ਖੁਦਾਈ ਖਿਦਮਤਗਾਰ (ਪਸ਼ਤੋ: خدايي خدمتگار‎), ਯਾਨੀ ਰੱਬ ਦੀ ਬਣਾਈ ਦੁਨੀਆ ਦੇ ਸੇਵਕ, ਬਰਤਾਨਵੀ ਰਾਜ ਦੇ ਖ਼ਿਲਾਫ਼ ਭਾਰਤ ਦੇ ਪੱਛਮ ਉੱਤਰ ਸੀਮਾਂਤ ਪ੍ਰਾਂਤ ਦੇ ਪਸ਼ਤੂਨ ਕਬੀਲਿਆਂ ਵਿੱਚ ਖ਼ਾਨ ਅਬਦੁਲ ਗੱਫਾਰ ਖ਼ਾਨ ਦੀ ਅਗਵਾਈ ਹੇਠ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਮਰਥਨ ਵਿੱਚ ਚਲਾਇਆ ਗਿਆ ਇੱਕ ਇਤਹਾਸਕ ਅਹਿੰਸਕ ਅੰਦੋਲਨ ਸੀ। ਇਸਨੂੰ "ਸੁਰਖ ਪੋਸ਼" ਜਾਂ "ਲਾਲ ਕੁੜਤੀ" ਵੀ ਕਿਹਾ ਜਾਂਦਾ ਸੀ।[1]

ਬਚਾ ਖਾਨ ਅਤੇ ਗਾਂਧੀ ਖੁਦਾਈ ਖਿਦਮਤਗਾਰਾਂ ਨੂੰ ਮਿਲ ਰਹੇ

ਮੂਲ ਤੌਰ ਤੇ ਇਹ ਇੱਕ ਸਮਾਜ ਸੁਧਾਰਕ ਸੰਗਠਨ ਸੀ ਜਿਸਦਾ ਮਕਸਦ ਸਿੱਖਿਆ ਦਾ ਪਸਾਰ ਅਤੇ ਖ਼ੂਨ ਦੇ ਝਗੜਿਆਂ ਨੂੰ ਖਤਮ ਕਰਨਾ ਸੀ। ਹੌਲੀ ਹੌਲੀ ਇਹ ਸਿਆਸੀ ਰੰਗ ਵਿੱਚ ਢਲਦੀ ਗਈ ਅਤੇ ਕਈ ਬਾਰ ਬਰਤਾਨਵੀ ਰਾਜ ਦੇ ਜ਼ੇਰ ਅਤਾਬ ਆਈ। 1929 ਤੱਕ ਇਸ ਤਹਿਰੀਕ ਦੇ ਸਾਰੇ ਆਗੂ ਸੂਬਾ ਬਦਰ ਕਰ ਦਿੱਤੇ ਗਏ ਅਤੇ ਕੇਂਦਰੀ ਆਗੂ ਗ੍ਰਿਫ਼ਤਾਰ ਕਰ ਲਏ ਗਏ। ਸਿਆਸੀ ਹਿਮਾਇਤ ਹਾਸਲ ਕਰਨ ਲਈ ਇਸ ਤਹਿਰੀਕ ਦੇ ਆਗੂਆਂ ਨੇ ਆਲ ਇੰਡੀਆ ਮੁਸਲਿਮ ਲੀਗ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਰਾਬਤੇ ਭੀ ਕਾਇਮ ਕੀਤੇ। ਆਲ ਇੰਡੀਆ ਮੁਸਲਿਮ ਲੀਗ ਦੀ ਹਿਮਾਇਤ ਨਾ ਮਿਲਣ ਤੇ ਇਸ ਤਹਿਰੀਕ ਨੇ ਬਾਕਾਇਦਾ ਤੌਰ ਪਰ 1929 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਇਲਹਾਕ ਕਰਨ ਦਾ ਫ਼ੈਸਲਾ ਕਰ ਲਿਆ। ਕਾਂਗਰਸ ਦੀ ਹਿਮਾਇਤ ਦੇ ਬਾਦ ਬਰਤਾਨਵੀ ਰਾਜ ਤੇ ਸਿਆਸੀ ਦਬਾਉ ਵਧ ਗਿਆ, ਦੂਸਰੀ ਤਰਫ਼ ਮੁਸਲਿਮ ਲੀਗ ਨੇ ਵੀ ਇਖ਼ਲਾਕੀ ਤੌਰ ਤੇ ਸਿਆਸੀ ਕੈਦੀਆਂ ਦੀ ਹਿਮਾਇਤ ਸ਼ੁਰੂ ਕਰ ਦਿੱਤੀ। ਇਸ ਦੇ ਬਾਦ ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਨੂੰ ਰਿਹਾ ਕਰ ਦਿਤਾ ਗਿਆ ਅਤੇ ਤਹਿਰੀਕ ਤੇ ਆਇਦ ਪਾਬੰਦੀਆਂ ਦਾ ਖ਼ਾਤਮਾ ਕਰ ਦਿੱਤਾ ਗਿਆ। ਤਾਜ਼ੀਰਾਤ-ਏ-ਹਿੰਦ 1935 ਦੇ ਮੁਤਾਬਿਕ ਸੂਬਾ ਖ਼ੈਬਰ ਪਖ਼ਤੂਨਖ਼ਵਾ ਵਿੱਚ ਛੋਟੇ ਪੈਮਾਨੇ ਤੇ ਚੋਣ ਅਮਲ ਸ਼ੁਰੂ ਕੀਤਾ ਗਿਆ ਅਤੇ ਫਿਰ 1937 ਵਿੱਚ ਕਰਵਾਈਆਂ ਗਈਆਂ ਚੋਣਾਂ ਵਿੱਚ ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਦੇ ਭਾਈ ਡਾਕਟਰ ਖ਼ਾਨ ਸਾਹਿਬ ਸੂਬਾ ਖ਼ੈਬਰ ਪਖ਼ਤੂਨਖ਼ਵਾ ਦੇ ਮੁੱਖ ਮੰਤਰੀ ਚੁਣੇ ਗਏ।

