ਟਿਊਬਵੈੱਲ
ਟਿਊਬਵੈੱਲ (ਅੰਗਰੇਜੀ: Tubewell) ਪਾਣੀ ਦੇ ਖੂਹਾਂ ਦੀ ਇੱਕ ਅਜਿਹੀ ਕਿਸਮ ਹੈ ਜਿਸ ਵਿੱਚ ਜ਼ਮੀਨ ਵਿੱਚ ਖੋਦੇ 100-200 ਮਿਲੀਮੀਟਰ (5 ਤੌਂ 8 ਇੰਚ) ਵਿਆਸ ਦੇ ਲੰਬੇ ਖੱਡੇ ਵਿੱਚੋਂ ਨਾਲੀ ਰਾਹੀਂ ਪਾਣੀ ਖਿੱਚਿਆ ਜਾਂਦਾ ਹੈ।ਨਾਲੀ ਦੇ ਥੱਲੇ ਵਾਲੇ ਸਿਰੇ ਉੱਤੇ ਇੱਕ ਗੋਲ ਛਾਨਣੀ ਜਕੜੀ ਹੁੰਦੀ ਹੈ ਤੇ ਉੱਪਰ ਵਾਲੇ ਸਿਰੇ ਉੱਤੇ ਪੰਪ ਲਗਾਇਆ ਜਾਂਦਾ ਹੈ ਜੋ ਸਿੰਚਾਈ ਲਈ ਵਰਤਣ ਵਾਸਤੇ ਪਾਣੀ ਉੱਪਰ ਖਿੱਚਦਾ ਹੈ। ਕਿਸੇ ਖੂਹ ਦੀ ਡੂੰਘਾਈ ਉਸ ਜਗ੍ਹਾ ਦੇ ਜ਼ਮੀਨੀ ਪਾਣੀ ਦੇ ਪੱਧਰ ਉੱਤੇ ਨਿਰਭਰ ਕਰਦੀ ਹੈ।
ਇਤਿਹਾਸ
ਸੋਧੋਧਰਤੀ ਹੇਠੋਂ ਪਾਣੀ ਕੱਢਣ ਲਈ ਪਹਿਲਾਂ ਖੂਹ ਹੋਇਆ ਕਰਦੇ ਸਨ ਜਿਹਨਾਂ ਵਿੱਚ ਪਾਣੀ ਮਨੁੱਖੀ ਸ਼ਕਤੀ ਜਾਂ ਪਸ਼ੂਆਂ ਨਾਲ਼ ਖਿੱਚਿਆ ਜਾਂਦਾ ਸੀ। ਬਿਜਲੀ ਦੀ ਕਾਢ ਨਾਲ ਇਹ ਪਾਣੀ ਟਿਊਬਵੈੱਲਾਂ ਰਾਹੀਂ ਕੱਢਿਆ ਜਾਣ ਲੱਗ ਪਿਆ। ਇਸ ਨਾਲ਼ ਧਰਤੀ ਵਿੱਚੋਂ ਪਾਣੀ ਖਿੱਚਣਾ ਤਾਂ ਸੌਖਾ ਹੋ ਗਿਆ ਕਿਉਂਕਿ ਟਿਊਬਵੈੱਲ ਮਨੁੱਖੀ ਸ਼ਕਤੀ ਦੀ ਬਜਾਏ ਖ਼ੁਦ ਚੱਲਣ ਵਾਲ਼ੀਆਂ ਮਸ਼ੀਨਾਂ ਜਿਵੇਂ ਕਿ ਪੰਪ, ਮੋਟਰਾਂ ਆਦਿ ਨਾਲ਼ ਚਲਦੇ ਹਨ ਅਤੇ ਇਨ੍ਹਾਂ ਵਿੱਚ ਬਿਜਲੀ ਊਰਜਾ ਜਾਂ ਡੀਜ਼ਲ ਤੇਲ ਦੇ ਬਾਲਣ ਰਾਹੀਂ ਤਾਪ ਊਰਜਾ ਨੂੰ ਮਸ਼ੀਨੀ ਊਰਜਾ ਵਿੱਚ ਤਬਦੀਲ ਕਰ ਕੇ ਵਰਤੋਂ ਵਿੱਚ ਲਿਆਂਦੇ ਹਨ ਪਰ ਇਸ ਨਾਲ ਪਾਣੀ ਦੀ ਵਰਤੋਂ ਬੇਤਹਾਸ਼ਾ ਵਧਣ ਲੱਗ ਪਈ।
ਸੈਂਟਰੀਫ਼ਿਊਗਲ ਤੋਂ ਸਬਮਰਸੀਬਲ ਪੰਪ
ਸੋਧੋਭਾਰਤ ਦਾ ਪੰਜਾਬ ਰਾਜ ਅਨਾਜ ਪੈਦਾ ਕਰਨ ਵਿੱਚ ਮੋਹਰੀ ਹੋਣ ਕਾਰਨ ਸਿੰਚਾਈ ਲਈ ਟਿਊਬਵੈੱਲਾਂ ਦੀ ਵਰਤੋਂ ਵਿੱਚ ਵੀ ਮੋਹਰੀ ਹੈ। ਸ਼ੁਰੂ ਵਿੱਚ ਇਨ੍ਹਾਂ ਟਿਊਬਵੈੱਲਾਂ ਵਿੱਚ ਸੈਂਟਰੀਫ਼ਿਊਗਲ ਪੰਪ ਦੀ ਵਰਤੋਂ ਕੀਤੀ ਜਾਂਦੀ ਸੀ। ਜਿਉਂ-ਜਿਉਂ ਜ਼ਮੀਨੀ ਪਾਣੀ ਦੀ ਸਤਹ ਥੱਲੇ ਜਾਂਦੀ ਗਈ, ਸੈਂਟਰੀਫ਼ਿਊਗਲ ਪੰਪਾਂ ਦੀ ਥਾਂ ਸਬਮਰਸੀਬਲ ਪੰਪਾਂ ਨੇ ਲੈ ਲਈ। ਇਸ ਸਮੇਂ ਭਾਰਤ ਦੇ ਪੰਜਾਬ ਸੂਬੇ ਅੰਦਰ 12.5 ਲੱਖ ਟਿਊਬਵੈੱਲ ਲੱਗੇ ਹੋਏ ਹਨ। ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਸਬਮਰਸੀਬਲ ਪੰਪਾਂ ਨਾਲ਼ ਪਾਣੀ ਦੇ ਵੱਡੇ ਪੱਧਰ ’ਤੇ ਨਿਕਾਸ ਹੋਣ ਨਾਲ਼ ਹੇਠੋਂ ਛੇਤੀ ਹੀ ਕੱਲਰ ਵਾਲ਼ੇ ਪਾਣੀ ਦੇ ਨਿੱਕਲ ਆਉਣ ਦਾ ਵੀ ਖ਼ਤਰਾ ਹੈ। ਸਬਮਰਸੀਬਲ ਪੰਪਾਂ ਨਾਲ਼ ਵੱਡੀਆਂ ਮੋਟਰਾਂ ਲਗਾ ਕੇ ਹੇਠਲੇ ਸਤਹ ਤੋਂ ਪਾਣੀ ਕੱਢਣਾ ਕੋਈ ਸਦੀਵੀ ਹੱਲ ਨਹੀਂ। ਸਗੋਂ ਨਤੀਜੇ ਵਜੋਂ ਬਿਜਲੀ ਸੰਕਟ ਆਪਣੇ ਮਾਰੂ ਪ੍ਰਭਾਵਾਂ ਨਾਲ ਹਾਵੀ ਹੋ ਗਿਆ ਹੈ।
ਜ਼ਮੀਨੀ ਪਾਣੀ ਦਾ ਪੱਧਰ
ਸੋਧੋਟਿਊਬਵੈੱਲਾ ਦੀ ਨਿਰੰਤਰ ਵਧਦੀ ਗਿਣਤੀ ਅਤੇ ਸਾਲਾਨਾ ਰੀਚਾਰਜ ਤੋਂ ਵੱਧ ਪਾਣੀ ਦੇ ਨਿਕਾਸ ਕਾਰਨ ਪਾਣੀ ਦਾ ਪੱਧਰ ਥੱਲੇ ਜਾਣਾ ਗੰਭੀਰ ਸਮੱਸਿਆ ਬਣ ਗਿਆ ਹੈ। ਮੱਧ ਪੰਜਾਬ ਦੇ 72 ਫ਼ੀਸਦੀ ਇਲਾਕੇ ਵਿੱਚ ਝੋਨੇ ਦੀ ਕਾਸ਼ਤ ਅਤੇ ਸਿਰਫ਼ 21 ਫ਼ੀਸਦੀ ਇਲਾਕੇ ਵਿੱਚ ਨਹਿਰੀ ਪਾਣੀ ਨਾਲ ਸਿੰਚਾਈ ਸਹੂਲਤ ਪ੍ਰਾਪਤ ਹੋਣ ਕਾਰਨ ਸਮੱਸਿਆ ਮੋਗਾ, ਪਟਿਆਲਾ, ਸੰਗਰੂਰ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਵਧੇਰੇ ਗੰਭੀਰ ਹੈ। 1973 ਵਿੱਚ ਪੰਜਾਬ ਦੇ ਸਿਰਫ਼ 3 ਫ਼ੀਸਦੀ ਇਲਾਕੇ ਵਿੱਚ ਹੀ ਪਾਣੀ ਦੀ ਸਤਹ 10 ਮੀਟਰ ਤੋਂ ਹੇਠਾਂ ਸੀ ਜੋ ਕਿ 2000 ਵਿੱਚ 53 ਫ਼ੀਸਦੀ, 2002 ਵਿੱਚ 76 ਫ਼ੀਸਦੀ ਅਤੇ 2004 ਵਿੱਚ 90 ਫ਼ੀਸਦੀ ਤੱਕ ਪਹੁੰਚ ਗਈ। ਜਦਕਿ ਮੱਧ ਪੰਜਾਬ ਦੇ 30 ਫ਼ੀਸਦੀ ਤੋਂ ਵੱਧ ਇਲਾਕੇ ਵਿੱਚ ਇਹ ਸਤਹ 20 ਮੀਟਰ ਤੋਂ ਵੀ ਹੇਠਾਂ ਜਾ ਚੁੱਕੀ ਹੈ।