵਨ ਸਪੀਲਬਰਗ
ਸਕਰੀਨਪਲੇਅਜੈਫ਼ ਨੇਥਨਸਨ
ਨਿਰਮਾਤਾ
ਸਿਤਾਰੇ
ਸਿਨੇਮਾਕਾਰਜੇਨੁਜ਼ ਕਾਮਿੰਸਕੀ
ਸੰਪਾਦਕਮਾਈਕਲ ਕ੍ਹਾਨ
ਸੰਗੀਤਕਾਰਜੌਨ ਵਿਲੀਅਮਸ
ਪ੍ਰੋਡਕਸ਼ਨ
ਕੰਪਨੀਆਂ
ਡਿਸਟ੍ਰੀਬਿਊਟਰਡ੍ਰੀਮਵਰਕਜ਼ ਪਿਕਚਰਜ਼
ਰਿਲੀਜ਼ ਮਿਤੀ
  • ਦਸੰਬਰ 25, 2002 (2002-12-25)
ਮਿਆਦ
141 ਮਿੰਟ[1]
ਦੇਸ਼ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$52 ਮਿਲੀਅਨ
ਬਾਕਸ ਆਫ਼ਿਸ$352.1 ਮਿਲੀਅਨ

ਇਸ ਫ਼ਿਲਮ ਦਾ ਵਿਕਾਸ 1980 ਵਿੱਚ ਸ਼ੁਰੂ ਹੋਇਆ ਪਰ 1997 ਤੱਕ ਇਸਨੂੰ ਬਹੁਤੀ ਤਰੱਕੀ ਨਹੀਂ ਮਿਲ ਸਕੀ, ਜਦੋਂ ਐਬਗਨੇਲ ਦੀ ਕਿਤਾਬ ਨੂੰ ਸਪੀਲਬਰਗ ਦੀ ਕੰਪਨੀ ਡ੍ਰੀਮਵਰਕਜ਼ ਨੇ ਖਰੀਦਿਆ। ਡੇਵਿਡ ਫ਼ਿੰਚਰ, ਗੋਰੇ ਵਰਬਿੰਸਕੀ, ਲੈਸੇ ਹਾਲਸਟੌਰਮ, ਮਿਲੋਸ ਫ਼ੋਰਮੈਨ ਅਤੇ ਕੈਮਰੋਨ ਕਰੋਵ, ਇਹ ਸਾਰੇ ਇਸ ਫ਼ਿਲਮ ਦੇ ਨਿਰਦੇਸ਼ਣ ਲਈ ਸੰਭਵ ਫ਼ਿਲਮਕਾਰ ਸਨ ਪਰ ਸਪੀਲਬਰਗ ਨੇ ਇਹ ਫ਼ਿਲਮ ਆਪ ਬਣਾਉਣ ਦਾ ਫ਼ੈਸਲਾ ਲਿਆ। ਇਸ ਫ਼ਿਲਮ ਦੀ ਸ਼ੂਟਿੰਗ ਮਈ 2002 ਵਿੱਚ ਸ਼ੁਰੂ ਕੀਤੀ ਗਈ। ਇਹ ਫ਼ਿਲਮ ਆਰਥਿਕ ਅਤੇ ਆਲੋਚਨਾਤਮਕ ਤੌਰ ਤੇ ਸਫ਼ਲ ਸਾਬਿਤ ਹੋਈ ਅਤੇ ਇਸਦੀ ਆਲੋਚਕਾਂ ਅਤੇ ਖ਼ੁਦ ਐਬਗਨੇਲ ਦੁਆਰਾ ਤਾਰੀਫ਼ ਕੀਤੀ ਗਈ।

