ਗਿੱਧਾ(ਪੁਸਤਕ) ਦੇਵਿੰਦਰ ਸਤਿਆਰਥੀ ਦੁਆਰਾ ਰਚਿਤ ਹੈ। ਇਸ ਪੁਸਤਕ ਵਿੱਚ ਹੇਠ ਲਿਖੇ ਅਨੁਸਾਰ ਅੱਠ ਵੱਖ-ਵੱਖ ਅਧਿਆਇ ਦਰਜ ਕੀਤੇ ਗਏ ਹਨ | ਇਨ੍ਹਾਂ ਤੋਂ ਇਲਾਵਾ ਆਰੰਭ ਵਿੱਚ ਪ੍ਰਵੇਸ਼ ਦੇ ਰੂਪ ਵਿੱਚ ਨਾਚ ਦੀ ਪਰੰਪਰਾ ਬਾਰੇ ਚਰਚਾ ਅਤੇ ਪ੍ਰਿੰਸੀਪਲ ਤੇਜਾ ਸਿੰਘ ਦੁਆਰਾ ਲਿਖਿਆ ਮੁਖ ਬੰਦ ਵੀ ਸ਼ਾਮਿਲ ਹੈ | ਇਸ ਪੁਸਤਕ ਦੇ 223 ਪੰਨੇ ਹਨ।

  1. ਦਿਲਾਂ ਦਾ ਸਾਂਝਾ ਪਿੜ
  2. ਜੀਵਨ-ਝਾਕੀਆਂ
  3. ਖੁਲ੍ਹੀਆਂ ਪ੍ਰੀਤਾਂ
  4. ਮਿੱਠੇ ਸੰਜੋਗ
  5. ਸਾਵਣ ਦੀਆਂ ਫੁਹਾਰਾਂ
  6. ਵਿਛੋੜੇ ਤੇ ਮਿਲਾਪ
  7. ਜੀਉਂਦੇ ਹੁਲਾਰੇ
  8. ਆ ਪੰਜਾਬ ਪਿਆਰ ਤੂੰ ਮੁੜ ਆ,ਆਦਿ ਹਨ।

ਪ੍ਰਵੇਸ਼: ਨਾਚ ਦੀ ਪਰੰਪਰਾ

ਸੋਧੋ

ਅੱਜ ਭਾਰਤੀ ਲੋਕ ਸੰਸਕ੍ਰਿਤੀ ਤੇ ਲੋਕ-ਕਲਾ ਲਈ ਸਾਡੀ ਰੁੱਚੀ ਵਧੇਰੇ ਤਿੱਖੀ ਤੇ ਸੂਝਵਾਨ ਹੈ। ਅੱਜ ਕੱਲ੍ਹ ਕਈ ਜਨਤੰਤਰ ਦਿਵਸਾ ਦੇ ਅਵਸਰ ਉੱਤੇ ਦੇਸ਼ ਭਰ ਤੋਂ ਲੋਕ-ਨਾਚ ਕਰਨ ਵਾਲੇ ਇਸਤਰੀ ਪੁਰਸ਼ਾਂ ਦੀਆਂ ਮੰਡਲੀਆਂ ਆਉਂਦੀ ਹਨ ਤੇ ਅਸੀਂ ਇੱਕ ਮੰਚ ਉੱਤੇ ਅੰਤਰ-ਭਾਰਤੀ ਲੋਕ-ਨਾਚ ਪਰੰਪਰਾ ਦਾ ਸੁਰਜੀਤ ਰੂਪ ਦੇਖਦੇ ਹਾਂ। ਅੱਜ ਹਰ ਪਾਸੇ ਉਤਸਵਾਂ ਉੱਤੇ ਗਿੱਧੇ ਤੇ ਭੰਗੜੇ ਦੀਆਂ ਧੂਮਾਂ ਪੈ ਰਹੀਆਂ ਹਨ। ਅੱਜ ਹਰ ਦੇਸ਼ਾਂ ਵਿੱਚ ਵੰਨ-ਸੁਵੰਨੇ ਨਾਚ ਪ੍ਰਗਟ ਹੋ ਰਹੇ ਹਨ, ਉੱਥੇ ਗਿੱਧੇ ਤੇ ਭੰਗੜੇ ਅੱਜ ਵੀ ਸ਼ਾਮਲ ਹਨ। ਲੋਕ ਕਲਾ ਇੱਕ ਜਾਗਦੀ ਜੀਉਂਦੀ ਕਿਰਤ ਹੁੰਦੀ ਹੈ।ਉਹ ਵੀ ਸਾਡੇ ਵਾਂਗ ਜੀਉਂਦੀ ਹੈ। ਜੇ ਨਾਚ ਦੀ ਗੱਲ ਕਰੀਏ ਤਾਂ ਕਰਮ ਨਾਚ ਬੜਾ ਹੀ ਸੁਭਾਗ ਭਰਿਆ ਨਾਚ ਹੈ। ਇਹ ਗੀਤ ਛੋਟਾ ਨਾਗਪੁਰ ਦੇ ਉਰਾਂਵ ਨਾਮਕ ਆਦਿ-ਵਾਸੀਆਂ ਦੇ ਗੀਤ ਹਨ-ਜੋ ਉਹ ਆਪਣੇ ਕਰਮ ਨਾਚ ਵਿੱਚ ਗਾਉਂਦੇ ਹਨ:

ਕਰਮ ਰੇ ਕਰਮ ਰਜਾ ਕਰਮ।
ਕਰਮ ਰੇ ਕਰਮ ਰਜਾ ਛਤਰ ਤੋਰਾ !
ਦੇ ਹੂ ਸੇ ਕਰਮ ਰਜਾ ਅਨਾ ਰੇ ਧਨਾ ਰੇ,
ਦੇ ਹੂ ਸੇ ਕਰਮ ਰਜਾ ਲੇਰੂ ਰੇ ਬਛਰੂ,
ਕਰਮ ਰੇ ਕਰਮ ਰਜਾ ਛਤਰ ਤੋਰਾ !

ਇਸ ਗੀਤ ਵਿੱਚ ਕਰਮ ਨਾਚ ਦੀ ਕਲਪਨਾ "ਕਰਮ ਰਾਜਾ " ਦੇ ਰੂਪ ਵਿੱਚ ਕੀਤੀ ਗਈ ਹੈ। ਜਿਸ ਦਾ ਸੋਨੇ ਦਾ ਛਤਰ ਹੈ, ਜੋ ਅੰਨ ਧੰਨ ਦੇ ਨਾਲ ਲਵੇਰੇ ਪਸ਼ੂ ਵੀ ਦੇ ਸਕਦਾ ਹੈ। ਲੋਕ ਨਾਚ ਵਿੱਚ ਕਬੀਲੇ ਦੀਆਂ ਸਮਾਜਕ ਰਹੁ-ਰੀਤਾ,ਧਰਮ,ਕਰਮ ਆਦਿ ਉਸਦੇ ਲੋਕ-ਨਾਚ ਵਿੱਚ ਪੇਸ਼ ਹੁੰਦਾ ਹੈ। ਲੋਕ ਆਪਣੇ ਹਾਵ-ਭਾਵ,ਜਜ਼ਬਿਆਂ ਨੂੰ ਲੋਕ-ਨਾਚ ਰਾਹੀਂ ਪੇਸ਼ ਕਰਦੇ ਹਨ। ਆਦਿ ਕਲੀਨ ਕਬੀਲਿਆਂ ਦੀ ਨਾਚ ਦੀ ਪ੍ਰਕਿਰਿਆ ਹਰ ਕੰਮ ਕਾਜ ਦਾ ਨਾਲ ਜੁੜੀ ਹੋਈ ਸੀ। ਖੇਤੀ ਦੀ ਬਜਾਈ ਵੇਲੇ,ਫਸਲ ਕੱਟਣ ਸਮੇਂ, ਖੁਸ਼ੀ ਸਮੇਂ, ਯੁੱਧ ਸਮੇਂ, ਪੂਜਾ ਸਮੇਂ, ਲੋਕ-ਨਾਚ ਦੀ ਵਰਤੋਂ ਕੀਤੀ ਜਾਂਦੀ ਰਹੀ।ਇਹ ਪ੍ਰਕਿਰਿਆ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਚੱਲ ਰਹੀ ਹੈ। ਨਾਚ ਦੀ ਪਰੰਪਰਾ ਦੇਸ਼-ਦੇਸ਼ ਵਿੱਚ ਕਿਵੇਂ ਪਰਵਾਨ ਚੜ੍ਹੀ ਇਸ ਬਾਰੇ ਹੈਵਲਾਕ ਐਲਿਸ ਦੇ ਵਿਚਾਰ ਹਨ: ਉਤਰੀ ਯੂਰਪ ਦੇ ਤਕੜੇ ਸਰੀਰ ਤੇ ਮਰਤਬੂ ਜਲ ਵਾਯੂ ਵਾਲੇ ਲੋਕਾਂ ਦਾ ਨਾਚ ਕੁਦਰਤੀ ਤੌਰ 'ਤੇ ਲੱਤਾਂ ਦਾ ਨਾਚ ਬਣਿਆ ਹੈ। ਅੰਗਰੇਜ਼ ਕਵੀ ਸੇਲੋਮ ਨੇ ਨਾਚ ਨੂੰ "ਪੈਰਾਂ ਦਾ ਪਲਕ ਮਾਰਨਾ ਆਖ ਕੇ ਬਿਆਨ ਕੀਤਾ ਹੈ"। ਜੇ ਦੇਖੀਏ ਤਾਂ ਭਾਰਤੀ ਨਾਚ ਦਾ ਜਨਮ ਉਸ ਗਾਥਾ ਤੋਂ ਦੱਸਿਆ ਗਿਆ ਕਿ ਜਦ ਵਿਸ਼ਨੂੰ ਭਗਵਾਨ ਮਧੂ ਤੇ ਕੈਟਭ ਨਾਂ ਦੇ ਦੈਤਾਂ ਨੂੰ ਮਾਰ ਮੁਕਾਇਆ ਤਾਂ ਲਕਸ਼ਮੀ ਨੇ ਆਪਣੇ ਪਤੀ ਦੀਆਂ ਕੁੱਝ ਕੂ ਮੁਦਰਾਵਾਂ ਤੱਕੀਆਂ ਤੇ ਪੁੱਛਿਆ ਇਹ ਕੀ ਹੈ ? ਤੇ ਭਗਵਾਨ ਨੇ ਦੱਸਿਆ ਇਹ ਨਰਿੱਤਯ ਕਲਾ ਹੈ, ਲਕਸ਼ਮੀ ਨੇ ਸਲਾਹ ਦਿੱਤੀ ਇਹ ਕਲਾ ਤਾਂ ਹੋਰ ਲੋਕਾਂ ਲਈ ਵੀ ਪੁੱਜਣੀ ਚਾਹੀਦੀ ਹੈ। ਇੰਜ ਭਗਵਾਨ ਨੇ ਇਹ ਕਲਾ ਰੁਦ੍ ਅਰਥਾਤ ਸ਼ਿਵ ਨੂੰ ਸਿਖਾਈ ਜਿਸ ਕਰਕੇ ਸ਼ਿਵ ਭਗਵਾਨ ਦਾ ਨਾਂ ਨਟੇਸ਼ਵਰ ਜਾਂ ਨਟਰਾਜ ਪੈ ਗਿਆ।

ਮੁੱਖ ਬੰਦ [ਪ੍ਰਿੰਸੀਪਲ ਤੇਜਾ ਸਿੰਘ]

