ਗੁਰੂ ਤੇਗ ਬਹਾਦਰ

ਨੌਵੇਂ ਸਿੱਖ ਗੁਰੂ
(ਗੁਰੂ ਤੇਗ ਬਹਾਦਰ ਜੀ ਤੋਂ ਮੋੜਿਆ ਗਿਆ)

ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।

ਗੁਰੂ ਤੇਗ ਬਹਾਦਰ
ਨਿੱਜੀ
ਜਨਮ
ਤਿਆਗ ਮੱਲ

(1621-04-01)1 ਅਪ੍ਰੈਲ 1621
ਮਰਗਨਵੰਬਰ 24, 1675(1675-11-24) (ਉਮਰ 54)
ਮਰਗ ਦਾ ਕਾਰਨਸਿਰ ਕਲਮ
ਧਰਮਸਿੱਖ ਧਰਮ
ਜੀਵਨ ਸਾਥੀਮਾਤਾ ਗੁਜਰੀ
ਬੱਚੇਗੁਰ ਗੋਬਿੰਦ ਸਿੰਘ
ਮਾਤਾ-ਪਿਤਾ
ਲਈ ਪ੍ਰਸਿੱਧ
  • ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦ
  • ਕਸ਼ਮੀਰੀ ਪੰਡਤਾਂ ਦੀ ਮਜ਼੍ਹਬੀ ਅਜ਼ਾਦੀ ਲਈ ਸ਼ਾਹਦਤ[1] ਅਤੇ ਖ਼ੁਦ ਦੇ ਧਰਮ ਨੂੰ ਤਬਦੀਲ ਕਰਨ ਤੋਂ ਇਨਕਾਰ
  • ਅਨੰਦਪੁਰ ਸਾਹਿਬ ਦੇ ਬਾਨੀ
  • ਪਟਿਆਲਾ ਦੇ ਬਾਨੀ
  • ਜ਼ਮੀਰ ਦੀ ਅਜ਼ਾਦੀ ਅਤੇ ਇਨਸਾਨੀ ਹੱਕਾਂ ਦੀ ਰਾਖੀ ਲਈ ਸ਼ਹਾਦਤ[2][3]
ਹੋਰ ਨਾਮਨੌਵੇਂ ਪਾਤਸ਼ਾਹ
ਧਾਰਮਿਕ ਜੀਵਨ
Period in office1664–1675
Predecessorਗੁਰ ਹਰਿਕ੍ਰਿਸ਼ਨ
ਵਾਰਸਗੁਰ ਗੋਬਿੰਦ ਸਿੰਘ

ਜ਼ਿੰਦਗੀ

ਗੁਰੂ ਤੇਗ ਬਹਾਦਰ ਜੀ ਦਾ ਜਨਮ ਪਹਿਲੀ ਅਪ੍ਰੈਲ 1621 (੧੬੨੧) ਈਸਵੀਂ ਨੂੰ ਅੰਮ੍ਰਿਤਸਰ, ਪੰਜਾਬ ਵਿਖੇ (ਮੁਗਲ ਸਾਮਰਾਜ ਵੇਲੇ ਹੋਇਆ, ਬਚਪਨ ਵਿੱਚ ਉਨ੍ਹਾਂ ਦਾ ਨਾਮ ਤਿਆਗ ਮੱਲ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਉਨ੍ਹਾਂ ਦੇ ਪਿਤਾ ਜੀ ਅਤੇ ਮਾਤਾ ਨਾਨਕੀ ਜੀ ਸਨ।

ਉਨ੍ਹਾਂ ਦਾ ਵਿਆਹ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ 1634 ਨੂੰ ਹੋਇਆ, ਉਨ੍ਹਾਂ ਨੂੰ ਵਿਆਹ ਤੋ 32 ਸਾਲ ਮਗਰੋ ਪੁੱਤਰ ਦੀ ਦਾਤ ਪ੍ਰਾਪਤ ਹੋਈ, ਪੁੱਤਰ ਹੋਣ ਮਗਰੋ ਉਨ੍ਹਾਂ ਨੇ ਆਪਣੇ ਪੁੱਤਰ ਗੋਬਿੰਦ ਰਾਏ ਨੂੰ 5 ਸਾਲ ਬਾਅਦ ਗੁਰੂ ਕੇ ਬਾਗ ਅਸਥਾਨ ਉਪਰ ਪਹਿਲੀ ਵਾਰ ਮਿਲੇ।

ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਜੀ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਿਮਰਤਾ ਦੇ ਪੁੰਜ ਤੇ ਮਨ ਨੀਵਾਂ ਤੇ ਮਤ ਉਚੀ ਦੇ ਧਾਰਨੀ ਸਨ ਇਤਿਹਾਸ ਮੁਤਾਬਕ ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਜੀ ਦੇ ਸਨਮੁੱਖ ਬੈਠਦੇ ਤਾ ਅੱਖਾਂ ਨੀਵੀਆਂ ਕਰ ਲੈਂਦੇ ਇਕ ਵਾਰ ਦਰਬਾਰ ਅੰਦਰ ਬੈਠੀ ਸੰਗਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ ਕੀ ਗੁਰੂ ਜੀ ਆਪ ਜੀ ਦੇ ਲਾਲ ਆਪ ਜੀ ਦੇ ਸਾਹਮਣੇ ਹਮੇਸ਼ਾ ਅੱਖਾਂ ਨੀਵੀਆਂ ਕਰ ਕੇ ਬੈਠ ਜਾਂਦੇ ਹਨ ਤਾ ਅੱਗੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਤਰ ਦਿੱਤਾ ਜਿਸ ਨੂੰ ਅੰਦਰ ਦੇ ਸਾਰੇ ਔਗੁਣਾਂ ਦਾ ਪਤਾ ਹੋਵੇ ਉ ਸ ਦੇ ਸਾਹਮਣੇ ਨੇਤਰ ਨਹੀ ਚੁੱਕੇ ਜਾਦੇ।

ਉਨ੍ਹਾਂ ਨੂੰ 1664(੧੬੬੪) ਈ ਸਵੀਂ ਨੂੰ ਗੁਰਿਆਈ ਪਾਪਤ ਹੋਈ ਆਪ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸਪੁੱਤਰ ਸਨ ਆਪ ਜੀ ਬਚਪਨ ਤੋਂ ਹੀ ਵੈਰਾਗੀ ਤੇ ਉਪਰਾਮ ਤਬੀਅਤ ਦੇ ਮਾਲਕ ਸਨ। ਸੰਨ 1664 ਈ ਸਵੀਂ ਨੂੰ ਗੁਰਿਆਈ ਗੱਦੀ ਮਿਲਣ ਉਪਰੰਤ ਆਪਣੇ ਅਨੰਦਪੁਰ ਸਾਹਿਬ ਨੂੰ ਆਪਣਾ ਸਥਾਨ ਬਣਾਇਆ

ਉਨ੍ਹਾਂ ਦੀ ਬਾਣੀ 15 ਰਾਗਾ ਵਿੱਚ ਦਰਜ ਹੈ ਜੋ ਇਸ ਪ੍ਰਕਾਰ ਹਨ:-

ਬਿਹਾਗੜਾ ਗਉੜੀ,ਆਸਾ ਦੇਵਗੰਧਾਰ ਸੋਰਠਿ ਧਨਾਸਰੀ ਟੋਡੀ ਤਿਲੰਗ ਬਿਲਾਵਲ ਰਾਮਕਲੀ ਮਾਰੂ ਬਸੰਤ ਬਸੰਤ ਹਿਡੋਲ ਸਾਰੰਗ ਜੈਜੈਵੰਤੀ ਆਦਿ ਰਾਗ ਵਿਸੇਸ ਹਨ ਆਪ ਜੀ ਸਾਰੀ ਬਾਣੀ ਮਨ ਨੂੰ ਸੰਬੋਧਨ ਕਰਕੇ ਉਚਾਰਣ ਕੀਤੀ ਗੁਰੁ ਸਾਹਿਬ ਜੀ ਫੁਰਮਾਉਦੇ ਹਨ ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ । (ਤਿਲੰਗ ਮ 9)ਗੁਰੂ ਗ੍ਰੰਥ ਸਾਹਿਬ ਜੀ ਨੇ ਸਿੱਖ ਧਰਮ ਦੀ ਕੀਰਤਨ ਪਰੰਪਰਾ ਨੂੰ ਸਾਜ ਮਿਦੰਗ ਦੀ ਬਖਸੀਸ ਕੀਤੀ।