ਕਹਾਣੀ ਸੋਧੋ

1963 ਵਿੱਚ, ਨੌਜਵਾਨ ਫ਼ਰੈਂਕ ਐਬਗਨੇਲ ਜਿਸਦੀ ਉਮਰ 19 ਸਾਲਾਂ ਤੋਂ ਵੀ ਘੱਟ ਹੈ, ਨਿਊ ਰੌਸ਼ੇਲ, ਨਿਊਯਾਰਕ ਵਿੱਚ ਆਪਣੇ ਪਿਤਾ ਫ਼ਰੈਂਕ ਐਬਗਨੇਲ ਸੀਨੀਅਰ ਅਤੇ ਫ਼ਰਾਂਸੀਸੀ ਮਾਂ ਪੌਲਾ ਨਾਲ ਰਹਿੰਦਾ ਸੀ। ਜਦੋਂ ਫ਼ਰੈਂਕ ਸੀਨੀਅਰ ਨੂੰ ਚੇਜ਼ ਮੈਨਹੈਟਨ ਬੈਂਕ ਨੇ ਉਸਨੂੰ ਇੱਕ ਕਾਰੋਬਾਰੀ ਲੋਨ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਬੈਂਕ ਨੂੰ ਇੰਟਰਨਲ ਰੈਵੇਨਿਊ ਸਿਸਟਮ ਨਾਲ ਕਈ ਅਣਜਾਣ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕਾਰਨ ਐਬਗਨੇਲ ਪਰਿਵਾਰ ਨੂੰ ਆਪਣੇ ਵੱਡੇ ਘਰ ਨੂੰ ਛੱਡ ਕੇ ਇੱਕ ਛੋਟੇ ਜਿਹੇ ਅਪਾਰਟਮੈਂਟ ਵਿੱਚ ਜਾਣਾ ਪਿਆ। ਪੌਲਾ ਦਾ ਉਸਦੇ ਪਤੀ ਦੇ ਇੱਕ ਦੋਸਤ ਨਾਲ ਅਫ਼ੇਅਰ ਸੀ। ਇਸ ਸਮੇਂ ਦੌਰਾਨ, ਫ਼ਰੈਂਕ ਆਪਣੀ ਫ਼ਰੈਂਚ ਜਮਾਤ ਵਿੱਚ ਬਦਲਵੇਂ ਅਧਿਆਪਕ ਦੇ ਤੌਰ ਤੇ ਪੜਾਉਣ ਲੱਗਾ। ਫ਼ਰੈਂਕ ਦੇ ਮਾਂ-ਪਿਓ ਤਲਾਕ ਲਈ ਕੇਸ ਤਿਆਰ ਕਰਨ ਲੱਗੇ, ਜਿਸ ਕਾਰਨ ਫ਼ਰੈਂਕ ਘਰੋਂ ਭੱਜ ਗਿਆ। ਜਦੋਂ ਉਸ ਕੋਲ ਪੈਸੇ ਖ਼ਤਮ ਹੋ ਗਏ ਤਾਂ ਉਹ ਆਪਣੀਆਂ ਹੁਸ਼ਿਆਰੀ ਭਰੀਆਂ ਤਕਨੀਕਾਂ ਨਾਲ ਲੋਕਾਂ ਨੂੰ ਧੋਖਾ ਦੇਣ ਲੱਗ ਗਿਆ। ਛੇਤੀ ਹੀ ਉਸਦੀਆਂ ਠੱਗੀਆਂ ਬਹੁਤ ਵਧ ਗਈਆਂ ਅਤੇ ਉਹ ਇੱਕ ਅੰਤਰਰਾਸ਼ਟਰੀ ਹਵਾਈ ਜਹਾਜ਼ ਦਾ ਜਾਅਲੀ ਪਾਇਲਟ ਤੱਕ ਬਣ ਗਿਆ। ਉਸਨੇ ਪੈਨ ਐਮ ਦੇ ਜਾਅਲੀ ਚੈੱਕ ਤੱਕ ਬਣਾ ਲਏ ਅਤੇ 2.8 ਮਿਲੀਅਨ ਡਾਲਰ ਤੱਕ ਦੀ ਰਕਮ ਚੋਰੀ ਕਰਨ ਵਿੱਚ ਸਫ਼ਲ ਹੋ ਗਿਆ।

