ਮੁੱਖ ਮੀਨੂ ਖੋਲ੍ਹੋ

ਸੱਭਿਆਚਾਰ (ਲਾਤੀਨੀ: cultura, ਸ਼ਬਦਾਰਥ: " ਤਰਬੀਅਤ (cultivation)"[1]) ਮਨੁੱਖ ਦੁਆਰਾ ਸਿਰਜੀ ਜੀਵਨ ਜਾਚ ਨੂੰ ਕਹਿੰਦੇ ਹਨ। ਇਹ ਕਿਸੇ ਸਮਾਜ ਵਿੱਚ ਗਹਿਰਾਈ ਤੱਕ ਵਿਆਪਤ ਗੁਣਾਂ ਦੇ ਸਮੁੱਚ ਦਾ ਨਾਮ ਹੈ, ਜੋ ਉਸ ਸਮਾਜ ਦੇ ਸੋਚਣ, ਵਿਚਾਰਨ, ਕਾਰਜ ਕਰਨ, ਖਾਣ-ਪੀਣ, ਬੋਲਣ, ਨਾਚ, ਗਾਉਣ, ਸਾਹਿਤ, ਕਲਾ, ਆਰਕੀਟੈਕਟ ਆਦਿ ਵਿੱਚ ਰੂਪਮਾਨ ਹੁੰਦਾ ਹੈ। ਏ ਡਬਲਿਊ ਗਰੀਨ ਅਨੁਸਾਰ ਸੰਸਕ੍ਰਿਤੀ ਗਿਆਨ, ਵਿਵਹਾਰ, ਵਿਸ਼ਵਾਸ ਦੀਆਂ ਉਨ੍ਹਾਂ ਆਦਰਸ਼ ਪਧਤੀਆਂ ਦੀ ਅਤੇ ਗਿਆਨ ਅਤੇ ਵਿਵਹਾਰ ਦੁਆਰਾ ਪੈਦਾ ਕੀਤੇ ਵਸੀਲਿਆਂ ਦੀ ਵਿਵਸਥਾ ਨੂੰ ਕਹਿੰਦੇ ਹਨ ਜੋ ਸਾਮਾਜਕ ਤੌਰ ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੌਂਪੀ ਜਾਂਦੀ ਹੈ।[2]

ਸੱਭਿਆਚਾਰ ਦੇ ਅੰਗਸੋਧੋ

ਵੱਖ-ਵੱਖ ਵਿਦਵਾਨਾਂ ਨੇ ਸੱਭਿਆਚਾਰ ਦੇ ਅੰਗਾਂ ਨੂੰ ਵੱਖ-ਵੱਖ ਤਰੀਕਿਆਂ ਵਿੱਚ ਵੰਡਿਆ ਹੈ। ਭੁਪਿੰਦਰ ਸਿੰਘ ਖਹਿਰਾ ਨੇ ਸੱਭਿਆਚਾਰ ਦੇ 5 ਅੰਗ ਮੰਨੇ ਹਨ; ਪਦਾਰਥਕ ਅੰਗ, ਸਮਾਜਕ ਅੰਗ, ਸੰਚਾਰਤ ਅੰਗ, ਧਾਰਮਕ ਅੰਗ ਅਤੇ ਰਾਜਨੀਤੀ।[3] ਪੰਜਾਬੀ ਚਿੰਤਨ ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ ਦੁਆਰਾ, ਰੀਸ ਮੈਕਗੀ ਦੀ ਵੰਡ ਦੇ ਆਧਾਰ ਉੱਤੇ, ਸੱਭਿਆਚਾਰ ਨੂੰ 3 ਅੰਗਾਂ ਵਿੱਚ ਵੰਡਿਆ ਗਿਆ ਹੈ; ਪਦਾਰਥਕ ਸੱਭਿਆਚਾਰ, ਪ੍ਰਤਿਮਾਨਕ ਸੱਭਿਆਚਾਰ ਅਤੇ ਬੋਧਾਤਮਿਕ ਸੱਭਿਆਚਾਰ। ਇਹ ਵੰਡ ਜ਼ਿਆਦਾ ਪ੍ਰਵਾਨਿਤ ਹੈ।[4]

