ਛਾਣਨਾ ( ਬੇਰੜਾ ਛਾਣਨ ਵਾਲਾ)

ਲੋਹੇ ਦੇ ਗੋਲ ਜਾਂ ਲੰਬਾਈ ਵਿਚ ਜ਼ਿਆਦਾ ਤੇ ਚੌੜਾਈ ਵਿਚ ਘੱਟ ਵਾਲੇ ਛੇਕਾਂ/ਸੁਰਾਖਾਂ ਵਾਲੇ ਲੋਹੇ ਦੇ ਜੰਤਰ ਨੂੰ ਛਾਣਨਾ ਕਹਿੰਦੇ ਹਨ। ਛਾਣਨੇ ਵਿਚੋਂ ਕੋਈ ਵਸਤ ਲੰਘਾ ਕੇ ਸਾਫ ਕੀਤੀ ਜਾਂਦੀ ਹੈ। ਅੱਡ/ਵੱਖ ਕੀਤੀ ਜਾਂਦੀ ਹੈ। ਪਹਿਲੇ ਸਮਿਆਂ ਵਿਚ ਜਦ ਖੇਤੀ ਸਾਰੀ ਬਾਰਸ਼ਾਂ 'ਤੇ ਨਿਰਭਰ ਸੀ, ਉਸ ਸਮੇਂ ਹਾੜੀ ਦੀ ਫ਼ਸਲ ਛੋਲੇ ਤੇ ਕਣਕ ਦੇ ਬੀਜਾਂ ਨੂੰ ਮਿਲਾ ਕੇ ਬੀਜੀ ਜਾਂਦੀ ਸੀ। ਇਸ ਫ਼ਸਲ ਨੂੰ ਬੇਰੜਾ ਫ਼ਸਲ ਕਹਿੰਦੇ ਸਨ। ਕਈ ਇਲਾਕਿਆਂ ਵਿਚ ਬੇਲ੍ਹੜ/ਗੋਜੀ ਵੀ ਕਹਿੰਦੇ ਸਨ। ਬੇਰੜਾ ਫ਼ਸਲ ਬੀਜਣ ਪਿਛੋਂ ਕਾਰਨ ਇਹ ਹੁੰਦਾ ਸੀ ਕਿ ਬਾਰਸ਼ ਨਾਲ ਛੋਲੇ ਤੇ ਕਣਕ ਵਿਚੋਂ ਕੋਈ ਤਾਂ ਅਨਾਜ ਪੱਕ ਹੀ ਜਾਵੇਗਾ। ਜਦ ਬੇਰੜਾ ਫ਼ਸਲ ਦੇ ਦਾਣੇ ਕੱਢ ਲੈਂਦੇ ਸਨ ਤਾਂ ਬੇਰੜੇ ਵਾਲੇ ਛਾਣਨੇ ਨਾਲ ਬੇਰੜੇ ਨੂੰ ਛਾਣ ਕੇ ਛੋਲੇ ਅੱਡ ਕੱਢ ਲਏ ਜਾਂਦੇ ਸਨ। ਕਣਕ ਅੱਡ ਹੋ ਜਾਂਦੀ ਸੀ। ਬੇਰੜੇ ਵਾਲੇ ਛਾਣਨੇ ਦੀ ਲੰਬਾਈ 12 ਕੁ ਫੁੱਟ ਤੇ ਚੌੜਾਈ ਇਕ ਕੁ ਫੁੱਟ ਹੁੰਦੀ ਸੀ। ਇਸ ਦੇ ਕੰਢੇ 4 ਕੁ ਇੰਚ ਉੱਚੇ ਹੁੰਦੇ ਸਨ। ਇਸ ਵਿਚ ਛੇਕ ਦੋ ਕੁ ਇੰਚ ਲੰਮੇ ਤੇ 1/8 ਕੁ ਇੰਚ ਚੌੜੇ ਹੁੰਦੇ ਸਨ। ਇਨ੍ਹਾਂ ਛੇਕਾਂ ਵਿਚੋਂ ਦੀ ਕਣਕ ਹੇਠਾਂ ਕਿਰ ਜਾਂਦੀ ਸੀ। ਛੋਲੇ ਛਾਣਨੇ ਵਿਚ ਰਹਿ ਜਾਂਦੇ ਸਨ।

ਹੁਣ ਸਾਰੀ ਧਰਤੀ ਨੂੰ ਪਾਣੀ ਲੱਗਦਾ ਹੈ। ਇਸ ਲਈ ਹੁਣ ਕੋਈ ਵੀ ਜਿਮੀਂਦਾਰ ਬੇਰੜਾ ਫ਼ਸਲ ਨਹੀਂ ਬੀਜਦਾ। ਇਸ ਲਈ ਬੇਰੜਾ ਛਾਣਨ ਵਾਲੇ ਛਾਣਨੇ ਦੀ ਲੋੜ ਹੀ ਨਹੀਂ ਪੈਂਦੀ। ਹੁਣ ਇਹ ਛਾਣਨਾ ਸਾਡੀਆਂ ਘਰੇਲੂ ਵਸਤਾਂ ਵਿਚੋਂ ਅਲੋਪ ਹੋ ਗਿਆ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.