ਕੜਾਹੀ ਚਾੜ੍ਹਨਾ
ਲੋਹੇ ਦੇ ਚੌੜੇ ਤੇ ਡੂੰਘੇ ਭਾਂਡੇ ਨੂੰ, ਜਿਸ ਵਿਚ ਮਠਿਆਈ ਪਕਾਈ ਜਾਂਦੀ ਹੈ, ਤਲੀ ਜਾਂਦੀ ਹੈ, ਕੜਾਹੀ ਕਹਿੰਦੇ ਹਨ। ਮਠਿਆਈ ਅਤੇ ਹੋਰ ਪਕਵਾਨ ਪਕਾਉਣ ਦੀ ਤਿਆਰੀ ਕਰਨ ਨੂੰ ਕੜਾਹੀ ਚਾੜ੍ਹਣਾ ਕਹਿੰਦੇ ਹਨ। ਪਹਿਲੇ ਸਮਿਆਂ ਦੇ ਵਿਆਹਾਂ ਵਿਚ ਆਮ-ਤੌਰ ਤੇ ਵਿਆਹ ਤੋਂ ਇਕ ਹਫ਼ਤਾ ਪਹਿਲਾਂ ਕੜਾਹੀ ਚਾੜ੍ਹੀ ਜਾਂਦੀ ਸੀ। ਵਿਆਹ ਵਿਚ ਹੋਣ ਵਾਲੇ ਇਕੱਠ ਅਨੁਸਾਰ ਦੋ ਜਾਂ ਤਿੰਨ ਚੁਰਾਂ ਪੱਟੀਆਂ ਜਾਂਦੀਆਂ ਸਨ। ਇਨ੍ਹੀਆਂ ਚੂਰਾਂ ਉੱਪਰ ਹੀ ਕੜਾਹੀ ਚਾੜ੍ਹ ਕੇ ਪਹਿਲਾਂ ਲੱਡੂ, ਪਕੌੜੇ, ਮਿੱਠੇ ਤੇ ਲੂਣ ਵਾਲੀਆਂ ਪਕੌੜੀਆਂ, ਖੁਰਮੇ ਆਦਿ ਪਕਾਉਣੇ ਸ਼ੁਰੂ ਕੀਤੇ ਜਾਂਦੇ ਸਨ। ਜਿਸ ਦਿਨ ਤੋਂ ਦੁੱਧ ਕਿੱਠਾ ਹੋਣਾ ਸ਼ੁਰੂ ਹੋ ਜਾਂਦਾ ਸੀ, ਉਸ ਦਿਨ ਤੋਂ ਖੋਆ ਕੱਢਣਾ ਸ਼ੁਰੂ ਕਰ ਦਿੰਦੇ ਸਨ। ਫੇਰ ਖੋਆ ਦੀਆਂ ਸਾਰੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਸਨ। ਪਰਿਵਾਰ ਦੇ ਪੁਰਸ਼ ਮੈਂਬਰ ਤੇ ਸ਼ਰੀਕੇ ਵਾਲੇ ਮੁੰਡੇ ਕੜਾਹੀ ਚਾੜ੍ਹਣ ਵਾਲੇ ਦਿਨ ਤੋਂ ਹੀ ਹਲਵਾਈਆਂ ਦੀ ਮੱਦਦ ਲਈ ਤੇ ਸੀਦਾ, ਪੱਤਾ ਦੇਣ ਲਈ ਹਾਜਰ ਰਹਿੰਦੇ ਸਨ। ਉਨ੍ਹਾਂ ਦਾ ਸਭ ਤੋਂ ਜਿਆਦਾ ਸਮਾਂ ਲੱਡੂ ਵੱਟਣ ਤੇ ਲੱਗਦਾ ਸੀ। ਕੁੜੀ ਦੇ ਵਿਆਹ ਵਿਚ ਬਰਾਤ ਤੇ ਮੇਲ ਲਈ ਮਠਿਆਈਆਂ, ਸਬਜ਼ੀਆਂ, ਦਾਲਾਂ ਅਤੇ ਹੋਰ ਖਾਣ ਪਦਾਰਥ ਤਿਆਰ ਕਰਨ ਲਈ ਜਿਆਦਾ ਮੁੰਡਿਆਂ ਦੀ ਲੋੜ ਪੈਂਦੀ ਸੀ। ਉਨ੍ਹਾਂ ਸਮਿਆਂ ਵਿਚ ਰਿਸ਼ਤੇਦਾਰਾਂ ਨੂੰ ਵਿਆਹ ਦੀ ਭਾਜੀ (ਮਠਿਆਈ) ਵੀ ਜਿਆਦਾ ਦਿੱਤੀ ਜਾਂਦੀ ਸੀ। ਇਸ ਲਈ ਵੀ ਮਠਿਆਈ ਜਿਆਦਾ ਪਕਾਈ ਜਾਂਦੀ ਸੀ।
ਹੁਣ ਦੀ ਪੀੜ੍ਹੀ ਮਿੱਠਾ ਘੱਟ ਖਾ ਕੇ ਰਾਜੀ ਹੈ। ਇਸ ਲਈ ਹੁਣ ਵਿਆਹ ਤੋਂ 2/ 3 ਕੁ ਦਿਨ ਪਹਿਲਾਂ ਹੀ ਕੜਾਹੀ ਚਾੜ੍ਹੀ ਜਾਂਦੀ ਹੈ। ਅੱਜਕਲ੍ਹ ਬਾਜ਼ਾਰ ਵਿਚੋਂ ਮਠਿਆਈ ਖਰੀਦਣ ਦਾ ਰਿਵਾਜ ਵੀ ਚੱਲ ਪਿਆ ਹੈ। ਜਿਹੜੇ ਵਿਆਹ, ਵਿਆਹ ਭਵਨਾਂ ਵਿਚ ਹੁੰਦੇ ਹਨ, ਉੱਥੇ ਖਾਣ ਪੀਣ ਦਾ ਪ੍ਰਬੰਧ ਵੀ ਆਮ ਤੌਰ ਤੇ ਵਿਆਹ ਭਵਨਾਂ ਵਾਲਿਆਂ ਦਾ ਹੀ ਹੁੰਦਾ ਹੈ।ਏਸੇ ਤਰ੍ਹਾਂ ਹੀ ਪਹਿਲਾਂ ਦੇ ਮੁਕਾਬਲੇ ਰਿਸ਼ਤੇਦਾਰਾਂ ਨੂੰ ਵਿਆਹ ਦੀ ਭਾਜੀ ਵੀ ਬਹੁਤ ਘੱਟ ਦਿੱਤੀ ਜਾਂਦੀ ਹੈ। ਇਸ ਲਈ ਕੜਾਹੀ ਚਾੜ੍ਹਣ ਦਾ ਰਿਵਾਜ ਹੁਣ ਦਿਨੋਂ ਦਿਨ ਘੱਟ ਰਿਹਾ ਹੈ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.