ਡਾ. ਨਾਹਰ ਸਿੰਘ
ਡਾ. ਨਾਹਰ ਸਿੰਘ (ਅਕਤੂਬਰ 6, 1952 - ) ਪੰਜਾਬੀ ਵਿਦਵਾਨ ਅਧਿਆਪਕ ਅਤੇ ਲੋਕਧਾਰਾ ਸ਼ਾਸਤਰੀ ਹਨ। ਪੰਜਾਬੀ ਲੋਕ ਕਾਵਿ ਉਹਨਾਂ ਦਾ ਕੇਂਦਰੀ ਸਰੋਕਾਰ ਹੈ।
ਜੀਵਨ ਵੇਰਵੇ
ਸੋਧੋਡਾ. ਨਾਹਰ ਸਿੰਘ ਦਾ ਜਨਮ ਪਿੰਡ ਫਤੇਹਗੜ੍ਹ ਨਿਊਆਂ, ਤਹਿਸੀਲ ਮੰਡੀ ਗੋਬਿੰਦਗੜ੍ਹ, ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 6 ਅਕਤੂਬਰ, 1952 ਨੂੰ ਮਾਤਾ ਸ੍ਰੀਮਤੀ ਅਜਮੇਰ ਕੌਰ ਅਤੇ ਪਿਤਾ ਸ. ਰੱਖਾ ਸਿੰਘ ਔਜਲਾ ਦੇ ਘਰ ਹੋਇਆ।
ਪੜ੍ਹਾਈ
ਸੋਧੋਉਹਨਾਂ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਹੀ ਕੀਤੀ ਅਤੇ ਹਾਇਰ ਸੈਕੰਡਰੀ ਗੁਰੂ ਹਰਗੋਬਿੰਦ ਖ਼ਾਲਸਾ ਸਕੂਲ, ਮੰਡੀ ਗੋਬਿੰਦਗੜ੍ਹ ਤੋਂ ਕੀਤੀ। ਇਸ ਉਪਰੰਤ ਬੀ. ਏ. ਏ.ਐਸ. ਕਾਲਜ ਖੰਨਾ ਤੋਂ 1973 ਵਿਚ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਤੋਂ ਐਮ.ਏ. (ਪੰਜਾਬੀ) 1975 ਵਿਚ ਕੀਤੀ। ਉਹਨਾਂ ਆਪਣੀ ਪੀਐਚ.ਡੀ. ਦੀ ਡਿਗਰੀ ਡਾ. ਕੇਸਰ ਸਿੰਘ ਕੇਸਰ ਦੀ ਨਿਗਰਾਨੀ ਹੇਠ 'ਮਾਲਵੇ ਦੇ ਲੋਕ ਕਾਵਿ ਰੂਪਾਂ ਦਾ ਰੂਪਗਤ ਅਧਿਐਨ' ਵਿਸ਼ੇ 'ਤੇ 1980 ਵਿਚ ਮੁਕੰਮਲ ਕੀਤੀ।
ਅਧਿਆਪਨ
ਸੋਧੋਡਾ. ਨਾਹਰ ਸਿੰਘ ਨੇ ਅਧਿਆਪਨ ਕਾਰਜ ਡੀ.ਏ.ਵੀ. ਕਾਲਜ, ਚੰਡੀਗੜ੍ਹ ਤੋਂ ਸ਼ੁਰੂ ਕੀਤਾ। ਇੱਥੇ ਉਹਨਾਂ 7 ਅਗਸਤ, 1975 ਤੋਂ 24 ਫਰਵਰੀ, 1984 ਤੱਕ ਅਧਿਆਪਕ ਵਜੋਂ ਸੇਵਾ ਨਿਭਾਈ। ਇਸ ਉਪਰੰਤ ਉਹਨਾਂ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ 25 ਫਰਵਰੀ, 1984 ਤੋਂ 28 ਫਰਵਰੀ 1989 ਤੱਕ ਅਧਿਆਪਨ ਦਾ ਕਾਰਜ ਕੀਤਾ। ਇਸ ਉਪਰੰਤ ਉਹ 1 ਮਾਰਚ, 1989 ਨੂੰ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਨਿਯੁਕਤ ਹੋਏ ਅਤੇ 1998 ਵਿਚ ਐਸੋਸੀਏਟ ਪ੍ਰੋਫੈਸਰ ਤੋਂ ਪ੍ਰੋਫੈਸਰ ਬਣੇ। ਉਹ 31 ਅਕਤੂਬਰ 2012 ਵਿਚ ਪ੍ਰੋਫੈਸਰ ਵਜੋਂ ਰਿਟਾਇਰ ਹੋ ਕੇ 2013 ਵਿਚ ਕਨੈਡਾ ਚਲੇ ਗਏ ਪਰ ਪੰਜਾਬ ਵਿਚ ਅਧਿਆਪਨ ਨਾਲ ਜੁੜੇ ਰਹੇ ਤੇ 2017 ਤੋਂ ਪੱਕੇ ਤੌਰ ਤੇ ਕਨੇਡਾ ਜਾ ਵਸੇ। ਡਾ. ਨਾਹਰ ਸਿੰਘ ਦੀ ਨਿਗਰਾਨੀ ਹੇਠ ਖੋਜਾਰਥੀਆਂ ਦੁਆਰਾ ਲਿਖੇ 36 ਦੇ ਕਰੀਬ ਪੀਐਚ.ਡੀ. ਦੇ ਖੋਜ-ਪ੍ਰਬੰਧ ਅਤੇ 165 ਤੋਂ ਵੱਧ ਐਮ.ਫਿਲ. ਦੇ ਖੋਜ-ਨਿਬੰਧ ਪ੍ਰਵਾਨ ਹੋ ਚੁੱਕੇ ਹਨ।
ਇਸ ਤੋਂ ਇਲਾਵਾ ਉਹ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਵੀ ਰਹੇ। ਉਹਨਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਭਾਸ਼ਾਵਾਂ ਦੇ ਡੀਨ, ਸੰਗੀਤ ਨਾਟ ਅਕਾਡਮੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ।[1]
ਇਨਾਮ-ਸਨਮਾਨ
ਸੋਧੋਉਨ੍ਹਾਂ ਨੂੰ ਪੰਜਾਬੀ ਲੋਕਧਾਰਾ ਅਧਿਐਨ ਅਤੇ ਆਲੋਚਨਾ ਵਿੱਚ ਪਾਏ ਯੋਗਦਾਨ ਲਈ ਹੇਠ ਲਿਖੇ ਇਨਾਮ ਪ੍ਰਾਪਤ ਹੋ ਚੁੱਕੇ ਹਨ -
ਐਮ. ਐਸ. ਰੰਧਾਵਾ ਅਵਾਰਡ (1991)
ਪੰਜਾਬ ਆਰਟ ਕੌਂਸਲ (1997)
ਭਾਸ਼ਾ ਵਿਭਾਗ ਪੰਜਾਬ ਵੱਲੋਂ ਤੇਜਾ ਸਿੰਘ ਅਵਾਰਡ (2002)
ਐਮ. ਐਸ. ਰੰਧਾਵਾ ਅਵਾਰਡ (2003)
ਪੰਜਾਬੀ ਸੱਥ ਲਾਂਬੜਾ ਵੱਲੋਂ ਐਮ. ਐੱਸ. ਰੰਧਾਵਾ ਅਵਾਰਡ (2007)
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ (2007)
ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਐਵਾਰਡ (2018)
ਲੋਕਧਾਰਾ ਅਧਿਐਨ
