ਤਾਰਾ ਸਿੰਘ ਵਾਂ

ਸ਼ਹੀਦ ਭਾਈ ਤਾਰਾ ਸਿੰਘ ਵਾਂ

ਭਾਈ ਤਾਰਾ ਸਿੰਘ ਵਾਂ (1702) ਅਠਾਰਵੀਂ ਸਦੀ ਦੇ ਇੱਕ ਸਿੱਖ ਸ਼ਹੀਦ ਸਨ। ਵਾਂ ਇਹਨਾਂ ਦੇ ਪਿੰਡ ਦਾ ਨਾਮ ਹੈ ਜਿਸ ਨੂੰ ਵਾਂ ਤਾਰਾ ਸਿੰਘ ਅਤੇ ਡੱਲ ਵਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅੱਜ-ਕੱਲ੍ਹ ਇਹ ਪਿੰਡ ਚੜ੍ਹਦੇ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਤਹਿਤ ਪੈਂਦਾ ਹੈ।

ਮੁੱਢਲੀ ਜ਼ਿੰਦਗੀ

ਸੋਧੋ

ਭਾਈ ਤਾਰਾ ਸਿੰਘ ਦਾ ਜਨਮ ਤਕਰੀਬਨ 1702 ਈ: ਵਿੱਚ ਮਾਝੇ ਦੇ ਪਿੰਡ ‘ਵਾਂ’ (ਹੁਣ ਅੰਮ੍ਰਿਤਸਰ ਜ਼ਿਲਾ) ਵਿਖੇ, ਇੱਕ ਬੁੱਟਰ ਸਿੱਖ ਪਰਵਾਰ ਵਿੱਚ ਭਾਈ ਗੁਰਦਾਸ ਸਿੰਘ ਦੇ ਘਰ ਹੋਇਆ। ਆਪ ਚੜ੍ਹਦੀ ਕਲਾ ਵਾਲ਼ੇ, ਪੂਰਨ ਰਹਿਤਵਾਨ ’ਤੇ ਤਿਆਰ-ਬਰ-ਤਿਆਰ ਸਿੰਘ ਸਨ। ਇਤਿਹਾਸ ਵਿੱਚ ਲਿਖਿਆ ਹੈ ਕਿ ਭਾਈ ਸਾਹਿਬ ਸਿਰਫ਼ ਨੀਲੇ ਕੱਪੜੇ ਪਾਉਂਦੇ ਅਤੇ ਸਰੀਰ ’ਤੇ ਸ਼ਸਤਰ ਸਜਾ ਕੇ ਰਖਦੇ। ਹਰ ਵੇਲ਼ੇ ਪਾਠ ਕਰਦੇ ਰਹਿੰਦੇ, ਗੁਰਬਾਣੀ ਨਾਲ਼ ਉਹਨਾਂ ਨੂੰ ਇਸ਼ਕ ਸੀ ’ਤੇ ਚਿਹਰੇ ’ਤੇ ਨਾਮ ਦਾ ਨੂਰ। ਮੌਤ ਦਾ ਜ਼ਰਾ ਖ਼ੌਫ਼ ਨਹੀਂ ਸੀ, ਹਰ ਵੇਲ਼ੇ ਮੈਦਾਨ-ਏ-ਜੰਗ ਵਿੱਚ ਆਪਣੇ ਜੌਹਰ ਵਿਖਾਉਣ ਲਈ ਤਿਆਰ ਰਹਿੰਦੇ। ਪਿੰਡ ’ਵਾਂ’ ਵਿਖੇ ਆਪ ਨੇ ਇੱਕ ਬੁੰਗਾ (ਡੇਰਾ) ਕਾਇਮ ਕੀਤਾ, ਜਿੱਥੇ ਆਪ ਆਉਂਦੇ ਜਾਂਦੇ ਮੁਸਾਫ਼ਰਾਂ ਅਤੇ ਸਿੰਘਾਂ ਨੂੰ ਪਨਾਹ ਦਿੰਦੇ ’ਤੇ ਉਹਨਾਂ ਲਈ ਲੰਗਰ ਇਤਿਆਦਿ ਦਾ ਇੰਤਜ਼ਾਮ ਕਰ ਕੇ ਉਹਨਾਂ ਦੀ ਸੇਵਾ ਕਰਦੇ। ਆਪ ਦੇ ਸਾਥੀ ਸਿੰਘ ਖੇਤੀ ਵਿੱਚ ਹੱਥ ਆਪ ਦਾ ਹੱਥ ਵਟਾਉਂਦੇ, ਪਾਠ ਕਰਦੇ ’ਤੇ ਸ਼ਸਤਰ ਅਭਿਆਸ ਵੀ ਕਰਦੇ। ਹਰ ਵੇਲ਼ੇ 10-12 ਸਿੰਘ ਆਪ ਦੇ ਨਾਲ਼ ਰਹਿੰਦੇ।

