ਡੋਲੀ ਦੀਆਂ ਰਸਮਾਂ ਅਤੇ ਗੀਤ

ਪੰਜਾਬੀ ਸੱਭਿਆਚਾਰ ਵਿੱਚ ਵਿਆਹ ਇੱਕ ਅਜਿਹਾ ਸਮਾਗਮ ਹੈ ਜਿਸ ਵਿੱਚ ਅਨੇਕਾਂ ਹੀ ਰਸਮ-ਰਿਵਾਜ਼ ਕੀਤੇ ਜਾਂਦੇ ਹਨ ਅਤੇ ਲੋਕ ਗੀਤ ਗਾਏ ਜਾਂਦੇ ਹਨ। ਸੋਹਿੰਦਰ ਸਿੰਘ ਬੇਦੀ ਅਨੁਸਾਰ, ਵਿਆਹ ਨਾਲ ਸਬੰਧਤ ਰੀਤਾਂ ਵਧੇਰੇ ਕਰ ਕੇ ਜੋੜੀ ਦੀ ਚਿਰੰਜੀਵਤਾ, ਸਦੀਵੀਂ ਤੁਲਨਾ, ਸਦੀਵੀ ਹੁਲਾਸ, ਵੰਸ਼ ਪਰੰਪਰਾ ਨੂੰ ਤੁਰਦੇ ਰੱਖਣ ਤੇ ਚੰਦਰੀਆਂ ਰੂਹਾਂ ਤੋਂ ਰੱਖਿਆ ਦੀ ਭਾਵਨਾ ਨਾਲ ਕੀਤੀਆਂ ਜਾਂਦੀਆਂ ਹਨ।1 ਵਿਆਹ ਦੀਆਂ ਰਸਮਾਂ ਨਿਭਾਉਣ ਵਿੱਚ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ ਅਤੇ ਸ਼ਰੀਕੇ ਦੇ ਲੋਕ ਵੀ ਹਿੱਸਾ ਪਾਉਂਦੇ ਹਨ। ਕੁੜੀ ਦੇ ਘਰ ਵਿਆਹ ਵਾਲੇ ਦਿਨ ਸ਼ਾਮ ਨੂੰ ਡੋਲੀ ਦੀ ਵਿਦਾਇਗੀ ਅਤੇ ਆਉਣ ਸਮੇਂ ਅਨੇਕਾਂ ਰਸਮ-ਰਿਵਾਜ਼ ਕੀਤੇ ਜਾਂਦੇ ਹਨ ਅਤੇ ਲੋਕਗੀਤ ਗਾਏ ਜਾਂਦੇ ਹਨ

ਡੋਲੀ ਦੀ ਵਿਦਾਇਗੀ ਦੀਆਂ ਰਸਮਾ

ਸੋਧੋ
  • ਮੁਕਲਾਵੇ ਦੀ ਰਸਮ
  • ਘਰ ਵਧਾਉਣ ਦੀ ਰਸਮ
  • ਫੁੱਲੀਆਂ ਪਾਉਣ ਦੀ ਰਸਮ
  • ਵਿਦਾਈ ਦੀ ਰਸਮ
  • ਸੋਟ ਦੀ ਰਸਮ
  • ਨੈਣ-ਭਰਾ ਦਾ ਨਾਲ ਜਾਣ ਦੀ ਰਸਮ

ਮੁਕਲਾਵੇ ਦੀ ਰਸਮ

ਸੋਧੋ

ਪਹਿਲੇ ਸਮਿਆਂ ਵਿੱਚ ਕੁੜੀ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ, ਜਿਸ ਕਰ ਕੇ ਮੁਕਲਾਵਾ ਪੰਜ ਜਾਂ ਸੱਤ ਸਾਲ ਕੁੜੀ ਦੇ ਮੁਟਿਆਰ ਹੋਣ ਉੱਤੇ ਤੋਰਿਆ ਜਾਂਦਾ ਸੀ। ਫਿਰ ਦੂਜੇ ਦਿਨ ਮੁਕਲਾਵੇ ਦੀ ਰਸਮ ਅਦਾ ਕੀਤੀ ਜਾਣ ਲੱਗੀ। ਪਰ ਅੱਜ ਦੇ ਸਮੇਂ ਵਿੱਚ ਵਿਆਹ ਅਤੇ ਮੁਕਲਾਵਾ ਇਕੋ ਦਿਨ ਹੀ ਕਰ ਦਿੱਤਾ ਜਾਂਦਾ ਹੈ। ਮੁੰਡਾ-ਕੁੜੀ ਤੇ ਹੋਰ ਨੇੜਲੇ ਰਿਸ਼ਤੇਦਾਰ ਪਿੰਡ ਦੀ ਜੂਹ 'ਚੋਂ ਬਾਹਰ ਜਾ ਕੇ ਫੇਰਾ ਪਾ ਪਾਉਂਦੇ ਹਨ ਜਾਂ ਕਈ ਗੁਰਦੁਆਰੇ ਮੱਥਾ ਟੇਕ ਆਉਂਦੇ ਹਨ ਅਤੇ ਫਿਰ ਡੋਲੀ ਤੋਰ ਦਿੱਤੀ ਜਾਂਦੀ ਹੈ। ਡਾ. ਰੁਪਿੰਦਰਜੀਤ ਗਿੱਲ ਅਨੁਸਾਰ, ਮੁਕਲਾਵੇ ਵਿੱਚ ਕੁੜੀ ਤੇ ਮੁੰਡੇ ਨੂੰ ਕੁੜੀ ਦੇ ਮਾਂ-ਪਿਉ ਕੱਪੜੇ ਅਤੇ ਨਕਦ ਰੁਪਏ ਸ਼ਗਨ ਵਜੋਂ ਦਿੰਦੇ ਹਨ।2

ਪੰਜਾਬੀ ਲੋਕਧਾਰਾ ਵਿੱਚ

ਸੋਧੋ

ਬਾਰੀ ਬਰਸੀ ਖੱਟਣ ਗਿਆ ਸੀ,
ਖਟ ਕੇ ਲਿਆਂਦਾ ਡੰਡਾ ਡੇਕ ਦਾ,
ਹੁਣ ਮੁਕਲਾਵਾ ਦੇ ਨੀ ਮਾਏ,
ਰਾਂਝਾ ਮੱਥਾ ਟੇਕਦਾ,
ਹੁਣ ਮੁਕਲਾਵਾ .....,

