ਖ਼ੱਯਾਮ ਉਡਾਰੀ 11 ਵੀਂ ਸਦੀ ਦੇ ਇਰਾਨੀ ਕਵੀ ਉਮਰ ਖ਼ਯਾਮ (1048–1131) ਦੀਆਂ ਰੁਬਾਈਆਂ (ਫ਼ਾਰਸੀ: رباعیات عمر خیام) ਦਾ ਸ਼ ਸ਼ ਜੋਗੀ ਦੁਆਰਾ ਕੀਤਾ ਪੰਜਾਬੀ ਤਰਜਮਾ ਹੈ।[1]

ਤਰਜਮੇ ਬਾਰੇ

ਸੋਧੋ

ਇਸ ਤਰਜਮੇ ਬਾਰੇ ਸੁਰਜਨ ਜ਼ੀਰਵੀ ਹੁਰਾਂ ਨੇ ਇਸ ਕਿਤਾਬ ਦੀ ਪਰਵੇਸ਼ਕਾ ਵਿੱਚ ਲਿਖਿਆ ਹੈ: "ਸ਼ ਸ਼ ਜੋਗੀ ਦਾ ਤਰਜਮਾ ਆਪਣੀ ਥਾਂ ਖ਼ਯਾਮ ਨੂੰ ਪੰਜਾਬੀ ਕਵਿਤਾ ਦਾ ਹਮਸੁਖ਼ਨ ਤੇ ਪੰਜਾਬੀ ਮਨਾ ਦਾ ਮਹਿਰਮ ਬਣਾਉਣ ਦੀ ਸਮਰਥਾ ਰਖਦਾ ਹੈ। ਇਹ ਉਹਨਾਂ ਦੀ ਕਈ ਸਾਲਾਂ ਦੀ ਖ਼ਾਮੋਸ਼ ਘਾਲਣਾ ਦਾ ਸਿੱਟਾ ਹੈ। ਇਹ ਗਲ ਉਹੀ ਜਾਣਦੇ ਹਨ ਖ਼ਯਾਮ ਦੀ ਇੱਕ ਇੱਕ ਰੁਬਾਈ ਨੂੰ ਤਰਾਸ਼ਣ ਤੇ ਸਵਾਰਨ ਲਈ ਉਹਨਾਂ ਕਿੰਨੀਆਂ ਬੇਚੈਨ ਸ਼ਾਮਾਂ ਗੁਜ਼ਾਰੀਆਂ ਅਤੇ ਕਿਸੇ ਢੁਕਵੇਂ ਸ਼ਬਦ ਦੇ ਜੁਗਨੂੰ ਦਾ ਪਿਛਾ ਕਰਦਿਆਂ ਉਹਨਾਂ ਨੂੰ ਕਿੰਨੇ ਜਗਰਾਤੇ ਕਟਣੇ ਪਏ। ਬਹੁਤੀਆਂ ਰੁਬਾਈਆਂ ਦਾ ਤਰਜਮਾ ਉਹਨਾਂ ਸਿਧਾ ਫ਼ਾਰਸੀ ਤੋਂ ਕੀਤਾ ਤੇ ਕੁਝ ਹੋਰ ਰੁਬਾਈਆਂ ਦੇ ਤਰਜਮੇ ਲਈ ਉਹਨਾਂ ਫ਼ਿਟਜ਼ਜੈਰਾਲਡ ਦੇ ਅੰਗ੍ਰੇਜ਼ੀ ਤਰਜਮੇ ਨੂੰ ਸਾਹਮਣੇ ਰਖਿਆ ਹੈ। ਪਰ ਕਿਸੇ ਵੀ ਹਾਲਤ ਵਿੱਚ ਉਹਨਾਂ ਰੁਬਾਈਆਂ ਦੇ ਪੰਜਾਬੀ ਰੂਪਾਂਤਰਣ ਵਿਚਲੀ ਇਕਸਾਰਤਾ ਵਿੱਚ ਕੋਈ ਫ਼ਰਕ ਨਹੀਂ ਆਉਣ ਦਿੱਤਾ।"

ਤਰਜਮੇ ਦੀਆਂ ਕੁਝ ਵੰਨਗੀਆਂ

ਸੋਧੋ

ਏਨੀਆਂ ਲੰਮੀਆਂ ਵਾਟਾਂ ਦੇ ਜੋ ਪਾਂਧੀ ਹੈਸਨ ਸਾਰੇ
ਪਰਤ ਕੇ ਕੋਈ ਨਾ ਆਇਆ ਜੋ ਭੇਦਾਂ ਦਾ ਹਾਲ ਗੁਜ਼ਾਰੇ
ਰਹਿਣ ਦੇਈਂ ਨਾ ਰੀਝ ਕੋਈ ਤੂੰ ਏਸ ਸਰਾਂ ਵਿੱਚ ਰਹਿਕੇ
ਏਥੋਂ ਜੋ ਵੀ ਕੂਚ ਕਰ ਗਿਆ, ਮੁੜ ਨਾ ਫੇਰਾ ਮਾਰੇ


ਰਾਹ ਵਿੱਚ ਏਦਾਂ ਤੁਰੀਂ ਕਿ ਤੈਨੂੰ ਕੋਈ ਨਾ ਕਰੇ ਸਲਾਮ
ਵਿਚਰੀਂ ਖ਼ਲਕ ‘ਚ ਏਦਾਂ ਤੈਨੂੰ ਕੋਈ ਨਾ ਮਿਲੇ ਇਨਾਮ
'ਉੱਤੇ ਜਦ ਤੂੰ ਜਾਏਂ ਮਸੀਤੇ, ਏਦਾਂ ਅੰਦਰ ਵੜੀਂ ਕਿ ਤੇਰਾ
ਕਰ ਕੇ ਸੁਆਗਤ ਤੈਨੂੰ ਕਿਧਰੇ ਥਾਪ ਨਾ ਦੇਣ ਇਮਾਮ


ਜਦੋਂ ਰਾਤ ਨੇ ਚਾਦਰ ਆਪਣੀ ਦੁਨੀਆ ਤੋਂ ਖਿਸਕਾਈ
ਸੁਣਿਆਂ ਮੈਂ ਕਿ ਮੈਖ਼ਾਨੇ ‘ਚੋਂ ਇੱਕ ਆਵਾਜ਼ ਇਹ ਆਈ
ਜਾਗੋ ਮੇਰੇ ਜੀਣ ਜੋਗਿਓ ਭਰ ਲਓ ਜਾਮ ਕਿ ਕਿਧਰੇ
ਜੀਵਨ ਮਧੂ ਪਿਆਲੀ ਸੁਕ ਕੇ ਪਾਟ ਨਾ ਜਾਏ ਤਿਹਾਈ

ਹਵਾਲੇ

ਸੋਧੋ