ਸੋਧੋ

ਇਸ ਮੁੱਖ ਬੰਦ ਵਿੱਚ ਇਹ ਦੱਸਿਆ ਗਿਆ ਹੈ ਕਿ ਸਾਰੇ ਹਿੰਦੁਸਤਾਨ ਦੀ ਜਿੰਦਜਾਨ ਇੱਕ ਹੀ ਹੈ ਪਰ ਭਾਵੇਂ ਭੂਗੋਲਿਕ ਨਜ਼ਰ ਤੋਂ ਕੁੱਝ ਚੀਜ਼ਾਂ ਵੱਖ ਹਨ ਪਰ ਫਿਰ ਵੀ ਸਾਡੇ ਜੀਵਨ ਤੇ ਸਾਡੀ ਸੱਭਿਅਤਾ ਦੀ ਇੱਕ ਅਤੁੱਟ ਸਾਂਝ ਹੈ। ਵੱਖੋਂ ਵੱਖ ਹਿਰਦਿਆਂ ਦੇ ਅੰਦਰ ਵਹਿੰਦੀ ਅਤੇ ਇੱਕ ਹੁਲਾਰੇ ਨਾਲ ਸਭ ਨੂੰ ਜੋੜਦੀ ਰਹਿੰਦੀ ਹੈ। ਅੱਗੇ ਇਸ ਬੰਦ ਵਿੱਚ ਵੱਖ-ਵੱਖ ਪ੍ਰਾਂਤਾਂ ਵਿੱਚ ਵੱਸਣ ਵਾਲੇ ਕਿਰਸਾਣ ਦੇ ਦੁੱਖ ਸੁੱਖ ਇੱਕ ਦੂਜੇ ਨਾਲ ਮਿਲਦੇ ਹਨ।

  • ਮਾਰਵਾੜ ਦਾ ਕਿਰਸਾਨ ਬੋਲਦਾ ਹੈ:

ਆਪਣਾ ਘਰ ਤੇ ਸਹੁਰਾ ਘਰ ਇਕੋ ਪਿੰਡ ਵਿੱਚ ਹੋਣ,
ਖੇਤ ਲਹਿੰਦੇ ਵੱਲ ਹੋਵੇ ਤੇ ਝੁੱਗੀ ਚੌਂਦੀ ਨਾ ਹੋਵੇ,
ਝੁੱਗੀ ਦੇ ਲਾਗੇ ਤਲਾਅ ਹੋਵੇ ਜਿੱਥੇ ਬਲਦ ਪਾਣੀ ਪੀ ਸਕਣ,
ਰੱਬ ਏਨਾ ਕੁੱਝ ਦੇਵੇ ਤਾਂ ਹੋਰ ਕੀ ਚਾਹੀਦਾ ਏ ?

  • ਬਿਹਾਰ ਪ੍ਰਾਂਤ ਦਾ ਕਿਰਸਾਨ ਖੁਸ਼ੀ ਦਾ ਨਕਸ਼ ਪੇਸ਼ ਕਰਦਾ ਹੈ:

ਸਾਰੀਆਂ ਪੈਲੀਆਂ ਦੇ ਇੱਕੋ ਥਾਂ ਹੋਣ,
ਪੈਲੀਆਂ ਦੇ ਆਲੇ ਦੁਆਲੇ ਪੱਕੀਆਂ ਵੱਟਾ ਬਣੀਆਂ ਹੋਣ,
ਤਾਂ ਜੋ ਪਾਣੀ ਦੇਣ ਵੇਲੇ ਪਾਣੀ ਬਾਹਰ ਨਾ ਨਿਕਲ ਜਾਵੇ।

  • ਯੂਪੀ ਦਾ ਕਿਰਸਾਨ ਆਖਦਾ ਹੈ:

ਪੈਲੀਆਂ ਪਿੰਡ ਦੇ ਲਾਗੇ ਹੋਣ ਤੇ ਚਾਰ ਹੱਲ ਹੋਣ,
ਘਰ ਵਾਲੀ ਸੁਚੱਜੀ ਹੋਵੇ ਤੇ ਘਰ ਲਵੇਰੀ ਗਾਂ ਹੋਵੇ,
ਖਾਣ ਨੂੰ ਅਰਹਰ ਦੀ ਦਾਲ ਤੇ ਜੜ ਦਾ ਭਾਤ ਹੋਵੇ।

  • ਉੜੀਸਾ ਪ੍ਰਾਂਤ ਦਾ ਕਿਰਸਾਨ ਸੁੱਖ ਤੋਂ ਵਿਗੁੱਚ ਕੇ ਕਹਿੰਦਾ ਹੈ:

ਜਿਸ ਦੀ ਪੂੰਜੀ ਥੋੜ੍ਹੀ ਏ ਤੇ ਘਰ ਵਾਲੀ ਬੜਬੋਲੀ ਏ,
ਕੋਲ ਜਮ ਦਾ ਦੂਜਾ ਰੂਪ ਬੁੱਢਾ ਬਲਦ ਏ,
ਉਹ ਕਿਰਸਾਨ ਘਰ ਜਾ ਕੇ ਵੀ ਕੀ ਸੁਖ ਪਾਊ,
ਉਸ ਦੀ ਨਿੱਤ ਮੌਤ ਹੀ ਮੌਤ ਏ।

  • ਮਥਰਾ ਦਾ ਕਿਰਸਾਨ ਆਪਣਾ ਝੇੜਾ ਸੁਣਾਉਂਦਾ ਹੈ:

ਕਣਕ ਨੂੰ ਰੱਤੂਆ ਲੱਗ ਗਿਆ ਏ,
 ਛੋਲਿਆਂ ਨੂੰ ਸੂੰਡੀ ਨੇ ਖਾ ਲਿਆ ਏ,
 ਹਰ ਪਾਸਿਓਂ ਮੇਰੀ ਕਿਸਮਤ ਫੁੱਟ ਗਈ।
 ਨੰਗੇ ਧੜੰਗੇ ਫਿਰ ਰਹੇ ਨੇ ਮੇਰੇ ਬਾਲ।

  • ਪੰਜਾਬ ਦਾ ਦੁੱਖੀ ਕਿਰਸਾਨ ਦੇ ਰੌਣ ਬਾਰੇ:

ਬਾਣੀਆਂ ਨੇ ਅੱਤ ਚੱਕ ਲਈ,
 ਸਾਰੇ ਜੱਟ ਕਰਜਾਂਈ ਕੀਤੇ।
 ਖੇਤ ਉਜਾੜ ਪਿਆ,
 ਮੈਂ ਕਿਵੇਂ ਗਿੱਧੇ ਵਿੱਚ ਜਾਵਾਂ।
 ਕਣਕੇ ਨੀ ਸੁਣ ਕਣਕੇ !

