ਰਹੁ, ਗੰਨੇ ਦੇ ਰਸ ਨੂੰ ਕਹਿੰਦੇ ਹਨ।ਜੋ ਖੀਰ ਗੰਨੇ ਦੇ ਰਸ ਵਿਚ ਰਿੰਨ ਕੇ ਬਣਾਈ ਜਾਂਦੀ ਹੈ, ਉਸ ਨੂੰ ਰਹੁ ਦੀ ਖੀਰ ਕਹਿੰਦੇ ਹਨ। ਰਹੁ ਦੀ ਖੀਰ ਵਿਸ਼ੇਸ਼ ਤੌਰ ਤੇ ਪੋਹ ਮਹੀਨੇ ਦੇ ਆਖ਼ਰੀ ਦਿਨ ਬਣਾਈ ਜਾਂਦੀ ਸੀ ਤੇ ਪਹਿਲੀ ਮਾਘ ਦੀ ਸਵੇਰ ਨੂੰ ਖਾਧੀ ਜਾਂਦੀ ਸੀ। ਸ਼ਾਇਦ ਏਸ ਖੀਰ ਦੀ ਕੋਈ ਧਾਰਮਿਕ ਮਹੱਤਤਾ ਵੀ ਗਿਣੀ ਜਾਂਦੀ ਸੀ ?

ਰਹੁ ਦੀ ਖੀਰ ਬਣਾਉਣ ਲਈ ਪਹਿਲਾਂ ਘੁਲਾੜੀ ਨਾਲ ਗੰਨੇ ਨੂੰ ਪੀੜ ਕੇ ਰਸ ਕੱਢਿਆ ਜਾਂਦਾ ਸੀ। ਇਸ ਰਸ ਨੂੰ ਪਤੀਲੇ ਵਿਚ ਪਾ ਕੇ ਚੁੱਲ੍ਹੇ ਉੱਪਰ ਗਰਮ ਕਰਨ ਲਈ ਰੱਖ ਦਿੰਦੇ ਸਨ। ਜਦ ਰਸ ਗਰਮ ਹੋ ਜਾਂਦਾ ਸੀ ਤਾਂ ਰਸ ਵਿਚ ਮੈਲ ਕੱਢਣ ਲਈ ਸੁਕਾਈਆਂ ਹੋਈਆਂ ਤੇ ਪਾਣੀ ਵਿਚ ਉਬਾਲੀਆਂ ਹੋਈਆਂ ਭਿੰਡੀਆਂ ਦਾ ਪਾਣੀ ਪਾਇਆ ਜਾਂਦਾ ਸੀ। ਫਿਰ ਰਸ ਨੂੰ ਚੰਗੀ ਤਰ੍ਹਾਂ ਉਬਾਲਿਆ ਜਾਂਦਾ ਸੀ। ਉਬਾਲਣ ਨਾਲ ਰਸ ਉੱਪਰ ਸਾਰੀ ਮੈਲ ਤਰ ਆਉਂਦੀ ਸੀ। ਫੇਰ ਮੈਲ ਨੂੰ ਪੋਣੀ ਨਾਲ ਰਸ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ। ਚੌਲਾਂ ਨੂੰ ਪਾਣੀ ਵਿਚ ਥੋੜ੍ਹੀ ਦੇਰ ਭਿਉਂ ਕੇ ਰੱਖਿਆ ਜਾਂਦਾ ਸੀ। ਭਿਉਂਤੇ ਹੋਏ ਚੌਲਾਂ ਨੂੰ ਫੇਰ ਸਾਫ਼ ਕੀਤੇ ਰਸ ਵਿਚ ਪਾ ਕੇ ਰਿੰਨਣ ਲਈ ਰੱਖ ਦਿੱਤਾ ਜਾਂਦਾ ਸੀ। ਹੌਲੀ-ਹੌਲੀ ਰਿੰਨ ਕੇ ਖੀਰ ਬਣਾ ਲੈਂਦੇ ਸਨ।

