ਗੁਰਬਖ਼ਸ਼ ਸਿੰਘ ਦੀ ਵਾਰਤਕ ਸ਼ੈਲੀ

ਗੁਰਬਖਸ਼ ਸਿੰਘ ਦੀ ਵਾਰਤਕ ਸ਼ੈਲੀ

ਸੋਧੋ

ਗੁਰਬਖ਼ਸ਼ ਸਿੰਘ ਨੇ ਪੰਜਾਬੀ ਵਾਰਤਕ ਵਿਚ ਹੀ ਨਹੀਂ, ਪੰਜਾਬੀ ਸਾਹਿਤ ਦੇ ਬਹੁਤ ਸਾਰੇ ਅੰਗਾਂ ਵਿਚ ਇਕ ਨਵੀਂ ਲੀਹ ਤੋਰੀ, ਨਵੀਆਂ ਕੀਮਤਾਂ ਪੇਸ਼ ਕੀਤੀਆਂ ਤੇ ਨਵੇਂ ਪੈਂਤੜੇ ਪਾਏ। ਇਨ੍ਹਾਂ ਦੀ

ਵਾਰਤਕ ਨਾਲ ਪੰਜਾਬੀ ਵਾਰਤਕ ਦਾ ਤੀਜਾ ਯੁੱਗ ਆਰੰਭ ਹੁੰਦਾ ਕਿਹਾ ਜਾ ਸਕਦਾ [1]ਹੈ।ਪੰਜਾਬੀ ਸਾਹਿਤ ਦੇ ਪਾਠਕ ਤੇ ਆਲੋਚਕ ਇਸ ਤੱਥ ਤੋਂ ਜਾਣੂੰ ਹੀ ਹਨ ਕਿ ਗੁਰਬਖਸ਼ ਸਿੰਘ ਦੀ ਵਾਰਤਕ ਉਸ ਦੇ ਸ਼ੈਲੀਕਾਰ ਹੋਣ ਦੀ ਹੁੰਗਾਰਾ ਭਰਦੀ ਹੈ।ਉਸ ਦੀ ਸ਼ੈਲੀ ਦੇ ਨਿਖੜਵੇਂ ਪੱਖ ਸਪੱਸ਼ਟਤਾ, ਸੰਜਮ,ਕੋਮਲਤਾ ਤੇ ਸੂਖਮਤਾ,ਨਵੇਂ ਸ਼ਬਦ ਘੜਨ ਤੇ ਵਰਤਣ ਦੀ ਸ਼ਕਤੀ ਵਿਸ਼ੇ ਦੇ ਅਨੁਕੂਲ ਯੋਗ ਅਤੇ ਢੁਕਵਾਂ ਵਾਤਾਵਰਣ ਬੰਨਣਾ,ਸਾਹਿਤ ਕਲਾ ਦੀ ਚੇਤਨਤਾ ਭਰਪੂਰ ਉਸਾਰੀ,ਪਾਠਕ ਨਾਲ ਸਹਿਜ ਸਬੰਧ ਕਾਇਮ ਕਰਨਾ, ਵਿਸ਼ੇਸ਼ਣ ,ਉਪਮਾ ਅਲੰਕਾਰਾਂ ਦੀ ਉਚਿਤ ਵਰਤੋਂ, ਸੁਚੱਜੀ ਸ਼ਬਦ

ਬਣਤਰ,ਛੋਟੇ ਛੋਟੇ ਵਾਕ,ਭਾਵਾਤਮਕ ਖਿਆਲ ਆਦਿ ਸਭ ਮਿਲ ਕੇ ਉਸ ਦੀ ਸ਼ੈਲੀ ਦੀ ਵਿਸ਼ੇਸ਼ਤਾਵਾਂ ਨੂੰ ਪ੍ਰਗਟ ਕਰਦੀਆਂ ਹਨ।

