ਚੱਪਾ ਕੁ ਪੂਰਬ
ਚੱਪਾ ਕੁ ਪੂਰਬ ਵਿਜੇ ਵਿਵੇਕ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ਹੈ । ਇਸ ਸੰਗ੍ਰਹਿ ਦਾ ਪਹਿਲਾ ਐਡੀਸ਼ਨ 1999 ਵਿੱਚ ਤੇ ਦੂਸਰਾ ਐਡੀਸ਼ਨ 2013 ਵਿਚ ਚੇਤਨਾ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਹੈ । ਇਸ ਵਿੱਚੋਂ ਕੁਝ ਗ਼ਜ਼ਲਾਂ ਹਨ -
1.
ਬਿਗਾਨੇ ਰਾਹ ਨੇ ਤੇ ਵੀਰਾਨ ਜੂਹਾਂ
ਭਟਕਦੀ ਬੇਖ਼ੁਦੀ ਨੂੰ ਵਰਜਿਆ ਕਰ ।
ਡੇਰਾ ਹਾਂ ਜਿਸਮ ਤੋਂ ਰੂਹ ਤੀਕ ਤੇਰਾ
ਕਦੀ ਤਾਂ ਮਿੱਠਾ ਮਿੱਠਾ ਝਿੜਕਿਆ ਕਰ ।
ਇਹ ਅਪਣੀ ਹੋਂਦ ਦੇ ਵਿਪਰੀਤ ਹੋ ਗਏ
ਬਦਨ ਤਾਂ ਕੀ ਲਹੂ ਤਕ ਸੀਤ ਹੋ ਗਏ,
ਨਹੀਂ ਸਮਝਣਗੇ ਤੇਰੀ ਪੀੜ ਬੰਦੇ,
ਦਰਖ਼ਤਾਂ ਕੋਲ ਬਹਿ ਕੇ ਰੋ ਲਿਆ ਕਰ ।
ਇਹ ਤੇਰਾ ਹਾਣ ਤੇਰੀ ਰੂਹ ਇਹੋ ਨੇਂ
ਹਵਾ, ਧੁੱਪ, ਰੌਸ਼ਨੀ, ਖ਼ੁਸ਼ਬੂ ਇਹੋ ਨੇ,
ਸਿਮਟ ਜਾਵਣ ਤਾਂ ਫਿਰ ਖਿੜਦੇ ਨਹੀਂ ਇਹ,
ਕਦੀ ਜਜ਼ਬਾਤ ਨਾ ਸਿਮਟਣ ਦਿਆ ਕਰ।
ਕਿਸੇ ਨੀਲੇ ਗਗਨ ’ਤੇ ਨੀਝ ਵੀ ਹੈ,
ਉਡਾਰੀ ਦੀ ਮਨਾਂ ਵਿਚ ਰੀਝ ਵੀ ਹੈ,
ਅਜੇ ਪਰਵਾਜ਼ ਕਿੱਥੇ ਹੈ ਪਰਾਂ ਵਿਚ,
ਅਜੇ ਉੱਡਣ ਲਈ ਨਾ ਆਖਿਆ ਕਰ।
ਬੁਝੇ ਸੂਰਜ ਤੋਂ ਹੁਣ ਨਜ਼ਰਾਂ ਹਟਾ ਲੈ,
ਕਿਤੇ ਚੱਪਾ ਕੁ ਥਾਂ ਪੂਰਬ ਬਚਾ ਲੈ ,
ਮੇਰੀ ਤਾਂ ਧੁਖਣ ਦੀ ਆਦਤ ਹੀ ਬਣ ਗਈ,
ਮੇਰੇ ਬਾਰੇ ਨਾ ਏਨਾ ਸੋਚਿਆ ਕਰ।
2.