ਘਰ ਵਧਾਉਣ ਦੀ ਰਸਮ

ਸੋਧੋ

ਇਸ ਰਸਮ ਵਿੱਚ ਵਿਆਹੁਲੀ ਕੁੜੀ ਡੋਲੀ ਵਿੱਚ ਬੈਠਣ ਤੋਂ ਪਹਿਲਾਂ ਤੁਰੀ ਜਾਂਦੀ ਇੱਕ ਥਾਲੀ ਵਿਚੋਂ ਜਿਸ ਵਿੱਚ ਮੇਵੇ, ਚਾਵਲ ਅਤੇ ਜੌਂ ਰਲੇ ਹੁੰਦੇ ਹਨ, ਬੁੱਕਾ ਭਰ-ਭਰ ਕੇ ਪਿਛਲੇ ਪਾਸੇ ਵੱਲ ਸੁੱਟਦੀ ਹੈ। ਇਸ ਰਸਮ ਦਾ ਭਾਵ ਪੇਕੇ ਪਰਿਵਾਰ ਦੀ ਸੁੱਖ ਮੰਗਣਾ ਅਤੇ ਉਹਨਾਂ ਦੀ ਆਰਥਿਕ ਖੁਸ਼ਹਾਲੀ ਨਾਲ ਜੁੜਿਆ ਹੋਇਆ ਹੈ। ਐਨ ਕੌਰ ਅਨੁਸਾਰ, ਧੀ ਦਾ ਪੇਕੇ ਘਰ ਵਿਚੋਂ ਪੁਰਾਣਾ ਦਾਅਵਾ ਟੁੱਟ ਜਾਂਦਾ ਹੈ ਤੇ ਉਹ ਪਰਾਈ ਬਣਕੇ ਤੁਰ ਪੈਂਦੀ ਹੈ।3 ਚੌਲ ਵਿੜ ਕਲਈਆਂ, ਹੁਣ ਹੋਈਓ ਪਰਾਈ, ਬਾਬਲ ਬੇਟੜੀਏ! ਹੁਣ ਹੋਈਓ ਪਰਾਈ। ਕਈ ਗੋਤਾਂ ਵਿੱਚ ਵਿਆਹੁਲੀ ਕੁੜੀ ਦੀਵਾ ਬਾਲ ਕੇ ਘਰੋਂ ਜਾਂਦੀ ਹੈ ਤਾਂ ਜੋ ਪਿਛੋਂ ਘਰ ਵਧੇ-ਫੁੱਲੇ।

ਪੰਜਾਬੀ ਲੋਕਧਾਰਾ ਵਿੱਚ

ਸੋਧੋ

ਲਾਡੋ ਛੱਡ ਨੀ ਪੀੜੀ ਦਾ ਪਾਵਾ,
ਸਾਡਾ ਨਹੀਂਓ ਦਾਵਾ,
ਦਾਵੇ ਵਾਲੇ ਲੈ ਨੀ ਚੱਲੇ,

ਫੁੱਲੀਆਂ ਪਾਉਣ ਦੀ ਰਸਮ

ਸੋਧੋ

ਇਸ ਰਸਮ ਵਿੱਚ ਭਰਾ ਡੋਲੀ ਚੜ੍ਹ ਰਹੀ ਭੈਣ ਦੀ ਝੋਲੀ ਵਿੱਚ ਚੌਲਾਂ ਦੀਆਂ ਫੁੱਲੀਆਂ ਪਾਉਂਦਾ ਹੈ ਜੋ ਉਹਦੇ ਭਵਿੱਖ ਲਈ ਖੁਸ਼ਹਾਲੀ ਤੇ ਪ੍ਰਫੁੱਲਤਾ ਦੀ ਕਾਮਨਾ ਦਾ ਚਿੰਨ੍ਹ ਹੈ ਭੈਣ ਆਪਣੇ ਵੀਰਾਂ ਨੂੰ ਜੁਗ-ਜੁਗ ਚੜ੍ਹਦੀਆਂ ਕਲਾ ਵਿੱਚ ਰਹਿਣ ਦਾ ਆਸ਼ੀਰਵਾਦ ਦਿੰਦੀ ਹੈ। ਪਰ ਅੱਜ ਦੇ ਸਮੇਂ ਇਸ ਰਸਮ ਦਾ ਰਿਵਾਜ ਲਗਭਗ ਖਤਮ ਹੋ ਚੁੱਕਾ ਹੈ। ਫੁੱਲੀਆਂ ਪਾਂਵਦੇ ਨੀ! ਮੇਰੀ ਅੰਮੜੀ ਦੇ ਜਾਏ ਫੁੱਲੀਆਂ ਪਾਂਵਦੇ ਨੀਂ! ਮੇਰੀ ਅੰਮੜੀ ਦੇ ਜਾਏ ਜੁਗ ਜੁਗ ਪਾਵੋ ਫੁੱਲੀਆਂ, ਵੇ ਥੋਡਾ ਰਾਜ ਸਵਾਇਆ ਜੁਗ ਜੁਗ ਪਾਵੇ ਫੁੱਲੀਆਂ, ਵੇ ਥੋਡਾ ਰਾਜ ਸਵਾਇਆ।

ਵਿਦਾਈ ਦੀ ਰਸਮ

ਸੋਧੋ

ਧੀ ਨੂੰ ਰੋਂਦੀ ਕੁਰਲਾਉਂਦੀ ਨੂੰ ਉਸ ਦਾ ਭਰਾ-ਮਾਮਾ ਡੋਲੀ ਵਾਲੀ ਕਾਰ ਵਿੱਚ ਬਿਠਾ ਦਿੰਦੇ ਹਨ। ਇਸ ਸਮੇਂ ਧੀ ਮਾਂ ਨੂੰ ਘਰ ਦੀਆਂ ਚਾਬੀਆਂ ਸੌਂਪਦੀ ਹੈ। ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ। ਡੋਲੀ ਵਾਲੀ ਕਾਰ ਵਿੱਚ ਬੈਠੇ ਧੀ-ਜਵਾਈ ਦਾ ਮਾਂ ਲੱਡੂਆਂ ਨਾਲ ਮੂੰਹ ਜਠਾਉਂਦੀ ਹੈ ਤੇ ਮਾਂ-ਪਿਊ ਤੋਂ ਬਿਨ੍ਹਾਂ ਹੋਰ ਨਜ਼ਦੀਕੀ ਰਿਸ਼ਤੇਦਾਰ ਵਲੋਂ ਪੈਸੇ ਸ਼ਗਨ ਵਜੋਂ ਦਿੱਤੇ ਜਾਂਦੇ ਹਨ। ਫਿਰ ਮਾਂ ਡੋਲੀ ਵਾਲੀ ਕਾਰ ਦੇ ਚਾਰੇ ਟਾਇਰਾਂ ਤੇ ਪਾਣੀ ਪਾਉਂਦੀ ਹੈ। ਧੀ ਨਾ ਚਾਹੁੰਦੇ ਹੋਏ ਵੀ ਬਾਬਲ ਘਰੋਂ ਵਿਦਾ ਹੋ ਜਾਂਦੀ ਹੈ। ਮੇਰੀ ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ। ਰਹਾਂ ਬਾਬਲ ਦੀ ਬਣਕੇ ਗੋਲੀ ਨੀ ਮਾਂ।

ਪੰਜਾਬੀ ਲੋਕਧਾਰਾ ਵਿੱਚ

ਸੋਧੋ


ਬਾਬਲ ਵਿਦਿਆ ਕਰੇਦਿਆ,
ਵੇ ਮੈਨੂੰ ਰੱਖ ਲੈ ਅੱਜ ਦੀ ਰਾਤ ਵੇ,
ਮੈਨੂੰ ਰੱਖ ......,

ਕੀਕਨ ਰੱਖਾ ਧੀਏ ਮੇਰੀਏ,
ਨੀ ਮੈ ਤਾਂ ਸੱਜਣ ਸਦਾ ਲੇ,
ਆਪ ਨੀ,ਮੈ ਤਾਂ ਸੱਜਣ ....,

ਪੈਸੇ ਸੁੱਟਣ ਦੀ ਰਸਮ

ਸੋਧੋ

ਡੋਲੀ ਦੀ ਵਿਦਾਇਗੀ ਦੀਆਂ ਸਾਰੀਆਂ ਰਸਮਾਂ ਖ਼ਤਮ ਹੋਣ ਤੋਂ ਬਾਅਦ ਕੁੜੀ ਦੇ ਭਰਾ ਡੋਲੀ ਵਾਲੀ ਕਾਰ ਨੂੰ ਧੱਕਾ ਲਾਉਂਦੇ ਹਨ ਤੇ ਡੋਲੀ ਤੁਰ ਜਾਂਦੀ ਹੈ। ਇਸ ਸਮੇਂ ਲਾੜੇ ਦਾ ਪਿਉ ਡੋਲੀ ਉੱਤੋਂ ਪੈਸੇ ਸੁੱਟਦਾ ਹੈ। ਇਸ ਰਸਮ ਨੂੰ ਸੋਟ ਦੀ ਰਸਮ ਵੀ ਕਿਹਾ ਜਾਂਦਾ ਹੈ।