ਅੱਗੇ ਵੱਖ-ਵੱਖ ਪ੍ਰਾਂਤਾਂ ਦੀਆਂ ਕੁੜੀ ਦੇ ਵਿਆਹ ਨਾਲ ਸਬੰਧਤ ਗੀਤ ਹਨ:

  • ਗੁਜਰਾਤ ਦੀ ਕੁੜੀ ਦੇ ਵਿਆਹੁਣ ਜੋਗ ਗੀਤ ਆਪਣੇ ਬਾਬੇ ਨੂੰ ਸਬੰਧਤ:

ਮੱਧਰਾ ਵਰ ਨਾ ਭਾਲਣਾ। ਉਹ ਬੌਣਾ ਅਖਵਾਵੇਗਾ।

  • ਅਸਾਮ ਦੀ ਕੁੜੀ ਵਿਆਹੁਣ ਜੋਗ ਹੋਣ ਤੇ ਗੀਤ:

ਸਾਰੀਆਂ ਕੁੜੀਆਂ ਉਡ ਜਾਣਗੀਆਂ, ਕੱਲੀ ਰਹਿ ਜਾਊ ਨਿੰਮ।
 ਸਾਰੀਆਂ ਧੀਆਂ ਸਹੁਰੀ ਤੁਰ ਜਾਣਗੀਆਂ, ਕੱਲੀ ਰਹਿ ਜੂ ਮਾਂ।

  • ਪੰਜਾਬ ਦੀਆਂ ਕੁੜੀਆਂ ਆਪਣੀ ਤੁਲਨਾ ਚਿੜੀਆਂ ਨਾਲ ਕਰਦੀਆਂ ਹਨ:

ਸਾਡਾ ਚਿੜੀਆਂ ਦਾ ਚੰਬਾ ਵਾ, ਬਾਬਲਾ ਅਸਾਂ ਉੱਡ ਜਾਣਾ।
 ਸਾਡੀ ਲੰਮੀ ਉਡਾਰੀ ਵੇ, ਬਾਬਲਾ ! ਕਿਹੜੇ ਦੇਸ ਜਾਣਾ।

ਭੂਮਿਕਾ

ਸੋਧੋ

ਗਿੱਧੇ ਦੇ ਆਮ ਮਾਮਲਿਆਂ ਵਿੱਚ ਭਾਵੇਂ ਸਾਦਗੀ ਹੁੰਦੀ ਹੈ, ਪਰ ਖਾਸ ਉਸਤਵਾਂ ਵਿੱਚ ਲੋਕੀ ਬਣਠਣ ਕੇ ਆਉਂਦੇ ਹਨ। ਗਿੱਧੇ ਦਾ ਰਿਵਾਜ ਇਸਤਰੀਆਂ ਅਤੇ ਪੁਰਸ਼ਾਂ ਦੋਵਾਂ ਵਿੱਚ ਹੈ।ਲੋਕ ਇਹ ਵੀ ਕਹਿੰਦੇ ਹਨ ਕਿ ਗਿੱਧਾ ਪਾਉਣ ਤੋਂ ਪਹਿਲਾਂ ਧਰਤੀ ਮਾਂ ਨੂੰ ਜਗਾਉਣਾ ਜਰੂਰੀ ਹੁੰਦਾ ਹੈ।ਕੁੜੀਆਂ ਧਰਤੀ ਤੇ ਅੱਡੀ ਅਤੇ ਤਾੜੀਆਂ ਜੋਰ ਦੀਆਂ ਮਾਰ ਕੇ ਜਗਾਉਦੀਆਂ ਹਨ। ਇਸ ਤੋਂ ਬਾਅਦ ਗਿੱਧਾ ਸ਼ੁਰੂ ਹੁੰਦਾ ਹੈ।ਗਿੱਧੇ ਨੂੰ ਬਹੁਤ ਉਤਸ਼ਾਹ ਨਾਲ ਦੇਖਿਆ ਜਾਂਦਾ ਹੈ। ਪੁਨਿਆਂ ਦੀ ਰਾਤ ਅਕਸਰ ਗਿੱਧੇ ਲਈ ਚੰਗੀ ਮੰਨੀ ਜਾਂਦੀ ਹੈ।ਗਿੱਧੇ ਦੀਆਂ ਮਹਿਫ਼ਲਾਂ ਵਿੱਚ ਕਿੱਤੇ-ਕਿੱਤੇ ਢੋਲਕੀ,ਵੰਞਲੀ,ਅਲਗੋਜਾ,ਕਾਟੋ ਤੇ ਤੂੰਬਾ,ਘੜਾ ਵਜਾਉਣ ਦਾ ਰਿਵਾਜ ਹੈ। ਚਾਤ੍ਰਿਕ ਕਵੀ ਨੇ ਗਿੱਧੇ ਵੱਲ ਇੱਕ ਇਸ਼ਾਰਾ ਕੀਤਾ ਹੈ:

ਜਦ ਰਾਤ ਚਾਨਣੀ ਖਿੜਦੀ ਹੈ,
ਕੋਈ ਰਾਗ ਇਲਾਹੀ ਖਿੜਦਾ ਹੈ,
ਗਿੱਧੇ ਨੂੰ ਲੋਹੜਾ ਆਉਂਦਾ ਹੈ,
ਜ਼ੋਬਨ ਤੇ ਬਿਰਹਾ ਭਿੜਦਾ ਹੈ।

