ਗੁਰਦੁਆਰਾ ਬਹਾਦਰਗੜ੍ਹ

ਪਟਿਆਲਾ ਜਿਲ੍ਹੇ ਦੇ ਬਹਾਦੁਰਗੜ੍ਹ ਵਿੱਚ ਗੁਰਦੁਆਰਾ

ਗੁਰਦੁਆਰਾ ਬਹਾਦਰਗੜ੍ਹ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਪਟਿਆਲਾ ਤੋਂ 10 ਕਿਲੋਮੀਟਰ ਦੂਰੀ ਤੇ ਪਟਿਆਲਾ-ਰਾਜਪੁਰਾ ਰੋਡ ਤੇ ਸਥਿਤ ਹੈ। ਨੌਵੇਂ ਗੁਰੂ ਸ਼੍ਰੀ ਤੇਗ ਬਹਾਦਰ ਆਪਣੇ ਇੱਕ ਯਾਤਰਾ ਦੇ ਦੌਰਾਨ ਇਸ ਜਗ੍ਹਾ ਰਹੇ ਸਨ। ਉਹ ਆਪਣੇ ਪੁਰਾਣੇ ਦੋਸਤ ਨਵਾਬ ਸੈਫ ਖਾਨ ਨੂੰ ਮਿਲਣ ਲਈ ਇੱਥੇ ਆਏ ਸਨ। ਉਹਨਾਂ ਦੇ ਦੌਰੇ ਦੀ ਯਾਦ ਵਿਚ, ਮਹਾਰਾਜਾ ਕਰਮ ਸਿੰਘ ਨੇ ਉਥੇ ਇੱਕ ਕਿਲ੍ਹਾ ਬਣਾਇਆ ਅਤੇ ਉਸਦਾ ਨਾਮ ਬਹਾਦਰਗੜ੍ਹ ਰੱਖਿਆ। ਉਸ ਨੇ ਇੱਥੇ ਹੀ ਇੱਕ ਤਲਾ ਦੇ ਨੇੜੇ ਪੰਚਬਟੀ ਬਾਗ ਵਿੱਚ ਇੱਕ ਸੁੰਦਰ ਗੁਰਦੁਆਰਾ ਬਣਾਇਆ। ਇਸ ਦੇ ਅੰਦਰੂਨੀ ਸਥਾਨਾਂ ਵਿੱਚ ਸ਼ੀਸ਼ੇ ਦਾ ਕੰਮ ਹੋਇਆ ਹੈ, ਅਤੇ ਪਟਿਆਲਾ ਸ਼ੈਲੀ ਦੀ ਕੰਧ ਚਿੱਤਰਕਾਰੀ ਅਤੇ ਚਿੱਤਰਾਂ ਨਾਲ ਭਰੇ ਹੋਏ ਹਨ। ਇੱਥੇ ਵਿਸਾਖੀ ਦੇ ਦਿਨ ਤੇ ਹਰ ਸਾਲ ਇੱਕ ਵੱਡਾ ਮੇਲਾ ਭਰਦਾ ਹੈ।