ਸ਼ਹੀਦੀ

ਸੋਧੋ

ਨਾਲ਼ ਦੇ ਪਿੰਡ ‘ਨੌਸ਼ਹਿਰਾ ਪੰਨੂਆਂ’ ਦਾ ਇੱਕ ਹੰਕਾਰੀ ਚੌਧਰੀ ‘ਸਾਹਿਬ ਰਾਏ’ ਸਿੰਘਾਂ ਨਾਲ਼ ਨਫ਼ਰਤ ਕਰਦਾ ਸੀ। ਆਪਣੇ ਪਿੰਡ ਵਿੱਚ ਰਹਿੰਦੇ ਦੋ ਸਿੰਘਾਂ ਦੇ ਖੇਤਾਂ ਵਿੱਚ ਉਹ ਜਾਣ-ਬੁੱਝ ਕੇ ਆਪਣੇ ਘੋੜੇ ਚਰਨ ਵਾਸਤੇ ਛੱਡ ਦਿੰਦਾ, ਜੋ ਫ਼ਸਲ ਦਾ ਬਹੁਤ ਨੁਕਸਾਨ ਕਰਦੇ, ਮਸਲਾ ਗੱਲਬਾਤ ਨਾਲ਼ ਹੱਲ ਨਾ ਹੋਇਆ ਤਾਂ ਉਹਨਾਂ ਸਿੰਘਾਂ ਨੇ ਭਾਈ ਤਾਰਾ ਸਿੰਘ ਦੇ ਸਾਥੀ ਜੋਧਿਆਂ - ਬਘੇਲ ਸਿੰਘ ਅਤੇ ਅਮਰ ਸਿੰਘ ਦੀ ਮਦਦ ਲਈ ਅਤੇ ਇੱਕ ਘੋੜਾ ਫੜ ਕੇ ਭਾਈ ਲਖਮੀਰ ਸਿੰਘ ਦੇ ਜ਼ਰੀਏ ਮਾਲਵੇ ਵਿੱਚ ਵੇਚ ਦਿੱਤਾ ’ਤੇ ਹਾਸਿਲ ਹੋਈ ਰਕਮ ਭਾਈ ਤਾਰਾ ਸਿੰਘ ਦੇ ਲੰਗਰ ਵਿੱਚ ਪਾ ਦਿੱਤੀ। ਇਸ ’ਤੇ ਚੌਧਰੀ ਨੇ ਭਾਈ ਤਾਰਾ ਸਿੰਘ ਜੀ ਦੇ ਖ਼ਿਲਾਫ਼ ਪੱਟੀ ਦੇ ਫ਼ੌਜਦਾਰ ‘ਜਾਫ਼ਰ ਬੇਗ਼’ ਨੂੰ ਸ਼ਿਕਾਇਤ ਕੀਤੀ ਕਿ ਭਾਈ ਤਾਰਾ ਸਿੰਘ ਮੁਜਰਿਮਾਂ ’ਤੇ ਬਾਗ਼ੀਆਂ ਨੂੰ ਪਨਾਹ ਦਿੰਦਾ ਹੈ। ਜਾਫ਼ਰ ਬੇਗ਼ ਨੇ ਲਾਹੌਰ ‘ਜ਼ਕਰੀਆ ਖ਼ਾਂ’ ਨੂੰ ਇਤਲਾਹ ਦਿੱਤੀ, ਜਿਸ ’ਤੇ ਲਾਹੌਰ ਦਰਬਾਰ ਨੇ ਆਪਦੇ ਖ਼ਿਲਾਫ਼ ਫ਼ੌਜ ਭੇਜ ਦਿੱਤੀ ਅਤੇ ਮੈਦਾਨ-ਏ-ਜੰਗ ਵਿੱਚ ਲੜਦੇ-ਲੜਦੇ ਗੋਲ਼ੀ ਲੱਗਣ ਕਰ ਕੇ ਆਪ ਸ਼ਹੀਦੀ ਪਾ ਗਏ।

ਜਿੱਥੇ ਭਾਈ ਤਾਰਾ ਸਿੰਘ ਜੀ ਵਾਂ ਅਤੇ ਸਾਥੀ ਸਿੰਘਾਂ ਦਾ ਅੰਤਮ ਸੰਸਕਾਰ ਕੀਤਾ ਗਿਆ, ਅੱਜ ਓਥੇ ਯਾਦਗਾਰੀ ਗੁਰੂਦੁਆਰਾ ਸਾਹਿਬ ਵਾਕਿਆ ਹੈ।