ਗਿੱਧੇ ਦਾ ਵਲਵਲਾ ਹਮੇਸ਼ਾ ਰਸ ਵਿੱਚ ਪਲਦਾ ਹੈ।ਜਿਵੇਂ-ਜਿਵੇਂ ਬਰਛ ਉੱਤੇ ਫੁੱਲ ਤੇ ਫ਼ਲ ਲੱਖਦੇ ਹਨ ਉਵੇਂ-ਉਵੇਂ ਹੀ ਗਿੱਧੇ ਵਿੱਚ ਨਵੇਂ-ਨਵੇਂ ਤਾਲਾਂ ਦੇ ਗੀਤ ਜਨਮ ਲੈਂਦੇ ਹਨ। ਗਿੱਧੇ ਦੇ ਗੀਤਾਂ ਨੂੰ ਬੋਲੀਆਂ ਆਖਦੇ ਹਨ।

ਰਾਤੀਂ ਰੋਂਦੀ ਦਾ,
 ਭਿੱਜ ਗਿਆ ਲਾਲ ਪੰਗੂੜਾ।
 ਪਿੰਡਾਂ ਵਿੱਚੋਂ ਪਿੰਡ ਛਾਟਿਆਂ,
 ਪਿੰਡ ਛਾਟਿਆਂ ਖਾਰੀ,
 ਖਾਰੀ ਦੀਆਂ ਦੋ ਕੁੜੀਆਂ ਛਾਟੀਆਂ,
 ਇੱਕ ਪੱਤਲੀ ਇੱਕ ਭਾਰੀ।

ਨੱਚਣ ਦੇ ਨਾਲ-ਨਾਲ ਗਾਉਣ ਦਾ ਵੀ ਜਨਮ ਹੋਇਆ ਹੈ। ਸੰਸਾਰ ਦੇ ਸਭਨਾ ਦੇਸ਼ਾਂ ਵਿੱਚ ਸੰਗੀਤ ਦੇ ਨਾਲ-ਨਾਲ ਨਿਤ੍ਕਾਰੀ ਦਾ ਵੀ ਜਨਮ ਹੋਇਆ। ਜਦ ਦਿਲ ਵਿੱਚ ਆਨੰਦ ਲੀ ਛਹਿਣਾਈ ਵੱਜਦੀ ਏ ਤਾਂ ਸਰੀਰ ਆਪਣੇ ਆਪ ਝੂਮਣ ਲੱਗ ਜਾਂਦਾ ਹੈ। ਸਾਰਾ ਤਨ ਮਨ ਨੱਚ ਉਠਦਾ ਹੈ।ਜਿਆਦਾਤਰ ਗਿੱਧਾ ਖੁਸ਼ੀ ਮੋਕੇ ਵਿਆਹ ਨਾਲ ਸਬੰਧਤ ਹੈ। ਪਰ ਹੋਲੀ ਹੋਲੀ ਇਹਨਾਂ ਗੀਤਾਂ ਵਿੱਚ ਗਿੱਧਾ ਪਾਉਣ ਵਾਲਿਆਂ ਦਾ ਘਰੋਗੀ ਦੁੱਖ ਦਰਦ ਵੀ ਆਉਂਦਾ ਗਿਆ।

ਦਿਲਾਂ ਦਾ ਸਾਂਝਾ ਪਿੜ

ਸੋਧੋ

ਗਿੱਧੇ ਦਾ ਜਨਮ ਸਾਂਝੇ ਵਲਵਲਿਆਂ ਨੂੰ ਇੱਕੋ ਲੜੀ ਵਿੱਚ ਪੋਰਣ ਲਈ ਹੋਇਆ ਹੈ। ਗਿੱਧਾ ਦਿਲਾਂ ਦਾ ਸਾਂਝਾ ਪਿੜ ਹੈ।ਗਿੱਧੇ ਵਿੱਚ ਆ ਕੇ ਦਿਲਾਂ ਵਿੱਚਲੀਆਂ ਵਿੱਥਾਂ ਘੱਟ ਜਾਂਦੀਆਂ ਹਨ। ਇੱਥੇ ਜਾਤ-ਪਾਤ,ਰੰਗ-ਰੂਪ, ਅਮੀਰ-ਗਰੀਬ ਦਾ ਫਾਸਲਾ ਮਿਟ ਜਾਂਦਾ ਹੈ। ਇੱਥੇ ਸਾਰੇ ਬਰਾਬਰ ਹੁੰਦਾ ਹਨ।

ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ,
ਇੱਕੋ ਅਜਿਹੀਆਂ ਮੁਟਿਆਰਾਂ।
ਚੰਨ ਦੇ ਚਾਨਣੇ ਇਉਂ ਚਮਕਦੀਆਂ,
ਜਿਉਂ ਸੋਨੇ ਦੀਆਂ ਤਾਰਾਂ।

ਇਸ ਬੋਲੀ ਦਿਲਾਂ ਦਾ ਸਾਂਝਾ ਪਿੜ ਸਾਂਝਾ ਸੱਭਿਆਚਾਰ ਦੀ ਰੂਪ-ਰੇਖਾ ਉਲੀਕਦੀ ਹੈ।

ਜੀਵਨ ਝਾਕੀਆਂ

ਸੋਧੋ

ਇੱਥੇ ਜੀਵਨ ਦੀਆਂ ਵੱਖ-ਵੱਖ ਝਾਕੀਆਂ ਨੂੰ ਪੇਸ਼ ਕੀਤਾ ਗਿਆ ਹੈ। ਗੀਤਾਂ ਵਿੱਚ ਜੀਵਨ ਦੀਆਂ ਝਾਕੀਆਂ ਦਾ ਚਿੱਤਰ ਸ਼ਬਦਾਂ ਰਾਹੀਂ ਪੇਸ਼ ਹੁੰਦਾ ਹੈ। ਮਸਲਨ -ਪਿੰਡ ਦੇ ਮੁੰਡੇ ਦੀ ਮੰਗ ਛੁਟ ਜਾਣ ਦੀ ਬੋਲੀ:

ਪਿੰਡਾਂ ਵਿਚੋਂ ਪਿੰਡ ਛਾਟਿਆਂ,
ਪਿੰਡ ਛਾਟਿਆਂ ਖਾਰੀ।
ਖਾਰੀ ਦੀਆਂ ਦੋ ਕੁੜੀਆਂ ਛਾਟੀਆਂ,
ਇੱਕ ਪੱਤਲੀ ਇੱਕ ਭਾਰੀ।

