ਗੱਲ-ਬਾਤ:ਭੈਣੀ ਮਹਿਰਾਜ

ਤਾਜ਼ਾ ਟਿੱਪਣੀ: 3 ਮਹੀਨੇ ਪਹਿਲਾਂ TEJPAL SINGH SARAON ਵੱਲੋਂ ਮੇਰੇ ਪਿੰਡ ਦਾ ਮਾਣਮੱਤਾ ਇਤਿਹਾਸ ਵਿਸ਼ੇ ਵਿੱਚ

ਮੇਰੇ ਪਿੰਡ ਦਾ ਮਾਣਮੱਤਾ ਇਤਿਹਾਸ

ਸੋਧੋ

ਮੇਰੇ ਪਿੰਡ ਦਾ ਮਾਣਮੱਤਾ ਇਤਿਹਾਸ

ਪਿੰਡ ਦੇ ਸਭ ਤੋਂ ਪਹਿਲਾ ਟੀਵੀ ਆਲ਼ੇ ਘਰ ਡਾਕਟਰ ਜਰਨੈਲ ਸਿੰਘ ਨਾਮਧਾਰੀ ਬੇਅੰਤ ਸਿੰਘ, ਗੁਰਨਾਮ ਸਿੰਘ ਸਰਪੰਚ ਅਤੇ ਹਰੀ ਬਾਣੀਏ ਕੇ ਚੱਲਣ ਲੱਗੇ ਸਨ। ਸਾਰਾ ਪਿੰਡ ਹੈਰਾਨ ਹੋਇਆ ਸੀ ਕਿ ਇੰਨੇ ਕੁ ਡੱਬੇ ਜਿਹੇ ਵਿਚ ਬੰਦੇ ਕਿਵੇਂ ਬੋਲ ਰਹੇ ਆ।

ਮੇਰੇ ਪਿੰਡ ਦਾ ਪਹਿਲਾ ਏਸ਼ੀਅਨ ਗੋਲਡ ਬਲਦੇਵ ਸਿੰਘ ਫੌਜੀ ਰਿਹਾ,ਜੋ ਕਿ ਉਨ੍ਹਾਂ ਵੇਲਿਆਂ 'ਚ ਜਹਾਜ਼ਾਂ ਦੇ ਟਾਇਮ ਟੇਬਲ ਵੀ ਬਣਾਉਂਦਾ ਰਿਹਾ।

ਪਿੰਡ ਵਿੱਚ ਸਭ ਤੋਂ ਪਹਿਲਾਂ ਟਰੈਕਟਰ ਸੱਦੇ ਕੇ ਤੋਤਾ ਸਿਓਂ ਦੇ ਬੂਹੇ ਢੁਕਿਆ ਸੀ।

ਪਿੰਡ ਵਿੱਚ ਸਭ ਤੋਂ ਪਹਿਲੇ ਟੈਲੀਫੋਨ ਦੀ ਘਾਂਟੀ ਡਾਕਟਰ ਨਛੱਤਰ ਸਿੰਘ ਅਤੇ ਹਰੀ ਬਾਣੀਏ ਦੇ ਘਰ ਖੜਕੀ ਸੀ।

ਪਹਿਲੀਆਂ ਚ ਸਭ ਤੋਂ ਵੱਧ ਪੈਲ਼ੀ ਵਾਹੁਣ ਵਾਲੇ ਗੰਮ ਸਿਓਂ ਕੇ, ਸੱਦੇ ਕੇ ਤੋਤਾ ਸਿੰਘ ਅਤੇ ਗੁਰਨਾਮ ਸਿੰਘ ਸਰਪੰਚ ਹੁਰੀਂ ਸਭ ਤੋਂ ਵੱਧ ਜ਼ਮੀਨਾਂ ਆਲ਼ੇ ਜ਼ਿਮੀਂਦਾਰ ਵੱਜਦੇ ਰਹੇ।