ਇਤਿਹਾਸ

ਸੋਧੋ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 11 ਹਾੜ੍ਹ ਸੰਮਤ 1732 ਬਿਕਰਮੀ ਨੂੰ ਕਸ਼ਮੀਰੀ ਪੰਡਿਤਾਂ ਦੀ ਬੇਨਤੀ ’ਤੇ ਧਰਮ ਦੀ ਰੱਖਿਆ ਖਾਤਰ ਦਿੱਲੀ ਵਿਖੇ ਸ਼ਹੀਦ ਹੋਣ ਲਈ ਆਨੰਦਪੁਰ ਸਾਹਿਬ ਤੋਂ ਚੱਲ ਕੇ ਭਰਤਗੜ੍ਹ, ਰੋਪੜ ਅਤੇ ਮਕਾਰੋਂਪੁਰ ਪਿੰਡਾਂ ਵਿੱਚ ਦੀ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਪਿੰਡ ਸੈਫਬਾਦ ਜਿੱਥੇ ਅੱਜ-ਕੱਲ੍ਹ ਕਿਲ੍ਹਾ ਬਹਾਦਰਗੜ੍ਹ ਹੈ, ਜਾ ਬਿਰਾਜੇ। ਮਹਾਰਾਜਾ ਕਰਮ ਸਿੰਘ ਨੇ ਪਿੰਡ ਸੈਫਾਬਾਦ ਨੂੰ ਉਜਾੜ ਕੇ ਫੁਲਕੀਆਂ ਗਜ਼ਟ 1904 ਅਨੁਸਾਰ 1837 ਈਸਵੀ ਵਿੱਚ ਉੱਥੇ ਬਹਾਦਰਗੜ੍ਹ ਕਿਲ੍ਹਾ ਗੁਰਦੁਆਰਾ ਤੇਗ ਬਹਾਦਰ ਸਾਹਿਬ ਦੇ ਨਾਂ ’ਤੇ ਬਣਾਇਆ। ਉਹਨਾਂ ਨੇ ਦੋ ਜਗ੍ਹਾ ਗੁਰਦੁਆਰੇ ਤਿਆਰ ਕਰਵਾਏ, ਇੱਕ ਕਿਲੇ ਵਿੱਚ ਅਤੇ ਦੂਜਾ ਛਿਪਦੇ ਪਾਸੇ ਵੱਲ ਜਿੱਥੇ ਅੱਜ-ਕੱਲ੍ਹ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਸੁਸ਼ੋਭਿਤ ਹੈ ਅਤੇ ਜੋ ਕਿਲ੍ਹੇ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਸੁਸ਼ੋਭਿਤ ਸੀ ਉਸ ਨੂੰ ਸੰਤੋਖ ਕੇ ਉਸ ਥਾਂ ’ਤੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਕਾਰ ਸੇਵਾ ਰਾਹੀਂ ਬਾਬਾ ਅਮਰੀਕ ਸਿੰਘ ਕਾਰ ਸੇਵਾ ਡੇਰਾ ਹੀਰਾ ਬਾਗ ਪਟਿਆਲਾ ਕਰਵਾ ਰਹੇ ਹਨ। ਇਸ ਗੁਰਦੁਆਰਾ ਸਾਹਿਬ ਦੀ ਨਵੀਂ ਉਸਾਰੀ ਵੇਲੇ ਉੱਥੇ ਇੱਕ ਥੜ੍ਹਾ ਵੀ ਨਿਕਲਿਆ ਸੀ ਜਿਸ ’ਤੇ ਬੈਠ ਕੇ ਗੁਰੂ ਜੀ ਸੰਗਤਾਂ ਨੂੰ ਉਪਦੇਸ਼ ਕਰਦੇ ਸਨ। ਕਹਿੰਦੇ ਹਨ ਕਿ ਗੁਰੂ ਜੀ ਨੇ ਇਸ ਥਾਂ ਬੈਠ ਕੇ 40 ਦਿਨ ਚਲੀਹਾ ਕੱਟਿਆ ਸੀ ਅਤੇ ਇਸ ਥੜ੍ਹੇ ਤੋਂ ਥੋੜ੍ਹੀ ਦੂਰ ’ਤੇ ਇੱਕ ਖੂਹੀ ਵੀ, ਸਰਹਿੰਦੀ ਇੱਟਾਂ ਦੀ ਬਣੀ ਹੋਈ ਨਿਕਲੀ ਹੈ, ਜਿਸ ਦੇ ਪਾਣੀ ਨਾਲ ਗੁਰੂ ਜੀ ਇਸ਼ਨਾਨ ਕਰਿਆ ਕਰਦੇ ਸਨ।[1]

ਹਵਾਲੇ

ਸੋਧੋ
  1. "ਗੁਰਦੁਆਰਾ ਕਿਲ੍ਹਾ ਬਹਾਦਰਗੜ੍ਹ". ਪੰਜਾਬੀ ਟ੍ਰਿਬਿਉਨ. 1 ਜਨਵਰੀ 2013. Retrieved 1 ਮਾਰਚ 2016.