ਇੱਥੇ ਕੁੜੀਆਂ ਆਪਣੇ ਹਾਰ ਸ਼ਿੰਗਾਰ ਲਈ ਵਣਜਾਰੇ ਨੂੰ ਵਾਜਾਂ ਮਾਰਦੀਆਂ ਹਨ:

ਆ ਵਣਜਾਰਿਆਂ ਬਹੁ ਵਣਜਾਰਿਆਂ,
ਕਿੱਥੇ ਤੇਰਾ ਘਰ ਵੇ ?
ਪਿੰਡ ਦੀਆਂ ਕੁੜੀਆਂ ਕਰ ਲੈ ਕੱਠੀਆਂ,
ਕਿਉਂ ਫਿਰਦਾ ਏਂ ਦਰ-ਦਰ ਵੇ।

ਅੱਗੇ ਨਣਦਾਂ ਭਾਬੀਆਂ ਦੇ ਹੁਸਨ ਦੀਆਂ ਤਾਰੀਫ਼ਾਂ ਕਰਦੀਆਂ ਹਨ:

ਭਾਬੀ ਸਾਡੀ ਚੰਨ ਤੋਂ ਸੋਹਣੀ, 
ਵੇਖਣ ਚੰਨ ਤੇ ਤਾਰੇ।
ਪਰੀਆਂ ਵਰਗੀ ਕੁੜੀ ਹੈ ਆਈ,
ਰੋਲਾ ਪੈ ਗਿਆ ਪਿੰਡ ਵਿੱਚ ਸਾਰੇ।

ਖੁੱਲ੍ਹੀਆਂ ਪ੍ਰੀਤਾਂ

ਸੋਧੋ

ਇੱਥੇ ਖੁਲ੍ਹੀਆਂ ਪ੍ਰੀਤਾਂ ਵਿੱਚ ਕੁੜੀਆਂ ਦੇ ਪਿਆਰ ਦੇ ਭਾਵਾਂ ਦਾ ਜਿਕਰ ਕੀਤਾ ਗਿਆ ਹੈ। ਮੱਧਕਾਲੀ ਪਿਆਰ ਦੀਆਂ ਕਹਾਣੀਆਂ ਦਾ ਜਿਕਲ ਹੋਇਆ ਹੈ ਮਸਲਨ- ਹੀਰ ਰਾਂਝੇ ਦੀ ਕਹਾਣੀ, ਸੱਸੀ ਪੁਨੂੰ ਦੀ, ਸੋਹਣੀ ਮਹੀਂਵਾਲ ਦੀ। ਇਹਨਾਂ ਕਾਹਣੀਆਂ ਦੇ ਰਾਹੀਂ ਆਪਣੇ ਮਾਹੀ ਨੂੰ ਆਵਾਜ਼ਾਂ ਮਾਰਦੀਆਂ ਹਨ:

ਮੈਂ ਪੁੰਨੂੰ ਦੀ ਪੁੰਨੂੰ ਮੇਰਾ, 
ਸਾਡਾ ਪਿਆਰ ਵਿਛੋੜਾ ਭਾਰਾ।
ਦੱਸ ਰੱਬਾ ਕਿੱਥੇ ਗਿਆ, 
ਮੇਰਾ ਨੈਣਾਂ ਦਾ ਵਣਜਾਰਾ।
ਲੱਠ ਚਰਖੇ ਦੀ ਹਿੱਲਦੀ ਜੁਲਦੀ,
ਮਾਹਲਾਂ ਬਾਹਲੀਆਂ ਖਾਵੇ।
ਚੱਰਖਾ ਕਿਵੇਂ ਕੱਤਾਂ,
ਮਾਰਾ ਚਿੱਤ ਪੁੰਨੂੰ ਵੱਲ ਧਾਵੇ।

ਮਿੱਠੇ ਸੰਜੋਗ

ਸੋਧੋ

ਮਿੱਠੇ ਸੰਜੋਗ ਵਿੱਚ ਔਰਤ ਮਰਦ ਦੇ ਪਵਿੱਤਰ ਰਿਸ਼ਤੇ ਨੂੰ ਪੇਸ਼ ਕੀਤਾ ਗਿਆ ਹੈ। ਇਸ ਰਿਸ਼ਤੇ ਨਾਲ ਹੀ ਅੱਗੇ ਪਰਿਵਾਰ ਬਣਦੇ ਹਨ। ਜਦੋਂ ਆਪਣੇ ਸਹੁਰੇ ਘਰ ਆਉਂਦੀ ਹੈ ਤਾਂ ਕੁੜੀਆਂ ਉਸਦੀ ਤਾਰੀਫ਼ ਕਰਦੀਆਂ ਹਨ:

ਨਵੀਂ ਬਹੁ ਮਕਲਾਵੇਉਂ ਆਈ,
ਬਹਿ ਗਈ ਪੀੜਾ ਢਾਹ ਕੇ।
ਨਵੀਂ ਵਿਆਹੁਲੀ ਦਾ,
ਨਾਂ ਪੁੱਛਣ ਘੁੰਢ ਚੁਕਾ ਕੇ।
ਬਾਹਾਂ ਦੇ ਬਾਹਾਂ ਦੇ ਵਿੱਚ ਸੱਜਦਾ ਚੂੜਾ,
ਛਾਪਾਂ ਰੱਖੇ ਸਜਾ ਕੇ।
ਪੈਰਾਂ ਦੇ ਵਿੱਚ ਸਜਣ ਪਟੜੀਆਂ,
ਵੇਖ ਲਉ ਮਨ ਚਿਤ ਲਾ ਕੇ।