ਪਿੰਡ ਵਿੱਚ ਸਭ ਤੋਂ ਪਹਿਲਾ ਸਾਈਕਲ ਬਾਗ਼ ਆਲ਼ੇ ਬਾਬੇ ਘਾਲਾ ਸਿੰਘ ਕੋਲ ਹੁੰਦਾ ਸੀ।

ਪਿੰਡ ਵਿੱਚ ਸਭ ਤੋਂ ਪਹਿਲਾਂ ਭਾਰਤ ਦੀ ਪਹਿਲੀ ਕਾਰ ਅੰਬੈਸਡਰ ਕਾਰ ਤੋਤੀ ਫੌਜੀ ਕੋਲ਼ ਆਈ ਸੀ।

ਪਿੰਡ ਵਿੱਚ ਸਭ ਤੋਂ ਪਹਿਲੇ ਕਾਰ ਡਰਾਈਵਰ ਗੁਰਾਦਿੱਤਾ ਸਿੰਘ ਅਤੇ ਗੁਰਜੰਟ ਸਿੰਘ। ਜਿਨ੍ਹਾਂ ਨੇ ਕਲਕੱਤੇ ਵਿੱਚ ਕਾਰਾਂ ਤੇ ਡਰਾਈਵਰੀ ਕੀਤੀ।

ਪਿੰਡ ਦਾ ਪਹਿਲਾ ਕਾਰਗਿਲ ਸ਼ਹੀਦ ਫੌਜੀ ਮੇਰੇ ਦਾਦੇ ਦਾ ਚਾਚਾ ਮੱਘਰ ਸਿੰਘ ਸਪੁੱਤਰ ਗੁੱਜਰ ਸਿੰਘ ਸੀ,ਜੋ ਚੀਨ ਦੀ ਜੰਗ ਦੌਰਾਨ ਬਰਫ ਵਿੱਚ ਦਬ ਕੇ ਸ਼ਹੀਦ ਹੋ ਗਿਆ ਸੀ।

ਦੇਸ਼ ਦੀ ਆਜ਼ਾਦੀ ਲਈ ਪਿੰਡ ਦਾ ਪਹਿਲਾ ਸ਼ਹੀਦ ਬਾਬਾ ਘਾਲਾ ਸਿੰਘ ਬਾਗ਼ ਵਾਲਾ ਬਾਬਾ ਸੀ।‌ ਜਿਹੜਾ ਆਜ਼ਾਦੀ ਘੁਲਾਟੀਆਂ ਲਈ ਆਪਣੇ ਬਾਗ ਵਿੱਚ ਬੰਬ ਤਿਆਰ ਕਰਦਾ ਹੁੰਦਾ ਸੀ ਅਤੇ ਉਨ੍ਹਾਂ ਲਈ ਅੰਬਾਂ ਦੇ ਬਾਗ ਵਿੱਚ ਅਰਾਮਗਾਹ ਵੀ ਬਣਾਇਆ ਹੋਇਆ ਸੀ।

ਪਿੰਡ ਵਿੱਚ ਪਹਿਲੀ ਸੜਕ ਸਰਪੰਚ ਪੂਰਨ ਸਿੰਘ ਨੇ ਬਣਵਾਈ ਸੀ।

ਪਿੰਡ ਵਿੱਚ ਸਭ ਤੋਂ ਪਹਿਲਾ ਵਿੱਦਿਆ ਮੰਦਰ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਸੰਨ 1951 'ਚ ਬਣਿਆ।

ਪਿੰਡ ਦਾ ਪਹਿਲਾ ਸਰਪੰਚ ਜੱਗਰ ਸਿੰਘ ਪੰਧੇਰ 1960 ਵਿੱਚ ਚੁਣਿਆ ਗਿਆ ਸੀ।

ਪਿੰਡ ਵਿੱਚ ਸਰਕਾਰੀ ਟੈਲੀਫੋਨ ਪਹਿਲੀ ਵਾਰ ਸਰਵਣ ਸਿੰਘ ਲਹਿਰੀ ਨੇ ਸਰਾਵਾਂ ਆਲ਼ੀ ਧਰਮਸਾਲਾ ਵਿੱਚ ਲਗਵਾਇਆ ਸੀ।