ਗੁਰੂ ਜੀ ਬਚਪਨ ਤੋਂ ਹੀ ਸੰਤ ਸਰੂਪ ਅਡੋਲ ਚਿੱਤ ਗੰਭੀਰ ਤੇ ਨਿਰਭੈ ਸੁਭਾਅ ਦੇ ਮਾਲਕ ਸਨ ਗੁਰੂ ਜੀ ਕਈ ਕਈ ਘੰਟੇ ਸਮਾਧੀ ਵਿੱਚ ਲੀਨ ਹੋਏ ਬੈਠੇ ਰਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋ ਬਾਅਦ ਆਪ ਪਿੰਡ ਬਕਾਲਾ ਆ ਕੇ ਉਥੇ 20 ਸਾਲ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਵਿਦਿਆ ਆਪਣੀ ਦੇਖ ਰੇਖ ਹੇਠ ਦਵਾਈ ਆਪ ਜੀ ਸੁੰਦਰ ਵਿਦਵਾਨ ਸੂਰਬੀਰ ਸਸਤਰਧਾਰੀ ਤੇ ਧਰਮ ਤੇ ਰਾਜਨੀਤੀ ਵਿੱਚ ਨਿਪੁੰਨ ਸਨ। 1634 ਈਸਵੀ ਵਿੱਚ ਆਪ ਨੇ ਆਪਣੇ ਪਿਤਾ ਜੀ ਨਾਲ ਮਿਲਕੇ ਕਰਤਾਰਪੁਰ ਦੇ ਯੁੱਧ ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾਏ

ਬਾਬਾ ਬਕਾਲੇ ਤੋਂ ਬਾਅਦ ਆਪ ਕੀਰਤਪੁਰ ਪੁੱਜੇ ਤੇ ਫਿਰ ਕਹਿਲੂਰ ਦੇ ਰਾਜੇ ਤੋ ਜਮੀਨ ਖਰੀਦ ਕੇ ਆਨੰਦਪੁਰ ਸਾਹਿਬ ਸਹਿਰ ਵਸਾਇਆ ਤੇ ਫਿਰ ਉਸ ਜਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ।।

ਅਖੀਰ ਇਕ ਸਾਲ ਪਿੱਛੋਂ ਭਾਈ ਮੱਖਣ ਸ਼ਾਹ ਲੁਬਾਣਾ ਜਿਸ ਦਾ ਜਹਾਜ਼ ਸਮੁੰਦਰ ਦੀ ਘੁੰਮਣ ਘੇਰੀ ਵਿੱਚ ਗੁਰੂ ਜੀ ਦੀ ਕਿਰਪਾ ਨਾਲ ਪਾਰ ਲੰਗਾ ਸੀ ਆਪਣੀ ਸੁੱਖਣਾ ਦੀਆ 500 ਮੋਹਰਾ ਲੈ ਕੇ ਬਾਬੇ ਬਕਾਲੇ ਪੁੱਜਾ ਉਸ ਸਮੇ ਉਥੇ 22ਗੁਰੂਆਂ ਦੀਆ ਮੰਜੀਆ ਲੱਗੀਆਂ ਹੋਈਆਂ ਸਨ ਉਹ ਸੋਚਣ ਲੱਗਾ ਕਿ ਕਿਸਨੂੰ 500ਮੋਹਰਾਂ ਭੇਟ ਕੀਤੀਆਂ ਜਾਣ। ਉਸਨੇ ਸੱਚੇ ਗੁਰੂ ਦੀ ਭਾਲ ਕਰਨ ਲਈ ਸਭ ਅੱਗੇ 55 ਮੋਹਰਾਂ ਰੱਖ ਦਿੱਤੀਆ ਪਰ ਕੋਈ ਕੁਝ ਨਹੀਂ ਬੋਲਿਆ ਕਾਫੀ ਪੁੱਛ ਗਿੱਛ ਤੋ ਪਤਾ ਲੱਗਾ ਕਿ ਇਕ ਗੁਰੂ ਸਾਹਿਬ ਭੋਰੇ ਵਿੱਚ ਵੀ ਰਹਿੰਦਾ ਹੈ ਮੱਖਣ ਸ਼ਾਹ ਲੁਬਾਣਾ ਉਸ ਭੋਰੇ ਵਿੱਚ ਗਿਆ ਉਸ ਨੇ ਗੁਰੂ ਜੀ ਅੱਗੇ 5ਮੋਹਰਾ ਭੇਟ ਕੀਤੀਆ ਤੇ ਮੱਥਾ ਟੇਕਿਆ ਤਾ ਗੁਰੂ ਜੀ ਨੇ ਕਿਹਾ ਕੀ ਸੁੱਖਣਾ 500 ਦੀ ਕਰਦਾ ਹੈ ਤੇ ਕੇਵਲ 5 ਮੋਹਰਾ ਭੇਟ ਕਰ ਰਿਹਾ ਮੱਖਣ ਸ਼ਾਹ ਲੁਬਾਣਾ ਗੱਦ ਗੱਦ ਹੋ ਗਿਆ ਤੇ ਉੱਚੀ ਉੱਚੀ ਰੋਲਾ ਪਾਉਣ ਲੱਗਾ 'ਗੁਰੂ ਲਾਧੋ ਰੇ ਗੁਰੂ ਲਾਧੋ ਰੇ, ਭਾਵ ਸੱਚਾ ਗੁਰੂ ਲੱਭ ਗਿਆ ਹੈ।

ਉਸ ਸਮੇ ਮੁਗਲ ਬਾਦਸਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਕਸਮੀਰ ਦਾ ਸੂਬੇਦਾਰ ਸ਼ੇਰ ਅਫ਼ਗਾਨ ਤਲਵਾਰ ਦੇ ਜੋਰ ਨਾਲ ਕਸਮੀਰੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ। ਕਸਮੀਰ ਦੇ ਦੁਖੀ ਪੰਡਤ ਗੁਰੂ ਜੀ ਕੋਲ ਫਰਿਆਦ ਲੈ ਕੇ ਆਏ ਤੇ ਆਖਣ ਲੱਗੇ ਜੇਕਰ ਕੋਈ ਮਹਾਨ ਵਿਅਕਤੀ ਆਪਣੀ ਕੁਰਬਾਨੀ ਦੇਵੇ ਤਾ ਸਾਡੀ ਰੱਖਿਆ ਹੋ ਸਕਦੀ ਹੈ। ਉਸ ਵੇਲੇ ਬਾਲ ਗੋਬਿੰਦ ਰਾਏ ਜੀ ਕੋਲ ਬੈਠੇ ਸਨ ਤੇ ਆਖਣ ਲੱਗੇ (ਪਿਤਾ ਜੀ)ਤੁਹਾਡੇ ਤੋ ਵੱਧ ਹੋਰ ਮਹਾਨ ਵਿਅਕਤੀ ਕੌਣ ਹੋ ਸਕਦਾ ਹੈ? ਬਾਲ ਗੋਬਿੰਦ ਰਾਏ ਦੇ ਕਹਿਣ ਤੇ ਆਪ ਤਿਲਕ ਜੰਝੂ ਦੀ ਰਖਵਾਲੀ ਲਈ ਆਪਣੇ ਸਾਥੀਆਂ ਸਮੇਤ ਦਿੱਲੀ ਪਹੁੰਚੇ।

