ਜਨਮ ਸੰਬੰਧੀ ਰੀਤੀ ਰਿਵਾਜ

ਰਸਮਾਂ ਤੇ ਰੀਤਾਂ ਜਦੋਂ ਜੀਵ ਜੰਮਿਆ ਵੀ ਨਹੀਂ ਹੁੰਦਾ ਉਦੋਂ ਤੋਂ ਸ਼ੁਰੂ ਹੋ ਕੇ ਜਿਹਨਾਂ ਚਿਰ ਉਸ ਦੇ ਸਿਵੇ ਉੱਤੇ ਸੁਆਹ ਦੀ ਚੁਟਕੀ ਤਕ ਰਹਿੰਦੀ ਹੈ, ਬਲਕਿ ਉਸ ਤੋਂ ਪਿੱਛੋਂ ਤਕ ਵੀ ਇਹ ਰੀਤਾਂ ਦੀਵਾ ਜਗਾ ਜਗਾ ਕੇ ਇਹ ਰਸਮਾਂ ਸਾਵਧਾਨੀ ਨਾਲ਼ ਨਿਭਾਈਆਂ ਜਾਂਦੀਆਂ ਹਨ।

“ਵਿਅਕਤੀ ਨੇ ਜਿੰਨੀ ਅਸਲ ਉਮਰ ਜੀਵੀ ਹੁੰਦੀ ਹੈ, ਰਸਮਾਂ ਤੇ ਰੀਤਾਂ ਰਾਹੀਂ ਘੱਟੋ ਘੱਟ ਉਸ ਨਾਲ਼ੋਂ ਡਿਉਢਾ ਜੀਵਨ ਜ਼ਰੂਰ ਜੀਵਿਆ ਜਾਂਦਾ ਹੈ।”

ਜਨਮ ਸਮੇਂ ਤੋਂ ਪਹਿਲਾਂ ਦੀਆਂ ਰਸਮਾਂ

ਸੋਧੋ

ਅੱਖ ਸਲਾਈ ਦੀ ਰਸਮ

ਸੋਧੋ

ਅੱਖ ਸਲਾਈ ਦੀ ਰਸਮ ਇਸਤਰੀ ਦੇ ਗਰਭ ਧਾਰਨ ਦੇ ਤੀਜੇ ਮਹੀਨੇ ਕੀਤੀ ਜਾਂਦੀ ਹੈ। ਸੁਰਮਾ ਆਮ ਤੌਰ ਤੇ ਨਣਦ ਪਾਉਂਦੀ ਹੈ। ਇਸ ਰਸਮ ਪਿੱਛੋਂ ਗਰਭਵਤੀ ਔਰਤ ਬੱਚੇ ਦੇ ਜਨਮ ਤਕ ਆਪਣੀਆਂ ਅੱਖਾਂ ਵਿੱਚ ਸੁਰਮਾ ਨਹੀਂ ਪਾਉਂਦੀ। ਹੁਣ ਇਸ ਰਸਮ ਪਿੱਛੇ ਕੋਈ ਤਰਕ ਨਜ਼ਰ ਨਹੀਂ ਆਉਂਦਾ। ਇਸ ਕਰ ਕੇ ਅੱਖ ਸਲਾਈ ਦੀ ਰਸਮ ਹੁਣ ਕੋਈ ਨਹੀਂ ਕਰਦਾ।”

