ਗੱਲ-ਬਾਤ:ਪੇਂਡੂ ਸਭਿਅਤਾ ਦਾ ਅਜਾਇਬ ਘਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ

ਪੁਰਾਤਨ ਪੰਜਾਬ ਦੀ ਪੇਂਡੂ ਸਭਿਅਤਾ ਦਾ ਅਜਾਇਬ ਘਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪੰਜਾਬੀ ਸੱਭਿਆਚਾਰ ਦਾ ਇੱਕ ਅਜਾਇਬ ਘਰ ਹੈ। ਸੱਤਵੇਂ-ਅੱਠਵੇਂ ਦਹਾਕੇ 'ਚ ਪੰਜਾਬ ਵਿੱਚ ਉੱਨਤ ਖੇਤੀ ਦੇ ਪ੍ਰਚਲਨ ਨਾਲ ਨਵੀਂ ਤਕਨਾਲੋਜੀ ਵਿਕਸਤ ਹੋ ਰਹੀ ਸੀ, ਜੋ ਕਿ ਰਵਾਇਤੀ ਸੰਦਾਂ ਅਤੇ ਜੀਵਨ ਸ਼ੈਲੀ ਨੂੰ ਬਦਲ ਰਹੀ ਸੀ। ਤੇਜ਼ੀ ਨਾਲ ਆ ਰਹੇ ਇਸ ਬਦਲਾਓ ਨਾਲ ਪੰਜਾਬ ਦੇ ਇਸ ਅਮੀਰ ਸੱਭਿਆਚਾਰ ਵਿਚੋਂ, ਇਸ ਤੋਂ ਪਹਿਲਾਂ ਕਿ ਬਹੁਤ ਸਾਰਾ ਕੁਝ ਗੁਆਚ ਜਾਏ ਇਸ ਨੂੰ ਸੰਭਾਲਣ ਲਈ ਇਸ ਅਜਾਇਬ ਘਰ ਦੀ ਵਿਉਂਤ ਬਣਾਈ ਗਈ। ਇਸ ਦਾ ਸੁਪਨਾ ਡਾ. ਮਹਿੰਦਰ ਸਿੰਘ ਰੰਧਾਵਾ, ਜੋ ਇਸ ਯੂਨੀਵਰਸਿਟੀ ਦੇ ਦੂਸਰੇ ਵਾਈਸ ਚਾਂਸਲਰ ਸਨ, ਨੇ ਲਿਆ। ਉਹਨਾਂ ਨੇ ਆਪਣੀ 1970 ਈ: ਦੀ ਡੈਨਮਾਰਕ ਦੀ ਫੇਰੀ ਦੌਰਾਨ ਕੋਪਨਹੈਗਨ ਦੇ ਨੇੜੇ ਇੱਕ ਖੁੱਲਾ ਅਜਾਇਬ ਘਰ ਦੇਖਿਆ, ਜੋ 88 ਏਕੜਾਂ ਵਿੱਚ ਫੈਲਿਆ ਹੋਇਆ ਸੀ ਅਤੇ ਉਸ ਅਜਾਇਬ ਘਰ ਵਿੱਚ ਖੇਤਾਂ ਵਿੱਚ ਹਵੇਲੀਆਂ, ਛੋਟੇ ਘਰ, ਮਸ਼ੀਨੀ ਚੱਕੀਆਂ ਆਦਿ ਨੂੰ ਸੰਭਾਲ ਕੇ ਪਿਛਲੇ 300 ਸਾਲਾਂ ਦੇ ਪੇਂਡੂ ਜੀਵਨ ਦੇ ਨਕਸ਼ੇ ਨੂੰ ਖਿੱਚ ਕੇ ਰੱਖਣ ਦਾ ਯਤਨ ਕੀਤਾ ਗਿਆ ਸੀ। ਇਹ ਅਜਾਇਬ ਘਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸਥਿਤ 'ਪੰਜਾਬ ਦੀ ਪੇਂਡੂ ਸਭਿਅਤਾ ਦਾ ਅਜਾਇਬ ਘਰ' ਦਾ ਸਰੋਤ ਬਿੰਦੂ ਬਣਿਆ ਕਿਉਂਕਿ ਇਸ ਨੂੰ ਦੇਖ ਕੇ ਹੀ ਡਾ. ਮਹਿੰਦਰ ਸਿੰਘ ਰੰਧਾਵਾ 18ਵੀਂ ਤੇ 19ਵੀਂ ਸਦੀ ਦੇ ਪੰਜਾਬ ਦੇ ਪੇਂਡੂ ਜੀਵਨ ਨੂੰ ਦਰਸਾਉਣ ਲਈ ਯੂਨੀਵਰਸਿਟੀ ਵਿੱਚ ਇਸ ਅਜਾਇਬ ਘਰ ਦੀ ਵਿਉਂਤ ਰਚੀ। ਇਸ ਦੀ ਇਮਾਰਤ ਹੀ ਆਪਣੇ ਆਪ ਵਿੱਚ ਅਜੂਬਾ ਹੈ, ਜੋ ਪੰਜਾਬ ਦੀ ਪੁਰਾਤਨ ਮਕਾਨ ਉਸਾਰੀ ਕਲਾ ਦਾ ਵਿਲੱਖਣ ਨਮੂਨਾ ਹੈ। ਡਾ. ਜੀਤਾ ਰਾਮ ਭੰਬੋਟਾ ਇਸ ਦੀ ਉਸਾਰੀ ਵੇਲੇ ਦੇ ਚਿਤਰ ਨੂੰ ਆਪਣੀ ਕਵਿਤਾ ਵਿੱਚ ਇਉਂ ਪੇਸ ਕਰਦੇ ਹਨ:

'ਅਜਾਇਬ ਘਰ' ਇੱਕ ਬਣ ਰਿਹਾ ਇਸ ਥਾਂ ਤੇ

ਦੁਨੀਆ ਵਿੱਚ ਜਿਹੜਾ ਬੇ-ਮਿਸਾਲ ਹੋਸੀ।

'ਕਲਚਰ' ਰੱਖੇਗਾ ਸਾਂਭ ਪੰਜਾਬੀਆਂ ਦਾ,

ਜਿਸ ਨੂੰ ਦੇਖ ਹੈਰਾਨ ਸੰਸਾਰ ਹੋਸੀ।

ਏਸ 'ਮਿਸ਼ਨ' ਨੂੰ ਪੂਰਾ ਕਰਨ ਦੇ ਲਈ,

'ਰੰਧਾਵਾ ਸਾਹਿਬ' ਪੂਰਾ ਜ਼ੋਰ ਲਾ ਰਹੇ ਨੇ।

'ਕਲਚਰ' ਮਿਟ ਨਾ ਜਾਏ ਪੰਜਾਬੀਆਂ ਦਾ,

ਲੱਭਣ ਆਪ ਚੀਜ਼ਾਂ ਥਾਂ ਥਾਂ ਜਾ ਰਹੇ ਨੇ।

ਹੁਕਮ ਹੋਇਆ ਚੀਜ਼ਾਂ ਲੱਭੋ ਪਿੰਡਾਂ ਵਿਚੋਂ,

ਲੱਭੋ ਚੀਜ਼ਾਂ ਬਹੁਤ ਪੁਰਾਣੀਆਂ ਨੂੰ।

ਪਲੰਘ, ਪੀੜ੍ਹੇ, ਚਰਖੇ, ਚਾਰਪਾਈਆਂ,

ਲੈ ਆਓ ਲੱਭ ਕੇ ਹੋਰ ਨਿਸ਼ਾਨੀਆਂ ਨੂੰ।

ਖੇਤੀਬਾੜੀ ਦੇ ਲੱਭੋ ਹਥਿਆਰ ਸਾਰੇ,

ਮਿਲ ਕੇ ਤਾਏ, ਚਾਚੇ, ਨਾਨੇ ਨਾਨੀਆਂ ਨੂੰ।

ਵਰਤੋਂ ਵਿੱਚ ਚੀਜ਼ਾਂ ਜੋ ਜੋ ਸੀ ਪਹਿਲੇ,

ਲੱਭ ਲਿਆਓ ਮਿਲ ਕੇ ਰਾਜੇ ਰਾਣੀਆਂ ਨੂੰ।

ਕੱਪੜੇ ਬੁਣਨ ਦੇ ਲੱਭੋ ਹਥਿਆਰ ਸਾਰੇ,

ਲੱਭ ਲਿਆਓ ਜਾ ਕੇ ਤੰਦ ਤਾਣੀਆਂ ਨੂੰ।

ਲਿਆ ਕੇ ਸਾਰੀਆਂ ਰੱਖੋ ਅਜਾਇਬ ਘਰ ਵਿਚ,

ਯਾਦਗਾਰਾਂ ਕੁੱਲ ਪੁਰਾਣੀਆਂ ਨੂੰ।

ਜਾਈਏ ਭੁਲ ਨਾ ਆਪਣੀ ਸਭਿਅਤਾ ਨੂੰ,

ਨਾ ਹੀ ਭੁੱਲੀਏ ਕੌਮ ਦੇ ਬਾਨੀਆਂ ਨੂੰ।[1]

ਪੇਂਡੂ ਸਭਿਅਤਾ ਦਾ ਅਜਾਇਬ ਘਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਾਰੇ ਗੱਲਬਾਤ ਸ਼ੁਰੂ ਕਰੋ

ਗੱਲਬਾਤ ਸ਼ੁਰੂ ਕਰੋ
Return to "ਪੇਂਡੂ ਸਭਿਅਤਾ ਦਾ ਅਜਾਇਬ ਘਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ" page.