ਸੋਧੋਡਾ. ਨਾਹਰ ਸਿੰਘ ਨੇ ਆਪਣੇ ਪੀ. ਐੱਚ. ਡੀ ਦੇ ਖੋਜ ਕਾਰਜ ਲਈ ਲੋਕ ਕਾਵਿ ਦਾ ਖੇਤਰ ਚੁਣਿਆ। ਉਹਨਾਂ ਨੇ ਸਿਰਫ਼ ਆਪਣੇ ਤੋਂ ਪਹਿਲਾਂ ਹੋਏ ਲੋਕਧਾਰਾ ਦੇ ਖੇਤਰ ਵਿਚ ਕੰਮ ਨੂੰ ਆਧਾਰ ਬਣਾਉਣ ਦੀ ਬਜਾਇ ਖੇਤਰੀ ਖੋਜ ਕਾਰਜ ਨੂੰ ਪਹਿਲ ਦਿੱਤੀ। ਉਹਨਾਂ ਨੇ ਆਪਣੇ ਖੋਜ ਕਾਰਜ ਲਈ ਮਲਵਈ ਉਪ-ਭਾਸ਼ਾਈ ਖੇਤਰ (ਮਾਲਵਾ) ਚੁਣਿਆ। ਉਹ ਇਸ ਗੱਲ ਦਾ ਵੀ ਅਫ਼ਸੋਸ ਜਾਹਿਰ ਕਰਦੇ ਹਨ ਕਿ ਲੋਕਧਾਰਾ ਦੇ ਖੇਤਰ ਵਿਚ ਜੋ ਕੰਮ ਹੋ ਜਾਣਾ ਚਾਹੀਦਾ ਸੀ ਉਹ ਨਹੀਂ ਹੋਇਆ ਅਤੇ ਹੁਣ ਲੋਕ ਕਾਵਿ ਨੂੰ ਸਾਭਣ ਦਾ ਵੇਲਾ ਵਿਹਾ ਗਿਆ ਹੈ। ਇਸ ਬਾਬਤ ਡਾ. ਨਾਹਰ ਸਿੰਘ ਲਿਖਦੇ ਹਨ -"ਇਨ੍ਹਾਂ ਲੋਕ ਗੀਤਾਂ ਨੂੰ ਇਕੱਤਰ ਕਰਦਿਆਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਲੋਕ-ਗੀਤਾਂ ਨੂੰ ਸੰਭਾਲਣ ਦਾ ਵੇਲਾ ਵਿਹਾ ਚੁੱਕਾ ਹੈ ਅਤੇ ਜਿਹੜਾ ਬਜ਼ੁਰਗ ਤੁਹਾਨੂੰ ਦੋਹੇ ਸੁਣਾ ਰਿਹਾ ਹੈ ਉਹ ਤੁਹਾਡੇ ਅਗਲੇ ਗੇੜੇ ਤੱਕ ਅਗਲੇ ਜਹਾਨ ਪਹੁੰਚ ਚੁੱਕਿਆ ਹੋਵੇਗਾ ਤੇ ਤੁਸੀਂ ਹੱਥ ਮਲਦੇ ਰਹਿ ਜਾਵੋਗੇ। ਲੋਕ-ਗੀਤਾਂ ਦਾ ਸੰਕਲਨ ਅੱਜ ਤੋਂ ਪੌਣੀ ਸਦੀ ਪਹਿਲਾਂ ਹੋ ਜਾਣਾ ਚਾਹੀਦਾ ਸੀ। ਇਸ ਪਾਸੇ ਕਈ ਸ਼ਲਾਘਾਯੋਗ ਯਤਨ ਵੀ ਹੋਏ ਹਨ ਪਰ ਯੋਜਨਾਬੱਧ ਢੰਗ ਨਾਲ ਕੰਮ ਨੇਪਰੇ ਨਹੀਂ ਚੜ੍ਹਿਆ।"[2] ਡਾ.ਨਾਹਰ ਸਿੰਘ ਤੋਂ ਪਹਿਲਾਂ ਲੋਕਧਾਰਾ ਦੇ ਖੇਤਰ ਵਿਚ ਦਵਿੰਦਰ ਸਤਿਆਰਥੀ, ਵਣਜਾਰਾ ਬੇਦੀ, ਕਰਮਜੀਤ ਸਿੰਘ, ਅਵਤਾਰ ਸਿੰਘ, ਕੁਲਵੰਤ ਸਿੰਘ ਆਦ ਦਾ ਕੰਮ ਸ਼ਲਾਘਾਯੋਗ ਹੈ। ਡਾ. ਨਾਹਰ ਸਿੰਘ ਨੇ ਆਪਣੇ ਕੰਮ ਨੂੰ ਖੇਤਰੀ ਖੋਜ ਅਤੇ ਸਿਧਾਂਤ ਦੇ ਪੱਖ ਤੋਂ ਯੋਜਨਾਬੱਧ ਢੰਗ ਨਾਲ ਪੂਰਾ ਕੀਤਾ। ਲੋਕਧਾਰਾ ਦੇ ਖੇਤਰ ਵਿਚ ਖੋਜ ਲਈ ਉਨ੍ਹਾਂ ਵਿਗਿਆਨਕ ਪਹੁੰਚ ਅਪਣਾਈ। ਸਿਧਾਂਤਕ ਬੋਧ ਦੇ ਨਾਲ ਨਾਲ ਉਹ ਖੇਤਰੀ ਖੋਜ ਵਿਚ ਵੀ ਇਕ ਮਾਹਿਰ ਵਿਦਵਾਨ ਸਾਬਿਤ ਹੋਏ। ਉਹ ਸੂਚਕ ਦਾ ਭਰੋਸਾ ਜਿੱਤਣ ਵਿਚ ਮਾਹਿਰ ਹਨ। ਇਸ ਮੁਹਾਰਤ ਨਾਲ ਉਹਨਾਂ ਨੇ ਮਾਲਵੇ ਖੇਤਰ ਦੀਆਂ ਔਰਤਾਂ ਅਤੇ ਮਰਦਾ ਤੋਂ ਲੋਕ ਗੀਤਾਂ ਦਾ ਇਕੱਤਰੀਕਰਨ ਕੀਤਾ। ਮਲਵਈ ਲੋਕ-ਗੀਤਾਂ ਬਾਰੇ 'ਚੰਨਾ ਵੇ ਤੇਰੀ ਚਾਨਣੀ' (1989) ਅਤੇ 'ਖੂਨੀ ਨੈਣ ਜਲ ਭਰੇ' (1989) ਉਹਨਾਂ ਦੀਆਂ ਕਿਤਾਬਾਂ ਹਨ। ਉਹਨਾਂ ਨੇ ਕੇਵਲ ਮਲਵਈ ਲੋਕ ਕਾਵਿ ਦਾ ਇਕੱਤਰੀਕਰਨ ਹੀ ਨਹੀਂ ਕੀਤਾ ਸਗੋਂ ਸਮਾਜਕ, ਆਰਥਿਕ, ਇਤਿਹਾਸਕ ਅਤੇ ਭੂਗੋਲ ਆਦ ਨੂੰ ਆਧਾਰ ਬਣਾ ਕੇ ਇਹਨਾਂ ਦਾ ਅਧਿਐਨ ਕੀਤਾ। ਉਨ੍ਹਾਂ ਦਾ ਸਮੁੱਚਾ ਖੋਜ ਕਾਰਜ ਇਕੱਤਰੀਕਰਣ, ਵਰਗੀਕਰਣ ਤੇ ਵਿਸ਼ਲੇਸ਼ਣ ਦੀ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਅਨੁਸਾਰ ਲੋਕਧਾਰਾ ਦੇ ਖੇਤਰ ਵਿਚ ਸੰਪਾਦਨਾ ਇਕੱਤਰੀਕਰਨ ਤੱਕ ਮਹਿਦੂਦ ਨਾ ਰਹਿ ਕੇ ਇਕ ਨਵੀਂ ਸਿਰਜਣਾ ਹੁੰਦੀ ਹੈ।
ਲੋਕ ਕਾਵਿ ਦਾ ਅਧਿਐਨ
ਸੋਧੋਡਾ. ਨਾਹਰ ਸਿੰਘ ਲੋਕ ਕਾਵਿ ਦਾ ਸੰਪਾਦਨ ਅਤੇ ਵਰਗੀਕਰਨ ਕਰਨ ਲਈ ਸਿਰਜਣ ਪ੍ਰਕਿਰਿਆ ਨੂੰ ਆਧਾਰ ਬਣਾਉਂਦੇ ਹਨ। ਨਵਲਦੀਪ ਸ਼ਰਮਾ ਆਪਣੇ ਐੱਮ. ਫ਼ਿਲ ਦੇ ਥੀਸਸ 'ਡਾ.ਨਾਹਰ ਸਿੰਘ ਦਾ ਲੋਕਧਾਰਾ ਸ਼ਾਸਤਰੀ ਚਿੰਤਨ' ਵਿਚ ਸਿਰਜਣ ਪ੍ਰਕਿਰਿਆ ਬਾਰੇ ਲਿਖਦੀ ਹੈ ਕਿ "ਉਹ ਕਿਸੇ ਬਣੀ ਬਣਾਈ ਵਿਧੀ ਨੂੰ ਆਪਣੇ ਅਧਿਐਨ ਦਾ ਆਧਾਰ ਨਹੀਂ ਬਣਾਉਂਦੇ ਸਗੋਂ ਲੋਕ ਮਨ ਦੀ ਵਿਹਾਰਕਤਾ ਵਿੱਚੋਂ ਹੀ ਵਿਧੀ ਦੀ ਤਲਾਸ਼ ਕਰਦੇ ਹਨ ਜਿਸਨੂੰ ਉਹਨਾਂ ਨੇ ਸਿਰਜਣ ਪ੍ਰਕਿਰਿਆ ਦਾ ਨਾਮ ਦਿੱਤਾ ਹੈ।"[3] ਮਲਵਈ ਲੋਕ ਕਾਵਿ ਦਾ ਅਧਿਐਨ ਕਰਨ ਲਈ ਉਹ ਅੰਤਰ ਅਨੁਸ਼ਾਸ਼ਨੀ ਅਤੇ ਤੁਲਨਾਤਮਕ ਵਿਧੀ ਦਾ ਪ੍ਰਯੋਗ ਕਰਦੇ ਹਨ। ਅੰਤਰ ਅਨੁਸ਼ਾਸ਼ਨੀ ਵਿਧੀ ਵਿਚ ਉਹ ਮਾਨਵ ਵਿਗਿਆਨ, ਸਮਾਜ ਵਿਗਿਆਨ, ਭਾਸ਼ਾ ਵਿਗਿਆਨ ਆਦ ਅਨੁਸ਼ਾਸ਼ਨਾਂ ਦੀ ਮਦਦ ਲੈਂਦੇ ਹਨ। ਇਹਨਾਂ ਅਧਿਐਨ ਵਿਧੀਆਂ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਡਾ. ਨਾਹਰ ਸਿੰਘ ਦੀ ਅਧਿਐਨ ਦ੍ਰਿਸ਼ਟੀ ਵਿਗਿਆਨਕ ਪਹੁੰਚ ਦੀ ਧਾਰਨੀ ਹੈ।