ਮਿੱਠਾ ਬੋਹੀਆ ਭੇਜਣਾ

ਸੋਧੋ

“ਪੇਕੇ ਘਰ ਧੀ ਦੇ ਗਰਭਵਤੀ ਹੋਣ ਦਾ ਸੰਕੇਤ ਮਿੱਠਾ ਬੋਹੀਆ ਘੱਲ ਕੇ ਕੀਤਾ ਜਾਂਦਾ ਹੈ। ਜਵਾਬ ਵਿੱਚ ਪੇਕਿਆਂ ਤੋਂ ਇੱਕ ਸੰਧਾਰੇ ਦੇ ਰੂਪ ਵਿੱਚ ਚੌਲ਼ ਸ਼ੱਕਰ ਤੇ ਕੱਪੜੇ ਭੇਜੇ ਜਾਂਦੇ ਹਨ। ” ਉਦੋਂ ਹੀ ਪੇਕਿਆਂ ਦਾ ਲਾਗੀ ਪੁੱਛ ਜਾਂਦਾ ਹੈ, ਕੁੜੀ ਨੂੰ ਕਦੋਂ ਲੈਣ ਆਈਏ? ਬੱਸ ਆਹ ਮਹੀਨਾ ਦੋ ਮਹੀਨੇ ਹੋਰ ਰਹਿਣ ਦੇਵੋ, ਫਿਰ ਜਦੋਂ ਜੀ ਕੀਤਾ ਲੈ ਜਾਣਾ ਆਖ ਕੇ ਸਹੁਰੇ ਆਪਣੀ ਮਨਸ਼ਾ ਤੇ ਦਿਨਾਂ ਦਾ ਅਤਾ ਪਤਾ ਦੱਸ ਦਿੰਦੇ ਹਨ। ਸੱਤਵੇਂ ਕੁ ਮਹੀਨੇ ਸਹੁਰਿਆਂ ਤੋਂ ਪੂਰੇ ਜਸ਼ਨ ਨਾਲ਼ ਬਹੂ ਨੂੰ ਵਿਦਾ ਕੀਤਾ ਜਾਂਦਾ ਹੈ।

ਜਨਮ ਸਮੇਂ ਤੋਂ ਬਾਅਦ ਦੀਆਂ ਰਸਮਾਂ

ਸੋਧੋ

ਦੁਧੀਆਂ ਧੋਣ ਦੀ ਰਸਮ

ਸੋਧੋ

“ਬੱਚਾ ਜੰਮਣ ਤੇ ਦੁਧੀਆਂ ਧੋਣ ਦੀ ਰਸਮ ਅਦਾ ਕੀਤਾ ਜਾਂਦੀ ਹੈ। ਇਸ ਦੇ ਇਵਜ਼ ਵਿੱਚ ਸਵਾ ਰੁਪਈਆ ਜਾਂ ਕੱਪੜੇ ਮਿਲਦੇ ਹਨ। ਠੂਠੀ ਵਿੱਚ ਹਲਦੀ ਗੱਠੀ ਘਸਾ ਕੇ, ਵਿੱਚ ਚਾਂਦੀ ਦਾ ਰੁਪਈਆ ਰੱਖ ਕੇ ਚੌਲ਼ ਘੋਲ਼ ਲਏ ਜਾਂਦੇ ਹਨ। ਹਰੇ ਘਾਹ ਦੀ ਗੁੱਥੀ ਨਾਲ਼ ਦੁਧੀਆਂ ਧੋਤੀਆਂ ਜਾਂਦੀਆਂ ਹਨ। ”

ਬਾਂਦਰਵਾਲ ਲਟਕਾਉਣਾ

ਸੋਧੋ

“ਮੁੰਡਾ ਹੋਣ ਦੀ ਸੂਰਤ ਵਿੱਚ ਘਰ ਅੱਗੇ ਸ਼ਰੀਂਹ ਅਤੇ ਅੰਬ ਦੇ ਪੱਤਿਆਂ ਦਾ ਬਾਂਦਰਵਾਲ ਲਟਕਾਇਆ ਜਾਂਦਾ ਹੈ। ਇਹ ਜਿੱਥੇ ਘਰ ਵਿੱਚ ਖ਼ੁਸ਼ੀ ਦਾ ਪ੍ਰਤੀਕ ਹੈ ਉੱਥੇ ਔਰਤ ਦੀ ਹਰਿਆਵਲ ਦਾ ਵੀ ਪ੍ਰਤੀਕ ਹੈ। ”