ਬਣਨ ਦੀ ਵਿਧੀ
ਸੋਧੋ

ਗੰਨੇ ਦੇ ਰਸ (ਰਹੁ) ਦੀ ਖੀਰ ਸਮੱਗਰੀ: 1 ਲੀਟਰ ਗੰਨੇ ਦਾ ਰਸ, 100 ਗ੍ਰਾਮ ਬਾਸਮਤੀ ਚੌਲ਼, ਇੱਕ ਛੋਟਾ ਚਮਚ ਇਲਾਇਚੀ ਪਾਊਡਰ, ਇੱਕ ਵੱਡਾ ਚਮਚ ਕੱਟੇ ਹੋਏ ਮੇਵੇ। ਤਰੀਕਾ: ਸਭ ਤੋਂ ਪਹਿਲਾਂ ਚੌਲ਼ਾਂ ਨੂੰ ਧੋ ਕੇ ਪਾਣੀ 'ਚ ਭਿਉਂ ਕੇ ਰੱਖ ਦਿਓ ਹੁਣ ਇੱਕ ਕੜਾਹੀ 'ਚ ਗੰਨੇ ਦੇ ਰਸ ਨੂੰ ਉੱਬਲਣ ਲਈ ਰੱਖੋ ਜਦੋਂ ਇਹ ਰਸ ਉੱਬਲ ਜਾਵੇ ਤਾਂ ਇਸ 'ਚ ਭਿੱਜੇ ਹੋਏ ਚੌਲ਼ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਫਿਰ ਇਸ 'ਚ ਇਲਾਇਚੀ ਪਾਊਡਰ ਪਾ ਦਿਓ। ਹੁਣ ਚੌਲ਼ਾਂ ਨੂੰ ਹੌਲੀ ਅੱਗ 'ਤੇ ਪੱਕਣ ਦਿਓ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸਨੂੰ ਹਿਲਾਉਂਦੇ ਰਹੋ ਹੁਣ ਜਦੋਂ ਖੀਰ ਇੱਕ ਚੀਕਨੇ ਮਿਸ਼ਰਣ ਦਾ ਰੂਪ ਲੈ ਲਵੇ ਤਾਂ ਉਸ 'ਚ ਮੇਵੇ ਪਾ ਦਿਓ ਕੁਝ ਦੇਰ ਹਿਲਾਉਂਦੇ ਹੋਏ ਪਕਾਓ ਅਤੇ ਫਿਰ ਅੱਗ ਬੰਦ ਕਰ ਦਿਓ ਗੰਨੇ ਦੀ ਖੀਰ ਨੂੰ ਠੰਢਾ ਹੋਣ ਤੋਂ ਬਾਅਦ ਪਰੋਸੋ।

ਹੁਣ ਮਾਲਵੇ ਵਿਚ ਤਾਂ ਗੰਨਾ ਬੀਜਿਆ ਹੀ ਘੱਟ ਜਾਂਦਾ ਹੈ। ਦੁਆਬੇ ਅਤੇ ਮਾਝੇ ਵਿਚ ਗੰਨਾ ਜ਼ਰੂਰ ਬੀਜਿਆ ਜਾਂਦਾ ਹੈ ਪਰ ਇਹ ਜਿਆਦਾ ਸ਼ੂਗਰ ਮਿਲਾਂ ਨੂੰ ਵੇਚ ਦਿੱਤਾ ਜਾਂਦਾ ਹੈ। ਹੁਣ ਰਹੂ ਦੀ ਖੀਰ ਸ਼ਾਇਦ ਕੋਈ ਪੁਰਾਣੇ ਰਸਮਾਂ ਵਾਲਾ, ਵਿਚਾਰਾਂ ਵਾਲਾ ਤੇ ਇਸ ਖੀਰ ਨੂੰ ਖਾਣ ਦਾ ਸ਼ੌਕੀ ਪਰਿਵਾਰ ਹੀ ਇਹ ਖੀਰ ਬਣਾਉਂਦਾ ਹੋਵੇ ?[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.