ਲੋਕ ਕਾਵਿ ਰੂਪਾਂ ਦਾ ਵਰਗੀਕਰਨ
ਸੋਧੋਡਾ. ਨਾਹਰ ਸਿੰਘ ਨੇ ਮਲਵਈ ਲੋਕ ਕਾਵਿ ਰੂਪਾਂ ਦਾ ਵਰਗੀਕਰਨ ਰੂਪ ਦੀ ਦ੍ਰਿਸ਼ਟੀ ਤੋਂ ਕੀਤਾ ਹੈ। ਇਸ ਵਰਗੀਕਰਨ ਨੂੰ ਉਹ ਦੋ ਮੁੱਖ ਰੂਪਾਂ ਵਿਚ ਵੰਡਦੇ ਹਨ-
1.ਖੁੱਲ੍ਹੇ ਰੂਪਾਂ ਵਾਲੇ ਕਾਵਿ ਰੂਪ
2.ਬੰਦ ਰੂਪਾਂ ਵਾਲੇ ਕਾਵਿ ਰੂਪ
ਖੁੱਲ੍ਹੇ ਰੂਪਾਂ ਵਾਲੇ ਕਾਵਿ ਰੂਪ
ਸੋਧੋਖੁੱਲ੍ਹੇ ਕਾਵਿ ਰੂਪਾਂ ਤੋਂ ਉਨ੍ਹਾਂ ਲੋਕ ਕਾਵਿ ਰੂਪਾਂ ਤੋਂ ਹੈ ਜੋ ਵਧੇਰੇ ਲਚਕੀਲੇ ਹੁੰਦੇ ਹਨ। ਲਚਕੀਲੇਪਨ ਕਰਕੇ ਰਚਨਾਤਮਕਤਾ ਦਾ ਗੁਣ ਭਾਰੂ ਹੁੰਦਾ ਹੈ ਭਾਵ ਕਿ ਪੁਨਰ ਸਿਰਜਣਾ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਡਾ. ਨਾਹਰ ਸਿੰਘ ਅਨੁਸਾਰ ਹੇਠ ਲਿਖੇ ਲੋਕ ਕਾਵਿ ਰੂਪ ਖੁੱਲ੍ਹੇ ਰੂਪਾਂ ਵਾਲੇ ਕਾਵਿ ਰੂਪ ਹਨ ਜਿੰਨਾਂ ਨੂੰ ਲਚਕੀਲੇਪਨ ਦੇ ਆਧਾਰ ਉਤੇ ਤਰਤੀਬਵਾਰ ਦਰਸਾਇਆ ਗਿਆ ਹੈ-
1. ਕੀਰਨਾ (ਸਭ ਤੋਂ ਵੱਧ ਲਚਕੀਲਾ ਕਾਵਿ ਰੂਪ)
2. ਟੱਪਾ
3. ਨਿੱਕੀ ਬੋਲੀ
4. ਲੰਮੀ ਬੋਲੀ
5. ਅਲਾਹੁਣੀ
6. ਸਿੱਠਣੀ
7. ਹੇਅਰਾ
8. ਛੰਦ-ਪਰਾਗਾ
9. ਖੇਡ ਗੀਤ ਤੇ ਨਾਚ ਗੀਤ
ਬੰਦ ਰੂਪਾਂ ਵਾਲੇ ਕਾਵਿ ਰੂਪ
ਸੋਧੋਬੰਦ ਕਾਵਿ ਰੂਪ ਉਹਨਾਂ ਕਾਵਿ ਰੂਪਾਂ ਨੂੰ ਕਿਹਾ ਜਾਂਦਾ ਹੈ ਜਿੰਨਾਂ ਦਾ ਰਚਨਾ ਵਿਧਾਨ ਸਖ਼ਤ ਨੇਮਾਂ ਦਾ ਪਾਬੰਦ ਹੁੰਦਾ ਹੈ ਜਿਸ ਕਰਕੇ ਪੁਨਰ ਸਿਰਜਣ ਪ੍ਰਕਿਰਿਆ ਮੱਧਮ ਹੁੰਦੀ ਹੈ। ਇਹਨਾਂ ਕਾਵਿ ਰੂਪਾਂ ਵਿਚ ਪੁਨਰ ਸਿਰਜਣਾ ਬੱਝਵੇਂ ਨਿਯਮਾਂ ਵਿਚ ਬੱਝ ਕੇ ਹੀ ਕੀਤੀ ਜਾਂਦੀ ਹੈ। ਇਸ ਦੇ ਅੰਤਰਗਤ ਹੇਠ ਲਿਖੇ ਕਾਵਿ ਰੂਪ ਆਉਂਦੇ ਹਨ।
1. ਬੁਝਾਰਤ (ਘੱਟ ਲਚਕੀਲਾ)