ਗੁੜ੍ਹਤੀ ਦੇਣਾ

ਸੋਧੋ

ਬੱਚੇ ਨੂੰ ਗੁੜ੍ਹਤੀ ਦੇਣਾ ਇੱਕ ਖ਼ਾਸ ਰਸਮ ਹੈ। ਗੁੜ੍ਹਤੀ ਦੇਣਾ ਕਿਤੇ ਛੋਟੀ ਜਿਹੀ ਗੱਲ ਨਹੀਂ। “ ਕਿਹਾ ਜਾਂਦਾ ਹੈ ਕਿ ਜਿਹੜਾ ਜੀਅ ਗੁੜ੍ਹਤੀ ਦੇਵੇਗਾ, ਬੱਚੇ ਦਾ ਸੁਭਾਅ ਉਸ ਉੱਪਰ ਹੀ ਜਾਂਦਾ ਹੈ। ਕੋਰੇ ਚੱਪਣ ਵਿੱਚ ਦੀਵੇ ਦੀ ਬੱਤੀ ਜਿਹੀ ਰੂੰ ਦੀ ਪੂਣੀ ਨਾਲ਼ ਬੱਕਰੀ ਦਾ ਦੁੱਧ ਬੱਚੇ ਨੂੰ ਪਹਿਲੀ ਵਾਰ ਪਿਲਾਉਣ ਨੂੰ, ਗੁੜ੍ਹਤੀ ਦੇਣਾ ਆਖਦੇ ਹਨ।” ਹੁਣ ਬੱਕਰੀ ਦੇ ਦੁੱਧ ਦੀ ਥਾਂ ਸ਼ਹਿਦ ਨੂੰ ਉਂਗਲ਼ ਨਾਲ਼ ਲਾ ਕੇ ਚਟਾ ਦਿੱਤਾ ਜਾਂਦਾ ਹੈ। ਹੁਣ ਗੁੜ੍ਹਤੀ ਦੇਣ ਦਾ ਰਿਵਾਜ ਇਹ ਹੈ।

ਬਾਹਰ ਵਧਾਉਣਾ

ਸੋਧੋ

ਬਾਹਰ ਵਧਾਉਣਾ ਜਨਮ ਸਮੇਂ ਦੀ ਉਹ ਰਸਮ ਹੈ ਜਦੋਂ ਔਰਤ ਨੂੰ, ਜਿਸ ਕਮਰੇ ਵਿੱਚ ਬੱਚਾ ਪੈਦਾ ਹੋਇਆ ਹੋਵੇ, ਉਸ ਕਮਰੇ ਤੋਂ ਸੱਤਵੇਂ, ਨੌਵੇਂ ਜਾਂ ਗਿਆਰ੍ਹਵੇਂ ਦਿਨ, ਦਿਨ ਵੀ ਚੰਗਾ ਹੋਵੇ ਬਾਹਰ ਲਿਆਂਦਾ ਜਾਂਦਾ ਹੈ। “ ਬਾਹਰ ਵਧਾਉਣ ਤਕ ਬੱਚੇ ਪਾਸ ਸਾਰੀ ਰਾਤ ਦੀਵਾ ਜਗਾ ਕੇ ਰੱਖਿਆ ਜਾਂਦਾ ਹੈ। ਬਾਹਰ ਵਧਾਉਣ ਸਮੇਂ ਔਰਤ ਨੂੰ ਨੁਹਾਇਆ ਜਾਂਦਾ ਹੈ। ਜਦੋਂ ਔਰਤ ਘਰ ਦੀ ਦਹਿਲੀਜ਼ ਤੋਂ ਬਾਹਰ ਪੈਰ ਰੱਖਦੀ ਹੈ ਤਾਂ ਕੌਲ਼ਿਆਂ ਤੇ ਤੇਲ ਚੋਇਆ ਜਾਂਦਾ ਹੈ। ਜਣਨੀ ਇਸ ਵੇਲ਼ੇ ਕਿਸੇ ਪੁਰਖ ਦੀ ਜੁੱਤੀ ਪਹਿਨਦੀ ਹੈ, ਗੁੱਤ ਨੂੰ ਖੰਮ੍ਹਣੀ ਬੰਨ੍ਹਦੀ ਹੈ। ”