ਗੁਰਬਖਸ਼ ਸਿੰਘ ਦੀ ਸ਼ੈਲੀ ਵਿਸ਼ੇ ਦੇ ਅਨੁਰੂਪ ਸ਼ਬਦਾਂ ਨੂੰ ਵਰਤਦੀ ਹੈ। ਜੇ ਉਹ ਬੇਰੁਜ਼ਗਾਰੀ ਦੀ ਗੱਲ ਕਰਦਾ ਹੈ ਤੇ ਵਿਹਲੇ ਬੇਕਾਰ ਨਿਰਭਰ,ਆਰਥਿਕ ਸੰਕਟ ਵਰਗੇ ਸ਼ਬਦ ਵਰਤਦਾ ਹੈ, ਉਦਾਹਰਨ ਲਈ : ਬੇਰੁਜ਼ਗਾਰੀ ਦਾ ਇਕ ਹੜ੍ਹ ਜਿਹਾ ਆਇਆ ਦਿਸਦਾ ਹੈ,ਲੱਖਾਂ ਲੋਕ ਵਿਹਲੇ ਤੇ ਬੇਕਾਰ ਵਿਖਾਈ ਦੇਂਦੇ ਹਨ, ਰੁਜ਼ਗਾਰ ਦਫ਼ਤਰਾਂ ਵਿਚ ਰੁਜ਼ਗਾਰ ਮੰਗਦਿਆਂ ਦੀਆਂ ਅਰਜ਼ੀਆਂ ਦੇ ਪੁਲੰਦੇ ਬਝੇ ਪਏ ਹਨ ਤੇ ਇਨ੍ਹਾਂ ਲੱਖਾਂ ਕਾਮਿਆਂ ਉੱਤੇ ਕਰੋੜਾਂ ਬੱਚੇ ਨਿਰਭਰ ਰੱਖਣ ਵਾਲੇ ਹਨ।ਇਹਦੇ ਸਦਕੇ ਸਾਡੀ ਵਸੋਂ ਦੇ ਬਹੁਤ ਵੱਡੇ ਭਾਗ ਨਾਲ ਆਰਥਿਕ ਸੰਕਟ ਜੁੜਿਆ ਹੋਇਆ ਹੈ।ਗੁਰਬਖਸ਼ ਸਿੰਘ ਦੀ ਵਾਰਤਕ ਵਿਚ ਇਹ ਅੰਤਰ ਸਪਸ਼ਟ ਨਜ਼ਰ ਆਉਂਦਾ ਹੈ।ਉਹ ਆਮ ਬੋਲਚਾਲ ਦੀ ਭਾਸ਼ਾ ਤੋਂ ਹੱਟ ਕੇ ਉਚੇਰੇ ਜਤਨ ਨਾਲ ਭਾਸ਼ਾ ਨੂੰ ਵਰਤਦਾ ਹੈ।ਉਹ ਵਿਅਕਤੀ ਨੂੰ ਕੁਦਰਤ ਦਾ ਅਨਿੱਖੜਵਾਂ ਅੰਗ ਮੰਨਦੇ ਹੋਏ ਉਸਨੂੰ ਮਹਾਂਸਾਗਰ ਤੇ ਟਾਪੂ ਵਰਗੇ ਦ੍ਰਿਸਟਾਂਤ ਦੇ ਕੇ ਅਜਿਹੀ ਭਾਸ਼ਾ ਜੁਗਤ ਨੂੰ ਵਰਤਦਾ ਹੈ ਕਿ ਉਹ ਅਸਾਧਾਰਨ ਨਜ਼ਰ ਆਉਣ ਲੱਗ ਪੈਂਦੀ ਹੈ ਤੇ ਪਾਠਕ ਉਸ ਦੀ ਲੇਖਣੀ ਤੋਂ ਪ੍ਰਭਾਵਿਤ ਹੋ ਜਾਂਦੇ ਹਨ ਜਿਵੇਂ ਕਹਿੰਦਾ ਹੈ: ਪੌਣ ਸਾਡਾ ਸਰੀਰਕ ਪ੍ਰਾਣ ਹੈ ਤੇ ਖੁਸ਼ੀ ਸਾਡਾ ਮਨੋਵਿਗਿਆਨਕ ਪ੍ਰਾਣ ਹੈ।

