ਚਰਨ ਸਿੰਘ ਸਫ਼ਰੀ
ਚਰਨ ਸਿੰਘ ਸਫ਼ਰੀ ਇੱਕ ਪੰਜਾਬੀ ਗੀਤਕਾਰ ਸੀ।
ਜ਼ਿੰਦਗੀ
ਸੋਧੋਚਰਨ ਸਿੰਘ ਸਫ਼ਰੀ ਦਾ ਜਨਮ ਦਸੂਹਾ ਦੇ ਪਿੰਡ ਬੋਦਲ ਵਿਖੇ 5 ਅਪਰੈਲ 1918 ਨੂੰ ਮਾਤਾ ਇੰਦੀ ਅਤੇ ਪਿਤਾ ਲਾਭ ਸਿੰਘ ਦੇ ਘਰ ਹੋਇਆ। ਛੋਟੀ ਉਮਰ ਵਿੱਚ ਹੀ ਉਸ ਨੂੰ ਸਿੱਖ ਧਰਮ ਨਾਲ ਸਬੰਧਿਤ ਸਾਖੀਆਂ ਨੇ ਉਸ ਦੇ ਜੀਵਨ `ਤੇ ਗਹਿਰਾ ਅਸਰ ਪਾਇਆ ਜੋ ਬਾਅਦ ਵਿੱਚ ਸਫ਼ਰੀ ਦੇ ਗੀਤਾਂ ਵਿੱਚ ਜ਼ਾਹਰ ਹੁੰਦਾ ਹੈ।[1] ਸਫ਼ਰੀ ਦਾ ਵਿਆਹ ਮੋਹਣ ਕੌਰ ਨਾਲ ਹੋਇਆ। ਸਫ਼ਰੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬਤੌਰ ਕਲਰਕ ਦੀ ਨੌਕਰੀ ਕੀਤੀ ਜਿੱਥੇ ਉਸ ਦੀ ਮੁਲਾਕਾਤ ਪੰਜਾਬੀ ਸ਼ਾਇਰ ਬਲਦੇਵ ਚੰਦਰ ਬੇਕਲ ਜੋ ਲਾਲਾ ਧਨੀ ਰਾਮ ਚਾਤ੍ਰਿਕ ਦੇ ਭਾਣਜੇ ਸਨ, ਨਾਲ ਹੋਈ। ਉਨ੍ਹਾਂ ਤੋਂ ਹੀ ਸਫ਼ਰੀ ਨੇ ਧਾਰਮਿਕ ਗੀਤ ਲਿਖਣ ਦੀ ਮੁਹਾਰਤ ਹਾਸਲ ਕੀਤੀ। ਕੁਝ ਸਮੇਂ ਲਈ ਸਫ਼ਰੀ ਨੇ ਭਾਰਤੀ ਫ਼ੌਜ ਵਿੱਚ ਵੀ ਨੌਕਰੀ ਕੀਤੀ, ਪਰ ਛੇਤੀ ਹੀ ਉਸ ਖੇਤਰ ਵਿੱਚੋਂ ਸਿੱਖਿਆ ਵਿਭਾਗ ਵਿੱਚ ਆ ਗਏ ਅਤੇ ਖਾਲਸਾ ਹਿੱਲ (ਹਾਇਰ) ਸੈਕੰਡਰੀ ਸਕੂਲ ਦਸੂਹਾ ਵਿਖੇ ਬਤੌਰ ਪੰਜਾਬੀ ਅਧਿਆਪਕ ਸੇਵਾ ਨਿਭਾਈ। ਸਫ਼ਰੀ ਦੇ ਧਾਰਮਿਕ ਗੀਤਾਂ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਗਾਇਕਾਵਾਂ ਨੇ ਗਾਇਆ ਜਿਨ੍ਹਾਂ ਵਿੱਚ ਮਰਹੂਮ ਬੀਬੀ ਨਰਿੰਦਰ ਬੀਬਾ (ਸਾਕਾ ਸਰਹੰਦ) ਪ੍ਰੋ. ਸਰੂਪ ਸਿੰਘ ਸਰੂਪ, ਬੀਬੀ ਊਸ਼ਾ ਰਾਣੀ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਅਮਰ ਨੂਰੀ, ਦੇਬੀ ਮਕਸੂਸਪੁਰੀ, ਬੀਬੀ ਸਰਬਜੀਤ ਕੌਰ, ਕਰਤਾਰ ਅਰੋੜਾ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਜਗਮੋਹਨ ਕੌਰ, ਕ੍ਰਿਪਾਲ ਸਿੰਘ ਪਾਲ, ਸੁਰਿੰਦਰ ਰਮਤਾ, ਮਾਸਟਰ ਸਲੀਮ, ਸੁਰਿੰਦਰ ਲਾਡੀ, ਨਰਿੰਦਰ ਮਾਵੀ (ਕੈਨੇਡਾ), ਰਾਏ ਜੁਝਾਰ, ਅਵਤਾਰ ਸਿੰਘ ਤਾਰੀ, ਰਸ਼ਪਾਲ ਸਿੰਘ ਪਾਲ ਆਦਿ ਸ਼ਾਮਲ ਹਨ। ਸਫ਼ਰੀ ਦੇ ਸਮਕਾਲੀ ਕਵੀਆਂ ਵਿੱਚ ਨੰਦ ਲਾਲ ਨੂਰਪੁਰੀ, ਵਿਧਾਤਾ ਸਿੰਘ ਤੀਰ, ਫਿਰੋਜ਼ਦੀਨ ਸ਼ਰਫ, ਕਰਤਾਰ ਸਿੰਘ ਬਲੱਗਣ, ਪ੍ਰੀਤਮ ਸਿੰਘ ਕਾਸਦ, ਬਲਵੰਤ ਸਿੰਘ ਨਿਰਵੈਰ, ਰਾਮ ਨਰਾਇਣ ਸਿੰਘ ਦਰਦੀ, ਮੁਜ਼ਰਿਮ ਦਸੂਹੀ, ਜੀਵਨ ਸਿੰਘ ਤੇਜ਼, ਸਾਧੂ ਸਿੰਘ ਦਰਦ, ਸੰਤੋਖ ਸਿੰਘ ਸਫ਼ਰੀ, ਪੂਰਨ ਸਿਘ ਜੋਸ਼, ਚੰਨਣ ਸਿੰਘ, ਚਮਨ ਹਰਗੋਬਿੰਦਪੁਰੀ ਆਦਿ ਨੇ ਸਾਥ ਨਿਭਾਇਆ। ਸਫ਼ਰੀ ਦੇ ਸ਼ਾਗਿਰਦਾਂ ਵਿੱਚ ਸਨਮੁੱਖ ਸਿੰਘ ਆਜ਼ਾਦ, ਚੈਨ ਸਿੰਘ ਚੱਕਰਵਰਤੀ, ਸੁੱਖਜੀਤ ਝਾਸਾਂ ਵਾਲਾ, ਰਾਣਾ ਭੋਗਪੁਰੀਆ, ਕਾਜਲ ਧੂਤਾਂਵਾਲਾ, ਜਸਵੀਰ ਕੁੱਲੀਆ ਵਾਲਾ, ਦੀਪਾ ਉਮਰਪੁਰੀਆ, ਕਾਜਲ ਜੰਡੋਰ ਵਾਲਾ ਦੇ ਨਾਂਅ ਜ਼ਿਕਰਯੋਗ ਹਨ। ਸਫ਼ਰੀ ਦਾ 5 ਜਨਵਰੀ, 2006 ਵਿੱਚ ਦੇਹਾਂਤ ਹੋ ਗਿਆ। ਸੰਤ ਬਾਬਾ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਵਾਲਿਆਂ ਵੱਲੋਂ ਹਰ ਸਾਲ 7 ਜਨਵਰੀ ਨੂੰ ਦਸੂਹਾ ਕਹਿਰਵਾਲੀ ਵਿਖੇ ਇਸ ਮਹਾਨ ਕਵੀ ਦੀ ਬਰਸੀ ਮੌਕੇ ਕਵੀ ਦਰਬਾਰ ਕਰਵਾਇਆ ਜਾਂਦਾ ਹੈ।
ਰਚਨਾਵਾਂ
ਸੋਧੋ- ਜੀਵਨ ਸਫਰ
- ਇਸ਼ਕ ਦੀ ਬਿਜਲੀ
- ਮੀਰਾ ਬਾਈ
- ਤਾਰਿਆਂ ਦੀ ਸੇਧ
- ਪੰਜਾ ਗੁਰਾਂ ਨੇ ਪਹਾੜ ਵਿੱਚ ਲਾਇਆ
- ਨੌਵੇਂ ਪਿਤਾ ਜਦ ਕਤਲਗਾਹ 'ਚ ਆਏ
- ਤੇਗ ਦੀ ਧਾਰ ਉੱਤੇ ਨੱਚ ਓ ਖਾਲਸਾ
- ਸਿੱਖੀ ਦੀਆਂ ਵਾਟਾਂ
- ਲਹੂ ਦੀਆਂ ਲਾਟਾਂ
- ਅੰਮ੍ਰਿਤ ਭਿੱਜੇ ਬੋਲ
- ਗੁਰੂ ਰਵੀਦਾਸ ਮਹਿਮਾ
- ਰਵੀਦਾਸ ਰਿਸ਼ਮਾਂ
- ਜੀਵਨ ਬਾਬਾ ਹਰਨਾਮ ਸਿੰਘ
- ਤੱਕਲੇ ਦੇ ਵਲ ਕੱਢ ਲੈ
ਹਵਾਲੇ
ਸੋਧੋ- ↑ "ਚਰਨ ਸਿੰਘ ਸਫ਼ਰੀ ਪੰਜਾਬੀ ਕਵਿਤਾ". www.punjabi-kavita.com. Retrieved 2022-01-23.