ਭੇਲੀ ਤੇ ਛੂਛਕ ਦੀ ਰਸਮ

ਸੋਧੋ

“ਬਾਹਰ ਵਧਾਉਣ ਵੇਲ਼ੇ ਹੀ ਬੱਚੇ ਦੇ ਨਾਨਕਿਆਂ ਵੱਲੋਂ ਬੱਚੇ ਦੇ ਦਾਦਕਿਆਂ ਨੂੰ ਪੰਜ ਸੱਤ ਕਿੱਲੋ ਜਾਂ ਸਮਰੱਥਾ ਅਨੁਸਾਰ ਇਸ ਤੋਂ ਵੀ ਵੱਧ ਪਤਾਸੇ, ਮਠਿਆਈ ਜਾਂ ਗੁੜ ਦੀ ਭੇਲੀ ਭੇਜੀ ਜਾਂਦੀ ਹੈ। ਭੇਲੀ ਨੂੰ ਲਾਗੀ ਜਾਂ ਘਰ ਦਾ ਕੋਈ ਹੋਰ ਮੈਂਬਰ ਦੇਣ ਜਾਂਦਾ ਹੈ। ” ਭੇਲੀ ਲਿਆਉਣ ਵਾਲ਼ੇ ਨੂੰ ਦਾਦਕਿਆਂ ਵੱਲੋਂ ਬੱਚੇ ਦੀ ਮਾਂ ਲਈ ਘਿਉ ਰਲਾਕੇ (ਪੰਜੀਰੀ) ਅਤੇ ਦੋਨਾਂ ਲਈ ਕੱਪੜੇ, ਗਹਿਣੇ ਅਤੇ ਬੱਚੇ ਲਈ ਖਿਡੌਣੇ ਦਿੱਤੇ ਜਾਂਦੇ ਹਨ। ਸਵਾ ਮਹੀਨੇ ਹੋਣ ਤੇ ਬੱਚਾ ਅਤੇ ਉਸ ਦੀ ਮਾਂ ਨੂੰ ਦਾਦਾ ਦਾਦੀ ਆਪਣੇ ਘਰ ਲੈ ਜਾਂਦੇ ਹਨ। ਲੜਕੀ ਨੂੰ ਤੋਰਨ ਵੇਲ਼ੇ ਉਸ ਦਾ ਪੇਕਾ ਮਾਪਿਆਂ ਵੱਲੋਂ ਉਸ ਨੂੰ ਅਤੇ ਉਸ ਦੇ ਬੱਚੇ ਨੂੰ ਅਤੇ ਦਾਦਕੇ ਮੈਂਬਰਾਂ ਲਈ ਕੱਪੜੇ ਅਤੇ ਗਹਿਣੇ ਆਪਣੀ ਵਿੱਤ ਅਨੁਸਾਰ ਦਿੱਤੇ ਜਾਂਦੇ ਹਨ। ਇਹ ਉਪਹਾਰ ਦਾਜ ਵਾਂਗ ਹੀ ਹੁੰਦੇ ਹਨ, ਇਹਨਾਂ ਨੂੰ ਛੂਛਕ ਕਿਹਾ ਜਾਂਦਾ ਹੈ। ਸ਼ੂਸ਼ਕ ਇੱਕ ਅਜਿਹੀ ਰਸਮ ਹੈ ਜੋ ਬੱਚੇ ਦੇ ਜਨਮ ਨਾਲ ਸੰੰਬੰਧਿਤ ਹੈ। ਜਨਮ ਸਮੇਂ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਇਹ ਰਸਮ ਨਿਭਾਈ ਜਾਂਦੀ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਪੰਜੀਰੀ ਦਿੱਤੀ ਜਾਂਦੀ ਹੈ। ਜਿਸ ਘਰ ਬੱਚੇ ਦਾ ਜਨਮ ਹੋਇਆ ਹੋਵੇ ਤਾਂ ਦੂਸਰੀ ਧਿਰ ਵੱਲੋਂ ਪੰਜੀਰੀ ਦਿੱਤੀ ਜਾਂਦੀ ਹੈ। ਪੰਜੀਰੀ ਤੋਂ ਇਲਾਵਾ ਹੋਰ ਸਾਮਾਨ ਗਹਿਣੇ, ਕੱਪੜੇ, ਖਿਡੌਣੇ ਆਦਿ ਹੋਰ ਵਸਤਾਂ ਵੀ ਦਿੱਤੀਆਂ ਜਾਂਦੀਆ ਹਨ।ਸ਼ਾਮ ਨੂੰ ਮੰਜਿਆਂ ਉੱਪਰ ਫੁਲਕਾਰੀਆਂ ਵਿਛਾ ਕੇ ਦਿਖਾਵੇ ਲਈ ਇਸ ਸਾਰੇ ਸਾਮਾਨ ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ। ਇਸ ਤਰ੍ਹਾਂ ਦਿਖਾਵੇ ਲਈ ਰੱਖੇ ਸਾਮਾਨ ਨੂੰ ‘ਸ਼ੂਸ਼ਕ’ ਕਿਹਾ ਜਾਂਦਾ ਹੈ। ਪੰਜੀਰੀ ਤਾਂ ਨਾਨਕੇ ਜਾਂ ਦਾਦਕੇ ਕਿਸੇ ਵੀ ਧਿਰ ਵੱਲੋਂ ਦਿੱਤੀ ਜਾਂਦੀ ਹੈ, ਪਰ ਅੱਜ ਕੱਲ੍ਹ ਪੰਜੀਰੀ ਤੋਂ ਵੱਖਰੇ ਰੂਪ ਵਿੱਚ ‘ਸ਼ੂਸ਼ਕ’ ਦੀ ਰਸਮ ਅਦਾ ਕੀਤੀ ਜਾਂਦੀ ਹੈ, ਇਹ ਸਿਰਫ ਨਾਨਕਿਆਂ ਵੱਲੋਂ ਹੀ ਨਿਭਾਈ ਜਾਂਦੀ ਹੈ। ਨਾਨਕੇ ਧਿਰ ਵੱਲੋਂ ਉਨ੍ਹਾਂ ਦੀ ਧੀ ਦੇ ਬੱਚੇ ਦੀ ਖੁਸ਼ੀ ਖਾਸ ਕਰ ਮੰੁਡਾ ਹੋਣ ਦੀ ਖੁਸ਼ੀ ਵਿੱਚ ਸ਼ੂਸ਼ਕ ਦਿੱਤੀ ਜਾਂਦੀ ਹੈ।