ਸਾਵਣ ਦੀਆਂ ਫੁਹਾਰਾਂ

ਸੋਧੋ

ਇੱਥੇ ਸਾਵਣ ਦੇ ਮਹੀਨੇ ਪੈਂਦੀਆਂ ਫੁਹਾਰਾਂ ਦੀ ਗੱਲ ਕੀਤੀ ਗਈ ਹੈ। ਸਾਉਣ ਦੇ ਮਹੀਨੇ ਦਾ ਬੋਲੀਆਂ ਰਾਹੀਂ ਚਿੱਤਰ ਪੇਸ਼ ਕੀਤਾ ਗਿਆ ਹੈ। ਸਾਉਣ ਦਾ ਮਹੀਨਾ ਕੁੜੀਆਂ ਦੇ ਚਾਵਾਂ ਦਾ ਮਹੀਨੇ ਗਿਣਿਆ ਜਾਂਦਾ ਹੈ। ਕੁੜੀਆਂ ਸਾਉਣ ਦੇ ਬੱਦਲਾਂ ਨਾ ਇਸ ਤਰ੍ਹਾਂ ਗੱਲਾਂ ਕਰਦੀਆਂ ਹਨ:

ਸੌਣ ਦਿਆ ਬੱਦਲਾ ਵੇ,
ਮੁੜ ਕੇ ਹੋ ਜਾ ਢੇਰੀ।
ਸੌਣ ਦੇ ਬੱਦਲਾ ਵੇ,
ਮੈਂ ਤੇਰਾ ਜੱਸ ਗਾਵਾਂ।
ਗਿੱਧੇ ਵਿੱਚ ਆ ਕੇ,
ਨੱਚਾਂ ਝਾਂਜਰ ਪੈਰੀਂ ਪਾਵਾਂ।

ਅੱਗੇ ਨਣਦਾਂ ਤੇ ਭਰਜਾਈਆਂ ਇੱਕਠੀਆਂ ਹੋ ਕੇ ਕਲੋਲਾਂ ਰਾਹੀਂ ਬੋਲੀ ਪਾਉਂਦੀਆਂ ਹਨ:

ਸੌਣ ਮਹੀਨਾ ਦਿਨ ਗਿੱਧੇ ਦੇ,
ਕੁੜੀਆਂ ਰਲ ਕੇ ਆਈਆਂ।
ਗਿੱਧਾ ਪਾ ਰਹੀਆਂ, 
ਨਣਦਾਂ ਤੇ ਭਰਜਾਈਆਂ।

ਵਿਛੋੜੇ ਤੇ ਮਿਲਾਪ

ਸੋਧੋ

ਇਸ ਬੰਦ ਵਿੱਚ ਪਿਆਰ ਵਿੱਚ ਵਿਛੋੜੇ ਤੇ ਮਿਲਾਪ ਦਾ ਜ਼ਿਕਰ ਕੀਤਾ ਗਿਆ ਹੈ। ਜਦੋਂ ਕੋਈ ਵੀ ਕੁੜੀ ਤੋਂ ਮਾਹੀ ਦੂਰ ਜਾਂਦਾ ਹੈ,ਕਿਸੇ ਵੀ ਰੂਪ ਵਿੱਚ ਉਹ ਆਪਣੇ ਮਾਹੀ ਨੂੰ ਬੋਲੀਆਂ ਵਿੱਚ ਰੱਬ ਨੂੰ ਕਹਿੰਦੀ ਹੈ:

ਜਾ ਵੇ ਰੱਬਾ ਦੇ ਸੁਨੇਹਾ, 
ਲਾਲ ਚੂੜਾ ਮੇਰਾ ਛਣਕੇ।
ਜ਼ੋਬਨ ਚੜ੍ਹਾ ਢੱਲ ਚੱਲਾ,
ਟੁੱਟ ਚੱਲੇ ਨੇ ਮਣਕੇ।</poem>

ਇੱਥੇ ਮਾਹੀ ਨੂੰ ਮਿਲਣ ਤੇ ਖੁਸ਼ੀ ਨੂੰ ਬੋਲੀ ਰਾਹੀਂ ਪੇਸ਼ ਕੀਤਾ ਗਿਆ ਹੈ:

ਸੋਹਣਾ ਮਾਹੀ ਆ ਗਿਆ ਮੇਰਾ,
ਵਣਜ ਵਿਉਪਾਰ ਕਰਕੇ।
ਹੱਥੀਂ ਮੂੰਹ ਵਿੱਚ ਪਾਊਂ ਬੁਰਕੀ,
ਰੱਖਣਾ ਸਾਹਵੇਂ ਕਰਕੇ।

ਜੀਉਂਦੇ ਹੁਲਾਰੇ

ਸੋਧੋ

ਇਸ ਬੰਦ ਵਿੱਚ ਪੰਜਾਬੀ ਸੱਭਿਆਚਾਰ ਵਿੱਚ ਆਈਆਂ ਤਬਦੀਲੀਆਂ ਨੂੰ ਪੇਸ਼ ਕੀਤਾ ਗਿਆ ਹੈ। ਪਿੰਡਾਂ ਦੀਆਂ ਵਸਤਾਂ ਦੇ ਬਦਲਣ ਦਾ ਜ਼ਿਕਰ ਹੈ। ਫੁਲਕਾਰੀ ਦੀ ਥਾਂ ਤੇ ਨਵੀਆਂ ਬਟਾਵਟੀ ਫੁਲਕਾਰੀਆਂ ਨੇ ਲੈ ਲਈ। ਪੰਜਾਬੀ ਸੱਭਿਆਚਾਰ ਦੀਆਂ ਵਸਤਾਂ ਦਿਨੋਂ-ਦਿਨ ਅਲੋਪ ਹੋ ਰਹੀਆਂ ਹਨ:

ਲੋਕੀ ਪਹਿਨਦੇ ਵਲਾਇਤੀ ਟੋਟੇ, 
ਫੂਕਾਂ ਫੁਲਕਾਰੀਆਂ ਨੂੰ।
ਖੱਦਰ ਹੱਡਾਂ ਨੂੰ ਖਾਵੇ, 
ਮਲਮਲ ਲਿਆ ਦੇਂਈ ਵੇ।
ਲੈ ਦੇ ਸਲੀਪਰ ਕਾਲੇ,
ਜੇ ਤੂੰ ਮੈਨੂੰ ਹੀਰ ਸਮਝੇਂ।

ਆ ਪੰਜਾਬ ਪਿਆਰ ਤੂੰ ਮੁੜ ਆ!