ਇਸੇ ਸਮੇਂ ਦੌਰਾਨ, ਕਾਰਲ ਹੈਨਰਾਟੀ, ਜਿਹੜਾ ਕਿ ਐਫ਼.ਬੀ.ਆਈ. ਦਾ ਇੱਕ ਏਜੰਟ ਹੈ ਜਿਹੜਾ ਜਾਅਲੀ ਚੈੱਕ ਬਣਾਉਣ ਵਾਲਿਆਂ ਨੂੰ ਫ਼ੜ੍ਹਦਾ ਹੈ, ਨੇ ਫ਼ਰੈਂਕ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕਾਰਲ ਅਤੇ ਫ਼ਰੈਂਕ ਇੱਕ ਹੋਟਲ ਵਿੱਚ ਮਿਲਦੇ ਹਨ, ਜਿੱਥੇ ਫ਼ਰੈਂਕ ਕਾਰਲ ਨੂੰ ਵਿਸ਼ਵਾਸ ਦਵਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ ਕਿ ਉਹ ਸੀਕਰੇਟ ਸਰਵਿਸ ਦਾ ਏਜੰਟ ਬੈਰੀ ਐਲਨ ਹੈ, ਅਤੇ ਉਹ ਵੀ ਉਸੇ ਧੋਖੇਬਾਜ਼ ਦੇ ਪਿੱਛੇ ਪਿਆ ਹੈ। ਕਾਰਲ ਨੂੰ ਇੱਕ ਵਾਰ ਤਾਂ ਯਕੀਨ ਹੋ ਜਾਂਦਾ ਹੈ ਪਰ ਅਚਾਨਕ ਉਸਨੂੰ ਪਤਾ ਲੱਗਦਾ ਹੈ ਕਿ ਉਸਨੂੰ ਬੁੱਧੂ ਬਣਾਇਆ ਜਾ ਰਿਹਾ ਹੈ। ਪਿੱਛੋਂ, ਕ੍ਰਿਸਮਸ ਤੇ, ਕਾਰਲ ਕੰਮ ਕਰ ਰਿਹਾ ਸੀ ਜਦੋਂ ਫ਼ਰੈਂਕ ਨੇ ਉਸਨੂੰ ਫ਼ੋਨ ਕੀਤਾ ਅਤੇ ਉਸਨੂੰ ਬੁੱਧੂ ਬਣਾਉਣ ਲਈ ਮਾਫ਼ੀ ਮੰਗੀ। ਕਾਰਲ ਨੇ ਉਸਦੀ ਮੁਆਫ਼ੀ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਸਨੂੰ ਕਹਿਣ ਲੱਗਾ ਕਿ ਉਹ ਛੇਤੀ ਹੀ ਫੜ੍ਹਿਆ ਜਾਵੇਗਾ ਪਰ ਉਹ ਉਦੋਂ ਹੱਸਣ ਲੱਗਾ ਜਦੋਂ ਉਸਨੂੰ ਪਤਾ ਲੱਗਿਆ ਕਿ ਫ਼ਰੈਂਕ ਕੋਲ ਗੱਲ ਕਰਨ ਲਈ ਹੋਰ ਕੋਈ ਇਨਸਾਨ ਨਹੀਂ ਸੀ। ਫ਼ਰੈਂਕ ਫ਼ੋਨ ਕੱਟ ਦਿੰਦਾ ਹੈ ਅਤੇ ਕਾਰਲ ਇਸ ਮਸਲੇ ਦੀ ਹੋਰ ਪੜਤਾਲ ਕਰਦਾ ਹੈ ਅਤੇ ਅਚਾਨਕ ਉਸਨੂੰ ਇੱਕ ਵੇਟਰ ਤੋਂ ਪਤਾ ਲੱਗਦਾ ਹੈ ਕਿ ਬੈਰੀ ਐਲਨ ਫ਼ਲੈਸ਼ ਕੌਮਿਕਸ ਦਾ ਇੱਕ ਪਾਤਰ ਹੈ ਅਤੇ ਫ਼ਰੈਂਕ ਤਾਂ ਅਜੇ ਇੱਕ ਨਾਬਾਲਗ ਨੌਜਵਾਨ ਹੈ।