ਪਦਾਰਥਕ ਸੱਭਿਆਚਾਰਸੋਧੋ

ਪਦਾਰਥਕ ਸੱਭਿਆਚਾਰ ਵਿੱਚ ਉਹ ਸਭ ਵਸਤਾਂ ਸ਼ਾਮਲ ਹੁੰਦੀਆਂ ਹਨ ਜੋ ਉਸ ਸੱਭਿਆਚਾਰ ਦੁਆਰਾ ਸਿਰਜੀਆਂ ਅਤੇ ਵਰਤੀਆਂ ਜਾਂਦੀਆਂ ਹਨ। ਇਹ ਵਸਤਾਂ ਕੁਦਰਤ ਵਿੱਚੋਂ ਵੀ ਲਈਆਂ ਹੋ ਸਕਦੀਆਂ ਹਨ।

ਪ੍ਰਤਿਮਾਨਿਕ ਸੱਭਿਆਚਾਰਸੋਧੋ

ਪ੍ਰਤਿਮਾਨਿਕ ਸੱਭਿਆਚਾਰ ਵਿੱਚ ਮਨੁੱਖੀ ਵਿਹਾਰ ਨੂੰ ਤੈਅ ਕਰਨ ਵਾਲੇ ਨਿਯਮ ਸ਼ਾਮਲ ਹੁੰਦੇ ਹਨ। ਇਸ ਵਿੱਚ ਲੋਕਾਚਾਰ, ਸਦਾਚਾਰ, ਤਾਬੂ, ਕਾਨੂੰਨ ਆਦਿ ਸ਼ਾਮਲ ਹੁੰਦੇ ਹਨ।

ਬੋਧਾਤਮਿਕ ਸੱਭਿਆਚਾਰਸੋਧੋ

ਬੋਧਾਤਮਿਕ ਸੱਭਿਆਚਾਰ ਵਿੱਚ ਕਿਸੇ ਸੱਭਿਆਚਾਰ ਦੁਆਰਾ ਸਿਰਜਿਆ ਸਾਹਿਤ, ਕਲਾ, ਧਰਮ, ਮਿਥਿਹਾਸ, ਫ਼ਲਸਫ਼ਾ ਆਦਿ ਸ਼ਾਮਲ ਹੁੰਦੇ ਹਨ। ਇਹ ਬੋਧਾਤਮਿਕ ਸੱਭਿਆਚਾਰ ਹੀ ਹੁੰਦਾ ਹੈ ਜੋ ਪ੍ਰਤਿਮਾਨਿਕ ਸੱਭਿਆਚਾਰ ਨੂੰ ਤੈਅ ਕਰਦਾ ਹੈ।

ਸਭਿਆਚਾਰਕ ਪਰਿਵਰਤਨਸੋਧੋ

ਸੱਭਿਆਚਾਰ ਦੇ ਸੰਬੰਧ ਵਿੱਚ ਇੱਕ ਨਿਰਪੇਖ ਸਚਾਈ ਇਹ ਹੈ ਕਿ ਇਹ ਬਦਲਦਾ ਰਹਿੰਦਾ ਹੈ। ਇਹ ਇੱਕ ਗਤੀਸ਼ੀਲ ਵਰਤਾਰਾ ਹੈ। ਖੜੋਤ ਵਿੱਚ ਲੱਗਦੇ ਸਭਿਆਚਾਰ ਵੀ ਨਿਰੰਤਰ ਪਰਿਵਰਤਨ ਵਿਚੋਂ ਲੰਘ ਰਹੇ ਹੁੰਦੇ ਹਨ, ਜਿਸ ਦਾ ਪਤਾ ਸਾਨੂੰ ਉਦੋਂ ਲੱਗਦਾ ਹੈ, ਜਦੋਂ ਇਹਨਾਂ ਦੀ ਹੋਂਦ ਦੇ ਲੰਮੇ ਸਮੇਂ ਨੂੰ ਅਸੀਂ ਨਿਰੀਖਣ ਹੇਠ ਲਿਆਈਏ। ਸੱਭਿਆਚਾਰ ਪਰਿਵਰਤਨ ਪਿੱਛੇ ਕਈ ਕਾਰਨ ਕੰਮ ਕਰਦੇ ਹਨ। ਇਨ੍ਹਾਂ ਕਾਰਨਾਂ ਨੂੰ ਤਿੰਨ ਮੁੱਖ ਹਿੱਸਿਆਂ ਵਿੱਚ ਵੰਡਦੇ ਹਨ:-