ਸੋਧੋ

ਇਸ ਬੰਦ ਵਿੱਚ ਪੰਜਾਬ ਦੇ ਪਿੰਡਾਂ ਦੀਆਂ ਗਲੀਂ ਤੇ ਖੇਤਾਂ ਦੀਆਂ ਗੂੰਜ ਦੀਆਂ ਹਵਾਵਾਂ ਦੀ ਗੱਲ ਕੀਤੀ ਗਈ ਹੈ। ਪੰਜਾਬ ਦੇ ਮਾਹੌਲ ਨੂੰ ਫਿਰ ਸਿਜਦਾ ਕਰਨ ਦੀ ਗੱਲ ਕੀਤਾ ਜਾ ਰਹੀ ਹੈ। ਜੋ ਅੱਜ ਕੱਲ ਰੌਣਕਾਂ ਅਲੋਪ ਹੋ ਰਹੀਆਂ ਹਨ। ਇੱਥੇ ਕਵੀ ਮੁੜ ਪੰਜਾਬ ਨੂੰ ਆਵਾਜ਼ ਮਾਰਦਾ ਹੈ:

ਆ ਮੁੜ ਪੰਜਾਬ ਪਿਆਰ ਤੂੰ ਮੁੜ ਆ !
ਆ ਸਿੱਖ ਪੰਜਾਬ ਤੂੰ ਘਰ ਆ !
ਤੇਰੇ ਤੂਤ ਦਿੱਸਣ ਮੁੜ ਸਾਵੇ,
ਮੁੜ ਆਵਣ ਬੂਟਿਆਂ ਨਾਲ ਤੇਰੀਆਂ ਦੋਸਤੀਆਂ ! 

ਕੁੜੀਆਂ ਪੰਜਾਬ ਦੇ ਪਿੰਡਾਂ ਵਿੱਚ ਦਰੱਖਤਾਂ ਦੇ ਵੇਰਵਿਆਂ ਨਾਲ ਆਪਣੀਆਂ ਸਹੇਲੀਆਂ ਨਾਲ ਬੋਲੀਆਂ ਪਾਉਂਦੀਆਂ ਹਨ:

ਕੀ ਲੈਣਾ, ਮਧਰਿਆ !
ਲੰਮਾ ਲਾਝਾ ਮੁੰਡਾ ਤੁਰਦਾ ਝੂਲ ਕੇ,
ਮੱਧਰਾ ਤੁਰਦਾ ਖਹਿ ਕੇ ਵੇ,
ਕੀ ਲੈਣਾ ਮਧਰਿਆ,
ਦੁਨੀਆ ਦੇ ਵਿੱਚ ਰਹਿ ਕੇ ਵੇ ?

ਜਿੱਥੇ ਕੁੜੀਆਂ ਦਰੱਖਤਾਂ ਨਾਲ ਗੱਲਾਂ ਕਰਦੀਆਂ ਨੇ ਉੱਥੇ ਚੰਨ ਨਾਲ ਵੀ ਕਰਦੀਆਂ ਹਨ:

ਮਾਹੀ ਮੇਰਾ ਚੰਨ ਵਰਗਾ,
ਉਹਦਾ ਰੂਪ ਹੈ ਡੁੱਲ੍ਹ- ਡੁੱਲ੍ਹ ਪੈਂਦਾ।
ਚੜ੍ਹਿਆ ਚੰਨ ਨਾ ਛੁਪ ਜਾਵੇ, 
ਮੈਨੂੰ ਝੋਰਾ ਏਹੀ ਰਹਿੰਦਾ।

ਅੰਤਕਾ

ਸੋਧੋ

ਸਾਹਿਤ ਦੀ ਕਹਿਕਸ਼ਾ [ਗੁਰਬਖਸ਼ ਸਿੰਘ ] ਗੁਰਬਖਸ਼ ਸਿੰਘ ਦੇਵਿੰਦਰ ਸਤਿਆਰਥੀ ਬਾਰੇ ਲਿਖਦਾ ਹੈ ਕਿ ਲੋਕ ਬੋਲੀਆਂ, ਗੀਤਾਂ ਦਾ ਵੱਖ-ਵੱਖ ਪ੍ਰਾਤਾਂ ਤੋਂ ਇੱਕਠੇ ਕਰਕੇ ਹੀਰਿਆਂ ਦਾ ਹਾਰ ਸਾਡੀ ਝੋਲੀ ਵਿੱਚ ਪਾਇਆ ਹੈ। ਉਹਨਾਂ ਹਰ ਜ਼ੁਬਾਨ ਦੇ ਅਨੁਸਾਰ ਢੱਲ ਕੇ ਗੀਤਾਂ ਨੂੰ ਇੱਕਠਾ ਕੀਤਾ ਹੈ। ਇਹਨਾਂ ਗੀਤਾਂ ਵਿੱਚ ਚਾਤ੍ਰਿਕ ਅਤੇ ਟੈਗੋਰ ਵਰਗਿਆਂ ਮਹਾਨ ਲੇਖਕਾਂ ਨੂੰ ਵੇਖ ਸਕਦੇ ਹਾਂ। ਇਸ ਲਈ ਆਖਿਰ ਵਿੱਚ ਇਸ ਕਹਿ ਸਕਦੇ ਹਾਂ ਕਿ ਲੋਕ-ਗੀਤ ਸਾਡੇ ਨਵੇਂ ਸਾਹਿਤ ਲਈ ਕਹਿਕਸ਼ਾ ਦਾ ਕੰਮ ਦੇ ਸਕਦੇ ਹਨ।[1]

ਹਵਾਲੇ

ਸੋਧੋ
  1. ਸਤਿਆਰਥੀ, ਦੇਵਿੰਦਰ (1936). ਗਿੱਧਾ. ਚਾਂਦਨੀ ਚੌਂਕ, ਦਿੱਲੀ: ਨਵਯੁਗ ਪਬਲਿਸ਼ਰਜ਼.