ਨੈਣ ਤੇ ਭਰ ਦਾ ਨਾਲ ਜਾਣ ਦੀ ਰਸਮ

ਸੋਧੋ

ਪੁਰਾਣੇ ਸਮੇਂ ਵਿੱਚ ਵਿਆਹੁਲੀ ਕੁੜੀ ਨਾਲ ਉਸ ਦੇ ਸਹੁਰੇ ਘਰ ਨੈਣ ਜਾਂ ਭਰਾ ਜਾਂਦਾ ਸੀ। ਅੱਜ ਨੈਣ ਨੂੰ ਨਾਲ ਲਿਜਾਣ ਦੀ ਰਸਮ ਤਾਂ ਖ਼ਤਮ ਹੋ ਚੁੱਕੀ ਹੈ। ਪਰ ਭਰਾ ਅੱਜ ਵੀ ਭੈਣ ਨਾਲ ਜਾਂਦੇ ਹਨ।

ਡੋਲੀ ਦੀ ਵਿਦਾਇਗੀ ਸਮੇਂ ਦੇ ਲੋਕਗੀਤਾਂ ਦੇ ਭਾਵ

ਸੋਧੋ

ਲੋਕਗੀਤਾਂ ਰਾਹੀਂ ਲੋਕ ਸਮੂਹ ਆਪਣੀਆਂ ਦੱਬੀਆਂ ਹੋਈਆਂ ਖਾਹਿਸ਼ਾਂ ਦਾ ਪ੍ਰਗਟਾ ਕਰਦੇ ਹਨ। ਪ੍ਰੋ. ਸੈਰੀ ਸਿੰਘ ਅਨੁਸਾਰ, ਲੋਕਾਂ ਦੁਆਰਾ ਰਚੇ ਗਏ ਗੀਤਾਂ ਨੂੰ 'ਲੋਕ-ਗੀਤ' ਕਿਹਾ ਜਾਂਦਾ ਹੈ। ਲੇਖਕ ਦਾ ਅਗਿਆਤ ਹੋਣਾ ਇਸ ਦੀ ਮੁੱਖ ਸ਼ਰਤ ਹੈ।4 ਸੁਹਾਗ ਲੋਕਗੀਤਾਂ ਦੀ ਇੱਕ ਵੰਨਗੀ ਹੈ। ਇਹ ਵਿਆਹੁਲੀ ਕੁੜੀ ਦੇ ਘਰ ਗਾਏ ਜਾਂਦੇ ਹਨ। ਡਾ. ਰਾਜਵੰਤ ਕੌਰ ਪੰਜਾਬੀ ਅਨੁਸਾਰ, ਵਿਦਾਇਗੀ ਦੇ ਮੌਕੇ ਤੇ ਜੋ ਸੁਹਾਗ ਗੀਤ ਗਾਏ ਜਾਂਦੇ ਹਨ। ਉਹਨਾਂ ਵਿਚਲੀ ਜਜ਼ਬਾਤੀ ਸੁਰ ਦਿਲਾਂ ਨੂੰ ਸਿਧੇ ਤੌਰ ਤੇ ਤਟਫਟੀ ਰੂਪ ਵਿੱਚ ਵਧੇਰੇ ਪ੍ਰਭਾਵਿਤ ਕਰਦੀ ਹੈ।5 ਡੋਲੀ ਦੀ ਵਿਦਾਇਗੀ ਦੇ ਗੀਤ ਜਿੱਥੇ ਰਸਮਾਂ-ਰਿਵਾਜ਼ਾਂ ਨਾਲ ਸਬੰਧਿਤ ਹੁੰਦੇ ਹਨ, ਉੱਥੇ ਉਸ ਸਮੇਂ ਧੀ ਦੇ ਪੇਕੇ ਘਰ ਰਹਿਣ ਦੀਆਂ ਮਨੋਭਾਵਨਾ ਨੂੰ ਵੀ ਪੇਸ਼ ਕਰਦੇ ਹਨ। ਇਸ ਸਮੇਂ ਲੋਕਗੀਤ ਧੀ ਵਲੋਂ ਹੋਰ ਸੁਆਣੀਆਂ ਗਾਉਂਦੀਆਂ ਹਨ। ਇਹਨਾਂ ਲੋਕਗੀਤਾਂ ਵਿੱਚ ਧੀ ਦੇ ਪੇਕੇ ਘਰ ਬਾਬਲ, ਭਰਾ, ਚਾਚੇ, ਤਾਏ, ਮਾਮਿਆਂ ਆਦਿ ਨਾਲ ਜੁੜੇ ਮੋਹ ਪਿਆਰ ਦੇ ਭਾਵ ਪ੍ਰਗਟ ਹੁੰਦੇ ਹਨ। ਧੀ ਬਾਬਲ ਨੂੰ ਪੇਕੇ ਘਰ ਰੱਖਣ ਲਈ ਤਰਲਾ ਕਰਦੀ ਹੈ। ਬਾਬਲ ਵਿਦਾ ਕਰੇਂਦੀਆਂ ਵੇ, ਮੈਨੂੰ ਰੱਖ ਲੈ ਅੱਜ ਦੀ ਰਾਤ ਵੇ ਮੈਨੂੰ ਰੱਖ ਲੈ ਅੱਜ ਦੀ ਰਾਤ। ਕਿੰਝ ਰੱਖਾਂ ਧੀਏ ਮੇਰੀਏ ਨੀ, ਮੈਂ ਤਾਂ ਸੱਜਣ ਸਦਾ ਲੈ ਆਪਨੀ ਮੈਂ ਤਾਂ ਸੱਜਣ ਸਦਾ ਲੈ ਆਪ। ਬਾਬਲ ਸਮਾਜਿਕ ਜਿੰਮੇਵਾਰੀਆਂ ਵਿੱਚ ਬੱਝਾ ਧੀ ਨੂੰ ਆਪਣੇ ਘਰ ਰੱਖ ਨਹੀਂ ਸਕਦਾ, ਬਾਬਲ ਦੇ ਉਸ ਦੇ ਸਹੁਰੇ ਪਰਿਵਾਰ ਨਾਲ ਕੀਤੇ ਵਾਅਦੇ ਜਾਂ ਬੋਲਾਂ ਨੂੰ ਧੀ ਨਿਭਾਉਂਦੀ ਕਹਿੰਦੀ ਹੈ:- ਮੇਰੇ ਬਾਗਾਂ ਦੇ ਕੋਇਲ ਕਹਾਂ ਚੱਲੀਏ। ਧਰਮੀ ਬਾਬਲ ਦੇ ਕੀਤੇ ਬੋਲ ਕੀਤੇ ਪੁੱਗਾ ਚੱਲੀਏ। ਵਿਦਾਇਗੀ ਦੇ ਲੋਕਗੀਤਾਂ ਵਿੱਚ ਸਮਾਜਿਕ ਪ੍ਰੰਪਰਾ ਦੀ ਕਹਾਣੀ ਦੁਹਰਾਈ ਜਾਂਦੀ ਹੈ ਕਿ ਧੀਆਂ ਬਿਗਾਨਾ ਧਨ ਹੁੰਦੀਆਂ ਹਨ। ਇਹਨਾਂ ਨੂੰ ਪੇਕਾ ਘਰ ਛੱਡਣਾ ਹੀ ਪੈਂਦਾ ਹੈ। ਵਿਦਾਇਗੀ ਦੇ ਲੋਕਗੀਤਾਂ ਵਿੱਚ ਧੀ ਨੂੰ ਬਾਬਲ ਦੇ ਘਰ ਵਿੱਚ ਪ੍ਰਾਹੁਣੀ ਬਣ ਦਾ ਅਹਿਸਾਸ ਪੇਸ਼ ਹੁੰਦਾ ਹੈ। ਇਸ ਤੋਂ ਇਲਾਵਾ ਇਸ ਸਮੇਂ ਦੇ ਲੋਕਗੀਤਾਂ ਵਿੱਚ ਹਰੇਕ ਕੁੜੀ ਨੂੰ ਉਸ ਸਮੇਂ ਦਾ ਅਹਿਸਾਸ ਹੋ ਜਾਂਦਾ ਹੈ ਕਿ ਇੱਕ ਦਿਨ ਉਹ ਵੀ ਕਿਸੇ ਅਣਡਿੱਠੇ ਦੇਸ਼ ਚੱਲੀ ਜਾਵੇਗੀ। ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਵੇ ਜਾਣਾ ਸਾਡੀ ਲੰਮੀ ਉਡਾਰੀ ਵੇ, ਅਸਾਂ ਕਿਹੜੇ ਦੇਸ਼ ਜਾਣਾ। ਇਸ ਤੋਂ ਇਲਾਵਾ ਡੋਲੀ ਦੀ ਵਿਦਾਇਗੀ ਦੇ ਲੋਕਗੀਤਾਂ ਵਿੱਚ ਧੀ ਦੇ ਪੇਕੇ ਘਰ ਨੂੰ ਛੱਡਣ ਦੀ ਤੜਫ, ਉਸ ਦੇ ਮਨ ਵਿੱਚ ਉੱਠਦੇ ਪ੍ਰਸ਼ਨ ਅਤੇ ਮਾਪਿਆਂ ਦੀ ਮਜ਼ਬੂਰੀ ਦੇ ਭਾਵ ਪੇਸ਼ ਹੁੰਦੇ ਹਨ।