ਖ਼ੁਸ਼ੀ ਵਿੱਚ ਖੁਸਰਿਆਂ ਦਾ ਸ਼ਰੀਕ ਹੋਣਾ

ਸੋਧੋ

“ਲੜਕਾ ਹੋਣ ਤੇ ਖੁਸਰਿਆਂ ਨੂੰ ਕੋਈ ਬੁਲਾਵਾ ਨਹੀਂ ਭੇਜਿਆ ਜਾਂਦਾ। ਲੜਕੇ ਦੇ ਜੰਮਣ ਤੋਂ ਬਾਅਦ ਹੀ ਖੁਸਰਿਆਂ ਦਾ ਜਥਾ ਦਾਦਕਿਆਂ ਦੇ ਘਰ ਪਹੁੰਚ ਜਾਂਦਾ ਹੈ। ਖੁਸਰੇ ਆਪਣੇ ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਢੋਲਕੀ ਦੀ ਤਾਲ ਉੱਪਰ ਬੋਲੀਆਂ ਪਾ ਕੇ ਨੱਚਦੇ ਹਨ। ਖੁਸਰੇ ਉਸ ਮੌਕੇ ਤੇ ਇਕੱਠੇ ਹੋਏ ਸੰਬੰਧੀਆਂ ਨੂੰ ਵਧਾਈਆਂ ਦਿੰਦੇ ਹੋਏ ਨੱਚਣ ਲਈ ਵੀ ਪ੍ਰੇਰਿਤ ਕਰਦੇ ਹਨ। ਖੁਸਰਿਆਂ ਵੱਲੋਂ ਗੀਤਾਂ ਦੇ ਟੋਟਕੇ ਸੁਣਾ ਕੇ ਸਾਰਿਆਂ ਕੋਲ਼ੋਂ ਪੈਸਿਆਂ ਦੀ ਉਗਰਾਹੀ ਕੀਤੀ ਜਾਂਦੀ ਹੈ।”