ਆਪ ਨੂੰ ਤੇ ਆਪ ਦੇ ਸਾਥੀਆਂ ਨੂੰ ਆਗਰੇ ਵਿੱਚ ਗਿਫ਼ਤਾਰ ਕਰ ਲਿਆ ਗਿਆ। ਆਪ ਦੁਆਰਾ ਹਕੂਮਤ ਦੀ ਨੀਤੀ ਅਨੁਸਾਰ ਇਸਲਾਮ ਧਰਮ ਕਬੂਲ ਨਾ ਕਰਨ ਕਰਕੇ ਚਾਦਨੀ ਚੌਕ ਦੀ ਕੋਤਵਾਲੀ ਵਿੱਚ ਆਪ ਨੂੰ ਅਨੇਕਾਂ ਕਸ਼ਟ ਦਿੱਤੇ ਗਏ ਆਪ ਅਡੋਲ ਰਹੇ। ਗੁਰੂ ਜੀ ਦੀ ਦਿੜਤਾ ਨੂੰ ਦੇਖ ਕੇ ਹਾਕਮਾਂ ਨੇ ਪਹਿਲਾਂ ਆਪ ਦੇ ਸਿੱਖ ਸਾਥੀਆਂ ਨੂੰ ਸਹੀਦ ਕੀਤਾ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਸਤੀਦਾਸ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤਾ ਭਾਈ ਦਿਆਲੇ ਨੂੰ ਉਬਾਲਦੀ ਦੇਗ ਵਿੱਚ ਪਾ ਕੇ ਸਹੀਦ ਕੀਤਾ। ਗੁਰੂ ਜੀ ਸਹੀਦੀ ਦੇਣ ਲਈ ਤਿਆਰ ਹੋ ਗਏ । ਜਲਾਦ ਨੇ ਆਪ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਇਸ ਤਰਾ ਆਪ ਨੇ ਸੀਸੁ ਦੀਆ ਪਰ ਸਿਰਰੁ ਨ ਦੀਆ। ਇਹ ਮਹਾਨ ਬਲੀਦਾਨ ਨਵੰਬਰ 1675 (੧੬੭੫)ਵਿੱਚ ਹੋਇਆ। ਇਥੇ ਅੱਜਕਲ੍ਹ ਗੁਰਦੁਆਰਾ ਸ਼ੀਸ਼ ਗੰਜ ਸੁਸ਼ੋਭਿਤ ਹੈ।ਆਪ ਜੀ ਦਾ ਇੱਕ ਸੇਵਕ ਆਪ ਜੀ ਦਾ ਧੜ ਲੈ ਕੇ ਰਕਾਬ ਗੰਜ ਸਾਹਿਬ ਪਹੁੰਚ ਗਿਆ ਜਿੱਥੇ ਆਪ ਜੀ ਦੇ ਧੜ ਦਾ ਸੰਸਕਾਰ ਹੋਇਆ ਭਾਈ ਜੈਤਾ ਜੋ ਦਿੱਲੀ ਤੋ ਗੁਰੂ ਸਾਹਿਬ ਜੀ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚਿਆ ਆਨੰਦਪੁਰ ਸਾਹਿਬ ਆਪ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਅੱਜਕਲ ਇਨਾ ਸਥਾਨਾਂ ਉਪਰ ਗੁਰੁਘਰ ਸੁਸ਼ੋਭਿਤ ਹਨ ਜਿਥੇ ਲੱਖਾਂ ਸਰਧਾਲੂ ਧਰਮ ਰੱਖਿਅਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜਦੇ ਹਨ। ਆਪ ਜੀ ਦੀ ਮਹਾਨ ਕੁਰਬਾਨੀ ਨੇ ਲੋਕਾਂ ਦੀ ਸੋਚ ਣੀ ਵਿੱਚ ਇਨਕਲਾਬ ਲੈ ਆਉਂਦਾ। ਆਪ ਜੀ ਦੀ ਮਹਾਨ ਕੁਰਬਾਨੀ ਤੋ ਬਾਅਦ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਤੇ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ।

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਤੀ ਦੇਣ ਵਾਲੀ ਤੇ ਪ੍ਰਮਾਤਮਾ ਦੇ ਗੁਣ ਗਾਇਨ ਦੀ ਪ੍ਰੇਰਨਾ ਦੇਣ ਵਾਲੀ ਹੈ।

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ।।

ਇਹੁ ਮਾਰਗੁ ਸੰਸਾਰ ਕੋ ਨਾਨਕੁ ਥਿਰੁ ਨਹੀ ਕੋਇ।।੫੧ ਸਲੋਕ ਮ : ੯ 1426 ਅੰਗ

ਅੰਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਅਰਥਾਤ ਸਮੂਹ ਕਾਇਨਾਤ ਦੀ ਇਜੱਤ ਅਤੇ ਅਣਖ ਦੇ ਰਖਵਾਲੇ ਸਨ।।

ਮੁੱਢਲਾ ਜੀਵਨ

ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰਦਵਾਰਾ ਗੁਰੂ ਕੇ ਮਹਿਲ ਦੇ ਸਥਾਨ ਤੇ ਹੋਇਆ। ਆਪ ਜੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ। ਬਚਪਨ ਦਾ ਨਾਮ ਤਿਆਗ ਮੱਲ ਸੀ। 1635 ਵਿੱਚ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਹਰਗੋਬਿੰਦ ਜੀ ਨੇ ਇਨ੍ਹਾਂ ਦੀ ਬਹਾਦਰੀ ਨੂੰ ਵੇਖਦਿਆਂ ਆਪ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ। ਜਿਸਦਾ ਅਰਥ ਤਲਵਾਰ ਦਾ ਧਨੀ ਹੈ।

ਆਪ ਜੀ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਵਿਖੇ ਗੁਜ਼ਾਰਿਆ ਅਤੇ ਫਿਰ ਕਰਤਾਰਪੁਰ ਜਿਲ੍ਹਾ ਜਲੰਧਰ ਵਿਖੇ ਚਲੇ ਗਏ। ਗੁਰੂ ਜੀ ਦੇ ਭੈਣ ਭਰਾਵਾਂ ਦੇ ਨਾਮ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ, ਬਾਬਾ ਅਟੱਲ ਰਾਏ ਅਤੇ ਬੀਬੀ ਵੀਰੋ ਹਨ।

ਆਪ ਦਾ ਵਿਆਹ ਲਖਨੋਰੀ ਪਿੰਡ ਦੇ ਲਾਲਚੰਦ ਦੀ ਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ।