ਇਸ ਦੌਰਾਨ ਫ਼ਰੈਂਕ ਨੇ ਆਪਣੀਆਂ ਧੋਖਾਧੜੀਆਂ ਹੋਰ ਵਧਾ ਦਿੱਤੀਆਂ ਜਿਸ ਵਿੱਚ ਉਹ ਇੱਕ ਜਾਅਲੀ ਵਕੀਲ ਅਤੇ ਡਾਕਟਰ ਤੱਕ ਬਣ ਗਿਆ। ਜਦੋਂ ਉਹ ਡਾਕਟਰ ਫ਼ਰੈਂਕ ਕੌਨਰਸ ਦੇ ਕਿਰਦਾਰ ਵਿੱਚ ਸੀ ਤਾਂ ਉਸਨੂੰ ਹਸਪਤਾਲ ਵਿੱਚ ਕੰਮ ਕਰਦੀ ਇੱਕ ਕੁੜੀ ਬਰੈਂਡਾ ਨਾਲ ਪਿਆਰ ਹੋ ਗਿਆ। ਉਸਨੇ ਵਿਆਹ ਲਈ ਉਸਦੇ ਪਿਤਾ ਤੋਂ ਇਜਾਜ਼ਤ ਵੀ ਮੰਗੀ ਅਤੇ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਪਰ ਬਰੈਂਡਾ ਦਾ ਪਿਤਾ ਉਸਦੀ ਗੱਲ ਨੂੰ ਸਮਝ ਨਾ ਸਕਿਆ। ਫ਼ਰੈਂਕ ਨੇ ਉਸਦੇ ਪਿਤਾ ਤੋਂ ਲੂਈਸ਼ਾਨਾ ਰਾਜ ਦੇ ਵਕੀਲ ਬਣਨ ਲਈ ਜ਼ਰੂਰੀ ਇਮਤਿਹਾਨ ਬਾਰੇ ਪੁੱਛਿਆ ਅਤੇ ਉਸਦੇ ਪਿਤਾ ਨਾਲ ਉਹ ਦਫ਼ਤਰ ਵਿੱਚ ਕੰਮ ਕਰਨ ਲੱਗ ਪਿਆ। ਇਸ ਦੌਰਾਨ ਕਾਰਲ ਨੇ ਉਸਨੂੰ ਲੱਭ ਲਿਆ ਜਦੋਂ ਉਸਦੀ ਸਗਾਈ ਦੀ ਪਾਰਟੀ ਚੱਲ ਰਹੀ ਸੀ ਜਿਸ ਕਰਕੇ ਫ਼ਰੈਂਕ ਨੂੰ ਸਗਾਈ ਵਿਚਾਲੇ ਹੀ ਛੱਡ ਕੇ ਭੱਜਣਾ ਪਿਆ। ਫ਼ਰੈਂਕ ਨੇ ਬਰੈਂਡਾ ਤੋਂ ਜਾਣ ਲੱਗਿਆ ਕਿਹਾ ਕਿ ਉਹ ਉਸਨੂੰ ਮਿਆਮੀ ਦੇ ਏਅਰਪੋਰਟ ਤੇ ਮਿਲੇ ਜਿੱਥੋਂ ਉਹ ਦੋਵੇਂ ਭੱਜ ਸਕਣ। ਬਰੈਂਡਾ ਹਵਾਈ ਅੱਡੇ ਤੇ ਆ ਗਈ ਸੀ ਪਰ ਉਹ ਆਪਣੇ ਨਾਲ ਕਾਰਲ ਅਤੇ ਉਸਦੇ ਏਜੰਟਾਂ ਨੂੰ ਵੀ ਲੈ ਆਈ ਸੀ। ਇਹ ਪਤਾ ਲੱਗਣ ਤੇ ਕਾਰਲ ਚਾਲਾਕੀ ਨਾਲ ਇੱਕ ਜਹਾਜ਼ ਵਿੱਚ ਸਵਾਰ ਹੋ ਕੇ ਯੂਰੋਪ ਭੱਜ ਗਿਆ।