ਬੱਚੇ ਦੇ ਨਾਮਕਰਨ ਦੀ ਰਸਮ

ਸੋਧੋ

ਬੱਚੇ ਦਾ ਨਾਂ ਰੱਖਣ ਲਈ ਪੰਜਾਬ ਵਿੱਚ ਕੋਈ ਖ਼ਾਸ ਰਸਮ ਨਹੀਂ ਕੀਤੀ ਜਾਂਦੀ। ਉਸ ਪਰਿਵਾਰ ਵਿੱਚ ਜਿਸ ਨੂੰ ਕੋਈ ਨਾਂ ਵਧੀਆ ਲੱਗਦਾ ਹੈ, ਉਹੀ ਰੱਖ ਲੈਂਦੇ ਹਨ। ਕੁੱਝ ਲੋਕੀਂ ਆਪਣੇ ਇਲਾਕੇ ਦੇ ਗ੍ਰੰਥੀ ਜਾਂ ਪੰਡਿਤ ਕੋਲ਼ੋਂ ਆਪਣੇ ਆਪਣੇ ਧਰਮ ਦੀ ਧਾਰਮਿਕ ਪੁਸਤਕ ਖੁਲ੍ਹਵਾ ਕੇ ਪੰਨੇ ਦੇ ਪਹਿਲੇ ਸਲੋਕ ਦੇ ਪਹਿਲੇ ਅੱਖਰ ਤੇ ਨਾਂ ਰੱਖ ਦਿੰਦੇ ਹਨ।

ਛਟੀ ਦੀ ਰਸਮ

ਸੋਧੋ

“ਜਦੋਂ ਕਿਸੇ ਦੰਪਤੀ ਦੇ ਪਹਿਲਾ ਲੜਕਾ ਪੈਦਾ ਹੁੰਦਾ ਸੀ। ਤਾਂ ਉਸ ਦੀ ਜਨਮ ਦੀ ਖ਼ੁਸ਼ੀ ਵਿੱਚ ਛੇਵੇਂ ਦਿਨ ਪਰਿਵਾਰ ਵੱਲੋਂ ਸਾਰੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਇੱਕ ਰਸਮ ਕੀਤੀ ਜਾਂਦੀ ਹੈ ਜਿਸ ਨੂੰ ਛਟੀ ਕਹਿੰਦੇ ਹਨ।” ਛਟੀ ਮਨਾਉਣ ਦਾ ਆਰੰਭ ਆਪਣੇ ਆਪਣੇ ਧਾਰਮਿਕ ਅਕੀਦੇ ਅਨੁਸਾਰ ਪੂਜਾ ਪਾਠ ਕਰ ਕੇ ਸ਼ੁਰੂ ਕੀਤਾ ਜਾਂਦਾ ਸੀ। ਛਟੀ ਵਾਲ਼ੇ ਦਿਨ ਹੀ ਕਈ ਵੇਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਲੈ ਕੇ ਮੁੰਡੇ ਦਾ ਨਾਂ ਰੱਖਿਆ ਜਾਂਦਾ ਸੀ। ਸਾਰੇ ਰਿਸ਼ਤੇਦਾਰ ਮੁੰਡੇ ਨੂੰ ਕੱਪੜੇ ਲਿਆਉਂਦੇ ਸਨ। ਜੇਕਰ ਪੈਸੇ ਵਾਲ਼ੇ ਹੁੰਦੇ ਸਨ ਤਾਂ ਉਹ ਮੁੰਡੇ ਦੀ ਮਾਂ ਨੂੰ ਕੋਈ ਗਹਿਣਾ ਵੀ ਜ਼ਰੂਰ ਪਾਉਂਦੇ ਸਨ। ਨਾਨਕੇ ਆਪਣੀ ਧੀ ਨੂੰ ਕਈ ਸੂਟ ਦਿੰਦੇ ਸਨ। ਫੁਲਕਾਰੀ ਜ਼ਰੂਰ ਪਾਉਂਦੇ ਸਨ। ਮੁੰਡੇ ਦੇ ਪਿਤਾ, ਤਾਏ, ਚਾਚੇ, ਦਾਦੇ ਆਦਿ ਨੂੰ ਖੱਦਰ ਦੇ ਖੇਸ ਦਿੱਤੇ ਜਾਂਦੇ ਸਨ।