ਘਟਾਵਾਂ ਰੋਂਦੀਆਂ, ਹਉਕੇ ਹਵਾਵਾਂ ਭਰਦੀਆਂ ਮਿਲੀਆਂ।
ਬਹਾਰਾਂ ਸੜ ਗਏ ਫੁੱਲਾਂ ਦਾ ਮਾਤਮ ਕਰਦੀਆਂ ਮਿਲੀਆਂ।
ਰਿਹਾ ਮੌਸਮ ਅਸਾਡੇ ਨਾਲ ਕਰਦਾ ਸਾਜ਼ਿਸ਼ਾਂ ਹਰ ਪਲ,
ਕਿ ਛਾਵਾਂ ਸੜਦੀਆਂ ਮਿਲੀਆਂ ਤੇ ਧੁੱਪਾਂ ਠਰਦੀਆਂ ਮਿਲੀਆਂ।
ਅਸੀਂ ਥਲ ਵਿਚ ਗਏ ਤਾਂ ਅੱਗ ਦੇ ਬਿਰਖਾਂ ਦੀ ਛਾਂ ਪਾਈ,
ਨਦੀ ਤਕ ਜੇ ਗਏ ਤਾਂ ਕਿਸ਼ਤੀਆਂ ਪੱਥਰ ਦੀਆਂ ਮਿਲੀਆਂ।
ਬਹੁਤ ਹੈਰਾਨ ਹੋਈਆਂ ਵੇਖਿਆ ਪਾਣੀ ਜਦੋਂ ਤੁਰਦਾ,
ਜਦੋਂ ਦਰਿਆ ਨੂੰ ਕੁਝ ਮੁਰਗਾਬੀਆਂ ਸਰਵਰ ਦੀਆਂ ਮਿਲੀਆਂ।
ਧੁਆਂਖੇ ਫੁੱਲ ਕੁਝ, ਕੁਝ ਰੁੱਖ ਸੁੱਕੇ, ਕੁਝ ਕੁ ਪੰਤ ਪੀਲੇ ,
ਬਦਲ ਕੇ ਭੇਸ ਇਉਂ ਜੰਗਲ 'ਚ ਖ਼ਬਰਾਂ ਘਰ ਦੀਆਂ ਮਿਲੀਆਂ।
3.
ਮੌਸਮ ਦੀ ਚੀਕ ਸੁਣ ਜ਼ਰਾ ਪੌਣਾਂ ਦਾ ਰੁਦਨ ਦੇਖ।
ਸੜਕਾਂ ਤੇ ਹੈ ਬਲਦੀ ਪਈ ਕਿੱਦਾਂ ਦੀ ਅਗਨ ਦੇਖ।
ਹਰ ਸ਼ਖ਼ਸ ਦਾ ਹਰ ਬੋਲ ਹੁਣ ਪੱਥਰ ਹੀ ਹੋ ਗਿਐ,
ਤਿੜ ਤਿੜ ਕਿਵੇਂ ਨੇ ਤਿੜਕਦੇ ਸ਼ੀਸ਼ੇ ਦੇ ਬਦਨ ਦੇਖ।
ਸੀਨੇ 'ਚ ਤਿੱਖੀ ਚੀਸ ਪਰ ਬੁੱਲ੍ਹਾਂ 'ਤੇ ਮੁਸਕਣੀ,
ਅੰਦਰ ਦਾ ਮਾਤਮ ਤਕ ਜ਼ਰਾ ਬਾਹਰ ਦਾ ਜਸ਼ਨ ਦੇਖ।
ਅਜ਼ਲਾਂ ਤੋਂ ਤੇਰੇ ਵਾਸਤੇ ਆਇਆ ਹੈ ਜੂਝਦਾ,
ਐ ਜ਼ਿੰਦਗੀ! ਕੁਝ ਆਪਣੇ ਆਸ਼ਕ ਦੀ ਲਗਨ ਦੇਖ।
ਹਰਫ਼ਾਂ ਦੇ ਇਹ ਹਰਨੋਟੜੇ ਕੁਝ ਖੁੱਲ੍ਹ ਕੇ ਦੌੜ ਲੈਣ,
ਏਨਾ ਨਾ ਕੱਸ ਤੂੰ ਬਹਿਰ ਨੂੰ, ਏਦਾਂ ਨਾ ਵਜ਼ਨ ਦੇਖ।
4.