     ਭਾਸ਼ਾ ਵਿਗਿਆਨੀਆਂ ਨੇ ਕਿਸੇ ਲੇਖਕ ਦੀ ਰਚਨਾ ਵਿਚ ਭਿੰਨ ਭਿੰਨ ਧੁਨੀਆਂ ਦੇ ਦੁਹਰਾਉ ਜਾਂ ਵਾਕਾਂ ਵਿਚ ਉਹਨਾਂ ਧੁਨੀਆਂ ਦੇ ਭਿੰਨ ਭਿੰਨ ਪੈਟਰਨਾਂ ਵੱਲ ਖ਼ਾਸ ਧਿਆਨ ਦਿੱਤਾ ਹੈ। ਗੁਰਬਖਸ਼ ਸਿੰਘ ਵੀ  ਧੁਨੀਆਂ ਦੇ ਕੰਨਾਂ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਦ੍ਰਿਸ਼ਟੀ ਗੋਚਰ ਰੱਖਦਾ ਹੈ।ਉਸਨੂੰ ਧੁਨੀਆਂ ਦੇ ਇਕ ਦੂਜੇ ਦੇ ਨਿਕਟ ਆ ਕੇ ਪੈਦਾ ਕਰਨ ਵਾਲੇ ਤਰਨੱਮ ਦੀ  ਸੂਝ ਹੈ ਤੇ ਉਹ ਧੁਨੀਆਂ ਦੇ ਇਸ ਤਲਿਸਮ ਤੋਂ ਲਾਭ ਉਠਾਂਦਾ ਹੈ।ਫਲਸਰੂਪ ਉਸ ਦੇ ਸ਼ਬਦ ਆਦਿ,ਮੱਧ ਤੇ ਅੰਤ ਵਿਚ ਅਨੂਪ੍ਰਾਸ ਯੁਕਤ ਧੁਨੀਆਂ ਦੇ ਧਾਰਨੀ ਹੁੰਦੇ ਹਨ ਜਿਵੇਂ:

        "ਸੁਹਣਾ ਮੁੱਖ,ਸੁਹਣਾ ਦਿਲ,ਸੋਹਣੀ ਰਹਿਣੀ,ਸੋਹਣੀ ਕਹਿਣੀ,ਸੋਹਣੀ ਪੁਸ਼ਾਕ ,ਸੋਹਣੀ ਖੁਰਾਕ,ਸੋਹਣਾ ਘਰ,ਸੋਹਣਾ ਆਲਾ ਦੁਆਲਾ,ਸੋਹਣੇ ਆਦਰਸ਼ ਸਭੋ ਸੋਹਣੀ ਆਤਮਾ ਦੀ ਸੂਚੀ ਹਨ।"

         ਗੁਰਬਖਸ਼ ਸਿੰਘ ਅਨੁਕਰਨ ਮੁਲਕ ਧੁਨੀਆਂ ਨੂੰ ਵੀ ਵਰਤਦਾ ਹੈ ਜਿਸ ਰਾਹੀਂ ਇਕ ਵਿਸ਼ੇਸ਼ ਪ੍ਰਕਾਰ ਦਾ ਧੁਨੀ ਬਿੰਬ ਪੈਦਾ ਕੀਤਾ ਜਾਂਦਾ ਹੈ।

   ਉਹਨਾਂ ਦੀ ਸ਼ੈਲੀ ਦੀ ਕੁਝ ਵਿਸ਼ੇਸ਼ਤਾਵਾਂ ਇਹ ਹਨ ਕਿ ਉਹ ਪਾਠਕਾਂ ਨੂੰ ਪ੍ਰਭਾਵਿਤ ਕਰਨ ਲਈ ਉਪਮਾ,ਅਲੰਕਾਰ,ਰੂਪਕ,

ਦ੍ਰਿਸ਼ਟਾਂਤ, ਬਿੰਬਾਂ,ਲੰਮੇ ਵਿਸ਼ੇਸ਼ਣ ਆਦਿ ਵਰਤਦਾ ਹੈ ਜੋ ਕਿ ਉਸਦੇ ਮੁਹਾਂਦਰੇ ਨੂੰ ਵਖਰਾਉਂਦੇ ਹਨ।