ਡੋਲੀ ਆਉਣ ਤੋਂ ਬਆਦ ਦੀਆਂ ਰਸਮਾਂ

ਸੋਧੋ

ਧੀ ਦਾ ਡੋਲਾ ਤੋਰ ਦੇਣ ਤੋਂ ਬਾਅਦ ਉਸ ਔਤ ਦਾ ਧੀ ਵਜੋਂ ਜੀਵਨ ਸੰਪੂਰਨ ਹੋ ਕੇ, ਵਿਆਹੁਤਾ ਤਾਰ ਵਜੋਂ ਜੀਵਨ ਸਫਰ ਆਰੰਭ ਹੁੰਦਾ ਹੈ। ਧੀ ਤੋਂ ਨੂੰਹ ਦਾ ਪਰਿਵਰਤਨ ਔਰਤ ਦੇ ਸੰਪੂਰਨ ਅਸਤਿਤਵ ਦਾ ਪਰਿਵਰਤਨ ਹੈ। ਸਾਡੇ ਸਭਿਆਚਾਰ ਵਿੱਚ ਵਿਆਹ ਤੋਂ ਬਾਅਦ ਦੀਆਂ ਰਸਮਾਂ ਔਰਤ ਦੀ ਕੁੱਖ ਦੇ ਸਦਾ ਸਲਾਮਤ ਹਰੀ ਰਹਿਣ ਦੀ ਦਬਆ ਨਾਲ ਸੰਬੰਧਤ ਹਨ। ਵਿਅਹੁਤਾ ਮੁਟਿਆਰ ਨੂੰ ਧੀਏ, ਦੁੱਧੀ, ਪੁੱਤੀ ਫਲੇ, ਜਾਂ ਦੁੱਧੀ ਨਾਵੇਂ, ਪੁੱਤੀ ਫਲੇ, ਜਾਂ ਧੀਏ ਸੱਤ ਪੁੱਤਰਾਂ ਦਾ ਮੂੰਹ ਧੋਮੇ ਜਾਂ ਧੀਏ! ਬੁੰਦ ਸੁਹਾਗਣ ਜਾਂ ਸਦਾ ਸੁਹਾਗਣ ਰਹੇ ਆਦਿ ਦੀਆਂ ਅਸੀਸਾਂ ਦਿੱਤੀਆਂ ਜਾਂਦੀਆਂ ਹਨ। ਇੱਥੇ ਪੇਕੇ ਘਰ ਦੀ ਧੀ ਧਿਆਣੀ ਨੂੰ ਸੌਹਰੇ ਘਰ ਵਿੱਚ ਆ ਕੇ ਬਹੂ ਰਾਣੀ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ[1]


ਡੋਲੇ ਦਾ ਸੁਆਗਤ

ਸੋਧੋ

ਪੁੱਤ ਵਾਲੇ ਘਰ ਡੋਲੀ ਪਹੁੰਚਣ ਉੱਪਰੰਤ ਲਾੜਾ ਅਤੇ ਲਾੜੀ ਉਹਨਾਂ ਚਿਰ ਕਾਰ ਵਿੱਚ ਬੈਠੇ ਰਹਿੰਦੇ ਹਨ ਜਿੰਨ੍ਹਾਂ ਚਿਰ ਗੀਤ ਗਾਉਂਦੀਆਂ ਔਰਤਾਂ ਦਾ ਝੁਰਮਟ ਉਨ੍ਹਾਂ ਨੂੰ ਲੈਣ ਨਹੀਂ ਆ ਜਾਂਦਾ। ਘਰੋਂ ਤੁਰਨ ਵੇਲੇ ਮੇਲਣਾਂ ਅਤੇ ਭਾਈਚਾਰੇ ਦੀਆਂ ਸਵਾਣੀਆਂ ਦਾ ਇਹ ਕਾਫਲਾ ਡੋਲੇ ਦੇ ਸੁਆਗਤ ਦੇ ਗੀਤ ਗਾਉਂਦਾ ਜਾਂਦਾ ਹੈ: ਅੰਬਾਂ ਤੇ ਤੂੰਤਾਂ ਦੀ ਵਾੜ ਕਰੋ ਨੀ ਡੋਲਾ ਨੇੜੇ, ਨੇੜੇ ਆ ਲੱਗਾ ਲੋਗਾਂ ਲੈਚੀਆਂ ਦੀ ਵਾੜ ਕਰੋ ਨੀ ਡੋਲਾ ਨੇੜੇ, ਨੇੜੇ ਆ ਲੱਗਾ3


ਦੂਜੇ ਪਾਸੇ ਜੋੜੀ ਦੀ ਰਾਮ-ਸੀਤਾ ਨਾਲ ਤੁਲਨਾ ਕਰਦਿਆਂ ਹੋਇਆਂ ਖੁਸ਼ਗਵਾਰ ਮਾਹੌਲ ਦੀ ਸਿਰਜਣਾ ਕੀਤੀ ਜਾਂਦੀ ਹੈ: ਰਾਮ ਸੀਤਾ ਨੂੰ ਵਿਆ ਕਰ ਲਿਆਇਆ ਵਜ ਰਹੀਆਂ ਬੰਸਰੀਆਂ।