2. ਮੁਹਾਵਰਾ, ਅਖਾਣ ਤੇ ਸਿਆਣਪ ਦਾ ਟੋਟਾ
3. ਦੋਹੜਾ
4. ਲੰਮੇ ਮਲਵਈ ਗੀਤ
ਲੋਕ ਨਾਚਾਂ ਦਾ ਅਧਿਐਨ
ਸੋਧੋਲੋਕ ਨਾਚ ਦੇ ਖੇਤਰ ਵਿਚ ਵੀ ਉਨ੍ਹਾਂ ਦਾ ਕੰਮ ਉਲੇਖਣਯੋਗ ਹੈ। ਡਾ. ਨਾਹਰ ਸਿੰਘ ਅਨੁਸਾਰ ਲੋਕ ਨਾਚ ਦਾ ਆਰੰਭ ਜਾਦੂ ਯੁਗ ਤੋਂ ਹੋਇਆ। ਲੋਕ ਨਾਚ ਦੀ ਉਤਪਤੀ ਦਾ ਸਮਾਂ ਉਹ ਹੜੱਪਾ ਕਾਲ ਤੋਂ ਮੰਨਦੇ ਹਨ। ਉਨ੍ਹਾਂ ਨੇ ਲੋਕ ਨਾਚ ਅਤੇ ਕਲਾਸੀਕਲ ਨਾਚ ਵਿਚਲੇ ਫ਼ਰਕ ਨੂੰ ਬਹੁਤ ਹੀ ਬਾਰੀਕੀ ਨਾਲ ਦਰਸਾਇਆ ਹੈ। ਡਾ. ਨਾਹਰ ਸਿੰਘ ਆਪਣੇ ਖੋਜ ਕਾਰਜ ਅਧਾਰਿਤ ਲੋਕ ਨਾਚ ਦੀਆਂ ਹੇਠ ਲਿਖੀਆਂ ਵੰਨਗੀਆਂ ਦੱਸੀਆਂ ਹਨ-
ਲੋਕ ਨਾਚ ਵੰਨਗੀਆਂ
ਸੋਧੋ1. ਭੰਗੜਾ
2. ਗਿੱਧਾ
3. ਲੁੱਡੀ
4. ਝੂਮਰ
5. ਸੰਮੀ
6. ਟਿੱਪਰੀ
ਪੁਸਤਕਾਂ
ਸੋਧੋ- ਲੋਕ ਕਾਵਿ ਦੀ ਸਿਰਜਨ ਪ੍ਰਕਿਰਿਆ (1983)
- ਮਾਰਕਸੀ ਰੂਪ ਚਿੰਤਨ (1989)
- ਪੰਜਾਬੀ ਲੋਕਨਾਚਾਂ ਦੀ ਸਭਿਆਚਾਰਕ ਭੂਮਿਕਾ ਅਤੇ ਸਾਰਥਕਤਾ (1988)
- ਮਾਲਵੇ ਦੇ ਟੱਪੇ (1985)
- ਪੰਜਾਬੀ ਲੋਕਧਾਰਾ : ਚਿੰਤਨ ਤੇ ਚੇਤਨਾ (2018)
ਡਾ. ਨਾਹਰ ਸਿੰਘ ਦੁਆਰਾ ਮਾਲਵੇ ਦੇ ਲੋਕ ਕਾਵਿ ਦਾ ਇਕੱਤਰੀਕਰਨ ਵੀ ਕੀਤਾ ਗਿਆ, ਜਿਸਦੀਆਂ 12 ਜਿਲਦਾਂ ਇਸ ਪ੍ਰਕਾਰ ਹਨ -
- ਕਾਲ਼ਿਆਂ ਹਰਨਾਂ ਰੋਹੀਏਂ ਫਿਰਨਾ (1985) : ਇਸ ਪੁਸਤਕ ਵਿਚ ਮਾਲਵੇ ਦੇ ਮਰਦਾਂ ਦੀਆਂ ਬੋਲੀਆਂਂ ਨੂੰ ਇਕੱਤਰ ਕੀਤਾ ਗਿਆ ਹੈ। ਲੇਖਕ ਨੇ ਪਹਿਲਾਂ ਮਾਲਵੇ ਦੇ ਇਤਿਹਾਸ ਤੇ ਮਲਵਈ ਉਪਭਾਸ਼ਾ ਬਾਰੇ ਸੰਖੇਪ ਜਾਣਕਾਰੀ ਦਿੱਤੀ ਹੈ। ਮਰਦਾਵੀਂ ਬੋਲੀਆਂ ਬਾਰੇ ਸਿਧਾਂਤਕ ਚਰਚਾ ਵੀ ਕੀਤੀ ਗਈ ਹੈ।
