ਕੰਚਨਪੁਰਾ
ਕੰਚਨਪੁਰਾ ਚੰਡੀਗੜ੍ਹ ਦੇ ਉੱਤਰ-ਪੂਰਬ ਵੱਲ ਸੁਖਨਾ ਝੀਲ ਦੇ ਕੰਢੇ ਨੇੜੇ ਵਸਿਆ ਹੁੰਦਾ ਸੀ। ਇਸ ਪਿੰਡ ਨੂੰ ਪਹਿਲਾਂ ਹਮੀਰਗੜ੍ਹ ਵੀ ਕਿਹਾ ਜਾਂਦਾ ਸੀ। ਚੰਡੀਗੜ੍ਹ ਦੇ ਪਹਿਲੇ ਉਠਾਲੇ (1952) ਵੇਲੇ ਇਸ ਪਿੰਡ ਦਾ ਉਜਾੜਾ ਹੋ ਗਿਆ। ਇਸ ਪਿੰਡ ਦੀ ਜ਼ਮੀਨ ’ਤੇ ਹੁਣ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਉਸਰਿਆ ਹੋਇਆ ਹੈ।
ਪਿੰਡ ਬਾਰੇ
ਸੋਧੋਕੰਚਨਪੁਰਾ ਵਿੱਚ ਲਗਪਗ 30-35 ਘਰ ਸਨ। ਤਿੰਨ ਘਰ ਬ੍ਰਾਹਮਣ ਭਾਈਚਾਰੇ ਦੇ, ਦਸ-ਬਾਰਾਂ ਘਰ ਗਡਰੀਆਂ ਦੇ, ਦੋ-ਤਿੰਨ ਘਰ ਤਰਖਾਣਾਂ, ਛੀਂਬਿਆਂ, ਰਾਮਦਾਸੀਆਂ ਤੇ ਬਹੁਤੇ ਘਰ ਜ਼ਿਮੀਂਦਾਰਾਂ ਦੇ ਹੁੰਦੇ ਸਨ। ਪਿੰਡ ਵਾਸੀਆਂ ਦਾ ਆਪਸੀ ਮੇਲ-ਮਿਲਾਪ ਚੰਗਾ ਸੀ। ਇਸ ਪਿੰਡ ਦੇ ਨੇੜਲੇ ਪਿੰਡ ਗੁਰਦਾਸਪੁਰਾ, ਭੰਗੀਮਾਜਰਾ, ਕਾਲੀਬੜ, ਨਗਲਾ ਤੇ ਮਨੀਮਾਜਰਾ ਸਨ। ਪਿੰਡ ਵਿੱਚ ਸਕੂਲ ਨਾ ਹੋਣ ਕਾਰਨ ਨਦੀ ਪਾਰ ਮਨੀਮਾਜਰਾ ਪੜ੍ਹਨ ਜਾਣਾ ਪੈਂਦਾ ਸੀ। ਕੰਚਨਪੁਰਾ ਵਿੱਚ ਦੋ ਖੂਹ ਸਨ ਜਿਹਨਾਂ ਦਾ ਪਾਣੀ ਕਾਫ਼ੀ ਡੂੰਘਾ ਸੀ। ਪਿੰਡ ਵਿੱਚ ਗੁਰਦੁਆਰਾ ਨਹੀਂ ਸੀ। ਧਰਮਸ਼ਾਲਾ ਅਤੇ ਖੇੜਾ ਹੁੰਦਾ ਸੀ। ਸਾਂਝੀ ਦਾ ਤਿਉਹਾਰ, ਕਰੂਆਂ ਤੇ ਝਕਰੀਆਂ ਦੀਆਂ ਰਸਮਾਂ ਕਰਦੀਆਂ ਸਨ। ਸਰਦੀ ਵਿੱਚ ਪਿੰਡ ’ਚ ਘੁਲਾੜੀਆਂ ਚਲਦੀਆਂ ਸਨ ਅਤੇ ਗੁੜ ਦੇ ਚੱਕ ਦੁਆਲੇ ਤੱਤਾ-ਤੱਤਾ ਗੁੜ ਖਾਣ ਲਈ ਸਾਰੇ ਇਕੱਠੇ ਹੋ ਜਾਂਦੇ ਸਨ। ਆਟੇ ਵਾਲੀ ਚੱਕੀ ਮਨੀਮਾਜਰੇ ਹੁੰਦੀ ਸੀ ਅਤੇ ਲੋਕ ਪੰਚਕੂਲਾ ਘਰਾਟਾਂ ’ਤੇ ਵੀ ਆਟਾ ਪਿਸਾਉਣ ਜਾਂਦੇ ਸਨ। ਕਣਕ, ਮੱਕੀ, ਕਪਾਹ, ਮਾਂਹ, ਕਾਲੇ ਧਾਨ, ਚਰੀ, ਕਮਾਦ, ਸਰ੍ਹੋਂ ਤੇ ਮਸਰੀ ਦੀਆਂ ਫ਼ਸਲਾਂ ਹੁੰਦੀਆਂ ਸਨ।