ਇਸ ਸਮੇਂ ਦੌਰਾਨ ਜੋੜੀ ਦਾ ਮੂੰਹ ਮਿੱਠਾ ਕਰਾ ਕੇ ਡਰਾਈਵਰ ਨੂੰ ਲਗ/ਸ਼ਗਗਨ ਦੇਣ ਉੱਪਰੰਤ ਜੋੜੀ ਨੂੰ ਗੱਡੀ ਵਿਚੋਂ ਉਤਾਰ ਲਿਆ ਜਾਂਦਾ ਹੈ। ਘਰ ਦੀ ਡਿਉਢੀ ਉੱਤੇ ਰੱਖੀ ਫੱਟੀ ਉੱਤੇ ਜੋੜੀ ਨੂੰ ਖੜਾਇਆ ਜਾਂਦਾ ਹੈ। ਫੱੱਟੀ ਤੇ ਖੜ੍ਹਾਉਣ ਨਾਲ ਕੁੜੀ ਦੇ ਕਦ-ਕਾਠ ਦਾ ਪਤਾ ਲਾਇਆ ਜਾਂਦਾ ਹੈ ਕਿ ਕੁੜੀ, ਮੁੰਡੇ ਨਾਲੋਂ ਮਧਰੀ ਹੈ ਜਾਂ ਲੰਮੀ। ਬਜ਼ੁਰਗਾਂ ਦਾ ਵਿਚਾਰ ਹੈ ਕਿ ਜੋੜੀ ਵਿਚੋਂ ਜਿਹੜਾ ਪਹਿਲਾਂ ਫੱਟੀ ਉੱਤੇ ਚੜ੍ਹਦਾ ਤੇ ਉਤਰਦਾ ਹੈ, ਜ਼ਿੰਦਗੀ ਵਿੱਚ ਉਸ ਦੀ ਹਮੇਸ਼ਾ ਪਹਿਲ ਰਹਿੰਦੀ ਹੈ। ਨਣਦ ਆਪਣੀ ਭਾਬੀ ਨੂੰ ਫੱਟੀ ਤੇ ਚੜ੍ਹਨ ਲਈ ਆਖਦੀ, ਉਸਨੂੰ ਲੰਮੇ ਲੇਖ ਲਿਖਾਉਣ ਦੀ ਅਸੀਸ ਦਿੰਦੀ ਹੈ:


ਚੰਨਣ ਚੌਕੀ ਮੈਂ ਡਾਈ, ਵਿੱਚ ਸਿਉਨੇ ਦੀ ਮੇਖ ਮੇਰੇ ਪੇਕੀ ਆਇਕੇ, ਕਿਤੋਂ ਲੰਮੇ ਲਿਖਾਈ........ਨੀ ਭਾਬੋ ਮੇਰੀਏ ਨੀ ਲੇਖ[2]

==== ਸੱਸ ਵੱਲੋਂ ਪਾਣੀ ਵਾਰ ਕੇ ਪੀਣਾ ====

ਘਰ ਵਿੱਚ ਨਵੇਂ ਮੈਂਬਰ ਦੀ ਆਂਵਦ ਉੱਤੇ ਘਰ ਦੇ ਬੂਹੇ ਦੇ ਦੋਹੀਂ ਪਾਸੀ ਤੇਲ ਚੋਇਆ ਜਾਂਦਾ ਹੈ। ਮੁੰਡੇ ਦੀ ਮਾਂ ਮਾਂ ਨਾ ਹੋਵੇ ਤਾਂ ਤਾਈ। ਚਾਚੀ, ਬੂਹੇ ਵਿੱਚ ਖਲੋ ਕੇ ‘ਪਾਣੀ ਵਾਰ ਕੇ ਪੀਣ’ ਦੀ ਰਸਮ ਅਦਾ ਕਰਦੀ ਹੈ। ਇੱਕ ਥਾਲ ਵਿੱਚ ਗੁੜੀ ਲੱਡੂ, ਚੌਲ, ਹਲਦੀ, ਮੌਲੀ, ਦੱਡ, ਮਧਾਣੀ ਦਾ ਨੇਤਰਾ, ਇੱਕ ਗੜਵੀ ਵਿੱਚ ਪਾਣੀ, ਪਾਣੀ ਵਿੱਚ ਰੱਖੀ ਪਿੱਪਲ ਦੀ ਫਾਹਣੀ ਹੁੰਦੇ ਹਨ।5 ਮਾਂ ਵਲੋਂ ਜੋੜੀ ਦੇ ਸਿਰ ਉਤੋਂ ਗੜਵੀ ਵਾਰਾ ਮਿੱਠਾ ਪਾਣੀ ਸੱਤ ਵਾਰੀ ਵਾਰ ਕੇ ਪੀਤਾ ਜਾਂਦਾ ਹੈ। ਪਹਿਲਿਆਂ ਛੇ ਗੇੜਿਆਂ ਵਿੱਚ ਮਾਂ ਜਦੋਂ ਪਾਣੀ ਪੀਣ ਲਗਦੀ ਹੈ ਤਾਂ ਪੁੱਤ ਮਾਂ ਦਾ ਹੱਕ ਰੋਕ ਲੈਂਦਾ ਹੈ ਪਰੰਤੂ ਸਤਵੀਂ ਵਾਰ ਰਿਸ਼ਤੇਦਾਰਾਂ ਦੇ ਕਹਿਣ ਤੇ ਪਾਣੀ ਪੀ ਲੈਣ ਦਿੰਦਾ ਹੈ। ਇਸ ਰਸਮ ਪਿੱਛੇ ਮਾਂ ਦੀ ਭਾਵਨਾ ਹੁੰਦੀ ਹੈ ਕਿ ਉਸ ਦੇ ਨੂੰਹ-ਪੁੱਤ ਤੇ ਕਿਸੇ ਕਿਸਮ ਦਾ ਪਰਿਵਾਰਕ ਸੰਕਟ ਨਾ ਆਵੇ, ਆਉਣ ਵਾਲੀਆਂ ਬਲਾਵਾਂ ਉਸ ਦੇ ਆਪਣੇ ਸਿਰ ਹੀ ਆਉਣ। ਮਾਂ ਨੂੰ ਪਾਣੀ ਪੀਣ ਤੋਂ ਰੋਕਣਾ ਇਸ ਗੱਲ ਵੱਲ ਸੰਗੇਤ ਕਰਦਾ ਹੈ ਕਿ ਮਾਂ ਉਨ੍ਹਾਂ ਦੀਆਂ ਬਲਾਵਾਂ ਨਾ ਲਏ। ਕੁੜੀਆਂ ਪਾਣੀ ਦੀ ਰਸਮ ਦੇ ਹੋਅਰੇ ਗਾਉਂਦੀਆਂ ਹਨ: ਪਾਣੀ ਵਾਰ ਬੰਨੇ ਦੀਏ ਮਾਏ, ਬੰਨਾ ਬੰਨੀ ਬਾਹਰ ਖੜੇ।