ਇਹ ਕਾਲਾ ਦੌਰ ਕੁਝ ਜਲਵੇ ਵਿਖਾ ਗਿਆ ਮੈਨੂੰ।
ਕਿ ਚੱਕਰ ਮੌਤ ਦਾ ਜੀਣਾ ਸਿਖਾ ਗਿਆ ਮੈਨੂੰ ।
ਤੇਰਾ ਵਾਅਦਾ ਸੀ ਨਿਰਾ ਕੱਚ ਦੀ ਚੂੜੀ ਵਰਗਾ,
ਜਦੋਂ ਟੁੱਟਿਆ ਬਹੁਤ ਟੁਕੜੇ ਬਣਾ ਗਿਆ ਮੈਨੂੰ ।
ਜਾਂ ਡਿੱਠਾ ਫੁੱਲ ਖਿੜਦਾ ਦਿਲ ਬੜਾ ਹੀ ਖ਼ੁਸ਼ ਹੋਇਆ,
ਪਤਾ ਨਹੀਂ ਫੇਰ ਕਾਹਤੋਂ ਰੋਣ ਆ ਗਿਆ ਮੈਨੂੰ।
ਕੋਈ ਜਦ ਆਠਰੇ ਅਤੀਤ ਨੂੰ ਉਚੇੜ ਗਿਆ,
ਤਾਂ ਜ਼ਖ਼ਮ ਵਾਂਗਰਾਂ ਪੂਰਾ ਦੁਖਾ ਗਿਆ ਮੈਨੂੰ !
ਉਹ ਤੇਰੀ ਯਾਦ ਸੀ, ਹਾਲਾਤ ਸਨ ਕਿ ਦਿਲ ਦਾ ਜਨੂੰਨ,
ਉਹ ਕੌਣ ਸੀ ਜਿਹੜਾ ਸ਼ਾਇਰ ਬਣਾ ਗਿਆ ਮੈਨੂੰ?
5.
ਕਦੀ ਵੀ ਦੋਸਤਾ ਮਿੱਟੀ ਨਾ ਸਮਝਦਾ ਮੈਨੂੰ।
ਬਦਨ ਦੀ ਕੰਧ ਤੋਂ ਅੱਗੇ ਜੇ ਪਰਖਦਾ ਮੈਨੂੰ ।
ਨਾ ਮੈਂ ਨਸੀਬ ਹੀ ਬਣਿਆ ਕਿਸੇ ਦਾ ਨਾ ਹੀ ਖ਼ਿਆਲ,
ਨਾ ਕੋਈ ਮੰਗਦਾ ਮੈਨੂੰ ਨਾ ਸੋਚਦਾ ਮੈਨੂੰ ।
ਲਿਪਟ ਕੇ ਉਸ ਨੂੰ ਤੂੰ ਰੋਇਆ ਤੇ ਤੁਰ ਗਿਆ ਤੂੰ ਤਾਂ,
ਬਿਰਖ ਉਹ ਅੱਜ ਤਕ ਸੁਣਦਾ ਹੈ ਸਿਸਕਦਾ ਮੈਨੂੰ ।
ਉਹ ਇਕ ਦਰਿਆ ਸੀ ਤੇ ਇਕ ਵੇਗ ਸੀ ਉਸਦਾ ਪਾਣੀ,
ਖਲੋਂਦਾ ਕਿਸ ਤਰ੍ਹਾਂ ਕਿਥੇ ਉਡੀਕਦਾ ਮੈਨੂੰ ।
ਅਜੇ ਮੈਂ ਵਕਤ ਨੂੰ ਵੇਂਹਦਾ ਹਾਂ ਲੰਘਦਾ ਹਰ ਪਲ,
ਕਿਸੇ ਪਲ ਵਕਤ ਵੀ ਵੇਖੇਗਾ ਬੀਤਦਾ ਮੈਨੂੰ ।
ਉਹ ਆਪਣੀ ਆਖ਼ਰੀ ਤਹਿ ਤਕ ਉਦਾਸ ਹੋ ਜਾਂਦੈ ,
ਜਦ ਮੇਰਾ ਅਕਸ ਹੈ ਸ਼ੀਸ਼ੇ ’ਚੋਂ ਵੇਖਦਾ ਮੈਨੂੰ ।
ਹਵਾਲੇ
ਸੋਧੋ- ↑ ਚੱਪਾ ਕੁ ਪੂਰਬ. ਪੰਜਾਬੀ ਭਵਨ , ਲੁਧਿਆਣਾ: ਚੇਤਨਾ ਪ੍ਰਕਾਸ਼ਨ. 2013. ISBN 9789382851516.
{{cite book}}
:|first=
missing|last=
(help)