ਖ਼ੁਦਾਈ ਖ਼ਿਦਮਤਗਾਰ ਤਹਿਰੀਕ ਨੂੰ 1940ਵਿਆਂ ਵਿੱਚ ਇੱਕ ਬਾਰ ਫਿਰ ਬਰਤਾਨਵੀ ਰਾਜ ਦੇ ਅਤਾਬ ਹੇਠ ਆਉਣਾ ਪਿਆ ਕਿਉਂਕਿ ਇਸ ਤਹਿਰੀਕ ਨੇ ਭਾਰਤ ਛੱਡੋ ਅੰਦੋਲਨ ਵਿੱਚ ਨਿਹਾਇਤ ਸ਼ਿੱਦਤ ਪੈਦਾ ਕੀਤੀ। ਇਸ ਦੌਰ ਵਿੱਚ ਖ਼ੁਦਾਈ ਖ਼ਿਦਮਤਗਾਰ ਤਹਿਰੀਕ ਨੂੰ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਮੁਸਲਿਮ ਲੀਗ ਦੀ ਸ਼ਦੀਦ ਮੁਖ਼ਾਲਫ਼ਤ ਦਾ ਸਾਹਮਣਾ ਕਰਨਾ ਪਿਆ। 1946 ਵਿੱਚ ਖ਼ੁਦਾਈ ਖ਼ਿਦਮਤਗਾਰ ਤਹਿਰੀਕ ਨੇ ਕਾਂਗਰਸ ਦੀ ਇਤਿਹਾਦੀ ਵਜੋਂ ਚੋਣਾਂ ਵਿੱਚ ਹਿੱਸਾ ਲਿਆ ਅਤੇ ਭਾਰੀ ਕਾਮਯਾਬੀ ਹਾਸਲ ਕੀਤੀ, ਹਾਲਾਂਕਿ ਇਸ ਤਹਿਰੀਕ ਨੂੰ ਪਾਕਿਸਤਾਨ ਤਹਿਰੀਕ ਦੇ ਨੁਮਾਇੰਦਿਆਂ ਦੀ ਇੰਤਹਾਈ ਤਿੱਖਾ ਵਿਰੋਧ ਪੇਸ਼ ਸੀ।

ਹਵਾਲੇ

ਸੋਧੋ
  1. Red Shirt Movement.(2008) Encyclopædia Britannica. Retrieved 14 September 2008, from Encyclopædia Britannica Online: [www.britannica.com/EBchecked/topic/494519/Red-Shirt-Movement]