ਗੁਰੂ ਹਰਿਕ੍ਰਿਸ਼ਨ ਜੀ ਨਾਲ ਮੁਲਾਕਾਤ

6 ਅਕਤੂਬਰ, 1661 ਨੂੰ ਗੁਰੂ ਹਰਿਰਾਇ ਸਾਹਿਬ ਜੋਤੀ-ਜੋਤ ਸਮਾ ਗਏ। ਇਸ ਵੇਲੇ ਰਾਮ ਰਾਇ ਦਿੱਲੀ ਵਿਚ ਸੀ। ਗੁਰੂ ਹਰਿਰਾਇ ਸਾਹਿਬ ਦੇ ਜੋਤੀ-ਜੋਤ ਸਮਾਉਣ ਦੀ ਖ਼ਬਰ ਸੁਣ ਕੇ ਉਹ ਕੀਰਤਪੁਰ ਪੁੱਜਾ ਅਤੇ ਗੁਰਗੱਦੀ ਉਤੇ ਅਪਣਾ ਹੱਕ ਜਤਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਨਿਜੀ ਸੇਵਾਦਾਰਾਂ (ਗੁਰਦਾਸ, ਗੁਰਬਖ਼ਸ਼ ਤੇ ਤਾਰਾ) ਨੂੰ ਛੱਡ ਕੇ ਇਕ ਵੀ ਸਿੱਖ ਨੇ ਉਸ ਦਾ ਸਾਥ ਨਾ ਦਿਤਾ। ਅਖ਼ੀਰ ਉਹ ਨਿਰਾਸ਼ ਹੋ ਕੇ ਦਿੱਲੀ ਪਰਤ ਗਿਆ। ਉਸ ਨੇ ਦਿੱਲੀ ਜਾ ਕੇ ਔਰੰਗਜ਼ੇਬ ਦੀ ਮਦਦ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਪਰ, ਔਰੰਗਜ਼ੇਬ ਅਪਣੀ ਸਲਤਨਤ ਦੇ ਪ੍ਰਬੰਧ ਵਿਚ ਏਨਾ ਫਸਿਆ ਹੋਇਆ ਸੀ ਕਿ ਉਹ ਰਾਮ ਰਾਏ ਨੂੰ ਨਿਜੀ ਤੌਰ 'ਤੇ ਮੁਲਾਕਾਤ ਵਾਸਤੇ ਸਮਾਂ ਨਾ ਦੇ ਸਕਿਆ। ਰਾਮ ਰਾਏ ਦੀਆਂ ਇਨ੍ਹਾਂ ਕੋਸ਼ਿਸ਼ਾਂ ਵਿਚ ਦੋ ਸਾਲ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ। ਅਖ਼ੀਰ, 4 ਮਾਰਚ,1665 ਵਿਚ ਰਾਮ ਰਾਏ ਨੂੰ ਔਰੰਗਜ਼ੇਬ ਨਾਲ ਮਿਲਣ ਦਾ ਸਮਾਂ ਮਿਲ ਹੀ ਗਿਆ। ਰਾਮ ਰਾਏ ਨੇ ਬੜਾ ਆਜਿਜ਼ ਹੋ ਕੇ ਔਰੰਗਜ਼ੇਬ ਤੋਂ ਮਦਦ ਮੰਗੀ। ਔਰੰਗਜ਼ੇਬ ਨੇ ਰਾਮ ਰਾਏ ਦੀ ਮਦਦ ਦਾ ਵਾਅਦਾ ਕੀਤਾ। ਇਸ ਸਬੰਧ ਵਿਚ ਔਰੰਗਜ਼ੇਬ ਨੇ ਪਹਿਲਾ ਕੰਮ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਸੰਮਨ ਕਰਨ ਦਾ ਕੀਤਾ। ਉਸ ਨੇ ਗੁਰੂ ਜੀ ਨੂੰ ਲਿਆਉਣ ਵਾਸਤੇ ਰਾਜਾ ਜੈ ਸਿੰਘ ਮਿਰਜ਼ਾ ਦੇ ਦੀਵਾਨ ਪਰਸ ਰਾਮ ਦੀ ਡਿਊਟੀ ਲਾਈ। ਪਰਸ ਰਾਮ, 18 ਮਾਰਚ, 1664 ਦੇ ਦਿਨ ਕੀਰਤਪੁਰ ਪੁੱਜਾ ਅਤੇ ਔਰੰਗਜ਼ੇਬ ਦਾ ਸੁਨੇਹਾ ਦਿਤਾ। ਸੁਨੇਹਾ ਮਿਲਦਿਆਂ ਹੀ ਗੁਰੂ ਸਾਹਿਬ ਨੇ ਦਿੱਲੀ ਜਾਣ ਦੀ ਤਿਆਰੀ ਸ਼ੁਰੂ ਕਰ ਦਿਤੀ। ਅਗਲੇ ਦਿਨ ਗੁਰੂ ਜੀ, ਪਰਸ ਰਾਮ ਦੇ ਲਿਆਂਦੇ ਰਥ ਉਤੇ ਸਵਾਰ ਹੋ ਕੇ ਦਿੱਲੀ ਵਲ ਨੂੰ ਚਲ ਪਏ। ਗੁਰੂ ਜੀ ਨਾਲ ਦਾਦੀ ਬਸੀ, ਮਾਤਾ ਸੁਲੱਖਣੀ, ਦੀਵਾਨ ਦਰਗਹ ਮੱਲ, ਭਾਈ ਦਰੀਆ ਪਰਮਾਰ, ਭਾਈ ਮਨੀ ਰਾਮ (ਮਗਰੋਂ ਭਾਈ ਮਨੀ ਸਿੰਘ) ਤੇ ਕਈ ਹੋਰ ਸਿੱਖ ਵੀ ਦਿੱਲੀ ਨੂੰ ਚੱਲ ਪਏ। ਪੰਜੋਖੜਾ, ਕੁਰੂਕਸ਼ੇਤਰ ਅਤੇ ਪਾਣੀਪਤ 'ਚੋਂ ਹੁੰਦੇ ਹੋਏ ਗੁਰੂ ਹਰਿਕ੍ਰਿਸ਼ਨ ਸਾਹਿਬ, 20 ਮਾਰਚ, 1664 ਦੇ ਦਿਨ ਦਿੱਲੀ ਪੁੱਜੇ। ਦਿੱਲੀ ਵਿਚ ਉਹ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ (ਮੌਜੂਦਾ ਗੁਰਦਵਾਰਾ ਬੰਗਲਾ ਸਾਹਿਬ) ਵਿਚ ਠਹਿਰੇ। ਜੈ ਸਿੰਘ ਉਸ ਵੇਲੇ ਦੱਖਣ ਦਾ ਗਵਰਨਰ ਸੀ ਅਤੇ ਉਸ ਬੰਗਲੇ ਵਿਚ ਉਸ ਦੀ ਰਾਣੀ ਪੁਸ਼ਪਾਵਤੀ ਅਤੇ ਪੁੱਤਰ ਕੰਵਰ ਰਾਮ ਸਿੰਘ ਰਹਿੰਦੇ ਸਨ। ਉਸ ਤੋਂ ਇਕ ਦਿਨ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਵੀ ਪੂਰਬ ਦੇ ਦੌਰੇ ਤੋਂ ਦਿੱਲੀ ਮੁੜੇ ਸਨ। ਉਹ ਦਿਲਵਾਲੀ ਮੁਹੱਲੇ ਵਿਚ ਭਾਈ ਕਲਿਆਣਾ ਦੀ ਧਰਮਸ਼ਾਲਾ ਵਿਚ ਠਹਿਰੇ ਸਨ। ਉਸੇ ਸ਼ਾਮ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਦਿੱਲੀ ਆਏ ਹੋਏ ਹਨ ਅਤੇ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ਵਿਚ ਠਹਿਰੇ ਹਨ। ਗੁਰੂ ਤੇਗ਼ ਬਹਾਦਰ ਸਾਹਿਬ, 22 ਮਾਰਚ, 1664 ਨੂੰ, ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ 'ਤੇ ਗਏ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਮੁਲਾਕਾਤ ਕੀਤੀ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਨ੍ਹਾਂ ਨੂੰ ਦੋ ਕੁ ਦਿਨ ਉਥੇ ਠਹਿਰਨ ਵਾਸਤੇ ਆਖਿਆ। ਇਹ ਦੋ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਉਨ੍ਹਾਂ ਨਾਲ ਵਿਚਾਰਾਂ ਕਰਦੇ ਰਹੇ। ਉਨ੍ਹਾਂ ਦੇ ਟੁਰਨ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਨ੍ਹਾਂ ਨੂੰ ਕਿਹਾ, ਮੈਨੂੰ ਇਲਹਾਮ ਹੋ ਰਿਹਾ ਹੈ ਕਿ ਮੈਨੂੰ ਅਕਾਲ ਪੁਰਖ ਦਾ ਬੁਲਾਵਾ ਆ ਰਿਹਾ ਹੈ ਤੇ ਜੇ ਅਜਿਹਾ ਹੋਇਆ ਤਾਂ ਗੁਰਗੱਦੀ ਤੁਸੀ ਸੰਭਾਲਣੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਪਹਿਲਾਂ ਤਾਂ ਚੁੱਪ ਰਹੇ ਤੇ ਫਿਰ “ਜੋ ਭਾਵੈ ਕਰਤਾਰ” ਆਖ ਕੇ ਅਲਵਿਦਾ ਬੁਲਾ ਕੇ ਬਕਾਲਾ ਵਲ ਨੂੰ ਚੱਲ ਪਏ।