ਕਈ ਵਾਰ ਮੁੰਡੇ ਦੀ ਭੂਆ ਵੀ ਮੁੰਡੇ ਨੂੰ ਕੋਈ ਗਹਿਣਾ ਪਾਉਂਦੀ ਸੀ। ਮੁੰਡੇ ਦੀ ਮਾਂ ਨੇ ਆਪਣੇ ਉੱਪਰ ਫੁਲਕਾਰੀ / ਬਾਗ਼ ਲਿਆ ਹੁੰਦਾ ਸੀ। ਮੁੰਡਾ ਕੁੱਛੜ ਚੁੱਕਿਆ ਹੁੰਦਾ ਸੀ। ਸਾਰੇ ਰਿਸ਼ਤੇਦਾਰ ਮੁੰਡੇ ਨੂੰ ਵੇਖ ਕੇ ਸ਼ਗਨ ਦਿੰਦੇ ਸਨ। ਕੱਪੜੇ ਦਿੰਦੇ ਸਨ। ਨੈਣ ਤੜਾਗੀ ਪਾਉਂਦੀ ਸੀ। ਸੁਨਿਆਰ ਤੜਾਗੀ ਵਿੱਚ ਪਾਉਣ ਲਈ ਛੋਟਾ ਜਿਹਾ ਘੁੰਗਰੂ ਦਿੰਦਾ ਸੀ। ਘੁਮਿਆਰੀ ਮਿੱਟੀ ਦੇ ਖਿਡੌਣੇ ਲਿਆਉਂਦੀ ਸੀ। ਹੋਰ ਜਾਤਾਂ ਵਾਲ਼ੇ ਬਾਹਰੋਂ ਘਾਹ ਲਿਆ ਕੇ ਪਰਿਵਾਰ ਦੇ ਮੁਖੀਆਂ ਦੇ ਸਿਰ ਉੱਪਰ ਟੰਗ ਕੇ ਵਧਾਈਆਂ ਦਿੰਦੇ ਸਨ। ਸਾਰੇ ਲਾਗੀਆਂ ਨੂੰ, ਕੱਪੜੇ, ਖੇਸ . ਦੁਪੱਟੇ, ਸਾਗ ਦਿੱਤਾ ਜਾਂਦਾ ਸੀ। ਦੁਪੱਟੇ ਆਦਿ ਆਦਿ ਨਾਲ਼ ਮਨੌਤ ਕੀਤੀ ਜਾਂਦੀ ਸੀ। ਸ਼ਰੀਕੇ ਵਾਲ਼ਿਆਂ ਦੇ ਘਰ ਮੰਡਿਆਂ ਵਿੱਚ ਕੜਾਹ ਰੱਖ ਕੇ ਪਰੋਸਾ ਭੇਜਿਆ ਜਾਂਦਾ ਸੀ। ਰਸਮ ਸਮੇਂ ਸੋਹਲੇ ਅਤੇ ਵਧਾਈਆਂ ਦੇ ਗੀਤ ਗਾਏ ਜਾਂਦੇ ਸਨ। ਇਸ ਤਰ੍ਹਾਂ ਸਾਰੇ ਰਿਸ਼ਤੇਦਾਰ ਤੇ ਸ਼ਰੀਕੇ ਵਾਲ਼ੇ ਮਿਲ ਕੇ ਮੁੰਡੇ ਦੀ ਛਟੀ ਮਨਾਉਂਦੇ ਸਨ। ਪਹਿਲਾਂ ਪਰਿਵਾਰ ਸਾਂਝੇ ਹੁੰਦੇ ਸਨ। ਰਿਸ਼ਤੇਦਾਰਾਂ ਦਾ ਆਪਸ ਵਿੱਚ ਪਿਆਰ ਹੁੰਦਾ ਸੀ। ਸਾਰੇ ਕਾਰਜ ਸਾਰੇ ਰਿਸ਼ਤੇਦਾਰ ਮਿਲ ਕੇ ਕਰਦੇ ਸਨ। ਪਿਆਰ ਵਾਲ਼ੇ ਬਹੁਤੇ ਕਾਰਜ ਹੁਣ ਪੈਸੇ ਦੀ ਭੇਂਟ ਚੜ੍ਹ ਗਏ ਹਨ। ਏਸੇ ਕਰ ਕੇ ਹੀ ਹੁਣ ਛਟੀ ਰਸਮ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਮਨਾਈ ਜਾਂਦੀ ਹੈ।