ਸੁੱਖਾਂ ਸੁਖਦੀ ਨੂੰ ਇਹ ਦਿਨ ਆਏ, ਬੰਨਾ ਬੰਨੀ ਬਾਹਰ ਖੜੇ।6


ਪਿਆਲਾ ਦੇਣ ਦੀ ਰਸਮ ਅਤੇ ਘੁੰਢ ਚੁਕਾਈ
ਸੋਧੋ

ਲਾੜੇ ਅਤੇ ਲਾੜੀ ਨੂੰ ਅੰਦਰ ਲਿਜਾ ਕੇ ਰਾਂਗਲੇ ਪੀੜ੍ਹਿਆਂ ਉੱਤੇ ਚੜ੍ਰਦੇ ਵੱਲ ਮੂੰਹ ਕਰਵਾ ਕੇ ਬਿਠਾ ਦਿੱਤਾ ਜਾਂਦਾ ਹੈ। ਮੁੰਡੇ ਦੀ ਮਾਂ ‘ਪਿਆਲਾ ਦੇਣ’ ਦੀ ਰਸਮ ਕਰਦੀ ਹੈ। ਦੇਸੀ ਘਿਉ ਵਿੱਚ ਖੰਡ ਮਿਲਾ ਕੇ ਘੋਲ ਤਿਆਰ ਕੀਤਾ ਜਾਂਦਾ ਹੈ। ਸੱਸ, ਇਹ ਪਿਆਲਾ ਨੂੰਹ ਦੇ ਬੁੱਲ੍ਹਾਂ ਨੂੰ ਛੁਹਾ ਕੇ ਮੂੰਹ ਮਿੱਠਾ ਕਰਵਾਉਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸੱਸ ਵੱਲੋਂ ਨੂੰਹ ਨੂੰਹ ਨੂੰ ਦਿੱਤੇ ਗਏ ਇਸ ਮਿੱਠੇ ਪਿਆਲੇ ਦੀ ਸਾਂਝ ਕਾਰਨ ਦੋਹਾਂ ਦੇ ਸੰਬੰਧਾਂ ਵਿੱਚ ਉਮਰ ਭਰ ਲੲ. ਮਿਠਾਸ ਘੁਲੀ ਰਹੇਗੀ। ਕੁੜੀਆਂ ‘ਪਿਆਲਾ ਦੇਣ’ ਦੇ ਹੇਅਰੇ ਗਾਉਂਦੀਆਂ ਹਨ:


ਪਿਆਲਾ ਵੀ ਤੇਰੀ ਸੱਸ ਦੇਣੇ


ਕੋਈ ਮੱਥੇ ਲਈ ਨੀ ਨਮਸ਼ਕਾਰ

ਜੇ ਤੈਂ ਪਿਆਲਾ ਨਾ ਲਿਆ
ਕੋਈ ਲੋਕੀ ਕਰਨਗੇ
ਨੀ ਲਮੀਏ ਭਾਬੀਏ ਨੀ.....ਵਿਚਾਰ।


ਪਿਆਲਾ ਦੇਣ ਉੱਪਰੰਤ ਨੂੰਹ ਦੀ ਘੁੰਡ ਚੁਕਾਈ ਦੀ ਰਸਮ ਵੀ ਸੱਸ ਵੱਲੋੱ ਸੰਪੰਨ ਕੀਤੀ ਜਾਂਦੀ ਹੈ। ਸੱਸ ਆਪਣੀ ਨਵੀਂ ਨੂੰਹ ਦੀ ਝੋਲੀ ਵਿੱਚ ਖੋਪੇ ਦਾ ਗੁੱਟ, ਲੱਡੂਆਂ ਦਾ ਜੋੜਾ, ਮੌਲੀ ਅਤੇ ਘੁੰਡ ਚੁਕਾਈ ਦਾ ਸ਼ਗਗਲ ਪਾ ਕੇ ਉਸ ਦਾ ਮੂੰਹ ਮਿੱਠਾ ਕਰਵਾਉਂਦੀ ਹੈ ਅਤੇ ਸਿਰ ਪਲੋਸ ਕੇ ਅਸੀਸਾਂ ਦਿੰਦੀ ਹੋਈ ਨੂੰਹ ਦੇ ਮੁਖੜੇ ਤੋਂ ਘੁੰਡ ਚੁੱਕ ਦਿੰਦੀ ਹੈ। ਇਸ ਤੋਂ ਬਾਅਦ ਮਾਮੀ, ਭੂਆ, ਵੱਡੀ ਭੈਣ ਤੇ ਸ਼ਰੀਕੇ ਦੀਆਂ ਹੋਰ ਸ਼ਵਾਣੀਆਂ ‘ਸ਼ਵਾਣੀਆਂ’ ‘ਘੁੰਡ ਚੁਕਾਈ’ ਜਾਂ ‘ਮੂੰਹ ਦਿਖਾਈ’ ਦਾ ਇੱਕ ਇੱਕ ਰੁਪਈਆ ਪਾ ਕੇ ਸਿਰ ਪਲੋਸ ਕੇ ਅਸੀਸਾਂ ਦਿੰਦੀਆਂ ਹਨ।7 ਨੂੰਹ ਨਾਲ ਆਈ ਨਾਇਣ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ ਪਰ ਨੂੰਹ ਦੀ ਸ਼ਕਲ ਸੂਰਤ ਅਤੇ ਕੱਦ ਕਾਠ ਵੇਖ ਕੇ ਮੇਲਣਾ ਉਸ ਦੀ ਸਿਫ਼ਤ ਵਿੱਚ ਗਾਉਂਦੀਆਂ ਹਨ:[3]

ਦੂਰੋਂ ਆਈ ਚੱਲ ਕੇ, ਭਾਬੋ ਨੀ


ਕੋਈ ਸੁਣ ਕੇ ਤੇਰੀ ਨੀ ਸੋਅ


ਮੁੱਖ ਤੋਂ ਪੱਲਾਂ ਚੱਕ ਦੇ

ਤੂੰ ਤਾਂ ਬੁੱਢ ਸੁਹਾਗਣ


== ਨੀ ਨਮੀਏ ਵਿਆਹੁਲੀਏ ਨੀ ......ਹੋ।[4]

ਗੋਦ ਬਿਠਾਈ == ਮੂੰਹ ਦਿਖਾਲੇ ਉੱਪਰੰਤ ਲਾੜੀ ਦੀ ਗੋਦ ਵਿੱਚ ਉਸ ਦਾ ਨਿੱਕਾ ਦਿਉਰ ਬਿਠਾਇਆ ਜਾਂਦਾ ਹੈ।10 ਇੱਕ ਰੁਪਈਆ ਮੂੰਹ ਦਿਖਾਈ ਦੇ ਕੇ ਚੁਕ ਭਾਬੀ ਘੁੰਢ ਮੂੰਹ ਦੇਖਾ ਜਦੋਂ ਆਖਦਾ ਹੈ ਸਾਰੇ ਹਾਸੇ ਦਾ ਮਾਹੌਲ ਉਭਰ ਆਉਂਦਾ ਹੈ। ਲੋਕ ਗੀਤਾਂ ਵਿੱਚ ਠੀਕ ਕਿਹਾ ਹੈ।