ਪਿੰਡ ਦੀ ਸਭ ਤੋਂ ਪਹਿਲੀ ਬੱਸ ਟਰਾਂਸਪੋਰਟ ਰਾਮਸਰ ਟਰਾਂਸਪੋਰਟ ਸੀ। ਜਿਹੜੀ ਮਲਕੀਤ ਸਿੰਘ ਧਾਲੀਵਾਲ ਹੁਰਾਂ ਨੇ ਚਲਾਈ ਸੀ।

ਧਰਮ ਖ਼ਾਤਰ ਜਾਨ ਕੁਰਬਾਨ ਕਰਨ ਵਾਲੇ ਪਿੰਡ ਦੇ ਪਹਿਲੇ ਧਰਮੀ ਸ਼ਹੀਦ, ਸ਼ਹੀਦ ਭਾਈ ਦਿਆਦੀਪਕ ਸਿੰਘ, ਸ਼ਹੀਦ ਭਾਈ ਹਰਬੰਸ ਸਿੰਘ ਬੰਸੀ ਫੌਜੀ ਇਸ ਪਿੰਡ ਦੀ ਜੂਹ ਚ ਪਲੇ ਅਤੇ ਸ਼ਹੀਦ ਹੋਏ।

ਪਿੰਡ ਦਾ ਸਭ ਤੋਂ ਪਹਿਲਾ ਲੋਕ ਗੀਤ ਮੁਕਾਬਲਿਆਂ ਦਾ ਗੋਲਡ ਮੈਡਲਿਸਟ ਵਿਦਿਆਰਥੀ ਡਾਕਟਰ ਨਛੱਤਰ ਸਿੰਘ ਰਿਹਾ।

ਪਿੰਡ ਵਿੱਚ ਸਭ ਤੋਂ ਪਹਿਲਾਂ ਅਕਾਸ਼ਵਾਣੀ ਪ੍ਰਸਾਰਣ ਰੇਡੀਓ ਰਾਹੀਂ ਸਰਪੰਚ ਇੰਦਰ ਸਿੰਘ ਸਰਾਓਂ ਹੁਰਾਂ ਨੇ ਲਗਵਾਇਆ ਸੀ।

ਪਿੰਡ ਵਿੱਚ ਸਭ ਤੋਂ ਪਹਿਲਾਂ ਕੋਅਪਰੇਟਿਵ ਸੁਸਾਇਟੀ ਲਿਆਉਣ ਵਾਲ਼ਾ ਸਰਪੰਚ ਇੰਦਰ ਸਿੰਘ ਸਰਾਓਂ ਸੀ।

ਪਿੰਡ ਦੀ ਵਿਰਾਸਤੀ ਸੱਥ 'ਚ ਨਿੱਕੀਆਂ ਇੱਟਾਂ ਦੀਆਂ ਮੌਣਾਂ ਵਾਲਾ ਗੋਲ੍ਹਾ ਖੂਹ ਜਿਹੜਾ ਮਹਾਰਾਣੀ ਨਾਭਾ ਨੇ ਖੁਦਵਾਇਆ ਅਤੇ ਬਣਵਾਇਆ ਸੀ। ਇਸ ਖੂਹ ਦਾ ਮਿੱਠਾ ਤੇ ਠੰਡਾ ਪਾਣੀ ਰਾਜ ਘਰਾਣੇ ਦੀ ਪਹਿਲੀ ਪਸੰਦ ਬਣ ਗਿਆ ਸੀ। ਇਸੇ ਕਰਕੇ ਇੱਕ ਪਿੰਡ ਤੋਂ ਦੂਜੇ ਪਿੰਡ ਮਹਿਰਿਆਂ ਦੇ ਰਾਹੀਂ ਇਸ ਖੂਹ ਦਾ ਪਾਣੀ ਮਟਕੇ ਭਰ ਕੇ ਭੈਣੀ ਤੋਂ ਰੋਜ਼ਾਨਾਂ ਰਾਜ ਮਹਿਲਾਂ ਵਿੱਚ ਨਾਭੇ ਪਹੁੰਚਦਾ ਰਿਹਾ।