  1. ਪ੍ਰਕਿਰਤਕ ਮਾਹੌਲ ਵਿੱਚ ਆਏ ਪਰਿਵਰਤਨ।
  2. ਸਮਾਜ ਦੇ ਅੰਦਰੋਂ ਪੈਦਾ ਹੋਏ ਪਰਿਵਰਤਨ।
  3. ਸਮਾਜ ਤੋਂ ਬਾਹਰੋਂ ਆਏ ਪਰਿਵਰਤਨ।

ਸਭਿਆਚਾਰੀਕਰਨਸੋਧੋ

ਸਮਾਜ ਤੋਂ ਬਾਹਰ ਆਏ ਕਾਰਨਾਂ ਵਿੱਚ ਮਹੱਤਵਪੂਰਨ ਅਮਲ ‘ਸਭਿਆਚਾਰੀਕਰਨ` ਹੈ। ਸੱਭਿਆਚਾਰੀਕਰਨ ਦੂਜੇ ਸਭਿਆਚਾਰ ਨਾਲ ਸਿੱਧਾ, ਵਿਸ਼ਾਲ ਪੈਮਾਨੇ ਉੱਤੇ ਅਤੇ ਕਾਫ਼ੀ ਅਰਸੇ ਤਕ ਸੰਪਰਕ ਵਿੱਚ ਆਉਣ ਦੇ ਅਮਲ ਨੂੰ ਕਹਿੰਦੇ ਹਨ। ਸਭਿਆਚਾਰੀਕਰਨ ਵਿੱਚ ਦੋ ਸਭਿਆਚਾਰਾਂ ਦਾ ਆਪਸੀ ਸੰਪਰਕ ਵਿੱਚ ਲੰਮੇ ਸਮੇਂ ਤੋਂ ਰਹਿਣਾ ਜ਼ਰੂਰੀ ਹੈ। ਸੱਭਿਆਚਾਰੀਕਰਨ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। “ਸੱਭਿਆਚਾਰੀਕਰਨ ਨੂੰ ਦੋ ਵੱਖ-ਵੱਖ ਸੱਭਿਆਚਾਰਾਂ ਵਾਲੇ ਜਨ-ਸਮੂਹਾਂ ਦੇ ਸਿੱਧੇ, ਵੱਡੇ ਪੈਮਾਨੇ ਉੱਤੇ ਅਤੇ ਕਾਫ਼ੀ ਅਰਸੇ ਤੱਕ ਸੰਪਰਕ ਨੂੰ ਅਤੇ ਇਸ ਸੰਪਰਕ ਤੋਂ ਨਿਕਲਦੇ ਸਿੱਟਿਆਂ ਨੂੰ ਸੱਭਿਆਚਾਰੀਕਰਨ ਕਹਿੰਦੇ ਹਨ"

ਸਭਿਆਚਾਰਕ ਪਰਿਵਰਤਨ ਦੇ ਇਸ ਸਰੂਪ ਦੀ ਵਿਲੱਖਣਤਾ ਇਹ ਹੈ ਕਿ ਜਦੋਂ ਦੋ ਸਭਿਆਚਾਰ ਇੱਕ ਦੂਜੇ ਦੇ ਸਿਧੇ ਸੰਪਰਕ ਵਿੱਚ ਆਉਂਦੇ ਹਨ ਤਾਂ ਅਨੁਕੁਲਣ ਪ੍ਰਤਿਕਰਮ ਜਾਂ ਟਕਰਾਅ ਉਤਪੰਨ ਹੁੰਦਾ ਹੈ, ਉਸ ਨੂੰ ਸੱਭਿਆਚਾਰੀਕਰਨ ਕਹਿੰਦੇ ਹਨ। ਸੱਭਿਆਚਾਰੀਕਰਨ ਦਾ ਮੁੱਖ ਆਧਾਰ ਇੱਕ ਸੱਭਿਆਚਾਰ ਦੀ ਦੂਸਰੇ ਉੱਤੇ ਰਾਜਸੀ ਜਿੱਤ, ਦਬਾਉ ਅਤੇ ਦਮਨ ਵਾਲਾ ਵੀ ਹੋ ਸਕਦਾ ਹੈ। ਇਹ ਪਰਿਵਰਤਨ ਸਹਿਜ ਵੀ ਅਤੇ ਆਰੋਪਤ ਜਾਂ ਦਬਾਉਪੂਰਣ ਦੋਹਾਂ ਤਰਾਂ ਦਾ ਹੋ ਸਕਦਾ ਹੈ, ਜਿਸ ਕਾਰਨ ਇਹ ਪ੍ਰਕਿਰਿਆ ਸੁਖਾਵੀਂ, ਸੁਭਾਵਕ ਅਤੇ ਸੰਤੁਲਿਤ ਹੋਣ ਦੀ ਥਾਂ ਕਈ ਵਾਰੀ ਵਿਨਾਸ਼ਮੂਲਕ, ਦਬਾਉਮੂਲਕ ਅਤੇ ਦਮਨ ਦਾ ਰੂਪ ਹੁੰਦੀ ਹੈ। ਜਿਸ ਤੋਂ ਵਿਭਿੰਨ ਵਿਪਰੀਤ ਪ੍ਰਭਾਵ, ਪ੍ਰਤਿਕਰਮ, ਵਿਰੋਧ ਟਕਰਾਉ, ਅਸੁੰਤਲਨ ਅਤੇ ਵਿਰੂਪਣ ਉਤਪੰਨ ਹੁੰਦੇ ਹਨ।