ਛੋਟਾ ਦਿਉਰ ਚਾਂਭੜਾ ਪਾਵੇ ਭਾਬੀ ਮੈਨੂੰ ਘੁੰਡ ਚੁੱਕ ਦੇ। ਜੇ ਦਿਉਰ ਛੋਟਾ ਹੋਵੇ ਤਾਂ ਉਹ ਮਲਕੜੇ ਜਿਹੇ ਭਾਬੀ ਦੀ ਬੁੱਕਲ ਵਿੱਚ ਜਾ ਵੜਦਾ ਹੈ ਜੇ ਦਿਉਰ ਦੀ ਉਮਰ ਛੋਟੀ ਹੋਵੇ ਤਾਂ ਬਹੁ ਆਪੇ ਭੀ ਬੁੱਕਲ ਵਿੱਚ ਲੈ ਲੈੱਦੀ ਹੈ। ਜੇ ਕੁਝ ਉਡਾਰ ਹੋਵੇ ਤਾਂ ਪਹਿਲਾ ਛੇੜ-ਛਾੜ ਸ਼ੁਰੂ ਹੋ ਜਾਂਦੀ ਹੈ-“ਘੁੰਢ ਚੁਕਾਈ ਦਾ ਚਿੜੀ ਦੀ ਜੀਭ ਵਰਗਾ ਰੁਪਈਆ ਪਹਿਲਾਂ ਦਿੱਤਾ ਹੈ ਮੈਂ ਹੁਣ ਗੋਦੀ `ਚ ਬੈਠ ਕੇ ਮੂੰਹ ਦੇਖੇ ਬਿਨਾਂ ਨਹੀਂ ਹੱਟਣਾ।”[5] ਲਾੜੀ ਕੋਲੋਂ ਸ਼ਗਨ ਲੈਣ ਉੱਪਰੰਤ ਹੀ ਦਿਉਰ ਗੋਦੀ ਵਿਚੋਂ ਉਠਦਾ ਹੈ। ਲਾੜੀ ਵਲੋਂ ਦਿੱਤੀ ਜਾਣ ਵਾਲੀ ਸ਼ਗਨ ਦੀ ਰਕਮ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਲਾੜੀ ਕੰਜੂਸ ਹੋਵੇਗੀ ਜਾਂ ਖੁੱਲੇ੍ਹ ਦਿਲ ਵਾਲੀ। ਇਸ ਰਸਮ ਪਿਛੇ ਇਹ ਭਾਲਾ ਵੀ ਕੰਮ ਕਰਦੀ ਹੈ ਕਿ ਵਹੁਟੀ ਦੀ ਗੋਦ ਪਹਿਲਾਂ ਮੁੰਡਾ ਹੀ ਹੋਵੇ।12


ਗਰਾਹੀਆਂ ਦੇਣੀਆਂ

ਸੋਧੋ

‘ਗਰਾਹੀਆਂ ਦੇਣ ਦੀ ਰਸਮ’ ਆਰਤੀ ਉਤਾਰਨ ਵਰਗੀ ਭਾਲਾ ਨਾਲ ਨਿਭਾਈ ਜਾਂਦੀ ਹੈ। ਲਾੜੇ ਦੀ ਮਾਂ ਆਪਣੇ ਨਵੇਂ ਵਿਆਹੁਲੇ ਪੁੱਤ ਦੇ ਮੂੰਹ ਵਿੱਚ ਮਠਿਆਈ ਪਾ ਕੇ ਮੂੰਹ ਮਿੱਠਾ ਕਰਵਾਉਂਦੀ ਹੈ ਅਤੇ ਕੁੜੀਆਂ ਗੀਤ ਗਾਉਂਦੀਆਂ ਹਨ। ਗਰਾਹੀਆਂ ਲੈ ਲਾ ਵੇ ਲੈ ਲਲਾ ਮਾਂ ਦਿਆ ਪੁੱਤਾਂ।


ਗਰਾਹੀਆਂ ਲੈ ਲਾ ਵੇ ਲੈ ਲਾ ਮਾਂ ਦਿਆ ਪੁੱਤਾ।

ਇਸੇ ਤਰ੍ਹਾਂ ਲਾੜੀ-ਭਾਬੋ ਦੇ ਵਿਸ਼ੇਸ਼ ਉਚੇਚੇ ਵਜੋਂ ਨਣਦ ਉਸ ਨੂੰ ਰੋਟੀ ਖਵਾਉਣ ਸਮੇਂ ਉਸ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੀ ਹੈ:


ਹੱਥ ਵੀ ਤੇਰੇ ਰਾਂਗਲੇ ਭਾਬੋ ਨੀ


ਤੇਰੇ ਚੀਚੀ ਸੋਹੇ ਨੀ ਛਾਪ


ਸਾਰੀ ਰੋਟੀ ਤਾਂ ਖਾਈ


ਜੇ ਲਿਆਂਦੀ ਭੈਣ ਦਾ


ਨੀ ਭਾਬੋ ਮੇਰੀਏ ਨੀ....ਧਾਕ13


ਸਿੱਟਾ

ਸੋਧੋ

ਡੋਲੀ ਦੀਆਂ ਰਸਮਾਂ ਨੂੰ ਜੇ ਗਹੁ ਨਾਲ ਵਾਚੀਏ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਰਸਮਾਂ ਰਿਵਾਜ਼ਾਂ ਨੂੰ ਕਰਨ ਦਾ ਮੂਲ ਮੰਤਵ ਨਵ-ਵਿਆਹੀ ਜੋੜੀ ਨੂੰ ਬਦਨਜ਼ਰ ਜਾਂ ਬਦਰੂਹਾਂ ਤੋਂ ਬਚਾਉਣਾ ਹੁੰਦਾ ਹੈ। ਲੋਕਗੀਤਾਂ ਰਾਹੀਂ ਮਨੁੱਖੀ ਰਿਸ਼ਤਿਆਂ ਦੀ ਭਾਵਨਾਤਮਕ ਤਸਵੀਰ ਉਭਰ ਕੇ ਸਾਹਮਣੇ ਆਉਂਦੀ ਹੈ।।ਵਿਆਹ ਦੀਆਂ ਇਹਨਾਂ ਰਸਮਾਂ ਨੂੰ ਜੇ ਗਹੁ ਨਾਲ ਵਾਚੀਏ ਤਾਂ ਪਤਾ ਲਗਦਾ ਹੈ ਕਿ ਲੋਕ ਮਨ ਨੇ ਔਰਤ ਅਤੇ ਮਰਦ ਨੂੰ ਇਹਨਾਂ ਰਸਮਾਂ ਰਾਹੀਂ ਅਹਿਮ ਕਾਰਜ ਸੌਂਪੇ ਜਾਂਦੇ ਹਨ। ਮਨੁੱਖੀ ਨਸਲ ਨੂੰ ਜਿੰਦਾ ਰੱਖਣ ਵਿੱਚ ਵਿਆਹ ਦੀ ਸੰਸਥਾ ਨੇ ਅਹਿਮ ਭੂਮਿਕਾ ਨਿਭਾਈ ਹੈ। ਸਮਾਜ ਨੇ ਇਹ ਫਰਜ਼ ਮਾਂ ਨੂੰ ਸੌਂਪਿਆ ਕਿ ਉਹ ਆਦਰ ਸਤਿਕਾਰ ਨਾਲ ਆਪਣੀ ਨੂੰਹ ਲਿਆਵੇ ਤਾਂ ਕਿ ਪੀੜ੍ਹੀ ਅੱਗੇ ਚਲਦੀ ਰਹੇ। ਨੂੰਹ ਦੇ ਘਰ ਵਿੱਚ ਪ੍ਰਵੇਸ਼ ਸਮੇਂ ਉਹ ਜੋੜੀ ਦੇ ਸਿਰ ਉਤੋਂ ਪਾਣੀ ਵਾਰ ਕੇ ਪੀਂਦੀ ਹੈ ਅਤੇ ਉਨ੍ਹਾਂ ਦੀਆਂ ਬਲਾਵਾਂ ਆਪਣੇ ਸਿਰ ਲੈਂਦੀ ਹੈ। ਰਸਮਾਂ ਨਾਲ ਸੰਬੰਧਿਤ ਲੋਕਗੀਤਾਂ ਰਾਹੀਂ ਮਨੁੱਖ ਦੀ ਮਾਨਸਿਕਤਾ ਦਾ ਪਤਾ ਵੀ ਲਗਦਾ ਹੈ ਤੇ ਮਨੁੱਖੀ ਰਿਸ਼ਤਿਆਂ ਦੀ ਭਾਵਨਾਤਮਕ ਤਸਵੀਰ ਵੀ ਉਭਰਦੀ ਹੈ