ਗੁਰਗੱਦੀ ਉੱਪਰ ਬਿਰਾਜਮਾਨ ਹੋਣਾ

ਗੁਰੂ ਹਰਕਿੑਸ਼ਨ ਜੀ ਨੇ ਜੋਤੀ ਜੋਤ ਸਮੇਂ ਆਖਰੀ ਸ਼ਬਦ "ਬਾਬਾ ਬਕਾਲਾ" ਕਹੇ ਸਨ। ਜਿਸਦਾ ਅਰਥ ਅਗਲਾ ਗੁਰੂ ਦਾ ਬਾਬਾ ਬਕਾਲਾ ਵਿਖੇ ਹੋਣਾ ਸੀ। ਵਪਾਰੀ ਲੱਖੀ ਸ਼ਾਹ ਲੁਬਾਣਾ ਦਾ ਜਦੋਂ ਜਹਾਜ਼ ਡੁੱਬਦਾ ਸੀ ਤਾਂ ਉਸਨੇ ਅਰਦਾਸ ਕੀਤੀ ਕਿ ਉਹ ਗੁਰੂ ਜੀ ਦੇ ਚਰਨਾਂ ਵਿੱਚ 500 ਮੋਹਰਾਂ ਭੇਟ ਕਰੇਗਾ। ਜਦੋਂ ਲੱਖੀ ਸ਼ਾਹ ਲੁਬਾਣਾ ਬਾਬਾ ਬਕਾਲਾ ਵਿਖੇ ਪਹੁੰਚਿਆਂ ਤਾਂ ਉਸਨੇ 22 ਮੰਜੀਆਂ ਤੇ ਗੁਰੂ ਬੈਠੇ ਹੋਏ ਵੇਖੇ ਜਿਸ ਕਾਰਨ ਮੱਖਣ ਸ਼ਾਹ ਲੁਬਾਣਾ ਨੇ ਹਰ ਇੱਕ ਅੱਗੇ 2-2 ਮੋਹਰਾਂ ਰੱਖੀਆਂ ਜਦੋਂ ਤੇਗ ਬਹਾਦਰ ਜੀ ਕੋਲ ਪਹੁੰਚਿਆ ਤਾਂ ਉਨ੍ਹਾਂ ਬਾਕੀ ਮੋਹਰਾਂ ਦੀ ਮੰਗ ਕੀਤੀ। ਜਿਸ ਤੋਂ ਲੱਖੀ ਸ਼ਾਹ ਲੁਬਾਣਾ ਨੇ ਖੁਸ਼ ਹੋ ਕੇ ਕਿਹਾ 'ਗੁਰੂ ਲਾਧੋ ਰੇ ਗੁਰੂ ਲਾਧੋ'ਗੁਰੂ ਮਿਲ ਗਿਆ ਹੈ। ਇਸ ਪ੍ਰਕਾਰ ਤੇਗ ਬਹਾਦਰ ਜੀ ਨੂੰ ਗੁਰੂ ਮੰਨ ਲਿਆ ਗਿਆ। ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਧੀਰ ਮੱਲ ਅਤੇ ਪਿੑਥੀ ਚੰਦ ਦੀਆਂ ਸੰਤਾਨਾਂ ਦਾ ਵਿਰੋਧ ਸਹਿਣਾ ਪਿਆ।

ਗੁਰੂ ਜੀ ਦੁਆਰਾ ਕੀਤੇ ਕੰਮ

ਗੁਰਗੱਦੀ ਤੇ ਬੈਠਣ ਤੋਂ ਬਾਅਦ ਗੁਰੂ ਜੀ ਨੂੰ ਅੰਮਿ੍ਤਸਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਇਸ ਤਰ੍ਹਾਂ ਗੁਰੂ ਜੀ ਨੇ ਹਰਮਿੰਦਰ ਸਾਹਿਬ ਕੋਲ ਨਿਵਾਸ ਕੀਤਾ। ਜਿੱਥੇ ਗੁਰਦੁਆਰਾ ਥੰਮ ਸਾਹਿਬ (ਥੜਾ ਸਾਹਿਬ) ਬਣਾਇਆ ਗਿਆ। ਫਿਰ ਗੁਰੂ ਜੀ ਨੇ ਧਰਮ ਪੑਚਾਰ ਲਈ ਯਾਤਰਾਵਾਂ ਕਰਨੀਆਂ ਸ਼ੁਰੂ ਕੀਤੀਆਂ। ਸਭ ਤੋਂ ਪਹਿਲਾਂ ਅੰਮਿ੍ਤਸਰ ਵਿੱਚ ਘੁੱਕੇ ਵਾਲੀ ਗਏ ਜਿਥੇ ਕੁਦਰਤੀ ਸੁੰਦਰਤਾ ਬਹੁਤ ਸੀ ਜਿਸ ਤੋਂ ਖੁਸ਼ ਹੋ ਕੇ ਇਸਦਾ ਨਾਮ 'ਗੁਰੂ ਕਾ ਬਾਗ' ਰੱਖ ਦਿੱਤਾ। ਫਿਰ ਗੁਰੂ ਜੀ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਤੋਂ ਮਾਲਵਾ ਪਰਦੇਸ਼ ਦੇ ਇਲਾਕੇ ਤਲਵੰਡੀ ਸਾਬੋ, ਮੋੜ ਮੰਡੀ, ਮਹਿਸਰਖਾਨਾ ਆਦਿ ਥਾਵਾਂ ਤੇ ਗਏ। ਬਿਲਾਸਪੁਰ ਦੇ ਰਾਜੇ ਭੀਮ ਚੰਦ ਦੀ ਰਾਣੀ ਜਲਾਲ ਦੇਵੀ ਤੋਂ 500 ਰੁ: ਵਿੱਚ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਾਂ ਦਾ ਸ਼ਹਿਰ ਵਸਾਇਆ ਜਿਸ ਨੂੰ ਫਿਰ ਮਾਖੋਵਾਲ ਕਿਹਾ ਜਾਣ ਲੱਗਾ। ਇਹ ਨਗਰ 16 ਜੂਨ 1665 ਵਿੱਚ ਵਸਾਇਆ ਗਿਆ। ਜੋ ਕਿ ਅਜੋਕਾ ਆਨੰਦਪੁਰ ਸਾਹਿਬ ਬਣ ਗਿਆ।

ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ

ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚੈ ਕੀਤਾ। 25 ਮਈ, 1675 ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਜੱਥਾ ਵੀ ਚੱਕ ਨਾਨਕੀ ਆਇਆ। ਉਹ ਇਕ ਮੋਹਤਬਰ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਨੂੰ ਵੀ ਅਪਣੇ ਨਾਲ ਲੈ ਕੇ ਆਏ ਸਨ। ਭਾਈ ਕਿਰਪਾ ਰਾਮ, ਕਸ਼ਮੀਰ ਵਿਚ ਸਿੱਖ ਧਰਮ ਦੇ ਸੱਭ ਤੋਂ ਵੱਡੇ ਪ੍ਰਚਾਰਕਾਂ ਵਿਚੋਂ ਇਕ ਸਨ। ਕਸ਼ਮੀਰੀ ਬ੍ਰਾਹਮਣ ਇਸ ਸਿੱਖ ਆਗੂ ਦੀ ਬਾਂਹ ਫੜ ਕੇ ਚੱਕ ਨਾਨਕੀ ਆਏ ਅਤੇ ਤਖ਼ਤ ਦਮਦਮਾ ਸਾਹਿਬ ਤੇ ਗੁਰੂ ਸਾਹਿਬ ਦੇ ਦਰਬਾਰ ਵਿਚ ਆ ਫ਼ਰਿਆਦੀ ਹੋਏ। ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਦਸਿਆ ਕਿ ਅਸੀ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਚੀ, ਮਥਰਾ ਤੇ ਹੋਰ ਸਾਰੇ ਹਿੰਦੂ ਕੇਂਦਰਾਂ ਤੋਂ ਹੋ ਆਏ ਹਾਂ ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ। ਅਸੀ, ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਵੀ ਅਪਣੀ ਬੇਬਸੀ ਜ਼ਾਹਰ ਕੀਤੀ ਹੈ। ਸਾਨੂੰ ਕੋਈ ਵੀ ਬਹੁੜੀ ਨਹੀਂ ਹੋਇਆ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦਾ ਦਰ ਹੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਦੀ ਨਿੰਮੋਝੂਣਤਾ ਵੇਖ ਕੇ ਉਨ੍ਹਾਂ ਨੂੰ ਕਿਹਾ ਕਿ, ”ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਵੀ ਕੋਈ ਖ਼ਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਉ, ਸੂਬੇਦਾਰ ਨੂੰ ਆਖ ਦਿਉ ਕਿ ਜੇ ਉਹ ਗੁਰੂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।” ਗੁਰੂ ਸਾਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ਵਿਚ ਜਾਨ ਆਈ। ਉਨ੍ਹਾਂ ਦੀ ਦਰਦ ਕਹਾਣੀ ਸੁਣ ਕੇ ਗੁਰੂ ਜੀ ਨੇ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ” ਮਹਾਂਵਾਕ ਅਨੁਸਾਰ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਾਬੇ ਨਾਨਕ ਦੇ ਦਰ ਤੋਂ ਮਾਯੂਸ ਨਹੀਂ ਪਰਤਣਗੇ। ਇਸ ਤੋਂ ਬਾਅਦ ਗੁਰੂ ਜੀ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਏ ਅਤੇ ਕੁਝ ਸਮੇਂ ਬਾਅਦ ਫ਼ੁਰਮਾਉਣ ਲੱਗੇ ਕਿ ਅਜੇ ਧਰਮ ਯੁੱਧ ਦਾ ਸਮਾਂ ਨਹੀਂ ਆਇਆ। ਇਸ ਸਮੇਂ ਕਿਸੇ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ। ਸਿਰਫ਼ ਕੁਰਬਾਨੀ ਨਾਲ ਹੀ ਡੁੱਬਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ। ਆਪ ਜੀ ਦੇ ਬਚਨ ਸੁਣ ਕੇ ਪੂਰੇ ਦਰਬਾਰ ਵਿੱਚ ਸੱਨਾਟਾ ਛਾ ਗਿਆ। ਆਪ ਜੀ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਆਪ ਜੀ ਤੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ। ਜਿਸ ਵਿੱਚ ਇਹ ਨਿਤਾਣੇ ਬਾਲਣ ਦੀ ਥਾਂ ਝੋਕੇ ਜਾ ਰਹੇ ਹਨ। ਹੁਣ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ ਜੋ ਆਪਣੇ ਪਵਿੱਤਰ ਖ਼ੂਨ ਦੇ ਛਿੱਟੇ ਮਾਰ ਕੇ ਬਲਦੇ ਹੋਏ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਡੁੱਬਦੇ ਹੋਏ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਨਿੱਕੇ ਜਿਹੇ ਮੂੰਹੋਂ ਏਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਹਮਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ। ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜਾਹ! ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲੈ। ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਖ਼ੁਸ਼ੀ-ਖੁਸ਼ੀ ਮੁਸਲਮਾਨ ਬਣ ਜਾਵਾਂਗੇ।