- ਲੌਂਗ ਬੁਰਜੀਆਂ ਵਾਲਾ (1986) : ਇਸ ਵਿਚ ਮਲਵੈਣਾਂ ਦੇ ਗਿੱਧੇ ਦੀਆਂ ਬੋਲੀਆਂ ਨੂੰ ਇਕੱਤਰ ਕੀਤਾ ਗਿਆ ਹੈ। ਇਸ ਕਿਤਾਬ ਦੇ ਦੋ ਭਾਗ ਹਨ, ਇਹਨਾਂ ਦੋਹਾਂ ਭਾਗਾਂ ਦਾ ਨਿਖੇੜ ਨਿਰੋਲ ਰੂਪਾਕਾਰਕ ਵੰਡ ਉੱਤੇ ਅਧਾਰਿਤ ਹੈ। ਪਹਿਲੇ ਭਾਗ ਵਿਚ ਮਲਵੈਣਾਂ ਦੇ ਧੀਮੀ ਚਾਲ ਦੇ ਕਿੱਤੇ ਦੀਆਂ ਲੰਮੀਆਂ ਬੋਲੀਆਂ ਰੱਖੀਆਂ ਗਈਆਂ ਹਨ ਤੇ ਦੂਜੇ ਭਾਗ ਵਿਚ ਤੇਜ਼ ਤਰਾਰ ਗਿੱਧੇ ਦੀਆਂ ਛੋਟੀਆਂ ਬੋਲੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਦੋਵੇਂ ਭਾਗਾਂ ਅੰਦਰ ਕਾਂਡਾਂ ਦਾ ਕ੍ਰਮ ਇਹਨਾਂ ਬੋਲੀਆਂ ਦੀ ਨਾਇਕਾ ਦੀ ਜੀਵਨ ਤੋਰ ਅਤੇ ਸਦਾਚਾਰੀ ਸੰਬੰਧਾਂ ਦੇ ਆਧਾਰ ਉੱਤੇ ਰੱਖਿਆ ਗਿਆ ਹੈ।
- ਚੰਨਾ ਵੇ ਤੇਰੀ ਚਾਨਣੀ (1998) : ਇਹ ਕਿਤਾਬ ਵਿਚ ਮਲਵੈਣਾਂ ਦੇ ਲੰਮੇ ਗੌਣ ਸ਼ਾਮਿਲ ਕੀਤੇ ਗਏ ਹਨ। ਇਸ ਜਿਲਦ ਵਿਚ 313 ਦੇ ਕਰੀਬ ਲੰਮੇ ਗੌਣ ਸ਼ਾਮਿਲ ਹਨ। ਪੁਸਤਕ ਦੇ ਸ਼ੁਰੂ ਵਿਚ ਇਹਨਾਂ ਗੀਤਾਂ ਦੀ ਸੰਪਾਦਨਾ ਵਿਉਂਤ ਦੱਸੀ ਗਈ ਹੈ ਤੇ ਸਿਧਾਂਤਕ ਪਹਿਲੂ ਤੋਂ ਵੀ ਜਾਣੂ ਕਰਵਾਇਆ ਗਿਆ ਹੈ।
- ਖੂਨੀ ਨੈਨ ਜਲ ਭਰੇ (1989) : ਇਹ ਪੁਸਤਕ ਤੀਜੀ ਜਿਲਦ ਦਾ ਹੀ ਵਿਸਥਾਰ ਹੈ। ਇਸ ਵਿਚ ਪਤੀ ਪਤਨੀ ਦੇ ਰਿਸ਼ਤੇ ਨਾਲ ਸੰਬੰਧਿਤ ਲੰਮੇ ਗੌਣਾਂ ਨੂੰ ਰੱਖਿਆ ਗਿਆ ਹੈ। ਢੋਲਕ ਦੇ ਗੀਤਾਂ ਨੂੰ ਮਿਲਾ ਕੇ ਇਸ ਜਿਲਦ ਵਿਚ 260 ਤੋਂ ਵੱਧ ਗੀਤ ਸੰਕਲਿਤ ਕੀਤੇ ਗਏ ਹਨ।
- ਬਾਗੀਂ ਚੰਬਾ ਖਿੜ ਰਿਹਾ (1999) : ਇਸ ਕਿਤਾਬ ਵਿਚ ਮੰਗਣੇ ਤੇ ਵਿਆਹ ਨਾਲ ਸੰਬੰਧਿਤ ਸੌ ਦੇ ਕਰੀਬ ਰੀਤਾਂ ਨਾਲ ਸੰਬੰਧਿਤ ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਗੀਤਾਂ ਨੂੰ ਸ਼ਾਮਿਲ ਕਰਨ ਲੱਗਿਆਂ ਹਰੇਕ ਰੀਤ ਦੀ ਵਿਆਖਿਆ ਵੀ ਦਿੱਤੀ ਗਈ ਹੈ। ਇਸ ਜਿਲਦ ਵਿਚ ਸੁਹਾਗ, ਘੋੜੀਆਂ, ਹੇਅਰੇ, ਦੋਹਰੇ, ਛੰਦ ਪਰਾਗੇ, ਸੋਹਲੜੇ, ਵਧਾਵੇ ਆਦਿ ਸ਼ਾਮਿਲ ਕੀਤੇ ਗਏ ਹਨ।