ਸੱਚੀਂ ਹੀ ਮੇਰਾ ਪਿੰਡ ਨਿਰਾ ਸਵਰਗ ਹੈ। ਇੱਥੋਂ ਦੇ ਲੋਕ,ਪੌਣ ਪਾਣੀ, ਧਰਤਿ ਧਵਲ ਆਕਾਸ ਵਿੱਚ ਵਾਹਿਗੁਰੂ ਦਾ ਸਰੂਰ ਹੈ। ਫਸਲਾਂ ਲਹਿਰਾਉਂਦੀਆਂ ਦੇਖ ਦੇਖ ਕੁਦਰਤ ਨੂੰ ਵਾਰ ਵਾਰ ਸਿਜਦਾ ਹੁੰਦਾ। ਸਵੇਰੇ ਅੰਮ੍ਰਿਤ ਵੇਲੇ ਬਾਬੇ ਗੁਰੂ ਤੇਗ ਬਹਾਦਰ ਦੇ ਘਰੋਂ ਨਗਾਰੇ ਦੀ ਗੂੰਜ ਨਾਲ ਨਗਰ ਖੇੜਾ ਜਾਗ ਜਾਂਦਾ। ਪੰਛੀਆਂ ਦਾ ਚਹਿਚਹਾਉਣਾ ਸ਼ੁਰੂ ਹੋ ਜਾਂਦਾ। ਪਿੰਡ ਦਿਆਂ ਨੌਜਵਾਨਾਂ ਦਾ ਗਰਾਊਂਡ ਵਿੱਚ ਭੱਜਣਾ ਨੱਠਣਾ, ਮਿਹਨਤਾਂ ਦਾ ਦੌਰ ਸ਼ੁਰੂ ਹੋ ਜਾਂਦਾ। ਅੱਲ੍ਹਾ ਦਿਆਂ ਬੰਦਿਆਂ ਦੀ ਪੰਜ ਨਮਾਜ਼ਾਂ ਸਾਰੇ ਨਗਰ ਦੇ ਕੰਨਾਂ ਵਿੱਚ ਰਸਦੀਆਂ ਨੇ। ਸ਼ਿਵ ਭੋਲੇ ਦੇ ਜਗਰਾਤੇ ਤੇ ਸਭ ਮਜ਼ਹਬ ਇਕੱਠੇ ਹੁੰਦੇ ਆ। ਗੁਰੂ ਰਵੀਦਾਸ, ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ, ਸ਼ਹੀਦ ਭਾਈ ਜੀਵਨ ਸਿੰਘ ਜੀ ਦੇ ਸਮਾਗਮਾਂ ਤੇ ਨਗਰ ਖੇੜਾ ਜੁੜ ਬਹਿੰਦਾ। ਏਦੂੰ ਵੱਡਾ ਸਵਰਗ ਹੋਰ ਕਿੱਥੇ ਹੋਊ ??

ਬਸ ਦਾਦੇ ਗੁਰੂ ਤੇਗ ਬਹਾਦਰ ਜੀ ਅੱਗੇ ਅਰਦਾਸਾਂ ਨੇ ਕਿ ਨਗਰ ਖੇੜੇ ਨੂੰ ਬੁਰੀਆਂ ਆਫ਼ਤਾਂ ਤੋਂ ਬਚਾ ਕੇ ਰੱਖੀਂ। ਲਿਖਣ ਨੂੰ ਬਹੁਤ ਕੁਝ ਆ ਪਿੰਡ ਤੇ...ਬਾਕੀ ਕਦੇ ਫੇਰ ਲਿਖਾਂਗੇ।

✍️ ਗਗਨਦੀਪ ਸਿੰਘ ਢਿੱਲੋਂ TEJPAL SINGH SARAON (ਗੱਲ-ਬਾਤ) 17:00, 17 ਸਤੰਬਰ 2024 (UTC)ਜਵਾਬ

"ਭੈਣੀ ਮਹਿਰਾਜ" ਸਫ਼ੇ ਉੱਤੇ ਵਾਪਸ ਜਾਓ।