    ਡਾ.ਰੌਸ਼ਨ ਲਾਲ ਅਹੂਜਾ ਦੇ ਵਿਚਾਰ ਅਨੁਸਾਰ "ਜਿਸ ਤਰ੍ਹਾਂ ਇਕ ਇਸਤਰੀ ਸ਼ੀਸ਼ੇ ਦੇ ਅਗੋ ਖਲੋ ਕੇ ਆਪਣੇ ਆਪ ਨੂੰ ਸੰਵਾਰਦੀ ਹੈ... ਓਸੇ ਤਰ੍ਹਾਂ ਗੁਰਬਖਸ਼ ਸਿੰਘ ਵੀ ਗੱਲ ਨੂੰ ਸਿਰਫ਼ ਕਹਿਣ ਨਾਲ ਸੰਤੁਸ਼ਟ ਨਹੀ ਹੁੰਦਾ,ਸਗੋਂ ਹਰ ਗੱਲ ਇੱਕ ਵਿਸ਼ੇਸ਼

ਢੰਗ ਨਾਲ ਕਰੇਗਾ।ਕਈ ਢੰਗ ਨਾਲ ਕਹਿਣ ਵਿਚ ਸਵਾਦ ਲਵੇਗਾ ,ਕਦੇ ਦੁਹਰਾ ਕੇ,ਕਦੇ ਘਟਾ ਵਧਾ ਕੇ,ਕਦੇ ਅਲੰਕ੍ਰਿਤ ਕਰਕੇ ਜਿਤਨਾ ਵੀ ਰਸ ਉਹ ਇਕ ਗੱਲ ਦੇ ਅਨੇਕ ਪ੍ਰਗਟਾਵਾ ਦੁਆਰਾ ਮਾਣ ਸਕਦਾ ਹੈ,ਉਹ ਮਾਣਦਾ ਚਲਾ ਜਾਏਗਾ।

ਉਸਦੀ ਸ਼ੈਲੀ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਪਾਠਕਾਂ ਸਾਹਮਣੇ ਆਪਣੇ ਆਪ ਨੂੰ ਵਿਦਵਾਨ ਸਿੱਧ ਕਰਨ ਦੀ ਕੋਸ਼ਿਸ਼ ਨਹੀ ਕਰਦਾ ਬਲਕਿ ਨਿਮਰਤਾ ਨਾਲ ਸਗੋਂ ਇਜ਼ਾਜ਼ਤ ਲੈਣ ਵਾਲੇ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕਰਦਾ ਹੈ।

ਉਸਦੀ ਵਾਰਤਕ ਵਿਚ ਕਾਵਿਮਈ ਰੰਗਣਾ ਹੈ,ਜਿਸ ਨੂੰ ਕੁਝ ਵਿਦਵਾਨ ਉਸਦੀ  ਵਾਰਤਕ ਦੀ ਕਮਜ਼ੋਰੀ  ਮੰਨਦੇ ਹਨ।ਕ੍ਰਿਪਾਲ ਸਿੰਘ ਯੋਗੀ ਦਾ ਕਹਿਣਾ ਹੈ ਕਿ "ਇਹੋ ਜਿਹੀ ਕਾਵਿ ਚਮਤਕਾਰਾਂ ਭਰੀ ਸ਼ੈਲੀ ਆਕਰਸ਼ਕ ਹੋਣ ਕਰਕੇ ਪਾਠਕ ਨੂੰ ਬੰਨ੍ਹ ਜਰੂਰ ਲੈਂਦੀ ਹੈ,ਪਰ ਪਾਠਕ ਨੂੰ ਕਈ ਵਾਰ ਸਿਵਾ ਰਸ ਦੇ ਹੋਰ ਕੁਝ ਪੱਲੇ ਨਹੀਂ ਪੈਂਦਾ।

  ਗੁਰਬਖਸ਼ ਸਿੰਘ ਦੀ ਵਾਰਤਕ ਦੀ ਸ਼ੈਲੀ ਰੂੜੀ ਇਹ ਵੀ ਹੈ ਕਿ ਉਹ ਨਵੇਂ ਨਵੇਂ ਸ਼ਬਦ ਘੜਨ ਵਿਚ ਮਾਹਿਰ ਹੈ।ਉਸ ਨੂੰ ਜੇ ਸ਼ਬਦਾਂ ਦੀ ਟਕਸਾਲ ਕਿਹਾ ਜਾਏ ਤਾਂ ਗ਼ਲਤ ਨਹੀਂ ਹੋਵੇਗਾ।