ਕੁਰਬਾਨੀ

1665 ਵਿਚ ਮਾਲਵੇ ਦੇ ਵੱਖ-ਵੱਖ ਇਲਾਕਿਆਂ ਵਿਚ ਧਰਮ ਪ੍ਰਚਾਰ ਕਰਦੇ ਹੋਏ ਗੁਰੂ ਤੇਗ਼ ਬਹਾਦਰ ਸਾਹਿਬ, ਅਪ੍ਰੈਲ 1665 ਦੇ ਅਖ਼ੀਰ ਵਿਚ, ਧਮਤਾਨ (ਹੁਣ ਜ਼ਿਲ੍ਹਾ ਜੀਂਦ, ਹਰਿਆਣਾ) ਪੁੱਜੇ। ਧਮਤਾਨ ਵਿਚ ਭਾਈ ਦੱਗੋ ਸਿੱਖ ਪੰਥ ਦਾ ਮਸੰਦ ਸੀ। ਭਾਈ ਦੱਗੋ ਦਾ ਇਲਾਕੇ ਵਿਚ ਬੜਾ ਚੰਗਾ ਰਸੂਖ਼ ਸੀ। ਉਸ ਨੇ ਇਸ ਇਲਾਕੇ ਵਿਚ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਵਿਚ ਸ਼ਾਮਲ ਕਰਵਾਇਆ ਸੀ। 1665 ਤਕ ਧਮਤਾਨ ਉਨ੍ਹਾਂ ਇਲਾਕਿਆਂ ਵਿਚੋਂ ਇਕ ਬਣ ਚੁੱਕਾ ਸੀ ਜਿਨ੍ਹਾਂ ਦੇ ਵਧੇਰੇ ਵਾਸੀ ਸਿੱਖ ਪੰਥ ਦਾ ਹਿੱਸਾ ਸਨ। ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਉਥੇ ਪੁੱਜੇ ਤਾਂ ਸੈਂਕੜੇ ਸਿੱਖ ਆਪ ਜੀ ਦੇ ਦਰਸ਼ਨਾਂ ਵਾਸਤੇ ਆਏ। ਗੁਰੂ ਸਾਹਿਬ ਹਰ ਰੋਜ਼ ਦੀਵਾਨ ਸਜਾਇਆ ਕਰਦੇ ਸਨ। ਕੁੱਝ ਦਿਨ ਧਮਤਾਨ ਰਹਿਣ ਮਗਰੋਂ ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਜਾਣ ਦੀ ਤਿਆਰੀ ਸ਼ੁਰੂ ਕਰ ਦਿਤੀ। 28 ਅਕਤੂਬਰ, 1665 ਤਕ ਆਪ ਏਥੇ ਰਹੇ।

ਇਸ ਤਰ੍ਹਾਂ ਗੁਰੂ ਜੀ ਬਾਲ ਗੋਬਿੰਦ ਰਾਇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਦਸਵੇਂ ਵਾਰਿਸ ਥਾਪ ਕੇ ਆਪ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਜੈਤਾ ਜੀ ਅਤੇ ਭਾਈ ਦਿਆਲਾ ਜੀ ਆਦਿ ਸਿੱਖਾਂ ਨਾਲ ਦਿੱਲੀ ਵੱਲ ਕੁਰਬਾਨੀ ਦੇਣ ਚੱਲ ਪਏ।

ਜਦੋਂ ਗੁਰੂ ਜੀ ਨੂੰ ਇਸਲਾਮ ਦੇ ਨਸ਼ੇ ਵਿੱਚ ਧੁੱਤ ਔਰੰਗਜ਼ੇਬ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਆਪ ਜੀ ਨੂੰ ਇਸਲਾਮ ਕਬੂਲਣ ਲਈ ਪ੍ਰੇਰਿਆ। ਪਰ ਗੁਰੂ ਜੀ ਨੇ ਉਸ ਦੀ ਉਮੀਦ ਦੇ ਉਲਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ। ਬਾਦਸ਼ਾਹ ਹੋਣ ਦੇ ਨਾਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ। ਪਰ ਇਸ ਦੇ ਉਲਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਔਰੰਗਜ਼ੇਬ! ਤੇਰੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਅਤੇ ਮਾਸੂਮ ਹਿੰਦੂਆਂ ਦੀ ਰੱਖਿਆ ਲਈ ਅਸੀਂ ਮੈਦਾਨ ਵਿੱਚ ਆ ਨਿੱਤਰੇ ਹਾਂ। ਤੂੰ ਤਾਂ ਬਾਦਸ਼ਾਹ ਹੋਣ ਦੇ ਨਾਤੇ ਆਪਣੀ ਪਰਜਾ ਤੋਂ ਮੂੰਹ ਮੋੜੀ ਬੈਠਾ ਹੈਂ ਪਰ ਅਸੀਂ ਇਨ੍ਹਾਂ ਮਜ਼ਲੂਮਾਂ ਦੀ ਬਾਂਹ ਪਕੜ ਲਈ ਹੈ।

ਇਸ ਪ੍ਰਕਾਰ ਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ ਅਤੇ ਉਨ੍ਹਾਂ ਦੁਆਰਾ ਇਸਲਾਮ ਨਾ ਕਬੂਲਣ ਦੇ ਅਟੱਲ ਨਿਸ਼ਚੈ ਨੂੰ ਵੇਖ ਕੇ ਔਰੰਗਜ਼ੇਬ ਗੁੱਸੇ ਵਿੱਚ ਕੰਬ ਉੱਠਿਆ। ਕੁਰਬਾਨੀ ਲਈ ਤਿਆਰ ਗੁਰੂ ਜੀ ਨੂੰ ਦੇਖ ਕੇ ਉਸ ਦੇ ਮਨਸੂਬਿਆਂ ਦੀਆਂ ਨੀਹਾਂ ਹਿੱਲ ਗਈਆਂ। ਆਪਣੀ ਇਸ ਹਾਰ ਨੂੰ ਵੇਖ ਕੇ ਉਸ ਨੇ ਅੰਤ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਵੇ ਅਤੇ ਇਨ੍ਹਾਂ ਦੇ ਮੁਰੀਦਾਂ ਨੂੰ ਤਸੀਹੇ ਦੇ-ਦੇ ਕੇ ਮਾਰ ਦਿੱਤਾ ਜਾਵੇ।