ਸੱਤ ਮਹੀਨਿਆਂ ਪਿੱਛੋਂ, ਕਾਰਲ ਆਪਣੇ ਮੁਖੀ ਨੂੰ ਦੱਸਦਾ ਹੈ ਕਿ ਫ਼ਰੈਂਕ ਸਾਰੇ ਪੱਛਮੀ ਯੂਰੋਪ ਵਿੱਚ ਜਾਅਲੀ ਚੈੱਕ ਬਣਾ ਕੇ ਬੈਕਾਂ ਨੂੰ ਧੋਖਾ ਦੇ ਰਿਹਾ ਅਤੇ ਯੂਰੋਪ ਉਸਦੇ ਪਿੱਛੇ ਜਾਣ ਲਈ ਉਸਦੀ ਇਜਾਜ਼ਤ ਮੰਗਦਾ ਹੈ। ਉਸਦੇ ਮੁਖੀ ਨੇ ਉਸਨੂੰ ਇਜਾਜ਼ਤ ਨਹੀਂ ਦਿੱਤੀ ਤਾਂ ਉਹ ਫ਼ਰੈਂਕ ਦੇ ਬਣਾਏ ਚੈੱਕ ਲੈ ਕੇ ਪ੍ਰਿਟਿੰਗ ਮਾਹਿਰਾਂ ਦੀ ਸਲਾਹ ਲੈਣ ਲਈ ਗਿਆ ਜਿੱਥੇ ਉਸਨੂੰ ਪਤਾ ਲੱਗਦਾ ਹੈ ਕਿ ਇਹ ਚੈੱਕ ਫ਼ਰਾਂਸ ਵਿੱਚ ਬਣਾਏ ਜਾ ਰਹੇ ਹਨ। ਜਦੋਂ ਕਾਰਲ ਨੇ ਉਸਦੀ ਮਾਂ ਤੋਂ ਪੁੱਛਗਿੱਛ ਕੀਤੀ ਸੀ ਤਾਂ ਉਸਨੂੰ ਯਾਦ ਆਇਆ ਕਿ ਕਾਰਲ ਮੌਂਟਰੀਸ਼ਾਰਡ, ਫ਼ਰਾਂਸ ਵਿੱਚ ਪੈਦਾ ਹੋਇਆ ਸੀ। ਕਾਰਲ ਉਸਦੇ ਪਿੱਛੇ ਜਾਂਦਾ ਹੈ ਅਤੇ ਫ਼ਰੈਂਕ ਨੂੰ ਲੱਭ ਲੈਂਦਾ ਹੈ। ਕਾਰਲ ਉਸਨੂੰ ਦੱਸਦਾ ਹੈ ਕਿ ਜੇ ਉਹ ਉਸ ਨਾਲ ਨਾ ਤੁਰਿਆ ਤਾਂ ਫ਼ਰੈਂਚ ਪੁਲਿਸ ਉਸਨੂੰ ਮਾਰ ਦੇਵੇਗੀ। ਫ਼ਰੈਂਕ ਨੂੰ ਲੱਗਿਆ ਕਿ ਕਾਰਲ ਮਜ਼ਾਕ ਕਰ ਰਿਹਾ ਹੈ ਪਰ ਕਾਰਲ ਨੇ ਫ਼ਰੈਂਕ ਨੂੰ ਭਰੋਸਾ ਦੁਆਇਆ ਕਿ ਉਹ ਝੂਠ ਨਹੀਂ ਬੋਲ ਰਿਹਾ ਹੈ। ਕਾਰਲ ਉਸਨੂੰ ਗਿਰਫ਼ਤਾਰ ਕਰਕੇ ਬਾਹਰ ਨਿਕਲਦਾ ਹੈ ਤਾਂ ਇੱਕਦਮ ਫ਼ਰੈਂਚ ਪੁਲਿਸ ਮੌਕੇ ਤੇ ਪਹੁੰਚ ਕੇ ਉਸਨੂੰ ਆਪਣੇ ਨਾਲ ਲੈ ਜਾਂਦੀ ਹੈ।