ਉਹ ਅੰਗ੍ਰੇਜੀ,ਉਰਦੂ, ਫ਼ਾਰਸੀ,ਹਿੰਦੀ ਆਦਿ ਦੇ ਸ਼ਬਦ ਬਿਨਾਂ ਕਿਸੇ ਸੰਕੋਚ ਦੇ ਵਰਤਦਾ ਹੈ। ਇਸ ਤੋਂ ਇਲਾਵਾ ਜੇ ਉਸਨੂੰ ਇਹ

ਮਹਿਸੂਸ ਹੋਵੇ ਕਿ ਕਿਸੇ ਵੀ ਭਾਸ਼ਾ ਦਾ ਕੋਈ ਪ੍ਰਚਲਿਤ ਸ਼ਬਦ ਉਸਦੇ ਪ੍ਰਗਟਾਏ ਵਿਚਾਰਾਂ ਨਾਲ ਇਨਸਾਫ਼ ਨਹੀਂ ਕਰ ਸਕੇਗਾ ਤਾਂ ਉਹ ਆਪਣੇ ਨਵੇਂ ਸ਼ਬਦ ਪੜ੍ਹ ਲੈਂਦਾ ਹੈ ਜਿਵੇਂ:ਬੇ ਲੋੜੀ ਆਂ, ਬੇਸ਼ੁਮਾਰ ਨਵੀਆਂ ਬੰਦਸ਼ਾਂ ਵਿਚ ਲਿਆਂਦੀਆਂ।

ਉਸਦੀ ਵਾਰਤਕ ਵਿਚ ਮਿਲਦੇ ਕਈ ਨਵੇਂ ਘੜੇ ਸਮਾਸ ਇਸ ਪ੍ਰਕਾਰ ਹਨ:ਪ੍ਰੀਤਲੜੀ,ਪ੍ਰੀਤ ਮਿਲਣੀ,ਪ੍ਰੇਮ ਮਾਲਾ,ਪਿਆਰ ਰੋਗ, ਪਿਆਰ ਕਹਾਣੀ,ਪਿਆਰ ਪੁੰਜ,ਜੀਵਨ ਜਾਂਚ,ਜੀਵਨ ਮਨੋਰਥ,ਜੀਵਨ ਚੰਗਿਆੜੀ,ਜੀਵਨ ਫ਼ਲਸਫ਼ਾ,ਜੀਵਨ ਕਵਿਤਾ,ਵਿਸ਼ਵ ਸੁੰਦਰਤਾ, ਮਨੁੱਖ ਸਨੇਹੀ,ਮਨੁੱਖ ਹਿਤ,ਮਨੁੱਖ ਮਨ,ਲੋਕ ਗੁਰੂ, ਲੋਕ ਜੀਵਨ,ਲੋਕ ਖਿੱਚ ਆਦਿ।

  ਆਪਣੀਆਂ ਵਾਰਤਕ ਰਚਨਾਵਾਂ ਵਿਚ ਵਾਰਤਾਲਾਪੀ ਢੰਗ ਵਰਤਦਿਆਂ ਉਹ ਇਸ ਗੱਲ ਦਾ ਖਾਸ ਧਿਆਨ ਰੱਖਦਾ ਹੈ ਕਿ ਉਹ ਵਾਰਤਾਲਾਪ ਪਾਤਰਾਂ ਦੀ ਬੋਲੀ ਅਨੁਰੂਪ ਹੀ ਕੀਤਾ ਜਾਏ।

ਉਸ ਦੀ ਸ਼ੈਲੀ ਦੀ ਇਕ  ਵਿਸ਼ੇਸ਼ਤਾ ਇਹ ਵੀ ਕਿ ਉਹ ਬੜੇ ਲੰਮੇ ਲੰਮੇ ਵਿਸ਼ੇਸ਼ਣ ਵਰਤਦਾ ਹੈ ਜਿਵੇਂ "ਜ਼ਿੰਦਗ਼ੀ" ਨੂੰ ਕਦੇ ਸਾਂਵੀ ਪੱਧਰੀ ਜ਼ਿੰਦਗੀ,ਸੁਖਾਵੀਂ ਸੁਧਰੀ ਜ਼ਿੰਦਗੀ,ਭਖਦੀ ਜੀਵਨ ਚੰਗਿਆੜੀ ਕਹਿੰਦਾ ਹੈ।