ਕਈ ਰੀਤਾਂ ਵਾਸਤਵਿਕ ਅਮਲ ਨੂੰ ਪ੍ਰਤੀਕ ਰੂਪ ਵਿੱਚ ਪੇਸ਼ ਕਰਦੀਆਂ। ਦੁਧੀਆਂ ਧੋਣਾ ਅਤੇ ਗੁੜ੍ਹਤੀ ਦੇਣਾ ਵਿਗਿਆਨਕ ਨੁਕਤੇ ਤੋਂ ਉਪਯੋਗੀ ਅਮਲ ਹੈ। ਕਿਸੇ ਸਮੇਂ ਇਸ ਦਾ ਜ਼ਰੂਰ ਹੀ ਵਿਗਿਆਨਕ ਮਹੱਤਵ ਹੋਵੇਗਾ।[1]

ਹਵਾਲੇ

ਸੋਧੋ
  1. 1. ਗਿਆਨੀ ਗੁਰਦਿੱਤ ਸਿੰਘ, ਮੇਰਾ ਪਿੰਡ, ਸਾਹਿਤ ਪ੍ਰਕਾਸ਼ਨ, ਸੈਕਟਰ 4, ਚੰਡੀਗੜ੍ਹ, ਪੰਨਾ 263। 2. ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਪੰਨਾ 355। 3. ਗਿਆਨੀ ਗੁਰਦਿੱਤ ਸਿੰਘ, ਮੇਰਾ ਪਿੰਡ, ਸਾਹਿਤ ਪ੍ਰਕਾਸ਼ਨ, ਸੈਕਟਰ 4, ਚੰਡੀਗੜ੍ਹ, ਪੰਨਾ 266। 4. ਭੁਪਿੰਦਰ ਸਿੰਘ ਖਹਿਰਾ, ਲੋਕਯਾਨ ਭਾਸ਼ਾ ਅਤੇ ਸਭਿਆਚਾਰ, ਪੈਪਸੂ ਬੁੱਕ ਡੀਪੂ, ਬੁਕਸ ਮਾਰਕੀਟ ਪਟਿਆਲ਼ਾ, ਪੰਨਾ 73। 5. ਭੁਪਿੰਦਰ ਸਿੰਘ ਖਹਿਰਾ, ਲੋਕਯਾਨ ਭਾਸ਼ਾ ਅਤੇ ਸਭਿਆਚਾਰ, ਪੈਪਸੂ ਬੁੱਕ ਡੀਪੂ, ਬੁਕਸ ਮਾਰਕੀਟ ਪਟਿਆਲ਼ਾ, ਪੰਨਾ 73। 6. ਗਿਆਨੀ ਗੁਰਦਿੱਤ ਸਿੰਘ, ਮੇਰਾ ਪਿੰਡ, ਸਾਹਿਤ ਪ੍ਰਕਾਸ਼ਨ, ਸੈਕਟਰ 4, ਚੰਡੀਗੜ੍ਹ, ਪੰਨਾ 268। 7. ਭੁਪਿੰਦਰ ਸਿੰਘ ਖਹਿਰਾ, ਲੋਕਯਾਨ ਭਾਸ਼ਾ ਅਤੇ ਸਭਿਆਚਾਰ, ਪੈਪਸੂ ਬੁੱਕ ਡੀਪੂ, ਬੁਕਸ ਮਾਰਕੀਟ ਪਟਿਆਲ਼ਾ, ਪੰਨਾ 74। 8. ਜਸਵਿੰਦਰ ਸਿੰਘ ਕਾਈਨੌਰ, ਪੰਜਾਬੀ ਸਭਿਆਚਾਰ ਤੇ ਰੀਤੀ ਰਿਵਾਜ, ਲੋਕਾਇਤ ਪ੍ਰਕਾਸ਼ਨ, ਚੰਡੀਗੜ੍ਹ, ਪੰਨਾ 19। 9. ਜਸਵਿੰਦਰ ਸਿੰਘ ਕਾਈਨੌਰ, ਪੰਜਾਬੀ ਸਭਿਆਚਾਰ ਤੇ ਰੀਤੀ ਰਿਵਾਜ, ਲੋਕਾਇਤ ਪ੍ਰਕਾਸ਼ਨ, ਚੰਡੀਗੜ੍ਹ, ਪੰਨਾ 20 10. ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਪੰਨਾ 375-76।