ਇਸ ਸੀਨ ਤੋਂ ਬਾਅਦ ਕਾਰਲ ਉਸਨੂੰ ਜਹਾਜ਼ ਵਿੱਚ ਬਿਠਾ ਕੇ ਆਪਣੇ ਨਾਲ ਲਿਜਾ ਰਿਹਾ ਹੁੰਦਾ ਹੈ। ਇਸ ਦੌਰਾਨ ਜਦੋਂ ਕਾਰਲ ਤੋਂ ਉਸਨੂੰ ਪਤਾ ਲੱਗਦਾ ਹੈ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤਾਂ ਦੁਖੀ ਹੋਇਆ ਫ਼ਰੈਂਕ ਹਵਾਈ ਜਹਾਜ਼ ਵਿੱਚੋਂ ਭੱਜ ਜਾਂਦਾ ਹੈ ਅਤੇ ਭੱਜ ਕੇ ਆਪਣੇ ਪੁਰਾਣੇ ਘਰ ਵੱਲ ਜਾਂਦਾ ਹੈ। ਉੱਥੇ ਜਾ ਕੇ ਉਸਨੂੰ ਪਤਾ ਲੱਗਦਾ ਹੈ ਉਸਦੀ ਮਾਂ ਉਸਦੇ ਪਿਤਾ ਦੇ ਦੋਸਤ ਨਾਲ ਵਿਆਹ ਕਰਕੇ ਉਸਦੇ ਨਾਲ ਰਹਿ ਹੈ ਅਤੇ ਉਹਨਾਂ ਦੇ ਇੱਕ ਕੁੜੀ ਵੀ ਹੈ। ਇਸ ਪਿੱਛੋਂ ਫ਼ਰੈਂਕ ਹਾਰ ਮੰਨ ਲੈਂਦਾ ਹੈ ਅਤੇ ਉਸਨੂੰ ਅਮਰੀਕੀ ਸਰਕਾਰ ਦੁਆਰਾ 12 ਸਾਲਾਂ ਦੀ ਕੈਦ ਦਾ ਹੁਕਮ ਮਿਲਦਾ ਹੈ। ਜੇਲ ਵਿੱਚ ਸਮੇ-ਸਮੇਂ ਤੇ ਉਸਨੂੰ ਕਾਰਲ ਮਿਲਣ ਲਈ ਆਉਂਦਾ ਹੈ। ਇੱਕ ਮੁਲਾਕਾਤ ਦੌਰਾਨ ਜਦੋਂ ਕਾਰਲ ਨੂੰ ਫ਼ਰੈਂਕ ਤੋਂ ਪਤਾ ਲੱਗਦਾ ਹੈ ਕਿ ਉਸ ਕੋਲ ਜਿਹੜਾ ਚੈੱਕ ਹੈ ਉਹ ਜਾਅਲੀ ਹੈ ਅਤੇ ਫ਼ਰੈਂਕ ਉਸਦੀਆਂ ਬਾਰੀਕੀਆਂ ਵੀ ਦੱਸ ਦਿੰਦਾ ਹੈ ਤਾਂ ਕਾਰਲ ਉਸ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ। ਇਸ ਦੌਰਾਨ ਕਾਰਲ ਐਫ਼.ਬੀ.ਆਈ. ਨੂੰ ਮਨਾ ਲੈਂਦਾ ਹੈ ਕਿ ਹੋਰ ਜਾਅਲੀ ਚੈੱਕਾਂ ਬਣਾਉਣ ਵਾਲਿਆਂ ਨੂੰ ਫ਼ਰੈਂਕ ਦੀ ਮਦਦ ਨਾਲ ਫੜਿਆ ਜਾ ਸਕਦਾ ਹੈ। ਕਾਰਲ ਫ਼ਰੈਂਕ ਨੂੰ ਦੱਸਦਾ ਹੈ ਕਿ ਉਹ ਜੇਲ ਦਾ ਆਪਣਾ ਬਾਕੀ ਸਮਾਂ ਐਫ਼.ਬੀ.ਆਈ. ਦੀ ਬੈਂਕ ਫ਼ਰਾਡ ਸ਼ਾਖ਼ਾ ਨਾਲ ਕੰਮ ਕਰਕੇ ਬਿਤਾ ਸਕਦਾ ਹੈ ਅਤੇ ਫ਼ਰੈਂਕ ਉਸਦੀ ਇਹ ਗੱਲ ਮੰਨ ਲੈਂਦਾ ਹੈ। ਐਫ਼.ਬੀ.ਆਈ. ਵਿੱਚ ਕੰਮ ਕਰਦਿਆਂ ਫ਼ਰੈਂਕ ਮੁੜ ਤੋਂ ਜਾਅਲੀ ਪਾਇਲਟ ਬਣ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਾਰਲ ਉਸਨੂੰ ਐਨ ਮੌਕੇ ਤੇ ਆ ਕੇ ਸਮਝਾਉਂਦਾ ਹੈ। ਫਿਰ ਕਾਰਲ ਉਸਨੂੰ ਸਮਝਾਉਂਦਾ ਹੈ ਕਿ ਕੋਈ ਉਸਦਾ ਪਿੱਛਾ ਨਹੀਂ ਕਰ ਰਿਹਾ ਅਤੇ ਉਸਨੂੰ ਘੁੰਮ-ਫਿਰ ਕੇ ਮੁੜ ਐਫ਼.ਬੀ.ਆਈ. ਦੀ ਸ਼ਾਖ਼ਾ ਵਿੱਚ ਆਉਣਾ ਚਾਹੀਦਾ ਹੈ। ਅਗਲੇ ਸੋਮਵਾਰ ਨੂੰ ਕਾਰਲ ਨੂੰ ਚਿੰਤਾ ਹੈ ਕਿ ਫ਼ਰੈਂਕ ਅਜੇ ਵਾਪਿਸ ਨਹੀਂ ਆਇਆ ਪਰ ਅਚਾਨਕ ਥੋੜ੍ਹੀ ਦੇਰੀ ਨਾਲ ਫ਼ਰੈਂਕ ਮੁੜ ਆਉਂਦਾ ਹੈ ਅਤੇ ਉਹ ਆਪਣੇ ਅਗਲੇ ਕੇਸ ਦੀ ਪੜਤਾਲ ਕਰਦੇ ਹਨ।