== ਹਵਾਲਾ ਪੁਸਤਕਾਂ ==

1 ਸੋਹਿੰਦਰ ਸਿੰਘ ਬੇਦੀ, ਪੰਜਾਬ ਦੀ ਲੋਕ-ਧਾਰਾ, ਨੈਸ਼ਨਲ ਬੁੱਕ ਟਰੱਸਟ ਇੰਡੀਆ, ਨਵੀਂ ਦਿੱਲੀ, 1971, ਪੰਨਾ-87 2. ਡਾ. ਰੁਪਿੰਦਰਜੀਤ ਗਿੱਲ, ਵਿਆਹ ਦੀਆਂ ਰਸਮਾਂ, ਵਾਰਿਸ਼ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 2011, ਪੰਨਾ-81 3. ਐਨ.ਕੌਰ, ਬੋਲ ਪੰਜਾਬਣ ਦੇ ਪਹਿਲੀ ਜਿਲਦ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999, ਪੰਨਾ-291 4. ਪ੍ਰੋ. ਸ਼ੈਰੀ ਸਿੰਘ, ਲੋਕਰੰਗ ਪਾਠ ਅਤੇ ਪ੍ਰਸੰਗ, ਵਾਰਿਸ਼ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 2012 5. ਡਾ. ਰਾਜਵੰਤ ਕੌਰ ਪੰਜਾਬੀ, ਵਿਆਹ ਦੇ ਲੋਕਗੀਤ: ਵਿਭਿੰਨ ਪਰਿਪੇਖ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2003, ਪੰਨਾ-179 ਸਹਾਇਕ ਪੁਸਤਕਾਂ 6. ਡਾ. ਕਰਮਜੀਤ ਸਿੰਘ, ਲੋਕਗੀਤਾਂ ਦੇ ਨਾਲ-ਨਾਲ, ਕੁਕਨਸ ਪ੍ਰਕਾਸ਼ਨ, ਜਲੰਧਰ, 2003 7. ਕਰਨੈਲ ਸਿੰਘ ਥਿੰਦ, ਲੋਕਯਾਨ ਅਤੇ ਮੱਧਕਾਲੀ ਪੰਜਾਬੀ ਸਾਹਿਤ, ਰਵੀ ਪ੍ਰਕਾਸ਼ਨ, ਅੰਮ੍ਰਿਤਸਰ, 2011 8. ਡਾ. ਮਹਿੰਦਰ ਸਿੰਘ ਬਿਰਦੀ, ਪੰਜਾਬੀ ਦੇ ਲੋਕਗੀਤਾਂ ਵਿੱਚ ਪੰਜਾਬੀ ਸਭਿਆਚਾਰ ਦਾ ਚਿਤ੍ਰਣ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2009 9. ਡਾ. ਜੀਤ ਸਿੰਘ ਜੋਸ਼ੀ, ਲੋਕ ਕਲਾ ਅਤੇ ਸਭਿਆਚਾਰ ਮੁੱਢਲੀ ਜਾਣ-ਪਛਾਣ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2010.



ਡਾ. ਨਾਹਰ ਸਿੰਘ ਮਾਂ ਸੁਹਾਗਣ ਸ਼ਗਨ ਕਰੇ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ: 281-282.


3) ਉਹੀ, ਪੰਨਾ ਨੰ: 284.


4) ਡਾ. ਰਾਜਵੰਤ ਕੌਰ ਪੰਜਾਬੀ, ਪਾਣੀ ਵਾਰ ਬੰਨੇ ਦੀਏ ਮਾਏ, ਲੋਕਗੀਤ, ਪ੍ਰਕਾਸ਼ਨ, ਚੰਡੀਗੜ੍ਹ, ਪੰਨਾ ਨੰ: 85

. 5) ਡਾ. ਨਾਹਰ ਸਿੰਘ ਮਾਂ ਸੁਹਾਗਣ ਸ਼ਗਨ ਕਰੇ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ: 289.


6) ਡਾ. ਰਾਜਵੰਤ ਕੌਰ ਪੰਜਾਬੀ, ਪਾਣੀ ਵਾਰ ਬੰਨੇ ਦੀਏ ਮਾਏ, ਲੋਕਗੀਤ, ਪ੍ਰਕਾਸ਼ਨ, ਚੰਡੀਗੜ੍ਹ, ਪੰਨਾ ਨੰ: 85.


7) ਡਾ. ਨਾਹਰ ਸਿੰਘ ਮਾਂ ਸੁਹਾਗਣ ਸ਼ਗਨ ਕਰੇ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ: 291.


8) ਡਾ. ਰਾਜਵੰਤ ਕੌਰ ਪੰਜਾਬੀ, ਪਾਣੀ ਵਾਰ ਬੰਨੇ ਦੀਏ ਮਾਏ, ਲੋਕਗੀਤ, ਪ੍ਰਕਾਸ਼ਨ, ਚੰਡੀਗੜ੍ਹ, ਪੰਨਾ ਨੰ: 87.


9) ਡਾ. ਨਾਹਰ ਸਿੰਘ ਮਾਂ ਸੁਹਾਗਣ ਸ਼ਗਨ ਕਰੇ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ: 292.


10) ਡਾ. ਰਾਜਵੰਤ ਕੌਰ ਪੰਜਾਬੀ, ਪਾਣੀ ਵਾਰ ਬੰਨੇ ਦੀਏ ਮਾਏ, ਲੋਕਗੀਤ, ਪ੍ਰਕਾਸ਼ਨ, ਚੰਡੀਗੜ੍ਹ, ਪੰਨਾ ਨੰ: 87.


11) ਗਿਆਨੀ ਗੁਰਦਿੱਤ ਸਿੰਘ, ਮੇਰਾ ਪਿੰਡ, ਸਾਹਿਤ ਪ੍ਰਕਾਸ਼ਨ, 56, ਸੈਕਟਰ-4, ਚੰਡੀਗੜ੍ਹ, ਪੰਨਾ ਨੰੰ: 435-36.


12) ਡਾ. ਰਾਜਵੰਤ ਕੌਰ ਪੰਜਾਬੀ, ਪਾਣੀ ਵਾਰ ਬੰਨੇ ਦੀਏ ਮਾਏ, ਲੋਕਗੀਤ, ਪ੍ਰਕਾਸ਼ਨ, ਚੰਡੀਗੜ੍ਹ, ਪੰਨਾ ਨੰ: 87.


13) ਡਾ. ਨਾਹਰ ਸਿੰਘ ਮਾਂ ਸੁਹਾਗਣ ਸ਼ਗਨ ਕਰੇ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ: 295.


14) ਡਾ. ਰਾਜਵੰਤ ਕੌਰ ਪੰਜਾਬੀ, ਪਾਣੀ ਵਾਰ ਬੰਨੇ ਦੀਏ ਮਾਏ, ਲੋਕਗੀਤ, ਪ੍ਰਕਾਸ਼ਨ, ਚੰਡੀਗੜ੍ਹ, ਪੰਨਾ ਨੰ: 93-94.