ਸੱਭਿਆਚਾਰੀਕਰਨ ਵਿੱਚ ਦੋ ਸੱਭਿਆਚਾਰਾਂ ਦਾ ਆਪਸੀ ਸੰਪਰਕ ਇੱਕ ਜਨ-ਸਮੂਹ ਵੱਲੋਂ ਦੂਜੇ ਉੱਪਰ ਹਮਲਾ ਕਰਨ, ਦੂਜੇ ਨੂੰ ਅਧੀਨ ਕਰਨ, ਉਸ ਉੱਤੇ ਆਪਣਾ ਸੱਭਿਆਚਾਰ ਠੋਸਣ ਦੇ ਰੂਪ ਵਿੱਚ ਹੁੰਦਾ ਹੈ। ਇਹ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਦਾ ਵਿਜਈ ਧਿਰ ਦੇ ਸੱਭਿਆਚਾਰ ਨੇ ਹੀ ਜੇਤੂ ਬਣਨਾ ਹੈ ਸਮਾਂ ਪਾ ਕੇ ਸੱਭਿਆਚਾਰਕ ਪੱਧਰ ਉੱਤੇ ਇਹ ਪਾਸੇ ਪੁੱਠੇ ਵੀ ਪੈ ਜਾਂਦੇ ਹਨ। ਜੇ ਭਾਰਤ ਦੇ ਪ੍ਰਸੰਗ ਵਿੱਚ ਉੱਪਰੋਕਤ ਕਥਨਾਂ ਦੀਆਂ ਉਦਾਹਰਨਾਂ ਲੱਭਣੀਆਂ ਹੋਣ ਤਾਂ ਇੱਕ ਪਾਸੇ ਤਾਂ ਆਰੀਆ ਲੋਕ ਹਮਲਾਵਰ ਹੋਣ ਦੇ ਬਾਵਜੂਦ ਵੀ ਸਾਡੇ ਸਨਮਾਨਿਤ ਪੂਰਵਜ ਬਣੇ ਹੋਏ ਹਨ ਦੂਜੇ ਪਾਸੇ ਇਸੇ ਤਰ੍ਹਾਂ ਦੇ ਤਬਕੇ ਵੱਲੋਂ ਹੀ ਮੁਸਲਮਾਨਾਂ ਦੇ ਸਭਿਆਚਾਰੀਕਰਨ ਅਮਲ ਦੇ ਸਿੱਟੇ ਕਦੀ ਵੀ ਇੱਕ ਪਾਸੜ ਨਹੀਂ ਹੁੰਦੇ ਇਸ ਅਮਲ ਵਿੱਚ ਸ਼ਾਮਿਲ ਦੋਹਾਂ ਸੱਭਿਆਚਾਰਾਂ ਵਿੱਚ ਹੀ ਤਬਦੀਲੀਆਂ ਆਉਂਦੀਆਂ ਹਨ, ਭਾਵੇਂ ਇੱਕ ਪਾਸੇ ਇਹ ਤਬਦੀਲੀ ਬਹੁਤ ਉਘੜਵੀਂ ਹੋਵੇ ਅਤੇ ਦੂਜੇ ਪਾਸੇ ਨਾਮ-ਮਾਤਰ ਹੀ ਹੋਵੇ ਇਸ ਅਮਲ ਦਾ ਚਰਮ-ਸਿੱਟਾ ਇੱਕ ਸੱਭਿਆਚਾਰ ਦੇ ਦੂਜੇ ਸਭਿਆਚਾਰ ਵਿੱਚ ਜ਼ਜ਼ਬ ਹੋ ਜਾਣ ਵਿੱਚ ਵੀ ਨਿਕਲ ਸਕਦਾ ਹੈ ਜਿਹਨਾਂ ਨੂੰ ‘ਅਸਿਸੀਲੇਸ਼ਨ` ਦਾ ਨਾਂਅ ਦਿੱਤਾ ਜਾਂਦਾ ਹੈ। ਇਨ੍ਹਾਂ ਦੋਵਾਂ ਉੱਪਰੋਕਤ ਸਿੱਟਿਆਂ ਦੇ ਵਿਚਕਾਰਲਾ ਵੀ ਇੱਕ ਸਿੱਟਾ ਹੋ ਸਕਦਾ ਹੈ ਜਦੋਂ ਦੋਵੇ ਸਭਿਆਚਾਰ ਮਿਲ ਕੇ ਇੱਕ ਤੀਜੇ ਸਭਿਆਚਾਰ ਨੂੰ ਜਨਮ ਦੇ ਦੇਂਦੇ ਹਨ ਜਿਸ ਵਿੱਚ ਦੋਹਾਂ ਸੱਭਿਆਚਾਰਾਂ ਦੇ ਅੰਸ਼ ਪਾਏ ਜਾਂਦੇ ਹਨ ਅਤੇ ਜਿਸ ਦੀ ਆਪਣੀ ਨਿਵੇਕਲੀ ਹਸਤੀ ਵੀ ਹੁੰਦਾ ਹੈ। ਭਾਰਤ ਵਿਚਲੀ ਭਗਤੀ ਲਹਿਰ ਨੂੰ ਇਸ ਤਰ੍ਹਾਂ ਦੇ ਸੰਸਲਿਸ਼ਤ ਸੱਭਿਆਚਾਰ ਵੱਲ ਨੂੰ ਪਤਨ ਕਿਹਾ ਜਾ ਸਕਦਾ ਹੈ।