- ਰੜੇ ਭੰਬੀਰੀ ਬੋਲੇ (2000) : ਇਸ ਜਿਲਦ ਵਿਚ ਸਿੱਠਣੀਆਂ ਤੇ ਹੇਅਰਿਆਂ ਦਾ ਇਕੱਤਰੀਕਰਨ ਕੀਤਾ ਗਿਆ ਹੈ।
- ਮਾਂ ਸੁਹਾਗਣ ਸਗਨ ਕਰੇ (2001) : ਇਸ ਜਿਲਦ ਵਿਚ ਵਿਆਹ ਦੀਆਂ ਰੀਤਾਂ, ਰਸਮਾਂ ਅਤੇ ਸ਼ਗਨਾਂ ਦੇ ਲੋਕਗੀਤ ਸ਼ਾਮਿਲ ਹਨ।
- ਧਰਤੀ ਪਿਆਰ ਕਰੇਂਦੀਏ : ਇਸ ਵਿਚ ਪੰਜਾਬ ਦੀਆਂ ਲੋਕ-ਸਿਆਣਪਾਂ ਨੂੰ ਸਾਂਭਿਆ ਗਿਆ ਹੈ।
- ਪੰਜਾਬੀਆਂ ਦਾ ਮੌਤ ਦਰਸ਼ਨ : ਇਸ ਵਿਚ ਮੌਤ ਨਾਲ ਸੰਬੰਧਿਤ ਕਾਵਿ ਰੂਪ ਸ਼ਾਮਿਲ ਹਨ। ਜਿੰਨ੍ਹਾਂ ਅਧੀਨ ਕੀਰਣੇ, ਅਲਾਹੁਣੀਆਂ ਅਤੇ ਮੌਤ ਦੀਆਂ ਰੀਤਾਂ ਦਾ ਅਧਿਐਨ ਕੀਤਾ ਗਿਆ ਹੈ।
- ਕੱਲਰ ਦੀਵਾ ਮੱਚਦਾ : ਇਹ ਕਾਰਜਗਤ ਗੀਤਾਂ ਦਾ ਸੰਗ੍ਰਹਿ ਹੈ। ਇਸ ਵਿਚ ਅਜਿਹੇ ਗੀਤ ਸ਼ਾਮਿਲ ਕੀਤੇ ਗਏ ਹਨ ਜਿਹੜੇ ਕਿਸੇ ਵਿਸ਼ੇਸ਼ ਕਾਰਜ ਦੀ ਸਿਧੀ ਲਈ ਵਿਸ਼ੇਸ਼ ਸਥਿਤੀ ਉੱਤੇ ਵਿਸ਼ੇਸ਼ ਮਨੋਰਥ ਹਿੱਤ ਗਾਏ ਜਾਂਦੇ ਹਨ। ਇਸ ਜਿਲਦ ਦੇ ਪਹਿਲੇ ਭਾਗ ਵਿਚ ਬੱਚਿਆਂ ਦੇ ਖੇਡ ਗੀਤ, ਪੂਜਾ ਗੀਤ, ਸੰਸਕਾਰ ਗੀਤ ਆਦਿ ਹਨ ਅਤੇ ਦੂਜੇ ਭਾਗ ਵਿਚ ਕੀਰਨੇ ਤੇ ਅਲਾਹੁਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।
- ਧਰਤੀ ਜੇਡ ਗਰੀਬ ਨਾ ਕੋਈ : ਲੋਕ- ਇਸ਼ਟਾ ਦੀ ਉਪਾਸ਼ਨਾ ਨਾਲ ਸੰਬੰਧਿਤ ਲੋਕ ਕਾਵਿ
- ਰੋਹੀਆਂ ਦੇ ਬੋਲ : ਮਾਲਵੇ ਦੇ ਟੱਪੇ ਜਾਂ ਇਕਤੁਕੀਆਂ ਬੋਲੀਆਂ[4]
ਉਕਤ ਵਿਚੋਂ ਪਹਿਲੀਆਂ 10 ਜਿਲਦਾਂ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਬਾਕੀ ਦੋ ਜਲਦ ਪ੍ਰਕਾਸ਼ਿਤ ਕਰ ਦਿੱਤੀਆਂ ਜਾਣਗੀਆਂ।
ਹਵਾਲੇ
ਸੋਧੋ- ↑ ਡਾ. ਨਾਹਰ ਸਿੰਘ ਨਾਲ ਨਿੱਜੀ ਗੱਲਬਾਤ ਦੁਆਰਾ ਇਕੱਤਰਿਤ
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
<ref>
tag defined in <references>
has no name attribute.