ਉਹ ਨੌਜਵਾਨਾਂ ਨੂੰ ਛੋਟੀਆਂ ਛੋਟੀਆਂ ਹਿਦਾਇਤਾਂ ਦੇ ਕੇ ਚੰਗੀਆਂ ਆਦਤਾਂ ਵੱਲ ਪ੍ਰੇਰਦਾ ਹੈ। ਉਹਨਾਂ ਦੀ ਸ਼ੈਲੀ ਦੀ ਇਕ ਵਿਸ਼ੇਸ਼ਤਾ ਇਹ ਵੀ ਰਹੀ ਹੈ ਕਿ ਉਸ ਦੀਆਂ ਵਾਰਤਕ ਰਚਨਾਵਾਂ ਵਿਚ ਕਟਾਖ਼ਸਮਈ ਚੈਟ ਤੇ ਨਿੰਦਾ ਭਰੇ ਸ਼ਬਦ ਨਹੀਂ ਮਿਲਦੇ।

ਕਈ ਵਾਰ ਵਾਰਤਕਕਾਰ ਅਧੂਰੀ ਗੱਲ ਕਰਕੇ ਬਾਕੀ ਜਾਣ ਬੁੱਝ ਛੋੜ ਦਿੰਦੇ ਹਨ ਤਾਂ ਕਿ ਪਾਠਕ ਇਸ ਨੂੰ ਸਮਝਣ ਵਿਚ ਦਿਮਾਗ ਲਾਉਣ।ਲੇਕਿਨ ਅਜਿਹੀ ਸ਼ੈਲੀ ਜੁਗਤ ਵਿਚ ਸਮੱਸਿਆ ਇਹ ਹੋ ਜਾਂਦੀ ਹੈ ਕਿ ਵਾਰਤਕ ਕਾਰ ਦਾ ਆਪਣਾ ਮੂਲ ਮਨੋਰਥ ਕੀ ਸੀ,ਇਹ ਸਪਸਟ ਨਹੀਂ ਹੁੰਦਾ ਤੇ ਪਾਠਕ ਆਪਣੀ ਆਪਣੀ ਅਕਲ ਅਨੁਸਾਰ ਉਸ ਵਿਚਾਰ ਨੂੰ ਸਮਝਦੇ ਹਨ। ਉਹ ਜਿਆਦਾਤਰ ਨਿੱਕੇ ਨਿੱਕੇ ਵਾਕ ਲਿਖਦਾ ਹੈ,ਜਿਸ ਵਿਚ ਕੋਈ ਨਾ ਕੋਈ ਸੰਦੇਸ਼ ਵਰਗਾ ਵਿਚਾਰ ਪ੍ਰਸਤੁਤ ਕਰ ਜਾਂਦਾ ਹੈ।

  ਅੰਤ ਤੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਵਾਰਤਕ ਸ਼ੈਲੀ ਬਿਲਕੁਲ ਅਲੱਗ ਤੇ ਰੌਚਕਤਾ ਭਰਪੁੂਰ ਹੈ।[2]

  1. ਸਿੰਘ, ਜੀਵਨ (1976). ਸਾਹਿਤ ਸਮਾਚਾਰ ਦਾ ਗੁਰਬਖਸ਼ ਸਿੰਘ ਅੰਕ. ਲੁਧਿਆਣਾ: ਲਾਹੌਰ ਬੁੱਕ ਸ਼ਾਪ. pp. 14–40.
  2. ਬਿੰਦਰਾ, ਜਸਵਿੰਦਰ ਕੌਰ (1994). ਵਾਰਤਕ ਕਾਰ ਗੁਰਬਖਸ਼ ਸਿੰਘ ਪ੍ਰੀਤਲੜੀ. ਦਿੱਲੀ: ਨੈਸ਼ਨਲ ਬੁੱਕ ਸ਼ਾਪ. pp. 122–161.