ਇਸ ਤਰ੍ਹਾਂ ਸੱਭਿਆਚਾਰੀਕਰਨ ਬਾਹਰੀ ਪਰਿਵਰਤਨਾਂ ਦੇ ਕਾਰਨਾਂ ਵਿਚੋਂ ਬਹੁਤ ਮਹੱਤਵਪੂਰਨ ਅਮਲ ਹੈ। ਸੱਭਿਆਚਾਰੀਕਰਨ ਤੋਂ ਪੈਦਾ ਹੋਏ ਪਰਿਵਰਤਨ ਨੂੰ ਠੀਕ ਤਰ੍ਹਾਂ ਜਾਂਚਣ ਲਈ ਪੂਰੇ ਸੰਬੰਧਤ ਸੱਭਿਆਚਾਰਾਂ ਵਿੱਚ ਆਈਆਂ ਤਬਦੀਲੀਆਂ ਦਾ ਨਿਰੀਖਣ ਕਰਨਾ ਜ਼ਰੂਰੀ ਹੈ।

ਸਭਿਆਚਾਰ ਦਾ ਪ੍ਰਤੀਕਵਾਦੀ ਸਿਧਾਂਤਸੋਧੋ

ਸਭਿਆਚਾਰ ਨੂੰ ਇਕ ਚਿਹਨ ਸਿਸਟਮ ਵਜੋਂ ਵੇਖਣ ਤੋਂ ਪਹਿਲਾਂ ਜਰੂਰੀ ਹੈ ਕਿ ਸਭਿਆਚਾਰਕ ਚਿਹਨ ਦੀ ਪ੍ਰਕਿਰਤੀ ਨਿਰਧਾਰਿਤ ਕਰ ਲਈ ਜਾਵੇ। ਜਿਹੜੇ ਪੱਛਮੀ ਸਮਾਜ ਵਿਗਿਆਨੀ ਸਭਿਆਚਾਰ ਨੂੰ ਮਨੁੱਖੀ ਵਿਹਾਰ ਵਜੋਂ ਵੇਖਦੇ ਹਨ। ਉਹ ਸਭਿਆਚਾਰਕ ਚਿਹਨ ਨੂੰ ਵੀ ਮਨੁੱਖੀ ਵਿਹਾਰ ਦੇ ਚੋਖਟੇ ਵਿਚ ਰੱਖ ਕੇ ਹੀ ਪਛਾਣਦੇ ਹਨ। ਕਿਉਂਕਿ ਸਭਿਆਚਾਰ ਦੇ ਅੰਤਰਗਤ ਵਿਚਾਰੇ ਜਾਣ ਵਾਲੇ ਹਰ ਵਿਚਾਰ ਵਸਤ ਅਤੇ ਵਰਤਾਰੇ ਦਾ ਸੁਭਾਅ ਪ੍ਰਤੀਕਾਤਮਕ ਹੁੰਦਾ ਹੈ।ਸਮਾਜ ਸਾਸਤਰੀ ਅਰਨੈਸਟ ਕੈਜ਼ੀਰਰ ਅੰਗਰੇਜ਼ੀ ਸਬਦ ਸਿਗਨਲ ਅਤੇ ਸਿੰਬਲ ਵਿਚਕਾਰ ਅੰਤਰ ਨਿਖੇੜ ਸਥਾਪਤ ਕਰਦਾ। ਇਨ੍ਹਾਂ ਦੋਵੇਂ ਸ਼ਬਦਾਂ ਨੂੰ ਮਨੁੱਖੀ ਆਦਾਨ-ਪ੍ਰਦਾਨ ਦੇ ਦੋ ਵਿਭਿੰਨ ਪ੍ਰਪੰਚਾ ਮੰਨਦਾ ਹੈ। ਜੇ ਇਨ੍ਹਾਂ ਦੋਵੇਂ ਸਬਦਾਂ ਨੂੰ ਕ੍ਰਮਵਾਰ ਪੰਜਾਬੀ ਸਬਦ 'ਸੰਕੇਤ' ਅਤੇ ' ਪ੍ਰਤੀਕ' ਦਾ ਪਰਿਆਇ ਮੰਨ ਲਈਏ ਤਾਂ ਅਰਨੈਸਟ ਅਨੁਸਾਰ ਸੰਕੇਤ ਵਸਤੂਗਤ ਸੰਸਾਰ ਦੀ ਚੀਜ ਹੈ ਅਤੇ ਪ੍ਰਤੀਕ ਮਨੁੱਖ ਦੇ ਵਿਚਾਰਾਤਮਕ ਜਗਤ ਨਾਲ ਸਬੰਧ ਰੱਖਦਾ ਹੈ। 'ਡਾ.ਜੀਤ ਸਿੰਘ ਜੋਸ਼ੀ ਅਨੁਸਾਰ' :" ਪ੍ਰਤੀਕ ਦੀ ਸੰਰਚਨਾ ਵਿਚ ਇਕੋ ਸਮੇਂ ਸੰਯੁਕਤ ਰੂਪ ਵਿਚ ਦੋ ਤੱਤ ਕਾਰਜਸ਼ੀਲ ਹੁੰਦੇ ਹਨ। ਪ੍ਰਤੀਕ ਮਨੁੱਖ ਦੇ ਕਿਸੇ ਨਿਸ਼ਚਿਤ ਸਮਾਜਕ ਅਦਾਰੇ ਵਿਚ ਹੀ ਅਰਥ ਪ੍ਰਾਪਤ ਕਰਦਾ ਹੈ।"[5] ਮਾਨਵ ਵਿਗਿਆਨ ਦੇ ਖੇਤਰ ਵਿਚ ਪ੍ਰਤੀਕਾਤਮਕਤਾ ਨੂੰ ਸਭਿਆਚਾਰ ਦੀ ਬੁਨਿਆਦੀ ਵਿਸ਼ੇਸ਼ਤਾ ਮੰਨਣ ਵਾਲਾ ਪ੍ਰਥਮ ਮਾਨਵ ਵਿਗਿਆਨੀ ਲੈਜ਼ਲੀ ਏ ਵਾਈਟ ਵੀ ਪ੍ਰਤੀਕ ਅਤੇ ਸੰਕੇਤ ਵਿਚਕਾਰ ਅੰਤਰ ਨਿਖੇੜ ਕਰਦਾ ਹੋਇਆ ਪ੍ਰਤੀਕ ਨੂੰ ਹੀ ਮਨੁੱਖੀ ਵਤੀਰੇ ਦਾ ਪ੍ਰਗਟਾ ਮਾਧਿਅਮ ਮਿਥਦਾ ਹੈ।ਉਸਦੇ ਅਨੁਸਾਰ ਪ੍ਰਤੀਕ ਕੋਈ ਚੀਜ਼,ਘਟਨਾ, ਜਾ ਵਰਤਾਰਾ ਕੁਝ ਵੀ ਹੋ ਸਕਦਾ ਹੈ।ਬਸ ਸ਼ਰਤ ਇਹ ਹੈ ਕਿ ਉਸ ਨੂੰ ਸੰਬੰਧਿਤ ਮਨੁੱਖੀ ਸਮਾਜ ਵੱਲੋ ਕੁਝ ਅਰਥ ਪ੍ਰਦਾਨ ਹੋਣ।ਪ੍ਰਤੀਕ ਦੀ ਸੰਰਚਨਾ ਵਿਚ ਇਕੋ ਸਮੇਂ ਸੰਯੁਕਤ ਰੂਪ ਵਿਚ ਦੋ ਤੱਤ ਕਾਰਜਸ਼ੀਲ ਹੁੰਦੇ ਹਨ।ਪਹਿਲਾ ਤੱਤ ਉਸ ਵਿਚਲਾ ਅਰਥ ਹੈ,ਦੂਸਰਾ ਉਸ ਦਾ ਬਾਹਰੀ ਰੂਪ ਹੈ।ਅਰਥ ਅਤੇ ਬਾਹਰੀ ਰੂਪ ਵਿਚ ਆਪਹੁਦਰਾ ਸੰਬੰਧ ਹੁੰਦਾ ਹੈ।