ਔਰੰਗਜ਼ੇਬ ਦੇ ਹੁਕਮ ਅਨੁਸਾਰ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਸੁੱਟ ਦਿੱਤਾ ਗਿਆ। ਇਸ ਪ੍ਰਕਾਰ ਇੱਕ-ਇੱਕ ਕਰਕੇ ਗੁਰੂ ਜੀ ਦੇ ਮੁਰੀਦਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਹੋਣੀ ਦੀ ਭੱਠੀ ਵਿੱਚ ਝੋਕ ਦਿੱਤਾ ਗਿਆ ਜਿਸ ਨੂੰ ਵੇਖ ਕੇ ਗੁਰੂ ਜੀ ਡੋਲੇ ਨਹੀਂ ਸਗੋਂ ਉਨ੍ਹਾਂ ਦਾ ਸਿਦਕ ਹੋਰ ਵੀ ਅਡੋਲ ਹੋ ਗਿਆ।

ਅੰਤ ਮਿਤੀ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ। ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ। ਪਰ ਆਪਣੇ ਮੂੰਹੋਂ ਸੀਅ ਨਾ ਉਚਾਰੀ। ਆਪ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ‘ਬਚਿਤਰ ਨਾਟਕ’ ਵਿੱਚ ਲਿਖਿਆ ਹੈ:

ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥
ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥ (ਦਸਮ ਗ੍ਰੰਥ)

ਆਪ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਅਤੇ ਲੋਕਾਂ ਦੀਆਂ ਚੀਕਾਂ ਨਾਲ ਅਸਮਾਨ ਚੀਰਿਆ ਗਿਆ। ਜੱਲਾਦ ਦਾ ਦਿਲ ਦਹਿਲ ਗਿਆ ਅਤੇ ਉਹ ਤਲਵਾਰ ਸੁੱਟ ਕੇ ਜਾਮਾ ਮਸਜਿਦ ਵੱਲ ਭੱਜ ਗਿਆ। ਸ਼ਾਹੀ ਆਦੇਸ਼ ਸੀ ਕਿ ਗੁਰੂ ਜੀ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਕੇ ਦਿੱਲੀ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਲਟਕਾਏ ਜਾਣ ਪਰ ਸ਼ਹੀਦੀ ਤੋਂ ਤੁਰੰਤ ਬਾਅਦ ਅਜਿਹੀ ਹਨੇਰੀ ਝੁੱਲੀ ਕਿ ਸਭ ਆਪੋ ਆਪਣੇ ਬਚਾਅ ਲਈ ਭੱਜ ਉੱਠੇ। ਭਾਈ ਜੈਤਾ ਜੀ ਸਿਪਾਹੀਆਂ ਤੋਂ ਅੱਖ ਬਚਾ ਕੇ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਸਤਿਕਾਰ ਪੂਰਵਕ ਪ੍ਰਾਪਤ ਕਰਦਿਆਂ ਭਾਈ ਜੈਤਾ ਜੀ ਨੂੰ ‘ਰੰਘਰੇਟਾ ਗੁਰੂ ਕਾ ਬੇਟਾ’ ਵਰ ਦਿੱਤਾ। ਗੁਰੂ ਜੀ ਦਾ ਧੜ ਭਾਈ ਲੱਖੀ ਸ਼ਾਹ ਆਪਣੇ ਘਰ ਲੈ ਗਿਆ। ਉਸ ਨੇ ਆਪਣੇ ਘਰ ਨੂੰ ਅਗਨ-ਭੇਂਟ ਕਰ ਕੇ ਗੁਰੂ ਜੀ ਦਾ ਦਾਹ-ਸੰਸਕਾਰ ਕੀਤਾ ਅਤੇ ਆਪ ਜੀ ਦੀਆਂ ਅਸਥੀਆਂ ਨੂੰ ਗਾਗਰ ਵਿੱਚ ਪਾ ਕੇ ਉਥੇ ਹੀ ਦੱਬ ਦਿੱਤਾ।

ਸ਼ਹੀਦੀ

ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇਣ ਦੇ ਨਾਲ-ਨਾਲ ਔਰੰਗਜ਼ੇਬ ਦਾ ਇਹ ਵੀ ਹੁਕਮ ਸੀ ਕਿ ਗੁਰੂ ਸਾਹਿਬ ਦੀ ਦੇਹ ਦੇ ਚਾਰ ਟੁਕੜੇ ਕਰ ਕੇ ਸ਼ਹਿਰ ਦੇ ਚਾਰੇ ਪਾਸੇ ਲਟਕਾ ਦਿਤੇ ਜਾਣ ਪਰ ਹਨੇਰਾ ਪੈ ਚੁੱਕਾ ਹੋਣ ਕਰ ਕੇ ਉਸ ਦੇ ਇਸ ਹੁਕਮ 'ਤੇ ਅਮਲ ਨਾ ਹੋ ਸਕਿਆ | ਉਧਰ ਭਾਈ ਜੈਤਾ, ਭਾਈ ਨਾਨੂ ਰਾਮ, ਭਾਈ ਤੁਲਸੀ ਤੇ ਭਾਈ ਊਦਾ ਨੇ ਗੁਰੂ ਸਾਹਿਬ ਦਾ ਸੀਸ ਚੁਕ ਕੇ ਲਿਆਉਣ ਦੀ ਤਰਕੀਬ ਘੜੀ। ਭਾਈ ਜੈਤਾ ਅਪਣੀ ਟੋਕਰੀ ਸਿਰ 'ਤੇ ਚੁਕ ਕੇ ਲੈ ਗਿਆ ਅਤੇ ਰਾਤ ਦੇ ਹਨੇਰੇ ਵਿਚ ਗੁਰੂ ਸਾਹਿਬ ਦਾ ਸੀਸ ਚੁਕ ਲਿਆਇਆ। ਦੂਜੇ ਪਾਸੇ (ਭਾਈ ਮਨੀ ਸਿੰਘ ਦੇ ਸਹੁਰਾ) ਭਾਈ ਲੱਖੀ ਰਾਏ ਵਣਜਾਰਾ ਨੇ, ਅਪਣੇ ਪੁੱਤਰਾਂ ਭਾਈ ਨਿਗਾਹੀਆ, ਹੇਮਾ ਤੇ ਹਾੜੀ ਦੀ ਮਦਦ ਨਾਲ, ਗੁਰੂ ਸਾਹਿਬ ਦਾ ਧੜ ਚੁਕ ਲਿਆਂਦਾ ਅਤੇ ਅਪਣੇ ਘਰ ਅੰਦਰ (ਗੁਰਦਵਾਰਾ ਰਕਾਬ ਗੰਜ ਵਾਲੀ ਥਾਂ 'ਤੇ) ਹੀ ਧੜ ਦਾ ਸਸਕਾਰ ਕਰ ਦਿਤਾ।

ਗੁਰੂ ਸਾਹਿਬ ਦੇ ਸੀਸ ਅਤੇ ਧੜ ਦੇ ਸਸਕਾਰ ਬਾਰੇ ਭੱਟ ਵਹੀ 'ਚ ਇਹ ਲਿਖਿਆ ਮਿਲਦਾ ਹੈ: ਲਖੀਆ ਬੇਟਾ ਗੋਧੂ ਕਾ, ਨਗਾਹੀਆ-ਹੇਮਾ-ਹਾੜੀ ਬੇਟੇ ਲਖੀਏ ਕੇ, ਜਾਦੋ ਬੰਸੀਏ, ਬੜਤੀਏ ਕਨਾਉਾਤ, ਨਾਇਕ ਧੂੰਮਾ ਬੇਟਾ ਕਾਨ੍ਹੇ ਕਾ, ਤੂੰਮਰ ਬਿੰਜਲਉਾਤ, ਗੁਰੂ ਤੇਗ਼ ਬਹਾਦਰ ਜੀ ਮਹਲ ਨਾਂਵਾਂ ਕੀ ਲਾਸ਼ ਉਠਾਏ ਲਾਏ, ਸਾਲ ਸਤਰਾਂ ਸੈ ਬੱਤੀਸ, ਮੰਗਹਰ ਸੁਦੀ ਛੱਟ, ਗੁਰੂਵਾਰ ਕੇ ਦਿਹੁੰ। ਦਾਗ਼ ਕੀਆ ਰਸੀਨਾ ਗਾਮ ਮੇਂ ਆਧ ਘਰੀ ਰੈਨ ਰਹੀ। (ਭੱਟ ਵਹੀ ਜਾਦੋਬੰਸੀਆਂ ਕੀ, ਖਾਤਾ ਬੜਤੀਏ ਕਨਾਉਾਤੋਂ ਕਾ)। ਉਦੋਂ ਰਾਇਸੀਨਾ ਪਿੰਡ ਦੀ ਸਾਰੀ ਜ਼ਮੀਨ ਭਾਈ ਲੱਖੀ ਰਾਏ ਵਣਜਾਰਾ ਦੀ ਸੀ। ਅੱਜ ਜਿਸ ਜਗ੍ਹਾ ਰਾਸ਼ਟਰਪਤੀ ਭਵਨ, ਪਾਰਲੀਮੈਂਟ ਬਣੇ ਹੋਏ ਹਨ, ਇਹ ਸਾਰੀ ਜਗ੍ਹਾ ਭਾਈ ਲੱਖੀ ਰਾਏ ਦੀ ਸੀ ਤੇ ਅੰਗਰੇਜ਼ਾਂ ਨੇ, 1913 ਵਿਚ ਦਿੱਲੀ ਨੂੰ ਰਾਜਧਾਨੀ ਬਣਾਉਣ ਸਮੇਂ, ਜਬਰੀ ਐਕੁਆਇਰ ਕੀਤੀ ਸੀ। ਅੰਗਰੇਜ਼ਾਂ ਨੇ, 14 ਜਨਵਰੀ, 1914 ਨੂੰ ਗੁਰਦਵਾਰਾ ਰਕਾਬ ਗੰਜ ਦੀ ਬਾਹਰਲੀ ਕੰਧ ਵੀ ਢਾਹ ਦਿਤੀ ਸੀ ਅਤੇ ਇਸ ਦਾ ਕੁੱਝ ਹਿੱਸਾ ਵੀ ਕਬਜ਼ੇ ਵਿਚ ਲੈਣਾ ਚਾਹੁੰਦੇ ਸਨ ਪਰ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਉੁਨ੍ਹਾਂ ਨੂੰ ਇਸ ਵਾਸਤੇ ਮੋਰਚਾ ਲਾਉਣਾ ਪਿਆ ਸੀ।