ਫ਼ਿਲਮ ਦੇ ਅੰਤ ਵਿੱਚ ਦਿੱਤੇ ਗਏ ਕਰੈਡਿਟਾਂ ਤੋਂ ਪਤਾ ਚਲਦਾ ਹੈ ਕਿ ਫ਼ਰੈਂਕ 26 ਸਾਲਾਂ ਤੋਂ ਵਿਆਹ ਕਰਕੇ ਆਪਣੀ ਜ਼ਿੰਦਗੀ ਅਰਾਮ ਨਾਲ ਕੱਟ ਰਿਹਾ ਹੈ ਅਤੇ ਉਸਦੇ ਤਿੰਨ ਪੁੱਤਰ ਵੀ ਹਨ। ਫ਼ਰੈਂਕ ਅਤੇ ਕਾਰਲ ਅਜੇ ਵੀ ਗੂੜ੍ਹੇ ਮਿੱਤਰ ਹਨ ਅਤੇ ਉਹਨਾਂ ਨੇ ਮਿਲ ਕੇ ਦੁਨੀਆ ਦੇ ਬਹੁਤ ਸਾਰੇ ਵੱਡੇ ਧੋਖੇਬਾਜ਼ਾਂ ਨੂੰ ਫੜਿਆ ਹੈ। ਇਸ ਤੋਂ ਇਲਾਵਾ ਉਹ ਬੈਂਕਾਂ ਨਾਲ ਕੰਮ ਕਰਕੇ ਬਹੁਤ ਹੀ ਵਧੀਆ ਕਿਸਮ ਦੇ ਚੈੱਕ ਬਣਾ ਕੇ ਕਰੋੜਾਂ ਰੁਪਏ ਕਮਾ ਚੁੱਕਾ ਹੈ।

ਪਾਤਰ ਸੋਧੋ

 
ਲਿਓਨਾਰਦੋ ਦੀਕੈਪਰੀਓ ਅਤੇ ਅਸਲੀ ਫ਼ਰੈਂਕ ਐਬਗਨੇਲ।

ਬ੍ਰਾਇਨ ਹੋਵੇ, ਫ਼ਰੈਂਕ ਜੌਨ ਹਿਊਸ ਅਤੇ ਕ੍ਰਿਸ ਐਲਿਸ ਨੇ ਐਫ਼.ਬੀ.ਆਈ. ਏਜੰਟਾਂ ਦੀ ਭੂਮਿਕਾ ਨਿਭਾਈ ਹੈ। ਜੈਨੀਫ਼ਰ ਗਾਰਨਰ ਨੇ ਇੱਕ ਵੇਸਵਾ ਦੀ ਭੂਮਿਕਾ ਨਿਭਾਈ ਹੈ। ਐਲਨ ਪੌਂਪਿਓ, ਐਲੀਬੇਥ ਬੈਂਕਸ, ਅਤੇ ਕੇਟਲਿਨ ਡਬਲਡੇ ਨੇ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ। ਅਸਲੀ ਫ਼ਰੈਂਕ ਐਬਗਨੇਲ ਇੱਕ ਫ਼ਰੈਂਚ ਪੁਲਿਸ ਅਫ਼ਸਰ ਦੇ ਕਿਰਦਾਰ ਵਿੱਚ ਇੱਕ ਛੋਟਾ ਜਿਹਾ ਰੋਲ ਕਰਦਾ ਨਜ਼ਰ ਆਇਆ ਜਿਹੜਾ ਆਪਣੇ ਪਾਤਰ ਨੂੰ ਗਿਰਫ਼ਤਾਰ ਕਰ ਰਿਹਾ ਹੈ।[2]

ਹਵਾਲੇ ਸੋਧੋ

  1. "CATCH ME IF YOU CAN (12A)". British Board of Film Classification. December 13, 2002. Retrieved February 13, 2016.
  2. Van Luling, Todd (October 17, 2014). "11 Easter Eggs You Never Noticed In Your Favorite Movies". The Huffington Post. TheHuffingtonPost.com, Inc. Retrieved January 29, 2015.