ਕੰਗਣੀ ਵਾਲਾ ਗਲਾਸ ਪਾਣੀ ਪੀਣ ਵਾਲਾ ਉਹ ਗੋਲ ਤੇ ਲੰਮਾ ਬਰਤਨ ਜਿਸ ਦੀ ਹੇਠਲੀ ਗੁਲਾਈ ਘੱਟ ਹੁੰਦੀ ਹੈ ਤੇ ਉਪਰੋਂ ਜ਼ਿਆਦਾ ਹੁੰਦੀ ਹੈ ਅਤੇ ਜਿਸ ਦਾ ਹੇਠਲਾ/ ਥੱਲੇ ਦਾ ਕੰਢਾ ਕੰਗਣੀਵਾਲਾ/ਕੁੜੀ ਵਾਲਾ ਹੁੰਦਾ ਹੈ, ਨੂੰ ਕੰਗਣੀ ਵਾਲਾ ਗਲਾਸ ਕਹਿੰਦੇ ਹਨ। ਇਸ ਵਿਚ ਘੱਟੋ-ਘੱਟ ਅੱਧਾ ਕਿਲੋ ਪਾਣੀ ਜ਼ਰੂਰ ਪੈ ਜਾਂਦਾ ਹੈ। ਇਸ ਤੋਂ ਜ਼ਿਆਦਾ ਮਿਣਤੀ ਵਿਚ ਪਾਣੀ ਪੈਣ ਵਾਲੇ ਗਲਾਸ ਵੀ ਹੁੰਦੇ ਹਨ।

ਕੰਗਣੀ ਵਾਲੇ ਗਲਾਸ ਚ ਬੱਚਾ ਦੁੱਧ ਪੀਂਦਾ ਹੋਇਆ

ਇਹ ਗਲਾਸ ਉਸ ਸਮੇਂ ਹੁੰਦੇ ਸਨ ਜਦ ਸਾਰੀ ਖੇਤੀ ਹੱਥੀਂ ਕੀਤੀ ਜਾਂਦੀ ਸੀ। ਲੋਕੀ ਮਨਾ-ਮੂੰਹੀ ਖੁਰਾਕ ਖਾਂਦੇ ਸਨ। ਦਿਨ ਰਾਤ ਕਹੀ ਚਲਾਉਂਦੇ ਸਨ। ਹਲ ਵਾਹੁੰਦੇ ਸਨ। ਕੰਮ ਕਰਦਿਆਂ ਗਰਮੀ ਨਾਲ ਸਾਰਾ ਸਰੀਰ ਨੁਚੜਦਾ ਹੁੰਦਾ ਸੀ। ਉਸ ਸਮੇਂ ਪਾਣੀ ਦੀ ਲੱਗੀ ਤੇਹ ਨੂੰ ਲੋਕੀ ਕਈ ਕੰਗਣੀ ਵਾਲੇ ਗਲਾਸ ਪੀ ਕੇ ਬੁਝਾਉਂਦੇ ਹੁੰਦੇ ਸਨ। ਕੰਗਣੀ ਵਾਲੇ ਗਲਾਸ ਪਿੱਤਲ ਦੀ ਧਾਤ ਦੇ ਬਣਾਏ ਜਾਂਦੇ ਸਨ। ਇਨ੍ਹਾਂ ਨੂੰ ਲੋੜ ਅਨੁਸਾਰ ਕਲੀ ਵੀ ਕਰਵਾਉਂਦੇ ਰਹਿੰਦੇ ਸਨ। ਕਈ ਗਲਾਸਾਂ ਉੱਪਰ ਮੀਨਾਕਾਰੀ ਵੀ ਕੀਤੀ ਹੁੰਦੀ ਸੀ।

ਹੁਣ ਤਾਂ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਅੱਜ ਦੀ ਖੇਤੀ ਜ਼ੋਰ ਵਾਲੀ ਖੇਤੀ ਨਹੀਂ ਰਹੀ। ‘ਦੱਬ ਕੇ ਵਾਹ ਤੇ ਰੱਜ ਕੇ ਖਾਹ' ਵਾਲੀ ਖੇਤੀ ਦੀ ਥਾਂ ਹੁਣ ‘ਅਕਲ ਨਾਲ ਵਾਹ ਤੇ ਰੱਜ ਕੇ ਖਾਹ' ਵਾਲੀ ਖੇਤੀ ਨੇ ਲੈ ਲਈ ਹੈ। ਇਸ ਲਈ ਹੁਣ ਨਾ ਪਹਿਲੇ ਜਿਹੀਆਂ ਖੁਰਾਕਾਂ ਰਹੀਆਂ ਹਨ ਅਤੇ ਨਾ ਹੀ ਪਹਿਲੇ ਜਿਹੇ ਬਰਤਨ। ਹੁਣ ਕੰਗਣੀ ਵਾਲੇ ਗਲਾਸਾਂ ਦੀ ਥਾਂ ਸਟੀਲ ਦੇ ਗਲਾਸਾਂ ਨੇ ਲੈ ਲਈ ਹੈ। ਜਿਸ ਵਿਚ ਵੀ ਅੱਧਾ ਕਿਲੋ ਪਾਣੀ ਪੈ ਜਾਂਦਾ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.