ਸੰਕੇਤ ਜਦੋਂ ਮਨੁੱਖੀ ਵਤੀਰੇ ਦਾ ਅੰਗ ਬਣ ਜਾਂਦਾ ਹੈ ਤਾਂ ਇਸ ਵਿਚ ਪ੍ਰਤੀਕਾਤਮਕਤਾ ਦੇ ਲੱਛਣ ਪੈਦਾ ਹੋ ਜਾਂਦੇ ਹਨ। ਪ੍ਰਤੀਕ ਅਤੇ ਸੰਕੇਤ ਵਿਚਲਾ ਅੰਤਰ ਅਸਲ ਵਿਚ ਸਥਿਤੀ ਅਤੇ ਸੰਦਰਭ ਉਤੇ ਅਤੇ ਪ੍ਰਤੀਕ ਦੁਆਰਾ ਪ੍ਰਗਟਾਏ ਗਏ ਅਰਥ ਉਤੇ ਨਿਰਭਰ ਕਰਦਾ ਹੈ ।[6]

ਹਵਾਲੇਸੋਧੋ

  1. Harper, Douglas (2001). Online Etymology Dictionary
  2. Clement I. (2010). Sociology For Nurses. Pearson Education India. p. 77. 
  3. ਭੁਪਿੰਦਰ ਸਿੰਘ ਖਹਿਰਾ (2013). ਲੋਕਧਾਰਾ: ਭਾਸ਼ਾ ਅਤੇ ਸੱਭਿਆਚਾਰ. ਪੈਪਸੂ ਬੁੱਕ ਡਿਪੂ. pp. 164–168. 
  4. ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ (2015). ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਵਾਰਿਸ ਸ਼ਾਹ ਫ਼ਾਉਂਡੇਸ਼ਨ. p. 26. ISBN 978-81-7856-365-7. 
  5. ਡਾ. ਦਵਿੰਦਰ ਸਿੰਘ, ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ.ਪੰਨਾ ਨੰ:38
  6. ਜੀਤ ਸਿੰਘ ਜੋਸ਼ੀ,ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਪੰਨਾ ਨੰ:21-22