ਖੇਤ ਦੇ ਕਿਆਰਿਆਂ ਦੀਆਂ ਵੱਟਾਂ ਪਾਉਣ ਵਾਲੇ ਲੱਕੜ ਦੇ ਬਣੇ ਦੋ ਬੰਦਿਆਂ ਦੇ ਰਾਹੀਂ ਵਰਤੋਂ ਆਉਣ ਵਾਲੇ ਸੰਦ ਨੂੰ ਜਿੰਦਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਜਿੰਦੇ ਨੂੰ ਜਿੰਦਰਾ ਵੀ ਕਹਿੰਦੇ ਹਨ। ਜਿੰਦੇ ਦੀ ਵਰਤੋਂ ਖਾਲ ਦੀਆਂ ਵੱਟਾਂ ਪਾਉਣ ਅਤੇ ਹੋਰ ਹਰ ਕਿਸਮ ਦੀਆਂ ਵੱਟਾਂ ਪਾਉਣ ਲਈ ਕੀਤੀ ਜਾਂਦੀ ਹੈ। ਛੋਟੇ ਪਲਾਟ ਨੂੰ ਪੱਧਰ ਕਰਨ ਦਾ ਕੰਮ ਵੀ ਜਿੰਦੇ ਤੋਂ ਲਿਆ ਜਾਂਦਾ ਹੈ।[1]

ਜਿੰਦੇ ਦਾ ਹੱਥਾ/ਮੁੱਠਾ ਆਮ ਤੌਰ 'ਤੇ ਬਾਂਸ ਦੀ 6 ਕੁ ਫੁੱਟ ਲੰਮੀ ਮੋਟੀ ਸੋਟੀ ਦਾ ਹੁੰਦਾ ਹੈ। ਹੱਥੇ ਦੇ ਇਕ ਸਿਰੇ ਨਾਲ ਲੱਕੜ ਦੇ 3 ਕੁ ਫੁੱਟ ਲੰਮੇ ਤੇ 8 ਕੁ ਇੰਚ ਚੌੜੇ ਤੇ ਇਕ ਕੁ ਇੰਚ ਮੋਟੇ ਫੱਟੇ ਨੂੰ ਵਿਚਾਲੇ ਤੋਂ ਲੋਹੇ ਦੀਆਂ ਪੱਤੀਆਂ ਲਾ ਕੇ ਜੋੜਿਆਂ ਹੁੰਦਾ ਹੈ। ਇਕ ਪੱਤੀ, ਜਿਥੇ ਫੱਟੇ ਨਾਲ ਹੱਥਾ ਜੋੜਿਆ ਹੁੰਦਾ ਹੈ, ਉਸ ਹੱਥੇ ਤੋਂ 6 ਕੁ ਇੰਚ ਦੀ ਦੂਰੀ 'ਤੇ ਫੱਟੇ ਵਿਚ ਲਾ ਕੇ ਹੱਥੇ ਵਿਚ ਦੀ ਫਿੱਟ ਕਰਦੇ ਹੋਏ ਹੱਥੇ ਦੇ ਦੂਸਰੇ ਪਾਸੇ ਵੀ 6 ਕੁ ਇੰਚ ਦੀ ਦੂਰੀ 'ਤੇ ਫੱਟੇ ਵਿਚ ਲਾਈ ਜਾਂਦੀ ਹੈ। ਕਈ ਜਿੰਦਰਿਆਂ ਵਿਚ ਇਸ ਪੱਤੀ ਨੂੰ ਅੱਧੀ ਗੋਲ ਜਿਹੀ ਕਰ ਕੇ ਲਾਇਆ ਜਾਂਦਾ ਹੈ। ਕਈ ਜਿੰਦਿਆਂ ਤੇ ਇਹ ਪੱਤੀ ਫੱਟੇ ਤੋਂ ਹੱਥੇ ਨੂੰ ਤਿਰਛੇ ਲੋਟ ਲਾਈਆਂ ਜਾਂਦੀਆਂ ਹਨ। ਇਹ ਪੱਤਰੀ ਜਿੰਦੇ ਨੂੰ ਮਜ਼ਬੂਤੀ ਦੇਣ ਲਈ ਲਾਈ ਜਾਂਦੀ ਹੈ।

ਫੱਟੇ ਦਾ ਹੇਠਲਾ 2 ਕੁ ਇੰਚ ਹਿੱਸਾ ਟੇਪਰ ਕੀਤਾ ਜਾਂਦਾ ਹੈ। ਕਈ ਏਸ ਟੇਪਰ ਕੀਤੇ ਹਿੱਸੇ ਉਪਰ 3 ਕੁ ਇੰਚ ਚੌੜੀ ਲੋਹੇ ਦੀ ਪੱਤੀ ਵੀ ਲਾ ਲੈਂਦੇ ਹਨ। ਇਹ ਲੱਗੀ ਪੱਤੀ ਵੱਟਾਂ ਪਾਉਣ ਸਮੇਂ ਮਿੱਟੀ ਖਿੱਚਣ ਵਿਚ ਸਹਾਈ ਹੁੰਦੀ ਹੈ। ਫੱਟੇ ਦੇ ਦੋਵੇਂ ਸਿਰਿਆਂ ਤੋਂ 6 ਕੁ ਇੰਚ ਅੰਦਰਲੇ ਪਾਸੇ 2 ਲੋਹੇ ਦੇ ਗੋਲ ਕੁੰਡੇ ਲੱਗੇ ਹੁੰਦੇ ਹਨ। ਇਨ੍ਹਾਂ ਦੋਹਾਂ ਕੁੰਡਿਆਂ ਵਿਚ 6 ਕੁ ਫੁੱਟ ਲੰਮੇ ਪਤਲੇ ਰੱਸੇ ਪਾਏ ਹੁੰਦੇ ਹਨ। ਇਨ੍ਹਾਂ ਪੱਤਲੇ ਰੱਸਿਆਂ ਨੂੰ ਖਿੱਚਾਂ ਕਹਿੰਦੇ ਸਨ। ਇਨ੍ਹਾਂ ਦੋਵਾਂ ਰੱਸਿਆਂ ਦੇ ਸਿਰਿਆਂ ਨੂੰ ਲੱਕੜ ਦੇ ਇਕ ਫੁਟ ਕੁ ਲੰਮੇ ਡੰਡੇ ਨਾਲ ਇਕ ਥਾਂ ਬੰਨ੍ਹਿਆ ਹੁੰਦਾ ਹੈ। ਇਸ ਡੰਡੇ ਨੂੰ ਫੜ ਕੇ ਹੀ ਜਿੰਦੇ ਨੂੰ ਖਿੱਚਿਆ ਜਾਂਦਾ ਹੈ। ਇਸ ਤਰ੍ਹਾਂ ਜਿੰਦਾ ਬਣਦਾ ਹੈ।

ਜਿੰਦੇ ਦੀ ਵਰਤੋਂ ਦੋ ਬੰਦਿਆਂ ਨਾਲ ਹੁੰਦੀ ਹੈ। ਇਕ ਬੰਦਾ ਜਿੰਦੇ ਨੂੰ ਦੋਹਾਂ ਹੱਥਾਂ ਨਾਲ ਧਰਤੀ ਤੇ ਦਬਾਉਂਦਾ ਹੈ। ਦੂਸਰਾ ਬੰਦਾ ਜਿੰਦੇ ਦੇ ਰੱਸਿਆਂ ਵਿਚ ਪਾਏ ਡੰਡੇ ਨੂੰ ਫੜ ਕੇ ਜਿੰਦੇ ਨੂੰ ਆਪਣੇ ਵੱਲ ਖਿੱਚਦਾ ਹੈ। ਜਿੰਦੇ ਨਾਲ ਖਿੱਚੀ ਹੋਈ ਮਿੱਟੀ ਨੂੰ ਵੱਟ ਪਾਉਣ ਵਾਲੀ ਥਾਂ ’ਤੇ ਛੱਡ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਜਦ ਸਾਰੇ ਖੇਤ ਦੇ ਕਿਆਰਿਆਂ ਦੀਆਂ ਇਕ ਪਾਸੇ ਤੋਂ ਵੱਟਾਂ ਪੈ ਜਾਂਦੀਆਂ ਹਨ, ਫੇਰ ਜਿੰਦੇ ਨੂੰ ਪਾਈ ਵੱਟ ਦੇ ਦੂਸਰੇ ਪਾਸੇ ਲਾ ਕੇ ਪਾਈ ਵੱਟ ਨਾਲ ਹੋਰ ਮਿੱਟੀ ਲਾ ਦਿੱਤੀ ਜਾਂਦੀ ਹੈ। ਏਸ ਤਰ੍ਹਾਂ ਖੇਤ ਦੇ ਸਾਰੇ ਕਿਆਰਿਆਂ ਦੀਆਂ ਵੱਟਾਂ ਮੁਕੰਮਲ ਕੀਤੀਆਂ ਜਾਂਦੀਆਂ ਹਨ। ਕਈ ਜਿਮੀਂਦਾਰਾਂ ਨੇ ਹੁਣ ਲੋਹੇ ਦੀਆਂ ਪਾਈਪਾਂ ਦੇ ਹੱਥੇ ਵਾਲੇ ਅਤੇ ਲੋਹੇ ਦੀ ਚਾਦਰ ਦੇ ਫੱਟੇ ਵਾਲੇ ਜਿੰਦੇ ਵੀ ਬਣਾਏ ਹੋਏ ਹਨ।

ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਇਸ ਲਈ ਬਹੁਤੇ ਜਿਮੀਂਦਾਰ ਹੁਣ ਕਿਆਰਿਆਂ ਦੀਆਂ, ਖਾਲਾਂ ਦੀਆਂ ਅਤੇ ਹੋਰ ਹਰ ਕਿਸਮ ਦੀਆਂ ਵੱਟਾਂ ਟ੍ਰੈਕਟਰ ਨਾਲ ਚੱਲਣ ਵਾਲੀ ਵੱਟਾਂ ਪਾਉਣ ਲਈ ਮਸ਼ੀਨਰੀ ਸੰਦ ਨਾਲ ਪਾਉਂਦੇ ਹਨ।[2]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.