ਬਚਿੱਤਰ ਨਾਟਕ’ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫ਼ੁਰਮਾਉਂਦੇ ਹਨ:

ਠੀਕਰ ਫੋਰਿ ਦਿਲੀਸ ਸਿਰਿ, ਪ੍ਰਭ ਪੁਰਿ ਕਿਯਾ ਪਯਾਨ॥
ਤੇਗ ਬਹਾਦੁਰ ਸ੍ਰੀ ਕ੍ਰਿਆ, ਕਰੀ ਨ ਕਿਨਹੂੰ ਆਨਿ॥
ਤੇਗ ਬਹਾਦੁਰ ਕੇ ਚਲਤ, ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕਿ॥ (ਦਸਮ ਗ੍ਰੰਥ)

ਵਿਸ਼ਵ-ਇਤਿਹਾਸ ਵਿੱਚ ਗੁਰੂ ਜੀ ਦੀ ਕੁਰਬਾਨੀ ਵਿਲੱਖਣ ਹੈ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ। ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇਹ ਕੁਰਬਾਨੀ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ। ਇਸ ਤਰ੍ਹਾਂ ਇਸ ਗੌਰਵਮਈ ਸ਼ਹਾਦਤ ਨੇ ਸਿਰਫ਼ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਮਰ-ਮਿਟਣ ਦਾ ਜਜ਼ਬਾ ਪ੍ਰਦਾਨ ਕੀਤਾ। ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜ਼ਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿੱਚ ਇੱਕ ਨਵੀਂ ਰੂਹ ਫੂਕੀ। ਆਪ ਜੀ ਦੀ ਕੁਰਬਾਨੀ ਨਾ ਸਿਰਫ਼ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ-ਸਰੋਤ ਬਣੀ।

ਅੱਜ 21ਵੀਂ ਸਦੀ ਦੇ ਸੰਦਰਭ ਵਿੱਚ ਇਸ ਸ਼ਹਾਦਤ ਦੀ ਮਹੱਤਤਾ ਹੋਰ ਵੀ ਦ੍ਰਿੜ੍ਹ ਹੋ ਜਾਂਦੀ ਹੈ ਕਿਉਂਕਿ ਅੱਜ ਫਿਰ ਸਾਡਾ ਸਮਾਜ ਭਾਸ਼ਾ ਦੇ ਨਾਂ ’ਤੇ, ਧਰਮ ਦੇ ਨਾਂ ’ਤੇ ਅਣਗਿਣਤ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਗੁਰੂ ਜੀ ਦੀ ਲਾਸਾਨੀ ਸ਼ਹਾਦਤ ਦੀ ਰੋਸ਼ਨੀ ਹੀ ਇਨ੍ਹਾਂ ਕੱਟੜਤਾ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਹਿੰਸਾਵਾਦੀਆਂ ਨੂੰ ਚਾਨਣ ਦੀ ਕਿਰਨ ਪ੍ਰਦਾਨ ਕਰ ਸਕਦੀ ਹੈ। ਅੱਜ ਦੇ ਦਿਨ ਉਸ ਮਹਾਨ ਸ਼ਹੀਦ ਨੂੰ ਸਾਡੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਮਨੁੱਖ ਦੇ ਬਣਾਏ ਧਰਮ ਤੋਂ ਉੱਪਰ ਉੱਠ ਕੇ ਸਰਬ-ਸਾਂਝੇ ਧਰਮ ਅਰਥਾਤ ਮਾਨਵਤਾ, ਅਹਿੰਸਾ, ਦਇਆ, ਅਮਨ ਅਤੇ ਅਖੰਡਤਾ ਦੇ ਰਸਤੇ ਉੱਪਰ ਕਦਮ ਧਰੀਏ।ਤੇਗ਼ ਬਹਾਦਰ ਜੀ ਦੀ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹੈ। ਉਨ੍ਹਾਂ ਦੀ ਬਾਣੀ ਸੰਨ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਦੁਆਰਾ 1706 ਵਿਚ ਦਮਦਮਾ ਸਾਹਿਬ(ਸਾਬੋ ਕੀ ਤਲਵੰਡੀ) ਵਿਖੇ ਚੜ੍ਹਾਈ ਗਈ। ਉਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 59 ਪਦੇ(15 ਰਾਗਾਂ ਵਿਚ) ਅਤੇ 57 ਸਲੋਕ ਦਰਜ ਹਨ।

ਰਾਗਾਂ ਅਨੁਸਾਰ ਗੁਰੂ ਤੇਗ਼ ਬਹਾਦਰ ਰਚਿਤ ਪਦਿਆਂ ਦਾ ਵੇਰਵਾ-

  • ਗਉੜੀ = 9
  • ਆਸਾ = 1
  • ਦੇਵਗੰਧਾਰੀ = 3
  • ਬਿਹਾਗੜਾ = 1
  • ਸੋਰਠਿ = 12
  • ਧਨਾਸਰੀ = 4
  • ਜੈਤਸਰੀ = 3
  • ਟੋਡੀ = 1
  • ਤਿਲੰਗ = 3
  • ਬਿਲਾਵਲ = 3
  • ਰਾਮਕਲੀ = 3
  • ਮਾਰੂ = 3
  • ਬਸੰਤੁ = 5
  • ਸਾਰੰਗ = 4
  • ਜੈਜਾਵੰਤੀ = 4[4]

ਹਵਾਲੇ

  1. Gill, Sarjit S., and Charanjit Kaur (2008), "Gurdwara and its politics: Current debate on Sikh identity in Malaysia", SARI: Journal Alam dan Tamadun Melayu, Vol. 26 (2008), pages 243-255, Quote: "Guru Tegh Bahadur died in order to protect the Kashmiri Hindus' religious freedom."
  2. Singh, Darshan (2003). Martyrdom Of Guru Tegh Bahadur. New Delhi: Anamika Publishers & Distributors (P) Limited. p. 30, Quote: "Guru Tegh Bahadur ji, the ninth Guru of the Sikhs, became a Martyr for the freedom of conscience and belief.". ISBN 9788179750322.
  3. Pechilis, Karen; Raj, Selva J. (2013). South Asian Religions: Tradition and Today. Routledge. p. 228. ISBN 9780415448512. Retrieved 17 November 2016.
  4. ਤਾਰਨ ਸਿੰਘ, ਗੁਰੂ ਤੇਗ਼ ਬਹਾਦਰ ਜੀਵਨ ਤੇ ਸਿੱਖਿਆ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 2011, ਪੰਨਾ-31